ਪੰਜਾਬ ਦਾਰਿਆਵਾਂ ਦੀ ਧਰਤੀ ਪੰਜਾਬ ’ਚ ਪਾਣੀ ਹੀ ਇਕ ਵੱਡੀ ਸਮੱਸਿਆ ਬਣ ਗਿਆ ਹੈ। 1947 ਦੀ ਵੰਡ ਸਮੇਂ ਪੰਜਾਬ ਦੇ ਅੱਧੇ ਦਰਿਆ ਪਾਕਿਸਤਾਨ ਦੇ ਹਿੱਸੇ ਆ ਗਏ। ਬਾਕੀ ਬਚੇ ਢਾਈ ਦਰਿਆਵਾਂ ਦਾ ਪਾਣੀ ਕੇਂਦਰ ਸਰਕਾਰ ਨੂੰ ਲੁੱਟ ਕੇ ਗੁਆਂਢੀ ਰਾਜਾਂ ਨੂੰ ਦੇ ਦਿੱਤਾ। ਦਰਿਆਈ ਪਾਣੀਆਂ ਦੀ ਕਮੀ ਕਾਰਨ ਪੰਜਾਬ ਦੇ ਕਿਸਾਨਾਂ ਨੂੰ ਧਰਤੀ ਹੇਠਲੇ ਪਾਣੀ ਉਪਰ ਨਿਰਭਰ ਹੋ ਕੇ ਖੇਤੀ ਕਰਨੀ ਪੈ ਰਹੀ ਹੈ। ਇਸ ਕਾਰਨ ਧਰਤੀ ਹੇਠਲੇ ਪਾਣੀ ਦੀ ਸਤਾ ਲਗਾਤਾਰ ਹੇਠਾਂ ਨੂੰ ਜਾ ਰਹੀ ਹੈ। ਪੰਜਾਬ ਦੇ ਕਿਸਾਨ ਇਸ ਸਮੇਂ ਪਾਣੀ ਦੇ ਸੰਕਟ ਨਾਲ ਜੁਝ ਰਹੇ ਹਨ। ਦੂਸਰੇ ਪਾਸੇ ਪੰਜਾਬ ਦੇ ਪਾਣੀ ਵਿੱਚ ਜ਼ਹਿਰਾਂ ਘੁਲਣ ਕਾਰਨ ਇਹ ਪੀਣ ਦੇ ਯੋਗ ਨਹੀਂ ਰਿਹਾ। ਪਾਣੀ ਦੀ ਮਲੀਨਤਾ ਕਾਰਨ ਪੰਜਾਬ ਵਿੱਚ ਮਾਰੂ ਬਿਮਾਰੀਆਂ ਵੱਧ ਰਹੀਆਂ ਹਨ। ਪਾਣੀ ਵਿਚਲੇ ਜ਼ਹਿਰੀਲੇ ਤੱਤਾਂ ਕਾਰਨ ਹੀ ਵੱਡੀ ਗਿਣਤੀ ਵਿੱਚ ਪੰਜਾਬੀਆਂ ਨੂੰ ਕੈਂਸਰ ਵਰਗੀ ਗੰਭੀਰ ਬਿਮਾਰੀ ਦਾ ਸ਼ਿਕਾਰ ਹੋਣਾ ਪਿਆ। ਪਾਣੀ ਵਿੱਚ ਸੰਖੀਆ ਸਮੇਤ ਕਈ ਮਾਰੂ ਜ਼ਹਿਰਾਂ ਮਿਲ ਰਹੀਆਂ ਹਨ। ਇਸ ਕਾਰਨ ਪੀਣ ਵਾਲਾ ਪਾਣੀ ਦੀ ਕਮੀ ਮਹਿਸੂਸ ਕੀਤੀ ਜਾ ਰਹੀ ਹੈ। ਲੋਕਾਂ ਨੂੰ ਜੋ ਪੀਣ ਦਾ ਪਾਣੀ ਮਿਲ ਰਿਹਾ ਹੈ ਉਸ ਨਾਲ ਲੋਕ ਗੰਭੀਰ ਰੋਗਾਂ ਦੇ ਸ਼ਿਕਾਰ ਹੋ ਰਹੇ ਹਨ। ਕਿਸਾਨਾਂ ਵੱਲੋਂ ਵਰਤੀਆਂ ਜਾ ਰਹੀਆਂ ਮਾਰੂ ਜ਼ਹਿਰਾਂ ਨੇ ਧਰਤੀ ਅਤੇ ਪਾਣੀ ਨੂੰ ਪਲੀਤ ਕਰ ਦਿੱਤਾ ਹੈ। ਇਸ ਦੇ ਨਾਲ ਹੀ ਸ਼ਹਿਰਾਂ ਦੇ ਸੀਵਰੇਜ ਅਤੇ ਕਾਰਖਾਨਿਆਂ ਦਾ ਜ਼ਹਿਰੀਲਾ ਰਸਾਇਣਕ ਪਾਣੀ ਵੀ ਸਥਿਤੀ ਨੂੰ ਵਿਗਾੜ ਰਿਹਾ ਹੈ। ਪਾਣੀ ਵਿਚਲੇ ਮਾਰੂ ਰਸਾਇਣਾਂ ਅਤੇ ਜ਼ਹਿਰਾਂ ਕਾਰਨ ਪੰਜਾਬ ਜਲ ਸੈਨੀਟੇਸ਼ਨ ਵਿਭਾਗ ਨੂੰ ਸ਼ੁੱਧ ਪਾਣੀ ਸਪਲਾਈ ਹਿੱਤ ਆਧੁਨਿਕ ਤਕਨੀਕਾਂ ਦੀ ਵਰਤੋਂ ਕਰਨੀ ਪੈ ਰਹੀ ਹੈ। ਅੰਮ੍ਰਿਤਸਰ, ਤਰਨ ਤਾਰਨ ਅਤੇ ਗੁਰਦਾਸਪੁਰ ਪੱਟੀ ਵਿੱਚ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਵੱਲੋਂ ਧਰਤੀ ਹੇਠਲੇ ਪਾਣੀ ਦੇ ਭਰੇ ਗਏ ਨਮੂਨਿਆਂ ਵਿੱਚ ਭਾਰੀ ਮਾਤਰਾ ਵਿਚ ਸੰਖੀਆ ਅਤੇ ਹੋਰ ਰਸਾਇਣ ਮਿਲੇ ਹਨ। ਪੰਜਾਬ ਦੇ ਦੂਸਰੇ ਜ਼ਿਲ੍ਹਿਆਂ ਵਿੱਚ ਵੀ ਸਥਿਤੀ ਇਸ ਤੋਂ ਵੱਖਰੀ ਨਹੀਂ ਹੈ। ਪੰਜਾਬ ਖੇਤੀ ਵਿਭਾਗ ਨੂੰ ਸੌਂਪੀ ਰਿਪੋਰਟ ਮੁਤਾਬਕ ਟਿਊਬਵੈਲਾਂ ਰਾਹੀਂ ਧਰਤੀ ਹੇਠਲੇ ਪਾਣੀ ਦੀ ਬੇਹਿਸਾਬੀ ਵਰਤੋਂ ਖੇਤੀ ਉਤਪਾਦਾਂ ਵਿੱਚ ਸੰਖੀਆ ਰਲ੍ਹਣ ਲਈ ਵਡਾ ਕਾਰਨ ਮੰਨੀ ਜਾ ਰਹੀ ਹੈ ਜੋ ਮਨੁੱਖਾਂ, ਜੀਵ ਜੰਤੂਆਂ ਅਤੇ ਸਮੁੱਚੇ ਵਾਤਾਵਰਣ ਲਈ ਬਹੁਤ ਘਾਤਕ ਹੈ। ਸੰਖੀਆ ਦਾ ਆਪਸ ਵਿੱਚ ਕੈਂਸਰ ਨਾਲ ਸਿੱਧਾ ਸਬੰਧ ਨਹੀਂ ਹੈ, ਪਰ ਭੋਜਣ ਲੜੀ ਰਾਹੀਂ ਮਨੁੱਖ ਅਤੇ ਜੀਵਾਂ ਨੂੰ ਲੱਗਣ ਵਾਲੀਆਂ ਬਿਮਾਰੀਆਂ ਦਾ ਇਹ ਵੱਡਾ ਕਾਰਨ ਹੈ। ਪੰਜਾਬ ਵਿੱਚ ਗੋਭੀ, ਭਿੰਡੀ ਅਤੇ ਜੀਰੀ ਵਿੱਚ ਵਡੀ ਮਾਤਰਾ ਵਿਚ ਜ਼ਹਿਰੀਲੇ ਤਤ ਮਿਲੇ ਹਨ। ਖੇਤੀਬਾੜੀ ਖੋਜ ਬਾਰੇ ਭਾਰਤੀ ਕੌਂਸਲ ਨੇ ਸਾਲ 2015 ਵਿਚ ਰਿਪੋਰਟ ਤਿਆਰ ਕੀਤੀ ਸੀ ਜਿਸ ਵਿਚ ਪੰਜਾਬ ਅਤੇ ਹਰਿਆਣਾ ਸਮੇਤ ਦੇਸ਼ ਦੇ 12 ਸੂਬਿਆਂ ਵਿਚਲੇ ਧਰਤੀ ਹੇਠਲੇ ਪਾਣੀ ਵਿਚ ਵਡੀ ਮਾਤਰਾ ਵਿੱਚ ਜ਼ਹਿਰੀਲੇ ਤੱਤਾਂ ਦਾ ਖੁਲਾਸਾ ਹੋਇਆ ਸੀ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪਾਣੀ ਵਿੱਚ ਫੈਲੀਆਂ ਜ਼ਹਿਰਾਂ ਨੂੰ ਰੋਕਣ ਲਈ ਵਿਆਪਕ ਯਤਨ ਕਰੇ ਲੋਕਾਂ ਨੂੰ ਪੀਣ ਵਾਲਾ ਸ਼ੁੱਧ ਪਾਣੀ ਮੁਹੱਈਆ ਕਰਵਾਇਆ ਜਾਵੇ। ਖੇਤੀਬਾੜੀ ਲਈ ਵੀ ਵਧੇਰੇ ਦਰਿਆਈ ਪਾਣੀ ਦੀ ਉਪਲੱਬਧਤਾ ਜ਼ਰੂਰੀ ਹੈ।
– ਬਲਜੀਤ ਸਿੰਘ ਬਰਾੜ



