Skip to content
Independent perspectives. Global stories.
BREAKING

ਅਹਿਸਾਸ-ਏ-ਕੰਮਤਰੀ ਛੱਡ ਕਿਵੇਂ ਬਣੀਏ ਮਹਾਨ

Share this story

ਇਕ ਬੱਚਾ ਸਹੀ ਤਰੀਕੇ ਨਾਲ ਬੋਲਣ ਤੋਂ ਅਸਮਰਥ ਸੀ। ਉਹ ਹਕਲਾਉਂਦਾ ਸੀ। ਸਕੂਲ ਵਿੱਚ ਬੱਚੇ ਉਸ ਨੂੰ ਛੇੜਦੇ ਸਨ, ਉਸ ਨੂੰ ਚਿੜਾਉਂਦੇ ਸਨ। ਉਸ ਦੀ ਇਹ ਕੰਮਜ਼ੋਰੀ ਉਸ ਵਿੱਚ ਅਹਿਸਾਸ-ਏ-ਕੰਮਤਰੀ ਪੈਦਾ ਕਰ ਰਹੀ ਸੀ। ਇਕ ਦਿਨ ਉਹ ਬੱਚਾ ਆਪਣੇ ਜਮਾਤੀਆਂ ਦੀਆਂ ਹਰਕੱਤਾਂ ਤੋਂ ਬਹੁਤ ਪ੍ਰੇਸ਼ਾਨ ਸੀ। ਸਕੂਲ ਵਿੱਚ ਜਾਣ ਤੋਂ ਪਹਿਲਾਂ ਉਸ ਨੇ ਆਪਣੇ ਆਪ ਨਾਲ ਇਕ ਨਿਰਣਾ ਕਰ ਲਿਆ ਕਿ ਉਹ ਨਾ ਸਿਰਫ ਆਪਣਾ ਹਕਲਾਉਣਾ ਬੰਦ ਕਰੇਗਾ ਬਲਕਿ ਇਕ ਦਿਨ ਦੁਨੀਆਂ ਦਾ ਮਹਾਨ ਬੁਲਾਰਾ ਬਣੇਗਾ। ਛੋਟੇ ਬੱਚੇ ਵੱਲੋਂ ਕੀਤਾ ਇਹ ਇਕ ਵੱਡਾ ਸੰਕਲਪ ਸੀ। ਉਸ ਬੱਚੇ ਨੇ ਨਾ ਸਿਰਫ ਆਪਣੀ ਹਕਲਾਹਟ ਦੂਰ ਕੀਤੀ ਸਗੋਂ ਇਨ੍ਹਾਂ ਵਧੀਆ ਬੁਲਾਰਾ ਬਣਿਆ। ਫਿਰ ਉਹ ਦੇਸ਼ ਦਾ ਚੋਟੀ ਦਾ ਨੇਤਾ ਬਣ ਗਿਆ। ਮੈਂ ਤੁਹਾਡੇ ਨਾਲ ਬਰਤਾਨੀਆਂ ਦੇ ਮਰਹੂਮ ਸਾਬਕਾ ਪ੍ਰਧਾਨ ਮੰਤਰੀ ਵਿਨਸਟਨ ਚਰਚਿਲ ਦੀ ਗੱਲ ਕਰ ਰਿਹਾ ਹਾਂ। ਦੂਸਰੇ ਮਹਾਂਯੁੱਧ ਦੌਰਾਨ ਬਰਤਾਨੀਆਂ ਦੇ ਪ੍ਰਧਾਨ ਮੰਤਰੀ ਰਹੇ ਚਰਚਿਲ ਨੂੰ ਵੀਹਵੀਂ ਸਦੀ ਦਾ ਮਹਾਨ ਸਿਆਸਤਦਾਨ ਮੰਨਿਆ ਜਾਂਦਾ ਹੈ। ਸਿਆਸਤ ਤੋਂ ਇਲਾਵਾ ਚਰਚਿਲ ਦੀ ਦਿਲਚਸਪੀ ਸਾਹਿਤ ਵਿੱਚ ਵੀ ਸੀ ਅਤੇ ਇਤਿਹਾਸ ਵਿੱਚ ਵੀ। ਇਤਿਹਾਸ, ਰਾਜਨੀਤੀ ਅਤੇ ਸੈਨਿਕ ਅਭਿਆਸਾਂ ਬਾਰੇ ਲਿਖਿਆ ਪੁਸਤਕਾਂ ਕਾਰਨ ਹੀ 1953 ਵਿੱਚ ਚਰਚਿਲ ਨੂੰ ਦੁਨੀਆਂ ਦੇ ਸਭ ਤੋਂ ਵੱਡੇ ਸਨਮਾਨ ਨੋਬਲ ਪੁਰਸਕਾਰ ਨਾਲ ਸਨਮਾਨਿਆ ਗਿਆ। ਚਰਚਿਲ ਨੇ ਇਕ ਵਾਰ ਕਿਹਾ ਸੀ ਕਿ ‘ਨਿਰਾਸ਼ਵਾਦੀ ਹਰ ਅਵਸਰ ਵਿੱਚ ਕਠਿਨਾਈ ਅਤੇ ਮੁਸ਼ਕਲਾਂ ਦੇਖਦਾ ਹੈ ਅਤੇ ਆਸ਼ਾਵਾਦੀ ਹਰ ਕਠਿਨਾਈ ਵਿੱਚ ਅਵਸਰ ਅਤੇ ਮੌਕੇ ਦੇਖਦਾ ਹੈ।’ ਉਸ ਨੇ ਖੁਦ ਵੀ ਅਜਿਹੇ ਮੌਕੇ ਵਿੱਚ ਸਫ਼ਲਤਾ ਦਾ ਅਵਸਰ ਲਭਿਆ ਸੀ। ਦੂਜੇ ਵਿਸ਼ਵਯੁੱਧ ਦੌਰਾਨ ਇਕ ਮੌਕਾ ਅਜਿਹਾ ਆਇਆ ਜਦੋਂ ਜਰਮਨੀ ਦੀ ਫੌਜ ਨੇ ਬੈਲਜੀਅਮ ਅਤੇ ਹਾਲੈਂਡ ’ਤੇ ਕਬਜ਼ਾ ਕਰ ਲਿਆ। ਅਜਿਹੇ ਔਖੇ ਵੇਲੇ ਉਸ ਸਮੇਂ ਦੇ ਇੰਗਲੈਂਡ ਦੇ ਪ੍ਰਧਾਨ ਮੰਤਰੀ ਚੈਂਬਰਲੇਣ ਨੇ ਅਸਤੀਫਾ ਦੇ ਦਿੱਤਾ। ਉਹ ਇਕ ਅਜਿਹਾ ਵਕਤ ਸੀ ਜਦੋਂ ਇੰਗਲੈਂਡ ਨੂੰ ਇਕ ਬਹਾਦਰ, ਅਨੁਭਵੀ ਅਤੇ ਦੂਰਅੰਦੇਸ਼ ਨੇਤਾ ਦੀ ਸਖਤ ਲੋੜ ਸੀ। ਅਜਿਹੇ ਸਮੇਂ 11 ਮਈ 1940 ਵਿੱਚ ਵਿਨਸਟਿਨ ਚਰਚਿਲ ਬਰਤਾਨੀਆਂ ਦਾ ਪ੍ਰਧਾਨ ਮੰਤਰੀ ਬਣਿਆ। ਉਸ ਸਮੇਂ ਚਰਚਿਲ ਨੇ ਆਪਣੇ ਪਹਿਲੇ ਭਾਸ਼ਣ ਦੌਰਾਨ ਆਪਣੇ ਦੇਸ਼ ਵਾਸੀਆਂ ਨੂੰ ਪੂਰੀ ਇਮਾਨਦਾਰੀ ਨਾਲ ਕਿਹਾ ਸੀ ਕਿ ‘‘ਮੇਰੇ ਕੋਲ ਤੁਹਾਨੂੰ ਦੇਣ ਲਈ ਖੂਨ, ਅੱਥਰੂ, ਮਿਹਨਤ ਅਤੇ ਪਸੀਨੇ ਤੋਂ ਬਿਨਾਂ ਕੁੱਝ ਵੀ ਨਹੀਂ।’’ ਇਸ ਪਹਿਲੇ ਭਾਸ਼ਣ ਨੇ ਦੇਸ਼ ਵਾਸੀਆਂ ਵਿੱਚ ਇਕ ਨਵੀਂ ਰੂਹ ਫੂਕ ਦਿੱਤੀ ਸੀ। ਇਥੇ ਇਹ ਯਾਦ ਰੱਖਣਾ ਜ਼ਰੂਰੀ ਹੈ ਕਿ ਇਹ ਭਾਸ਼ਣ ਉਸ ਵਿਅਕਤੀ ਵੱਲੋਂ ਦਿੱਤਾ ਗਿਆ ਸੀ ਜਿਸ ਨੂੰ ਬਚਪਨ ਵਿੱਚ ਹਕਲਾ ਕਹਿਕੇ ਚਿੜਾਇਆ ਜਾਂਦਾ ਸੀ। ਉਸ ਦੀ ਮਿਹਨਤ ਅਤੇ ਲਗਨ ਨੇ ਉਸ ਨੂੰ ਸਿਰੇ ਦਾ ਬੁਲਾਰਾ ਬਣਾਇਆ ਸੀ। ਚਰਚਿਲ ਆਪਣੀ ਉਮਰ ਦੇ 65ਵੇਂ ਵਰ੍ਹੇ ਦੌਰਾਨ ਹਰ ਰੋਜ਼ 16 ਘੰਟੇ ਕੰਮ ਕਰਦਾ ਸੀ। ਉਸ ਨੇ ਆਪਣੇ ਸਰੀਰ ਨੂੰ ਇਸ ਤਰ੍ਹਾਂ ਸਾਧ ਲਿਆ ਸੀ ਕਿ ਉਹ ਦੋ-ਚਾਰ ਘੰਟੇ ਬਾਅਦ ਥੋੜ੍ਹਾ ਅਰਾਮ ਕਰ ਲੈਂਦਾ ਸੀ ਅਤੇ ਫਿਰ ਕੰਮ ਵਿੱਚ ਜੁਟ ਜਾਂਦਾ ਸੀ। ਉਹ ਸਵੇਰੇ ਜਲਦੀ ਉਠਕੇ 11 ਵਜੇ ਤੱਕ ਆਪਣੇ ਬਿਸਤਰ ’ਤੇ ਹੀ ਰਿਪੋਟਾਂ ਪੜ੍ਹਣ, ਹੁਕਮ ਲਿਖਵਾਉਣ, ਜ਼ਰੂਰੀ ਫੋਨ ਕਰਨ ਅਤੇ ਮਹੱਤਵਪੂਰਨ ਮੀਟਿੰਗਾਂ ਆਦਿ ਦਾ ਕੰਮ ਨਿਪਟਾ ਦਿੰਦਾ ਸੀ। ਇਉਂ ਉਹ ਲਗਾਤਾਰ ਕੰਮ ਕਰਨ ਅਤੇ ਥੋੜ੍ਹਾ ਅਰਾਮ ਕਰਨ ਦੀ ਆਦਤ ਕਾਰਨ ਵੱਡੇ-ਵੱਡੇ ਕੰਮ ਕਰਨ ਅਤੇ ਮਹਾਨ ਲਿਖਤਾਂ ਲਿਖਣ ਵਿੱਚ ਕਾਮਯਾਬ ਹੋਇਆ।
ਚਰਚਿਲ ਦੀ ਜੀਵਨ ਕਥਾ ਦਸਦੀ ਹੈ ਕਿ ਕਿਸੇ ਵੀ ਸਰੀਰਕ ਕਮੀ ਕਾਰਨ ਅਹਿਸਾਸ-ਏ-ਕੰਮਤਰੀ ਦਾ ਸ਼ਿਕਾਰ ਹੋਣ ਦੀ ਬਜਾਏ ਮਿਹਨਤ ਨਾਲ ਉਸ ’ਤੇ ਕਾਬੂ ਪਾਇਆ ਜਾ ਸਕਦਾ ਹੈ। ਦੂਜੀ ਗੱਲ ਜੋ ਉਸ ਦਾ ਜੀਵਨ ਸਪੱਸ਼ਟ ਕਰਦਾ ਹੈ ਕਿ ਕੁਦਰਤ ਵੱਲੋਂ ਮਿਲੇ ਵਕਤ ਨੂੰ ਪੂਰੀ ਤਰ੍ਹਾਂ ਵਰਤੋਂ ’ਚ ਲਿਆਕੇ ਵੱਡੇ-ਵੱਡੇ ਮਹਾਨ ਕੰਮ ਕੀਤੇ ਜਾ ਸਕਦੇ ਹਨ।

WRITTEN BY