Skip to content
Independent perspectives. Global stories.
BREAKING

ਬੱਚਿਆਂ ਨੂੰ ਸੰਭਾਲਣ ਦੀ ਜ਼ਰੂਰਤ

Share this story

ਬੱਚਿਆਂ ਦੀਆਂ ਅਪਰਾਧਿਕ ਰੁੱਚੀਆਂ ਸਮਾਜ ਲਈ ਸੰਕਟ ਬਣਦੀਆਂ ਜਾ ਰਹੀਆਂ ਹਨ। ਦੇਸ਼ ਭਰ ਵਿੱਚ ਕਈ ਅਜਿਹੇ ਸੰਗੀਨ ਅਪਰਾਧ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ਵਿੱਚ ਸਕੂਲ ਪੜ੍ਹਦੇ ਬੱਚਿਆਂ ਦੀ ਸ਼ਮੂਲੀਅਤ ਬਹੁਤ ਚਿੰਤਾਜਨਕ ਹੈ। ਦਿੱਲੀ ਦੇ ਇਕ ਸਕੂਲ ਵਿੱਚ ਵੱਡੀ ਕਲਾਸ ਦੇ ਵਿਦਿਆਰਥੀ ਨੇ ਛੋਟੀ ਕਲਾਸ ਦੇ ਵਿਦਿਆਰਥੀ ਨੂੰ ਸਕੂਲ ਦੇ ਗੁਸਲਖਾਨੇ ਵਿੱਚ ਹੀ ਕਤਲ ਕਰ ਦਿੱਤਾ। ਉਤਰ ਪ੍ਰਦੇਸ਼ ਦੇ ਇਕ ਸਕੂਲ ਵਿੱਚ ਪੜ੍ਹਦੀ ਬੱਚੀ ਨੇ ਪਹਿਲੀ ਕਲਾਸ ਵਿੱਚ ਪੜ੍ਹਦੇ ਵਿਦਿਆਰਥੀ ਨੂੰ ਚਾਕੂ ਮਾਰ ਕੇ ਜ਼ਖਮੀ ਕਰ ਦਿੱਤਾ ਤਾਂ ਜੋ ਸਕੂਲ ਵਿੱਚ ਛੁੱਟੀ ਕਰਵਾਈ ਜਾ ਸਕੇ। ਮਾਨਸਾ ਵਿਖੇ ਇਕ ਅਧਿਆਪਕ ਜੋੜੇ ਦਾ 13 ਸਾਲਾ ਬੱਚਾ ਥੋੜ੍ਹੀ ਜਿਹੀ ਨਰਾਜ਼ਗੀ ਨਾਲ ਘਰ ਛੱਡ ਕੇ ਸਕੂਟਰ ਰਾਹੀਂ ਢਾਈ ਸੌ ਕਿਲੋਮੀਟਰ ਦੂਰ ਚੰਡੀਗੜ੍ਹ ਤੱਕ ਚਲਾ ਗਿਆ। ਇਹ ਗੱਲ ਵੱਖਰੀ ਹੈ ਕਿ ਪੁਲਿਸ ਦੀ ਚੌਕਸੀ ਨਾਲ ਇਹ ਬੱਚਾ ਮਾਪਿਆਂ ਨੂੰ ਵਾਪਸ ਮਿਲ ਗਿਆ। ਹਰਿਆਣਾ ਦੇ ਯਮੁਨਾ ਨਗਰ ਵਿਖੇ ਸਵਾਮੀ ਵਿਵੇਕਾਨੰਦ ਪਬਲਿਕ ਸਕੂਲ ’ਚ 12ਵੀਂ ਜਮਾਤ ਦੇ ਵਿਦਿਆਰਥੀ ਨੇ ਪਿਤਾ ਦੇ ਲਾਇਸੈਂਸੀ ਪਿਸਤੌਲ ਨਾਲ ਸਕੂਲ ਪਿੰ੍ਰਸੀਪਲ ਨੂੰ ਅੰਨ੍ਹੇਵਾਹ ਗੋਲੀਆਂ ਚਲਾ ਕੇ ਮਾਰ ਦਿੱਤਾ। ਘਟਨਾ ਤੋਂ ਬਾਅਦ ਫ਼ਰਾਰ ਹੋਣ ਦਾ ਯਤਨ ਕਰ ਰਹੇ ਦੋਸ਼ੀ ਵਿਦਿਆਰਥੀ ਨੂੰ ਲੋਕਾਂ ਨੇ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਘਟਨਾ ਸਮੇਂ ਸਵਾਮੀ ਵਿਵੇਕਾਨੰਦ ਪਬਲਿਕ ਸਕੂਲ ’ਚ ਮਾਪੇ-ਅਧਿਆਪਕ ਮੀਟਿੰਗ ਚੱਲ ਰਹੀ ਸੀ। ਦੋਸ਼ੀ ਸ਼ਿਵਾਂਗ ਕਾਮਰਸ ਦਾ ਵਿਦਿਆਰਥੀ ਸੀ। ਇਕਨਾਮਿਕਸ ਵਿਸ਼ੇ ਦੀ ਪੜ੍ਹਾਈ ਚੰਗੇ ਢੰਗ ਨਾ ਕਰਨ ਕਰਕੇ ਉਸ ਨੂੰ ਸਾਲਾਨਾ ਪ੍ਰੀਖਿਆਵਾਂ ਲਈ ਰੋਲ ਨੰਬਰ ਜਾਰੀ ਨਹੀਂ ਕੀਤਾ ਗਿਆ, ਜਿਸ ਤੋਂ ਨਰਾਜ਼ ਹੋ ਕੇ ਉਸ ਨੇ ਇਸ ਅਪਰਾਧ ਨੂੰ ਅੰਜ਼ਾਮ ਦਿੱਤਾ। ਇਸ ਤਰ੍ਹਾਂ ਦੀਆਂ ਹੋਰ ਘਟਨਾਵਾਂ ਵੀ ਵੱਖ-ਵੱਖ ਥਾਵਾਂ ’ਤੇ ਵਾਪਰ ਚੁੱਕੀਆਂ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਸਮਾਜ ਅਤੇ ਮਾਪਿਆਂ ਵੱਲੋਂ ਬੱਚਿਆਂ ਵੱਲ ਯੋਗ ਤਰੀਕੇ ਨਾਲ ਧਿਆਨ ਨਹੀਂ ਦਿੱਤਾ ਜਾ ਰਿਹਾ। ਬੱਚਿਆਂ ਅੰਦਰ ਇਸ ਤਰ੍ਹਾਂ ਦੀਆਂ ਅਪਰਾਧਿਕ ਰੁੱਚੀਆਂ ਪੈਦਾ ਹੋਣ ਲਈ ਅਸੀਂ ਖੁੱਦ ਜ਼ਿੰਮੇਵਾਰ ਹਾਂ। ਬੱਚਿਆਂ ਨੂੰ ਜਿਸ ਤਰ੍ਹਾਂ ਦੀ ਸਿੱਖਿਆ ਅਤੇ ਮਾਹੌਲ ਮੁਹੱਈਆ ਕਰਵਾਇਆ ਜਾਵੇਗਾ ਉਹ ਉਸੇ ਤਰ੍ਹਾਂ ਦੇ ਬਣਨਗੇ। ਅੱਜ ਲੋੜ ਇਸ ਗੱਲ ਦੀ ਹੈ ਕਿ ਬੱਚਿਆਂ ਨੂੰ ਸੰਭਾਲਿਆ ਜਾਵੇ। ਉਨ੍ਹਾਂ ਨੂੰ ਅਪਰਾਧਿਕ ਰੁਚੀਆਂ ਤੋਂ ਬਚਾਉਣ ਲਈ ਵੱਡੇ ਯਤਨਾਂ ਦੀ ਜ਼ਰੂਰਤ ਹੈ ਤਾਂ ਜੋ ਉਹ ਆਪਣੇ ਭਵਿੱਖ ਨੂੰ ਬਣਾਉਣ ਵੱਲ ਵਧੇਰੇ ਧਿਆਨ ਦੇਣ।
– ਬਲਜੀਤ ਸਿੰਘ ਬਰਾੜ

WRITTEN BY