Skip to content
Independent perspectives. Global stories.
BREAKING

ਆਸਟ੍ਰੇਲੀਆ ਦਾ ਖੂਬਸੂਰਤ ਸ਼ਹਿਰ ਬਰਿਸਬੇਨ

Share this story

ਆਸਟ੍ਰੇਲੀਆ ਦੇ ਸਭ ਸੁੰਦਰ ਰਾਜ ਕਵੀਨਜਲੈੰਡ ਦੀ ਰਾਜਧਾਨੀ ਬ੍ਰਿਸਬੇਨ ਬਹੁਤ ਹੀ ਖ਼ੂਬਸੂਰਤ ਸ਼ਹਿਰ ਹੈ। ਆਬਾਦੀ ਪਖੋਂ ਸਿਡਨੀ ਤੇ ਮੈਲਬੌਰਨ ਤੋਂ ਬਾਅਦ ਤੀਸਰੇ ਨੰਬਰ ਆਉਂਦੇ ਇਸ ਸ਼ਹਿਰ ਦੀ ਆਬਾਦੀ ਲਗਭਗ ਅੰਦਾਜ਼ਨ 22-23 ਲਖ ਹੈ । ਇਸ ਦੇ ਦੋਵੇਂ ਪਾਸੇ ਵਿਸ਼ਵ ਦੇ ਪ੍ਰਸਿਧ-ਪ੍ਰਸਿਧ ਸੈਲਾਨੀ ਕੇਂਦਰ “ਸੰਨ-ਸ਼ਾਈਨ ਕੋਸਟ ਅਤੇ ਗੋਲ਼ਡ ਕੋਸਟ” ਪੈਂਦੇ ਹਨ। ਬ੍ਰਿਸਬੇਨ ਦਾ ਮੌਸਮ ਸਾਰੇ ਆਸਟ੍ਰੇਲੀਆ ਵਿਚ ਉਤਮ ਅਤੇ ਸਾਰਾ ਸਾਲ ਕੰਮ ਕਰਦੇ ਰਹਿਣ ਲਈ ਢੁਕਵਾਂ ਮੰਨਿਆਂ ਜਾਂਦਾ ਹੈ। 1788 ਤੋਂ ਪਹਿਲਾੰ ਇਸ ਦੇ ਆਲੇ-ਦੁਆਲੇ ਇਥੋਂ ਦੇ ਮੂਲ ਨਿਵਾਸੀ (ਔਬਰੀਜ਼ਨਲ ਲੋਕ) ਹੀ ਵਸਦੇ ਸਨ। ਇਸ ਸ਼ਹਿਰ ਦਾ ਨਾਮ ‘ਬ੍ਰਿਜ਼ਬੇਨ‘ ਨਾਮੀ ਦਰਿਆ ਤੋਂ ਪਿਆ ਹੈ, ਜਿਸਦੀ ਖੋਜ਼ ਅਤੇ ਨਾਮਕਰਨ ਜੌਹਨ ਐਕਸਲੇ ਨਾਮ ਦੇ ਯੂਰਪੀਅਨ ਅਧਿਕਾਰੀ ਨੇ 1823 ਵਿਚ ਕੀਤਾ ਸੀ। ਜੌਹਨ ਐਕਸਲੇ ਨੇ ਇਸ ਦਾ ਨਾਮ ਰਖਣ ਵੇਲੇ ਆਸਟ੍ਰੇਲੀਆ ਦੀ ਪਹਿਲੀ ਕਾਲੋਨੀ (ਨਿਊ ਸਾਊਥ ਵੇਲਜ਼) ਦੇ ਤਤਕਾਲੀ ਗਵਰਨਰ ਥੌਮਸ ਬ੍ਰਿਸਬੇਨ ਦੇ ਨਾਮ ਨੂੰ ਸਤਿਕਾਰ ਦਿਤਾ ਅਤੇ ਇਸ ਦਰਿਆ ਦਾ ਨਾਮ ਬ੍ਰਿਸਬੇਨ ਰਖ ਦਿੱਤਾ। ਬ੍ਰਿਸਬੇਨ ਸ਼ਹਿਰ ਨੇ ਤਿੰਨ ਵਾਰ 1874, 1974 ਅਤੇ 2010-11 ਵਿਚ ਇਸ ਦਰਿਆ ਦੇ ਹੜ੍ਹ ਦਾ ਪ੍ਰਕੋਪ ਵੀ ਝਲਿਆ ਹੈ। ਇਸ ਵਿਚ ਚਲਦੀਆਂ ਵਡ ਆਕਾਰੀ ਫੈਰੀਆਂ ਆਵਾਜਾਈ ਦਾ ਸਾਧਨ ਹੀ ਨਹੀਂ, ਇਸ ਸ਼ਹਿਰ ਦੀ ਵਿਸ਼ੇਸ਼ਤਾ ਦੀ ਜਿੰਦ-ਜਾਨ ਵੀ ਹਨ । ਇਸ ਨਦੀ ਉਪਰ ਬਣਿਆ ਵਿਸ਼ਾਲ “ਸਟੋਰੀ-ਬ੍ਰਿਜ਼” ਨਾਮ ਦਾ ਪੁਲ ਇਸ ਸ਼ਹਿਰ ਦਾ ਆਈਕੋਨ ਹੈ, ਇਹ ਤੋਂ ਇਲਾਵਾ ਮਾਊੰਟ-ਕੁਥਾ ਲੁਕ ਆਊਟ, ਕੋਯਾਲਾ ਜਾਨਵਰ ਰਖ, ਸਾਊਂਥ ਬੈਂਕ, ਸਿਟੀ ਹਾਲ, ਕੈਂਗਰੂ-ਪੁਆਇੰਟ ਕਲਿਫ਼ਸ, ਕਲਚਰਲ ਸੈਂਟਰ ਆਰਟ ਗੈਲਰੀ, ਕਨਵੈਨਸ਼ਨ ਸੈਂਟਰ, ਬੋਗੋ ਰੋਡ ਜ਼ੇਲ ਮਿਊਜ਼ੀਅਮ, ਆਸਟਰੇਲੀਆ ਜ਼ੂ ਆਦਿ ਇਸ ਸ਼ਹਿਰ ਦੇ ਹੋਰ ਵੇਖਣਯੋਗ ਕੇਂਦਰ ਹਨ। ਬ੍ਰਿਸਬੇਨ ਸ਼ਹਿਰ ਵਿਚ ਤਿੰਨ ਸੜਕੀ ਸੁਰੰਗਾਂ ਅਤੇ ਗੇਟਵੇਅ ਬ੍ਰਿਜ ਇਸਦੀ ਟ੍ਰੈਫ਼ਿਕ ਅਵਸਥਾ ਨੂੰ ਸੁਚਜੇ ਢੰਗ ਨਾਲ ਨਿਯਮਿਤ ਕਰਦੇ ਹਨ। ਪਰਿਵਾਰ ਅਤੇ ਸੈਲਾਨੀਆਂ ਨੂੰ ਖਿਚਣ ਵਾਲੇ ਥੀਮ “ਪਾਰਕ ਡਰੀਮ ਵਰਲਡ, ਮੂਵੀ ਵਰਲਡ ਅਤੇ ਆਸਟਰੇਲੀਆ ਜੂ” ਵੀ ਬ੍ਰਿਸਬੇਨ ਤੋਂ ਬਹੁਤੀ ਦੂਰ ਨਹੀਂ ਹਨ । ਸਸਤੇ ਸਾਮਾਨ ਲਈ ਸਿਧੀਆੰ ਫ਼ੈਕਟਰੀ ਆਊਟ ਲੈਟਾੰ ਵਾਲਾ ਡੀ ਐਫ ਓ ਅਤੇ ਆਸਟ੍ਰੇਲੀਆ ਦਾ ਸਭ ਤੋਂ ਵਡਾ ਸ਼ਾਪਿੰਗ ਕੰਪਲੈਕਸ ਗਾਰਡਨ ਸਿਟੀ ਖਰੀਦੋ-ਫ਼ਰੋਖ਼ਤ ਲਈ ਮਸ਼ਹੂਰ ਹਨ।1857 ਈਸਵੀ ਵਿੱਚ ਦੀ ਜਨਗਣਨਾ ਵਿਚ ਇਸ ਦੇਸ਼ ’ਚ ਕੇਵਲ 257 ਪੰਜਾਬੀ ਸਨ, ਜਿਨ੍ਹਾਂ ਵਿਚ 201 ਸਿਖ ਸਨ।ਸੰਨ 2007 ਤੋਂ ਪੰਜਾਬੀ ਵਿਦਿਆਰਥੀ ਵਡੀ ਗਿਣਤੀ ਵਿਚ ਬ੍ਰਿਸਬੇਨ ਪੜ੍ਹਣ ਲਈ ਆਉਣੇ ਸ਼ੁਰੂ ਹੋਏ ਸਨ। ਇਸ ਵੇਲੇ ਪੰਜਾਬੀ ਵਿਦਿਆਰਥੀਆੰ ਸਮੇਤ ਪਕੇ ਪ੍ਰਵਾਸੀ ਪੰਜਾਬੀਆਂ ਦੀ ਗਿਣਤੀ ਲਗਭਗ ਦਸ ਹਜ਼ਾਰ ਤੋਂ ਉਪਰ ਹੋਵੇਗੀ । ਬ੍ਰਿਸਬੇਨ ਵਿਚ ਤਿੰਨ ਪ੍ਰਮੁਖ ਗੁਰੂਦੁਆਰੇ, ਤਿੰਨ ਮੰਦਰ ਹਨ । ਜਿਥੇ ਐਤਵਾਰ ਨੂੰ ਰਾਧਾ ਸੁਆਮੀ ਸਤਿਸੰਗ ਘਰ ਵੀ ਚਲਦਾ ਹੈ ਉਥੇ ਨਿਰੰਕਾਰੀ ਸਤਿਸੰਗ ਵੀ ਹੁੰਦਾ ਹੈ। ਇੰਡੋਜ ਹੋਲਡਿੰਗਜ ਬ੍ਰਿਸਬੇਨ ਦਾ ਇਕ ਵਡਾ ਗਰੁਪ ਹੈ, ਜਿਸ ਨੇ ਸਿਖ ਕਮਿਊਨਿਟੀ ਸੈਂਟਰ ਇਨਾਲਾ ਵਿਖੇ ਖੋਲਿਆ ਹੈ। ਜਿਸ ਦੇ ਅੰਤਰਗਤ ਇੰਡੋਜ਼ ਪੰਜਾਬੀ ਲਾਇਬਰੇਰੀ, ਇੰਡੋਜ਼ ਪੰਜਾਬੀ ਥੀਏਟਰ, ਇੰਡੋਜ਼ ਪੰਜਾਬੀ ਸਾਹਿਤ ਸਭਾ, ਇੰਡੋਜ਼ ਸਪੋਰਟਸ ਅਕੈਡਮੀ, ਇੰਡੋਜ਼ ਪੰਜਾਬੀ ਬਾਲ ਸਕੂਲ ਅਤੇ ਗੁਰੂ ਨਾਨਕ ਸਿਖ ਟੈਂਪਲ ਕਾਰਜਸ਼ੀਲ ਹਨ ।ਭਾਰਤ ਰਤਨ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਮਿਸ਼ਨ ਸੋਸਾਇਟੀ ਵਲੋਂ ਵੀ ਹਰ ਸਾਲ ਖੂਨ ਦਾਨ ਕੈਂਪ ਲਗਾ ਕੇ ਮਨੁਖਤਾ ਦੀ ਸੇਵਾ ਕੀਤੀ ਜਾਂਦੀ ਹੈ।ਪੰਜਾਬੀਆਂ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਇਥੇ ਵੀ ਆਰਥਿਕ ਅਤੇ ਸਮਾਜਿਕ ਖੇਤਰ ਵਿਚ ਵੀ ਮਲਾਂ ਮਾਰੀਆਂ ਹਨ । ਮਲਟੀ-ਮਿਲੀਅਨ ਜੇ ਕੇ ਇੰਟਰ ਨੈਸ਼ਨਲ ਵਾਲੇ ਜੋ ਕਿ ਜਲੰਧਰ ਜਿਲੇ ਨਾਲ ਸੰਬੰਧਿਤ ਹਨ, ਕਵੀਨਜਲੈਂਡ ਦੇ ਪਹਿਲੇ 10 ਅਮੀਰ ਪਰਿਵਾਰਾਂ ਵਿਚ ਆਉਂਦੇ ਹਨ। ਪਰਮਜੀਤ ਸਰਾਏ ਦੇ ਅਦਾਰੇ ਮੋਡੋਰਾਸ ਵਿਚ 250 ਦੇ ਕਰੀਬ ਪ੍ਰੋਫੈਸ਼ਨਲ ਜ਼ਿਆਦਾਤਰ ਗੋਰੇ ਕੰਮ ਕਰਦੇ ਹਨ। ਸ੍ਰ:ਤੇਜਾ ਸਿੰਘ ਸੋਮਲ, ਅਮਰਜੀਤ ਸਿੰਘ ਮਾਹਲ ਆਦਿ ਹੋਰ ਵਡੇ ਕਾਰੋਬਾਰੀ ਹਨ । ਉਘੇ ਸਮਾਜ ਸੇਵੀ ਮਨਜੀਤ ਬੋਪਾਰਾਏ ਦੁਆਰਾ ਬਣਾਈ ਗਲੀ “ਪੰਜਾਬ ਪਲੇਸ” ਮਹੀਨੇਵਾਰ ਅਖਬਾਰ “ਦਾ ਪੰਜਾਬ” ਵੀ ਜ਼ਿਕਰਯੋਗ ਹਨ।
ਪ੍ਰਸਿਧ ਕਵੀ ਸਰਬਜੀਤ ਸੋਹੀ ਦੀ ਅਗਵਾਈ ਹੇਠ ਪੰਜਾਬੀ ਲੇਖਕਾਂ ਦਾ ਕਾਫ਼ਲਾ ਵੀ ਸਰਗਰਮ ਹੈ । ਇੰਡੋਜ਼ ਪੰਜਾਬੀ ਲਾਇਬਰੇਰੀ ਆਸਟ੍ਰੇਲੀਆ ਦੀ ਸਭ ਤੋਂ ਵਡੀ ਪੰਜਾਬੀ ਦੀ ਲਾਇਬਰੇਰੀ ਹੈ । ਇਸ ਤੋਂ ਇਲਾਵਾ ਰੇਡੀਓ 452, ਰੇਡੀਓ ਰਿਧਮ ਅਤੇ ਔਜ਼ੀ ਇੰਡੀਅਨ ਟੀ. ਵੀ. ਤੋਂ ਲਗਾਤਾਰ ਪੰਜਾਬੀ ਪ੍ਰੋਗਰਾਮ ਚਲਦੇ ਹਨ। ਬ੍ਰਿਸਬੇਨ ਵਿਚ ਇਸ ਮਿੰਨੀ ਪੰਜਾਬ ਨੂੰ ਉਸਾਰਨ ਵਿਚ ਪੰਜਾਬੀਆਂ ਨੇ ਬਹੁਤ ਜਫ਼ਰ ਜਾਲ਼ਿਆ ਹੈ।

WRITTEN BY