Skip to content
Independent perspectives. Global stories.
BREAKING

ਨਵਜੋਤ ਸਿੰਘ ਸਿੱਧੂ ਸਹਿਜ ਰੱਖਣ

Share this story

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ’ਚ ਕੈਬਨਿਟ ਮੰਤਰੀ ਸ. ਨਵਜੋਤ ਸਿੰਘ ਸਿੱਧੂ ਕੁੱਝ ਵਧੇਰੇ ਹੀ ਉਤਸ਼ਾਹ ਦਿਖਾ ਰਹੇ ਹਨ। ਕਈ ਮੌਕਿਆਂ ’ਤੇ ਉਨ੍ਹਾਂ ਦਾ ਇਹ ਉਤਸ਼ਾਹ ਸਰਕਾਰ ਲਈ ਮੁਸ਼ਕਿਲ ਬਣਦਾ ਜਾਪਦਾ ਹੈ। ਬੇਸ਼ਕ ਸ. ਸਿੱਧੂ ਬਹੁਤ ਹਰਮਨਪਿਆਰੀ ਅਤੇ ਬੇਦਾਗ ਸਖਸ਼ੀਅਤ ਹਨ। ਸਰਕਾਰੀ ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਵੀ ਉਨ੍ਹਾਂ ਦੀ ਭਾਵਨਾ ਅਤੇ ਇੱਛਾ ਸ਼ਕਤੀ ਬਹੁਤ ਸ਼ਲਾਘਾਯੋਗ ਹੈ। ਸਭਿਆਚਾਰਕ ਮਾਮਲਿਆਂ ਅਤੇ ਸਥਾਨਕ ਸਰਕਾਰਾਂ ਬਾਰੇ ਵਿਭਾਗ ਦਾ ਕੰਮਕਾਜ ਕਾਫੀ ਵੱਡੀ ਅਹਿਮੀਅਤ ਰੱਖਦਾ ਹੈ। ਪਿਛਲੇ ਲਗਪਗ 9 ਮਹੀਨਿਆਂ ਤੋਂ ਉਨ੍ਹਾਂ ਨੇ ਇਨ੍ਹਾਂ ਦੋਨਾਂ ਵਿਭਾਗਾਂ ਦੇ ਕੰਮਕਾਜ ਨੂੰ ਦਰੁੱਸਤ ਕਰਨ ਲਈ ਕਾਫ਼ੀ ਵੱਡੇ ਫੈਸਲੇ ਲਏ ਹਨ। ਉਹ ਆਸ ਤੋਂ ਵੱਧ ਦੋਵਾਂ ਵਿਭਾਗਾਂ ਦੇ ਕੰਮਕਾਜ ਲਈ ਸਮਾਂ ਵੀ ਕੱਢ ਰਹੇ ਹਨ। ਜਨਤਕ ਸਮਾਗਮਾਂ ਵਿੱਚ ਵੀ ਉਨ੍ਹਾਂ ਦੀ ਹਾਜ਼ਰੀ ਆਮ ਨਾਲੋਂ ਵਧੇਰੇ ਹੈ। ਉਨ੍ਹਾਂ ਵਿੱਚ ਸਿਰਫ ਇਕ ਕਮੀ ਹੈ ਕਿ ਉਹ ਆਪਣੇ ਕੰਮ ਵਿੱਚ ਸਹਿਜਤਾ ਅਤੇ ਲਗਾਤਾਰਤਾ ਨਹੀਂ ਬਣਾ ਸਕੇ। ਕਈ ਮੌਕਿਆਂ ’ਤੇ ਉਨ੍ਹਾਂ ਦੀ ਬੇਲੋੜੀ ਕਾਹਲ ਨਾਲ ਸਰਕਾਰ ਅਤੇ ਖੁਦ ਮੰਤਰੀ ਲਈ ਕਸੂਤੇ ਹਾਲਾਤ ਬਣ ਜਾਂਦੇ ਹਨ। ਸਰਕਾਰੀ ਕੰਮਕਾਜ ਦੀ ਇਕ ਪ੍ਰਕਿਰਿਆ ਹੁੰਦੀ ਹੈ। ਇਸ ਨੂੰ ਸਿੱਧੜ ਤਰੀਕੇ ਨਾਲ ਕੀਤਾ ਜਾਣਾ ਸਹੀ ਨਹੀਂ ਹੁੰਦਾ। ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੁਹਾਲੀ ਦੇ ਮੇਅਰ ਸ. ਕੁਲਵੰਤ ਸਿੰਘ ਨੂੰ ਕਥਿਤ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਅਹੁੱਦੇ ਤੋਂ ਹਟਾਉਣ ਸਬੰਧੀ ਉਨ੍ਹਾਂ ਵੱਲੋਂ ਦਿਖਾਈ ਗਈ ਕਾਹਲੀ ਸਹੀ ਨਹੀਂ ਸੀ। ਨਗਰ ਨਿਗਮਾਂ ਲੋਕਾਂ ਵੱਲੋਂ ਚੁਣੀਆਂ ਗਈਆਂ ਸੰਸਥਾਵਾਂ ਹਨ। ਲੋਕਾਂ ਵੱਲੋਂ ਚੁਣੇ ਗਏ ਅਹੁਦੇਦਾਰਾਂ ਨੂੰ ਹਟਾਉਣ ਦੀ ਇਕ ਕਾਨੂੰਨੀ ਪ੍ਰਕਿਰਿਆ ਹੈ। ਹੋ ਸਕਦਾ ਹੈ ਕਿ ਮੁਹਾਲੀ ਦੇ ਮੇਅਰ ਅਤੇ ਉਨ੍ਹਾਂ ਦੇ ਸਾਥੀਆਂ ਖਿਲਾਫ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ ਸਹੀ ਹੋਣ। ਪ੍ਰੰਤੂ ਉਨ੍ਹਾਂ ਖਿਲਾਫ ਕੋਈ ਵੀ ਕਾਰਵਾਈ ਸਰਕਾਰ ਨੂੰ ਪੱਕੇ ਪੈਰੀਂ ਅਤੇ ਯੋਗ ਪ੍ਰਕਿਰਿਆ ਰਾਹੀਂ ਕਰਨੀ ਚਾਹੀਦੀ ਹੈ। ਸ. ਨਵਜੋਤ ਸਿੰਘ ਸਿੱਧੂ ਤੋਂ ਅਜਿਹੀਆਂ ਗਲਤੀਆਂ ਦੀ ਉਮੀਦ ਨਹੀਂ ਹੈ। ਉਨ੍ਹਾਂ ਨੂੰ ਆਪਣੇ ਕੰਮਕਾਜ ਅਤੇ ਕਾਰਜਸ਼ੈਲੀ ਵਿੱਚ ਠਰੰਮਾ ਅਤੇ ਸਹਿਜ ਦਿਖਾਉਣਾ ਚਾਹੀਦਾ ਹੈ। ਇਸੇ ਤਰ੍ਹਾਂ ਬਿਆਨਬਾਜ਼ੀ ਸਮੇਂ ਵੀ ਉਨ੍ਹਾਂ ਨੂੰ ਵਿਸ਼ੇਸ਼ ਚੌਕਸੀ ਵਰਤਣੀ ਹੋਵੇਗੀ। ਸ. ਨਵਜੋਤ ਸਿੰਘ ਸਿੱਧੂ ਨੂੰ ਲੋਕ ਪੰਜਾਬ ਦੇ ਅਗਲੇ ਮੁੱਖ ਮੰਤਰੀ ਵਜੋਂ ਦੇਖ ਰਹੇ ਹਨ। ਇਸ ਲਈ ਉਨ੍ਹਾਂ ਇਸ ਅਹੁਦੇ ਦੇ ਮੇਚ ਦਾ ਹੋਣ ਲਈ ਯਤਨ ਕਰਨੇ ਚਾਹੀਦੇ ਹਨ। ਕਿਸੇ ਵੀ ਤਰ੍ਹਾਂ ਦੀ ਮਾਅਰਕੇਬਾਜ਼ੀ, ਬੇਲੋੜੀ ਬਿਆਨਬਾਜ਼ੀ ਅਤੇ ਫੈਸਲਿਆਂ ਦੀ ਕਾਹਲ ਵਿੱਚ ਨਹੀਂ ਪੈਣਾ ਚਾਹੀਦਾ ਹੈ। ਚੰਗਾ ਹੋਵੇਗਾ ਉਹ ਆਪਣੀ ਇਕ ਨਵੀਂ ਕਾਰਜਸ਼ੈਲੀ ਵਿਕਸਤ ਕਰਨ ਤਾਂ ਜੋ ਲੋਕਾਂ ਵਿੱਚ ਉਨ੍ਹਾਂ ਬਾਰੇ ਇਕ ਚੰਗਾ ਪ੍ਰਭਾਵ ਜਾਵੇ। ਜਿਵੇਂ ਉਹ ਦੂਸਰੇ ਖੇਤਰਾਂ ਵਿੱਚ ਸ਼ਾਨਦਾਰ ਪਾਰੀ ਖੇਡ ਰਹੇ ਹਨ, ਇਸੇ ਤਰ੍ਹਾਂ ਉਨ੍ਹਾਂ ਨੂੰ ਮੰਤਰੀ ਵਜੋਂ ਵੀ ਸਫਲਤਾ ਨਾਲ ਆਪਣਾ ਕੰਮਕਾਜ ਨੂੰ ਚਲਾਉਣਾ ਚਾਹੀਦਾ ਹੈ। ਇਹ ਉਮੀਦ ਕਰਦੇ ਹਾਂ ਕਿ ਸ. ਨਵਜੋਤ ਸਿੰਘ ਸਿੱਧੂ ਆਪਣੇ ਕੰਮਕਾਜੀ ਰਵੱਈਏ ਵੱਲ ਯੋਗ ਧਿਆਨ ਦੇਣਗੇ ਅਤੇ ਲੋਕਾਂ ਦੀਆਂ ਉਮੀਦਾਂ ਉ¤ਪਰ ਖਰ੍ਹੇ ਉ¤ਤਰਨਗੇ। ਸ. ਨਵਜੋਤ ਸਿੰਘ ਸਿੱਧੂ ਪੰਜਾਬ ਦੀ ਲੋੜ ਹਨ। ਉਨ੍ਹਾਂ ਦੀ ਅਗਵਾਈ ਹੇਠ ਇਕ ਨਵੀਂ ਸਿਆਸਤ ਉਭਰਨ ਦੀ ਉਮੀਦ ਕੀਤੀ ਜਾ ਸਕਦੀ ਹੈ। ਪੰਜਾਬ ਦੇ ਮੌਜੂਦਾ ਸੰਕਟ ਬਹੁਤ ਪੇਚੀਦਾ ਹੋ ਚੁੱਕੇ ਹਨ। ਇਨ੍ਹਾਂ ਦਾ ਹੱਲ ਝੱਟਕੇ ਨਾਲ ਨਹੀਂ ਹੋ ਸਕਦਾ। ਇਸ ਲਈ ਬਕਾਇਦਾ ਇਕ ਲੰਬੇ ਸਮੇਂ ਦੀ ਨੀਤੀ ਅਤੇ ਰਣਨੀਤੀ ਦੀ ਜ਼ਰੂਰਤ ਹੈ।
– ਬਲਜੀਤ ਸਿੰਘ ਬਰਾੜ

WRITTEN BY