Skip to content
Independent perspectives. Global stories.
BREAKING

ਚਰਨਜੀਤ ਸਿੰਘ ਚੱਢਾ ਦੀ ਅਸ਼ਲੀਲ ਵੀਡੀਓ ਵਾਲੀ ਸਾਜਿਸ਼ ਤੋਂ ਉਠਿਆ ਪਰਦਾ-1

Share this story

ਪੰਜਾਬੀ ਸਾਹਿਤ ਦੇ ਇਕ ਵੱਡੇ ਹਸਤਾਖਰ ਭਾਈ ਵੀਰ ਸਿੰਘ ਦੀ ਪਹਿਲਕਦਮੀ ਅਤੇ ਯਤਨਾਂ ਨਾਲ 1902 ਵਿੱਚ ਬਣੀ ਸਿੱਖ ਸੰਸਥਾ ਚੀਫ ਖਾਲਸਾ ਦੀਵਾਨ ਦੇ ਹਟਾਏ ਗਏ 81 ਸਾਲਾ ਬਜ਼ੁਰਗ ਪ੍ਰਧਾਨ ਚਰਨਜੀਤ ਸਿੰਘ ਚੱਢਾ ਦੀ ਇਕ ਮਹਿਲਾ ਸਕੂਲ ਪ੍ਰਿੰਸੀਪਲ ਨਾਲ ਵਾਇਰਲ ਹੋਈ ਅਸ਼ਲੀਲ ਵੀਡੀਓ ਨੇ ਉਸ ਦੇ ਵੱਡੇ ਪੁੱਤਰ ਅਤੇ ਚੀਫ਼ ਖਾਲਸਾ ਦੀਵਾਨ ਦੇ ਉਪ ਪ੍ਰਧਾਨ ਇੰਦਰਪ੍ਰੀਤ ਸਿੰਘ ਚੱਢਾ ਦੀ ‘ਬਲੀ’ ਲੈ ਲਈ ਹੈ। ਆਪਣੇ ਸਿਰ ਵਿੱਚ ਗੋਲੀ ਮਾਰਨ ਤੋਂ ਪਹਿਲਾਂ ਇੰਦਰਪ੍ਰੀਤ ਸਿੰਘ ਚੱਢਾ ਨੇ ਆਪਣੇ ਹੱਥ ਨਾਲ ਲਿੱਖੇ ਖੁਦਕੁਸ਼ੀ ਨੋਟ ਵਿੱਚ ਖ਼ੁਦ ਲਿਖਿਆ ਹੈ ਕਿ ਪਿਤਾ ਨੂੰ ਇਨਸਾਫ ਦਿਵਾਉਣ ਲਈ ਉਸ ਨੂੰ ਆਪਣੀ ‘ਕੁਰਬਾਨੀ’ ਦੇਣੀ ਪੈ ਰਹੀ ਹੈ। ਇੰਦਰਪ੍ਰੀਤ ਸਿੰਘ ਚੱਢਾ ਖੁਦਕੁਸ਼ੀ ਨੋਟ ਦੇ ਅਧਾਰ ’ਤੇ ਪੁਲਿਸ ਨੇ 11 ਬੰਦਿਆਂ ਨੂੰ ਨਾਮਜ਼ਦ ਕੀਤਾ ਹੈ। ਮਰਨ ਤੋਂ ਪਹਿਲਾਂ ਇੰਦਰਪ੍ਰੀਤ ਸਿੰਘ ਚੱਢਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਇਨਸਾਫ ਦੀ ਮੰਗ ਕੀਤੀ ਸੀ ਅਤੇ ਦੂਜੇ ਨੋਟ ਵਿੱਚ ਉਸ ਨੂੰ ਮਰਨ ਲਈ ਮਜ਼ਬੂਰ ਕਰਨ ਵਾਲੇ ਮੁਲਜ਼ਮਾਂ ਬਾਰੇ ਲਿਖਿਆ ਹੈ।
ਚਰਨਜੀਤ ਸਿੰਘ ਚੱਢਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਹ ਸਵਾਲ ਲੋਕਾਂ ਦੀ ਜ਼ਬਾਨ ’ਤੇ ਸੀ ਕਿ ਇਹ ਵੀਡੀਓ ਕਿਸਨੇ ਬਣਾਈ ਅਤੇ ਕਿਸ ਨੇ ਵਾਇਰਲ ਕੀਤੀ। ਇੰਦਰਪ੍ਰੀਤ ਨੇ ਇਸ ਸਸਪੈਂਸ ਤੋਂ ਵੀ ਪਰਦਾ ਚੱਕ ਦਿੱਤਾ ਹੈ। ਇਹ ਵੀਡੀਓ ਚਰਨਜੀਤ ਸਿੰਘ ਚੱਢਾ ਦੇ ਹੋਟਲ ਮੁਲਾਜ਼ਮ ਗੁਰਸੇਵਕ ਸਿੰਘ ਅਤੇ ਉਸ ਦੇ ਪੁੱਤਰ ਇੰਦਰਜੀਤ ਸਿੰਘ ਨੇ ਹੋਟਲ ਦੇ ਸੀਸੀ ਟੀਵੀ ਕੈਮਰੇ ਤੋਂ ਮੋਬਾਇਲ ਵਿੱਚ ਰਿਕਾਰਡ ਕਰਕੇ ਵਾਇਰਲ ਕੀਤੀ ਸੀ। ਇਹ ਦੋਵੇਂ ਪਿਉ ਪੁੱਤਰ ਵੀ 11 ਨਾਮਜ਼ਦ ਮੁਲਜ਼ਮਾਂ ਵਿੱਚ ਸ਼ਾਮਲ ਹਨ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਇਸ ਸਾਜਿਸ਼ ਵਿੱਚ ਚਰਨਜੀਤ ਸਿੰਘ ਚੱਢਾ ਦਾ ਛੋਟਾ ਪੁੱਤਰ ਹਰਜੀਤ ਸਿੰਘ ਵੀ ਸ਼ਾਮਲ ਹੈ ਜਿਸ ਦਾ ਆਪਣੇ ਪਿਤਾ ਨਾਲ ਜਾਇਦਾਦ ਨੂੰ ਲੈ ਕੇ ਝਗੜਾ ਚਲ ਰਿਹਾ ਹੈ। ਇੰਦਰਪ੍ਰੀਤ ਸਿੰਘ ਚੱਢਾ ਦੇ ਖੁਦਕੁਸ਼ੀ ਨੋਟ ਦੇ ਅਧਾਰ ’ਤੇ ਜਿਹੜੇ ਹੋਰ ਲੋਕ ਨਾਮਜ਼ਦ ਕੀਤੇ ਗਏ ਹਨ ਉਨ੍ਹਾਂ ਵਿੱਚ ਚੀਫ ਖਾਲਸਾ ਦੀਵਾਨ ਦਾ ਸਾਬਕਾ ਸਕੱਤਰ ਭਾਗ ਸਿੰਘ ਅਣਖੀ, ਦੀਵਾਨ ਦਾ ਮੈਂਬਰ ਨਿਰਮਲ ਸਿੰਘ, ਇਕ ਵਪਾਰੀ ਇੰਦਰਜੀਤ ਸਿੰਘ ਅਨੰਦ ਅਤੇ ਇਕ ਇਮੀਗ੍ਰੇਸ਼ਨ ਕੰਪਨੀ ਦੇ ਮਾਲਕ ਦਵਿੰਦਰ ਸਿੰਘ ਸੰਧੂ ਆਦਿ ਸ਼ਾਮਲ ਹਨ। ਭਾਗ ਸਿੰਘ ਅਣਖੀ ਨੂੰ ਚਰਨਜੀਤ ਸਿੰਘ ਚੱਢਾ ਨੇ ਨਾ ਸਿਰਫ ਸਕੱਤਰ ਦੇ ਪੱਦ ਤੋਂ ਹਟਾਇਆ ਸੀ ਸਗੋਂ ਯਤੀਮਖਾਨੇ ਦੇ ਪ੍ਰਬੰਧਕ ਵਜੋਂ ਵੀ ਉਸ ਦੀ ਛੁੱਟੀ ਕਰ ਦਿੱਤੀ ਸੀ।
ਆਪਣੇ ਆਪ ਨੂੰ ਗੋਲੀ ਮਾਰਨ ਤੋਂ ਪਹਿਲਾਂ ਆਪਣੇ ਹੱਥ ਨਾਲ ਲਿੱਖੀ ਚਿੱਠੀ ਵਿੱਚ ਇੰਦਰਪ੍ਰੀਤ ਸਿੰਘ ਚੱਢਾ ਨੇ ਜੋ ਤੱਥ ਨਸ਼ਰ ਕੀਤੇ ਹਨ, ਉਨ੍ਹਾਂ ਬਾਰੇ ਜਾਣ ਕੇ ਪਾਠਕ ਇਸ ਕੇਸ ਬਾਰੇ ਆਪਣੀ ਰਾਏ ਬਣਾਉਣ ਦੇ ਸਮਰੱਥ ਹੋ ਜਾਣਗੇ। ਇੰਦਰਪ੍ਰੀਤ ਸਿੰਘ ਚੱਢਾ ਨੇ ਲਿਖਿਆ ਹੈ, ‘‘ਬੀਤੇ ਦਿਨੀਂ, ਮੈਂ ਐਸਆਈਟੀ ਸਾਹਮਣੇ ਪੇਸ਼ ਹੋਇਆ। ਮੈਂ ਉਨ੍ਹਾਂ ਸਾਜਿਸ਼ਕਾਰਾਂ ਦੇ ਨਾਮ ਨਹੀਂ ਲੈਣਾ ਚਾਹੁੰਦਾ ਜੋ ਕਿ ਬਲੈਕਮੇਲਿੰਗ ਅਤੇ ਵੀਡੀਓ ਨੂੰ ਵਾਇਰਲ ਕਰਨ ਪਿੱਛੇ ਹਨ ਪਰ ਪੁੱਛਗਿੱਛ ਤੋਂ ਬਾਅਦ ਇਕ ਭਲੇ ਮਾਣਸ ਬੰਦੇ ਨੇ ਕੁਝ ਅਹਿਮ ਤੱਥ ਸਾਂਝੇ ਕੀਤੇ। ਮੇਰੀ ਸਮਝ ਵਿੱਚ ਸਾਜਿਸ਼ਕਾਰਾਂ ਖਾਸ ਕਰਕੇ ਸੁਰਜੀਤ ਸਿੰਘ ਨੂੰ ਪੂਰੇ ਮਾਮਲੇ ਦੀ ਭਿਣਕ ਪੈ ਚੁੱਕੀ ਸੀ। ਉਹ ਊਨ ਹੋਟਲ ਆਇਆ ਅਤੇ ਉਮਤ ਸਾਹਮਣੇ ਮੁਕਰ ਗਿਆ ਕਿ ਉਸ ਨੇ ਮੇਰੇ 8 ਕਰੋੜ ਰੁਪਏ ਦੇਣੇ ਹਨ। ਇਸ ਉਤੇ ਉਮਤ ਜਿਸ ਤਰੀਕੇ ਮੁਸਕਰਾਇਆ ਅਤੇ ਉਸ ਨੇ ਕਿਹਾ, ਕਿਹੜੇ 8 ਕਰੋੜ… ਮੈਂ ਭਾਂਪ ਗਿਆ ਕਿ ਉਹ ਵੀ ਇਸ ਸਾਰੀ ਟੀਮ ਦਾ ਹਿੱਸਾ ਹੈ ਜਿਹੜੇ ਮੈਨੂੰ ਇਸ ਮੁਸ਼ਕਿਲ ਦੀ ਘੜੀ ਵਿੱਚ ਲੁੱਟਣਾ ਚਾਹੁੰਦੇ ਹਨ। ਉਮਤ ਇਸ ਗੱਲ ਤੋਂ ਵੀ ਮੁਕਰ ਗਿਆ ਕਿ ਉਸ ਨੇ 10ਫੀਸਦੀ ਹਿੱਸਾ ਮੇਰੇ ਨਾਂਅ ਕਰਨ ਬਦਲੇ ਵਿੱਚ ਪੂਰੇ ਪੈਸੇ ਲੈ ਲਏ ਹਨ। ਖ਼ੈਰ, ਇਸ ਦਾ ਕੋਈ ਜ਼ਿਆਦਾ ਅਰਥ ਨਹੀਂ ਰਹਿ ਜਾਂਦਾ। ਅਸਲ ਗੱਲ ਇਹ ਹੈ ਕਿ ਇਹ ਸਾਰੇ ਮੇਰੇ ਭਰਾ ਹਰਜੀਤ ਦੇ ਨਾਲ ਮਿਲੇ ਹੋਏ ਹਨ ਤਾਂ ਕਿ ਉਹ ਸਾਡੇ ਪਰਿਵਾਰ-ਖਾਸ ਕਰਕੇ ਮੇਰੇ ਪਿਤਾ ਨੂੰ ਬਰਬਾਦ ਕਰ ਸਕਣ। ਇੰਦਰਜੀਤ ਸਿੰਘ ਅਨੰਦ ਨੇ ਉਹ ਬੰਬ ਡੇਗ ਦਿੱਤਾ ਜਿਸ ਦੀ ਉਸ ਨੇ ਸੁਰਜੀਤ ਸਾਹਮਣੇ ਸੇਖੀ ਮਾਰੀ ਸੀ। ਉਮਤ ਅਤੇ ਸੁਰਜੀਤ 95 ਲੱਖ ਲੈਣ ਤੋਂ ਬਾਅਦ ਵੀ ਹੋਟਲ ਉਤੇ ਕਬਜ਼ਾ ਕਰਨਾ ਚਾਹੁੰਦੇ ਸਨ। ਇਹ ਸਾਰੇ ‘ਕੁੱਤੇ’ ਸ਼ਿਕਾਰ ਨੂੰ ਖਾਣ ਲਈ ਪੂਰੀ ਤਰ੍ਹਾਂ ਤਿਆਰ ਸਨ। ਹਰਜੀਤ ਦਾ ਮੇਰੇ ਪਿਤਾ ਖਿਲਾਫ਼ ਇਕ ਬਹੁਤ ਵੱਡਾ ਸ਼ਿਕਵਾ ਸੀ। ਜ਼ਮੀਨੀ ਰਜਿਸਟਰੀਆਂ ਚੋਰੀ ਕਰਨ ਅਤੇ ਉਨ੍ਹਾਂ ਉਤੇ ਪੰਜਾਬ ਐਂਡ ਸਿੰਧ ਬੈਂਕ ਹਾਲ ਬਜ਼ਾਰ ਅੰਮ੍ਰਿਤਸਰ ਅਤੇ ਐਸ ਬੀ ਆਈ ਦਿੱਲੀ ਤੋਂ ਕਰੋੜਾਂ ਦਾ ਕਰਜ਼ਾ ਲੈਣ ਦੇ ਉਸ ਦੇ ਇਰਾਦੇ ਖ਼ਿਲਾਫ਼ ਪਾਪਾ ਨੇ ਸ਼ਿਕਾਇਤ ਕੀਤੀ ਹੋਈ ਸੀ ਕਿ ਉਨ੍ਹਾਂ ਅਤੇ ਉਨ੍ਹਾਂ ਦੀ ਪਤਨੀ ਦੇ ਹਸਤਾਖਰ ਫਰਜ਼ੀ ਨੇ। ਮੇਰੇ ਪਿਤਾ ਨੇ ਅਦਾਲਤ ਤੋਂ ਪੀਐਸਬੀ ਦੀ ਕਿਸੇ ਵੀ ਅਦਾਇਗੀ ਦੇ ਸਬੰਧ ਵਿੱਚ ਸਟੇਅ ਵੀ ਲੈ ਰੱਖੀ ਸੀ। ਹਰਜੀਤ ਨੇ ਸਾਡੇ 506, ਗਰੀਨ ਐਵੇਨਿਊ ਘਰ ਉਤੇ ਵੀ ਕਰਜ਼ਾ ਲੈਣ ਦੀ ਕੋਸ਼ਿਸ਼ ਕੀਤੀ ਸੀ ਪਰ ਪਾਪਾ ਨੇ ਬੈਂਕ ਨੂੰ ਹਦਾਇਤ ਕੀਤੀ ਸੀ ਕਿ ਉਹ ਕੋਈ ਕਰਜ਼ਾ ਨਾ ਦੇਣ।
ਮੇਰੇ ਭਰਾ ਹਰਜੀਤ ਵੱਲੋਂ ਇਕ ਕੋਝੀ ਸਾਜਿਸ਼ ਰਚੀ ਜਾ ਰਹੀ ਸੀ ਅਤੇ ਇਸ ਸਾਜਿਸ਼ ਵਿੱਚ ਇੰਦਰਪ੍ਰੀਤ ਸਿੰਘ ਅਨੰਦ ਅਤੇ ਸੁਰਜੀਤ ਸਿੰਘ ਸ਼ਾਮਲ ਸਨ। ਸੁਰਜੀਤ ਨੇ ਇਸ ਤੋਂ ਬਾਅਦ ਚੀਫ ਖਾਲਸਾ ਦੀਵਾਨ ਦੇ ਹੋਰਨਾਂ ਮੈਂਬਰਾਂ ਜਿਵੇਂ ਹਰੀ ਸਿੰਘ ਸੰਧੂ, ਨਿਰਮਲ ਸਿੰਘ, ਭਾਗ ਸਿੰਘ ਅਣਖੀ ਨੂੰ ਇਸ ਟੋਲੇ ਵਿੱਚ ਸ਼ਾਮਲ ਕਰ ਲਿਆ।
– ਬਾਕੀ ਕੱਲ੍ਹ ਦੇ ਅਖਬਾਰ ਵਿੱਚ

WRITTEN BY