Skip to content
Independent perspectives. Global stories.
BREAKING

ਜੀ ਬਹੁਤ ਚਾਹਤਾ ਹੈ, ਸੱਚ ਬੋਲੇਂ

Share this story

ਇਕ ਰਾਜੇ ਨੇ ਮਸ਼ਹੂਰ ਕਲਾਕਾਰਾਂ ਨੂੰ ਆਪਣਾ ਚਿੱਤਰ ਬਣਾਉਣ ਲਈ ਸੱਦਿਆ। ਜਿਹੜਾ ਵੀ ਕਲਾਕਾਰ ਵਧੀਆ ਚਿੱਤਰ ਬਣਾਕੇ ਰਾਜੇ ਨੂੰ ਖੁਸ਼ ਕਰਨ ਵਿੱਚ ਕਾਮਯਾਬ ਹੋ ਜਾਂਦਾ, ਉਸ ਨੂੰ ਵੱਡਾ ਇਨਾਮ ਦੇਣ ਦਾ ਐਲਾਨ ਹੋ ਚੁੱਕਾ ਸੀ। ਰਾਜ ਵਿੱਚ ਸਾਰੇ ਕਲਾਕਾਰ ਵੱਡਾ ਇਨਾਮ ਪਾਉਣ ਦੇ ਇੱਛੁਕ ਸਨ ਪਰ ਇੱਥੇ ਇਕ ਹੋਰ ਸਮੱਸਿਆ ਸੀ ਕਿ ਰਾਜੇ ਦੀ ਇੱਕੋ ਅੱਖ ਸੀ। ਕਲਾਕਾਰਾਂ ਅੱਗੇ ਸ਼ਰਤ ਸੀ ਕਿ ਰਾਜੇ ਦੀ ਸੂਰਤ ਹੂ-ਬ-ਹੂ ਚਿੱਤਰ ਵਿੱਚੋਂ ਨਜ਼ਰ ਆਉਣ ਚਾਹੀਦੀ ਹੈ। ਸੋ, ਅਜਿਹੇ ਹਾਲਾਤ ਵਿੱਚ ਤਿੰਨ ਕਲਾਕਾਰ ਮੈਦਾਨ ’ਚ ਨਿਤਰੇ।
ਪਹਿਲੇ ਕਲਾਕਾਰ ਨੇ ਸੋਚਿਆ, ‘‘ਜੇ ਮੈਂ ਇੱਕ ਅੱਖ ਵਾਲੀ ਪੇਂਟਿੰਗ ਬਣਾਵਾਂਗਾ, ਤਾਂ ਰਾਜਾ ਗੁੱਸੇ ਹੋ ਜਾਵੇਗਾ।’’ ਇਸੇ ਲਈ ਉਸ ਨੇ ਆਪਣੇ ਚਿੱਤਰ ਵਿੱਚ ਰਾਜੇ ਦੀਆਂ ਦੋਵੇਂ ਅੱਖਾਂ ਬਣਾ ਦਿੱਤੀਆਂ। ਦੂਜੇ ਕਲਾਕਾਰ ਨੇ ਸੋਚਿਆ ਕਿ ਰਾਜੇ ਨੂੰ ਸਚਾਈ ਪਸੰਦ ਹੈ ਅਤੇ ਚਿੱਤਰ ਵਿੱਚੋਂ ਸਚਾਈ ਝਲਕਣੀ ਚਾਹੀਦੀ ਹੈ। ਸੋ ਉਸ ਨੇ ਯਥਾਰਥ ਦੇ ਨੇੜੇ ਜਾ ਕੇ ਰਾਜੇ ਦੀ ਇਕੋ ਅੱਖ ਬਣਾਈ। ਇਹ ਦੋਵੇਂ ਕਲਾਕਾਰਾਂ ਦੀਆਂ ਕ੍ਰਿਤਾਂ ਰਾਜੇ ਨੂੰ ਪਸੰਦ ਨਹੀਂ ਆਈਆਂ ਅਤੇ ਉਸ ਨੇ ਦੋਵੇਂ ਅਪ੍ਰਵਾਨ ਕਰ ਦਿੱਤੀਆਂ। ਤੀਜਾ ਕਲਾਕਾਰ ਕਾਫੀ ਤੇਜ਼ ਅਤੇ ਸਿਰਜਨਾਤਮਕ ਸੀ। ਉਸ ਨੇ ਆਪਣੀ ਬੁੱਧੀ ਦਾ ਕਮਾਲ ਵਿਖਾਉਂਦੇ ਹੋਏ ਆਪਣੇ ਚਿੱਤਰ ਵਿੱਚ ਰਾਜੇ ਨੂੰ ਇੱਕ ਤੀਰ ਆਪਣੀ ਕਮਾਨ ’ਚ ਵਿੰਨਦਿਆਂ ਵਿਖਾਇਆ ਅਤੇ ਨਿਸ਼ਾਨਾ ਵਿੰਨਣ ਲਈ ਰਾਜੇ ਦੀ ਇੱਕ ਅੱਖ (ਜੋ ਅਸਲ ਵਿੱਚ ਖਰਾਬ ਸੀ) ਬੰਦ ਵਿਖਾਈ ਗਈ ਸੀ।
ਤਿੰਨੇ ਹੀ ਚਿੱਤਰ ਬਹੁਤ ਸੋਹਣੇ ਸਨ ਪਰ ਇਨਾਮ ਤੀਜੇ ਕਲਾਕਾਰ ਨੂੰ ਹੀ ਮਿਲਿਆ ਕਿਉਂਕਿ ਉਸ ਨੇ ਕੌੜੇ-ਸੱਚ ਨੂੰ ਵੀ ਸੁਖਾਵਾਂ ਬਣਾ ਕੇ ਪੇਸ਼ ਕੀਤਾ ਸੀ। ਉਕਤ ਕਹਾਣੀ ਇੱਕ ਵੱਡਾ ਸੂਤਰ ਸਮਝਾ ਰਹੀ ਹੈ ਕਿ ਸੱਚ ਨੂੰ ਪੇਸ਼ ਕਰਨਾ ਵੀ ਇੱਕ ਕਲਾ ਹੀ ਹੈ। ਜ਼ਿੰਦਗੀ ਵਿੱਚ ਸਫਲਤਾ ਲਈ ਇਸ ਕਲਾ ਵਿੱਚ ਮਾਹਿਰ ਹੋਣਾ ਵੀ ਜ਼ਰੂਰੀ ਹੈ। ਇਸ ਦੁਨੀਆਂ ਵਿੱਚ ਬੜਾ ਕੁੱਝ ਅਜਿਹਾ ਵਾਪਰ ਰਿਹਾ ਹੈ ਜੋ ਗਲਤ ਹੈ, ਝੂਠ ਹੈ, ਅਨਿਆਂ ਦਾ ਪੱਖਪੂਰਨ ਵਾਲਾ ਹੁੰਦਾ ਹੈ। ਅਜਿਹੇ ਸਮੇਂ ਸੱਚ ਨਾਲ ਖੜ੍ਹਣਾ ਜ਼ਰੂਰੀ ਹੁੰਦਾ ਹੈ ਅਤੇ ਅਨਿਆਂ ਦੇ ਖਿਲਾਫ ਆਵਾਜ਼ ਬੁਲੰਦ ਕਰਨੀ ਵੀ ਜ਼ਰੂਰੀ ਹੁੰਦੀ ਹੈ। ਅਜਿਹਾ ਸੱਚ ਕਿਵੇਂ ਬੋਲਿਆ ਜਾਵੇ, ਕਿਵੇਂ ਲਿਖਿਆ ਜਾਵੇ ਅਤੇ ਨਿਆਂ ਦੇ ਹੱਕ ਵਿੱਚ ਬੋਲਣ ਲਈ ਜਿਥੇ ਹੌਂਸਲੇ ਅਤੇ ਹਿੰਮਤ ਜ਼ਰੂਰੀ ਹੈ ਉਥੇ ਹੱਕ-ਸੱਚ ਪੇਸ਼ ਕਰਨ ਦੀ ਕਲਾ ਵੀ ਆਉਣੀ ਚਾਹੀਦੀ ਹੈ। ਖਾਸ ਤੌਰ ’ਤੇ ਇਹ ਕਲਾ ਦਾ ਪ੍ਰਗਟਾਉਣਾ ਉਦੋਂ ਜ਼ਰੂਰੀ ਹੈ ਜਦੋਂ ਸਾਹਮਣੇ ਵਾਲਾ ਤੁਹਾਡਾ ਆਪਣਾ ਕਰੀਬੀ ਹੋਵੇ, ਤੁਹਾਡਾ ਰਿਸ਼ਤੇਦਾਰ ਹੋਵੇ, ਪਿਉ ਹੋਵੇ, ਭਰਾ ਹੋਵੇ ਜਿਸ ਨਾਲ ਤੁਸੀਂ ਰਿਸ਼ਤਾ ਵਿਗਾੜਣਾ ਵੀ ਨਾ ਚਾਹੁੰਦੇ ਹੋਵੋ ਅਤੇ ਸੱਚ ਕਹਿਣਾ ਵੀ ਜ਼ਰੂਰੀ ਹੋਵੇ। ਸਖਸ਼ੀਅਤ ਇਹ ਸਾਫ਼ਗੋਈ ਨਾਲ ਗੱਲ ਕਰਨ ਦਾ ਗੁਣ ਤਾਂ ਹੋਣਾ ਚਾਹੀਦਾ ਹੈ ਪਰ ਸਭ ਨਾਲ ਦੁਸ਼ਮਣੀ ਮੁੱਲ ਲੈਣੀ ਵੀ ਜ਼ਰੂਰੀ ਨਹੀਂ। ਸ਼ਾਇਰ ਜਿਗਰ ਜਲੰਧਰੀ ਵੀ ਇਹੀ ਕਹਿ ਰਿਹਾ ਹੈ :
ਸਾਫਗੋਈ ਸੇ ਕਯਾ ਲਿਯਾ ਹਮਨੇ।
ਸਬਕੋ ਦੁਸ਼ਮਨ ਬਨਾ ਲਿਯਾ ਹਮਨੇ।
ਪਾਤਰ ਸਾਹਿਬ ਵੀ ਤਾਂ ਇਹੀ ਕਹਿ ਰਹੇ ਹਨ ਕਿ ‘ਸੱਚ ਤਾਂ ਬੋਲ ਪਰ ਚਾਰ ਕੁ ਬੰਦੇ ਤਾਂ ਛੱਡ ਲੈ ਮੋਢਾ ਦੇਣ ਲਈ।’ ਮੈਂ ਵੀ ਆਪਣੀਆਂ ਲਿਖਤਾਂ ਨਾਲ ਬਹੁਤ ਸਾਰੇ ਲੋਕਾਂ ਦੀ ਦੁਸ਼ਮਣੀ ਸਹੇੜ ਲਈ ਹੈ। ਪਰ ਜਦੋਂ ਵੀ ਲਿਖਣ ਬੈਠੀਦਾ ਹੈ ਤਾਂ ਕਲਮ ਸੱਚ ਦੇ ਬੋਲ ਹੀ ਲਿਖਦੀ ਹੈ। ਇਥੇ ਮੈਂ ਸੱਚ ਬੋਲਣ ਦੇ ਖਿਲਾਫ਼ ਨਹੀਂ ਲਿਖ ਰਿਹਾ ਸਗੋਂ ਮੈਂ ਤਾਂ ਹੱਕ ਸੱਚ ਦੇ ਨਾਲ ਖੜ੍ਹਣ ਦਾ ਹੋਕਾ ਦਿੰਦਾ ਰਹਿੰਦਾ ਹਾਂ। ਮੈਂ ਤਾਂ ਸਾਫਗੋਈ ਦੀ ਕਲਾ-ਸਿਖਣ ਦੀ ਗੱਲ ਕਰ ਰਿਹਾ ਹਾਂ। ਖਾਸ ਤੌਰ ’ਤੇ ਆਪਣੇ ਰਿਸ਼ਤਿਆਂ ਨੂੰ ਬਚਾ ਕੇ ਸੱਚ ਕਹਿਣ ਦੀ ਕਲਾ ਦੀ ਗੱਲ ਮੈਂ ਕਰ ਰਿਹਾ ਹਾਂ। ਮੈਂ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿ ਆਪਣੀ ਸਖਸ਼ੀਅਤ ਵਿੱਚ ਸੱਚ ਕਹਿਣ ਦੀ ਜ਼ੁਰਅਤ ਵਾਲਾ ਗੁਣ ਵੀ ਭਰੋ ਅਤੇ ਉਸ ਸੱਚ ਨੂੰ ਪ੍ਰਗਟਾਉਣ ਦੀ ਕਲਾ ਵੀ ਸਿੱਖੋ ਤਾਂ ਕਿ ਰਿਸ਼ਤੇ ਵੀ ਬੱਚੇ ਰਹਿਣ ਅਤੇ ਸੱਚ ਵੀ ਕਹਿ ਸਕੋ। ਦੂਜੇ ਪਾਸੇ ਪੱਤਰਕਾਰ ਦੇ ਤੌਰ ’ਤੇ, ਲਿਖਾਰੀ ਦੇ ਤੌਰ ’ਤੇ ਅਤੇ ਇਕ ਚੰਗੇ ਮਨੁੱਖ ਦੇ ਤੌਰ ’ਤੇ ਹਮੇਸ਼ਾਂ ਸੱਚ ਲਿਖੋ ਅਤੇ ਬੋਲੋ। ਇਸ ਕੰਮ ਲਈ ਵੀ ਵੱਡੇ ਹੌਂਸਲੇ ਦੀ ਲੋੜ ਹੁੰਦੀ ਹੈ। ਸ਼ਾਇਰ ਬਸ਼ੀਰ ਬਦਰ ਸੱਚ ਹੀ ਕਹਿੰਦਾ ਹੈ :
ਜੀ ਬਹੁਤ ਚਾਹਤਾ ਹੈ, ਸਚ ਬੋਲੇਂ
ਕਯਾ ਕਰੇਂ, ਹੌਂਸਲਾ ਨਹੀਂ ਹੋਤਾ।

 

WRITTEN BY