ਇੱਕ ਇਨਸਾਨ ਦੇ ਵਿਚਾਰਾਂ ਦਾ ਉਸਦੀ ਜ਼ਿੰਦਗੀ ਵਿੱਚ ਬਹੁਤ ਵੱਡਾ ਮਹੱਤਵ ਹੈ। ਤੁਹਾਡੇ ਇਹੀ ਵਿਚਾਰ ਤੁਹਾਨੂੰ ਸਫਲਤਾ ਅਤੇ ਅਸਫਲਤਾ ਦੇ ਦਰਵਾਜ਼ੇ ਤੇ ਖੜਾ ਕਰਦੇ ਹਨ। ਜਿਹੋ ਜਿਹੇ ਤੁਹਾਡੇ ਵਿਚਾਰ ਹੋਣਗੇ ਉਹੋ ਜਿਹੇ ਹੀ ਤੁਸੀਂ ਆਪ ਹੋਵੋਗੇ। ਤੁਸੀਂ ਵਰਤਮਾਨ ਸਮੇਂ ਵਿੱਚ ਜ਼ਿੰਦਗੀ ਦੇ ਕਿਹੋ ਜਿਹੇ ਵੀ ਮਾਹੌਲ ਵਿੱਚੋਂ ਗੁਜ਼ਰ ਰਹੇ ਹੋਵੇ ਪਰ ਜੇਕਰ ਤੁਹਾਡੇ ਵਿਚਾਰ ਉੱਚੇ ਹਨ ਤਾਂ ਤੁਸੀ ਇੱਕ ਦਿਨ ਸਫਲਤਾ ਦੀਆਂ ਉਚਾਈਆਂ ਨੂੰ ਜ਼ਰੂਰ ਸਰ ਕਰ ਲਵੋਗੇ। ਵਿਚਾਰਾਂ ਵਿੱਚ ਅਸੀਮ ਸ਼ਕਤੀ ਹੁੰਦੀ ਹੈ। ਚੰਗੇ ਵਿਚਾਰਾਂ ਦੀ ਉਪਜ ਲਈ ਚੰਗੇ ਲੋਕਾਂ ਦੀ ਸੰਗਤ ਬੇਹੱਦ ਜ਼ਰੂਰੀ ਹੈ। ਸਾਡੇ ਦਿਮਾਗ ਦੀ ਰਚਨਾ ਇਹੋ ਜਿਹੀ ਹੈ ਕਿ ਸਾਡੇ ਦਿਮਾਗ ਵਿੱਚ ਇੱਕ ਦਿਨ ਵਿੱਚ 60 ਹਜ਼ਾਰ ਤੋਂ ਵੀ ਵੱਧ ਵਿਚਾਰ ਆਉਂਦੇ ਜਾਂਦੇ ਹਨ। ਜਿੰਨਾਂ ਵਿੱਚ ਸਕਾਰਤਮਕ ਅਤੇ ਨਕਾਰਤਮਕ,ਚੰਗੇ ਅਤੇ ਬੁਰੇ ਵਿਚਾਰਾਂ ਦਾ ਪ੍ਰਵਾਹ ਹੁੰਦਾ ਹੈ ਪਰ ਅਸੀਂ ਕਿਹੋ ਜਿਹੇ ਵਿਚਾਰਾਂ ਦਾ ਤੇ ਅਮਲ ਕਰਨਾ ਹੈ ਇਹ ਸਾਡੇ ਵੱਸ ਹੈ। ਚੰਗੇ ਵਿਚਾਰ ਦੇਰ ਸਵੇਰ ਜ਼ਿੰਦਗੀ ਬਣਾ ਦਿੰਦੇ ਹਨ। ਬੁਰੇ ਵਿਚਾਰ ਦੇਰ ਸਵੇਰ ਹੀ ਸਹੀ ਜ਼ਿੰਦਗੀ ਤਬਾਹ ਕਰ ਦਿੰਦੇ ਹਨ। ਬੁਰੇ ਵਿਚਾਰਾਂ ਨੂੰ ਤਿਆਗਣ ਦੀ ਹਿੰਮਤ ਰੱਖੋ । ਜਿੰਨਾਂ ਹੋ ਸਕੇ ਆਪਣੇ ਵਿਚਾਰਾਂ ਨੂੰ ਫਿਲਟਰ ਕਰਦੇ ਰਹੋ। ਜ਼ਿੰਦਗੀ ਵਿੱਚ ਸਫਲਤਾ ਪੂਰਵਕ ਅੱਗੇ ਵੱਧਣ ਲਈ ਅਤੇ ਮੰਜ਼ਿਲ ਦਾ ਲੰਮੇਰਾ ਸਫਰ ਤੈਅ ਕਰਨ ਲਈ ਭਾਵੇਂ ਸਾਨੂੰ ਸ਼ੁਰੂਆਤ ਪਹਿਲੇ ਅਤੇ ਇੱਕ ਛੋਟੇ ਕਦਮ ਤੋਂ ਕਰਨੀ ਪੈਂਦੀ ਹੈ ਪਰ ਸੋਚ ਅਤੇ ਵਿਚਾਰ ਹਮੇਸ਼ਾ ਵੱਡੇ ਹੋਣੇ ਚਾਹੀਦੇ ਹਨ। ਟੀਚਾ ਵੱਡਾ ਹੋਣਾ ਚਾਹੀਦਾ ਹੈ। ਬੌਣੀ ਸੋਚ ਸਾਡੀ ਸ਼ਖਸ਼ੀਅਤ ਨੂੰ ਵੀ ਬੌਣਾ ਬਣਾ ਦਿੰਦੀ ਹੈ। ਆਪਣੀ ਵੱਡੀ ਸੋਚ ਦਾ ਢਿੰਡੋਰਾ ਹਰ ਕਿਸੇ ਕੋਲ ਪਿੱਟਣਾ ਵੀ ਠੀਕ ਨਹੀਂ ਹੁੰਦਾ । ਜ਼ਿਆਦਾ ਬੋਲਣ ਨਾਲ ਵੀ ਤੁਹਾਡੀ ਸੋਚ ਛੋਟੀ ਲੱਗਣ ਲੱਗਦੀ ਹੈ। ਵਿਚਾਰਾਂ ਨੂੰ ਫਿਲਟਰ ਕਰਦੇ ਰਹਿਣ ਲਈ ਚੰਗੀਆਂ ਪੁਸਤਕਾਂ ਨਾਲ ਸਾਂਝ ਪਾਓ। ਮਹਾਨ ਲੋਕਾਂ ਦੀਆਂ ਜੀਵਨੀਆਂ ਪੜ੍ਹੋ। ਵਿਦਵਾਨਾਂ ਦੇ ਵਿਚਾਰ ਪੜਦੇ ਰਹੋ । ਦੁਨੀਆਂ ਦੇ ਹੁਣ ਤੱਕ ਜਿੰਨੇ ਵੀ ਮਹਾਨ ਲੋਕਾਂ ਹੋਏ ਹਨ ਉਹਨਾਂ ਦੀ ਮਹਾਨਤਾ ਦੇ ਪਿੱਛੇ ਚੰਗੇ ਵਿਚਾਰ ਅਤੇ ਉੱਚੀ ਤੇ ਸੁੱਚੀ ਸੋਚ ਹੀ ਹੈ। ਇੱਕ ਛੋਟੇ ਤੋਂ ਛੋਟਾ ਵਿਚਾਰ ਵੀ ਸਾਡੀ ਜ਼ਿੰਦਗੀ ਦਾ ਫਲਸਫਾ ਬਦਲਣ ਦੀ ਤਾਕਤ ਰੱਖਦਾ ਹੈ । ਇੱਕ ਵਿਚਾਰ ਧਰਤੀ ਅਤੇ ਆਸਮਾਨ ਵਿਚਲਾ ਪਾੜਾ ਖਤਮ ਕਰ ਸਕਦਾ ਹੈ। ਇੱਕ ਚੰਗਾ ਵਿਚਾਰ ਨਿਰਾਸ਼ਾਵਾਦੀਆਂ ਲਈ ਆਸ਼ਾ ਦੀ ਕਿਰਨ ਬਣ ਜਾਂਦਾ ਹੈ।
ਇੱਕ ਵਾਰ ਚੋਗਾ ਲੈ ਕੇ ਆਲ੍ਹਣੇ ’ਚ ਆਈ ਚਿੜੀ ਤੋਂ ਉਸਦੇ ਬੋਟ ਨੇ ਪੁੱਛਿਆ ਕਿ ‘ਮਾਂ ਆਸਮਾਨ ਕਿੰਨਾਂ ਕੁ ਵੱਡਾ ਹੈ?’ ਤਾਂ ਚਿੜੀ ਨੇ ਆਪਣੇ ਬੋਟ ਨੂੰ ਸੀਨੇ ਨਾਲ ਲਾਉਂਦੇ ਹੋਏ ਜਵਾਬ ਦਿੱਤਾ , ‘ਸੌਂ ਜਾ ਮੇਰੇ ਲਾਲ ਤੇਰੇ ਖੰਭਾਂ ਤੋਂ ਬਹੁਤ ਛੋਟਾ ਹੈ।
ਸਫਲਤਾ ਲਈ ਉੱਚੇ ਵਿਚਾਰਾਂ ਦਾ ਮਹੱਤਵ



