ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਇੱਕ ਪਾਸੇ, ਗੁਰੂ ਕੇ ਮਹਿਲ ਇੱਕ ਪਾਸੇ ਅਤੇ ਸਤਿਗੁਰੂ ਜੀ ਦੋ ਵੱਡੇ ਸਾਹਿਬਜ਼ਾਦਿਆਂ ਅਤੇ ਗਿਣਤੀ ਦੇ ਕੁੱਲ 40 ਸਿੰਘਾਂ ਦੇ ਨਾਲ ਤੀਜੇ ਹਿੱਸੇ ਵਿੱਚ ਵੰਡੇ ਇੱਕ ਪਾਸੇ ਨੂੰ ਚੱਲ ਪਏ। ਪੂਰਾ ਪਰਿਵਾਰ ਵਿਛੜ ਗਿਆ, ਉਸ ਸਥਾਨ ਤੇ ਅੱਜ ਗੁਰਦੁਆਰਾ ਪਰਵਾਰ ਵਿਛੋੜਾ ਸਾਹਿਬ ਸਥਿਤ ਹੈ।
ਰਸਤੇ ਵਿੱਚ ਚਲਦਿਆਂ ਗੁਰੂ ਕੇ ਸਿੰਘਾ ਨੇ ਪਾਤਸ਼ਾਹ ਨੂੰ ਸਵਾਲ ਕਰ ਦਿੱਤਾ, ਪਾਤਸ਼ਾਹ ਜੀਉ! ਛੋਟੇ ਸਾਹਿਬਜ਼ਾਦੇ ਕਿੱਧਰ ਨੂੰ ਚਲੇ ਗਏ ਹਨ? ਤਾਂ ਪਾਤਸ਼ਾਹ ਮੁਸਕਰਾਉਂਦੇ ਹੋਏ ਕਹਿਣ ਲੱਗੇ, ਉਹ ਆਪਣਾ ਫਰਜ਼ ਨਿਭਾਉਣ ਲਈ ਆਪਣੀ ਮੰਜਿਲ ਨੂੰ ਚਲੇ ਗਏ ਹਨ ਤਾਂ ਸਿੱਖਾਂ ਨੇ ਦੂਜਾ ਸਵਾਲ ਕਰ ਦਿੱਤਾ ਕਿ ਸਤਿਗੁਰੂ ਜੀ ਹੁਣ ਆਪਾ ਕਿੱਧਰ ਨੂੰ ਜਾਣਾ ਹੈ ਤਾਂ ਪਾਤਸ਼ਾਹ ਫਿਰ ਬੋਲੇ ਜੋ ਕਿਸੇ ਕਵੀ ਨੇ ਬੜਾ ਸੁਹਣਾ ਲਿਖਿਆ ਹੈ:
ਹਮਨੇ ਭੀ ਪਹੁੰਚਣਾ ਹੈ, ਉਸ ਮੁਕਾਮ ਪਰ ਜਲਦ ਤਰ।
ਕਟਵਾਣੇ ਹੋਂਗੇ ਜਹਾਂ ਜਾ ਕਰ, ਤੁਮਕੋ ਆਪਣੇ ਸਰ (ਸਿਰ/ਸੀਸ)।
ਇਸ ਤਰ੍ਹਾਂ ਸਤਿਗੁਰੂ ਜੀ ਸਰਸਾ ਪਰਵਾਰ ਕਰਕੇ ਚਮਕੌਰ ਦੀ ਕੱਚੀ ਗੜੀ ਵਿਚ ਪੁਜੇ, ਤਾਂ ਸਿੱਖਾਂ ਫਿਰ ਪੁੱਛ ਕੀਤੀ, ਪਾਤਸ਼ਾਹ! ਇਹ ਕਿਹੜੀ ਜਗ੍ਹਾ ਹੈ? ਤਾਂ ਦਸਮੇਸ਼ ਪਿਤਾ ਜੀ ਨੇ ਜੁਆਬ ਦਿੰਦਿਆਂ ਕਿਹਾ,
ਜਿਸ ਖਿੱਤੇ ਮੇਂ ਕਹਿਤੇ ਥੇ ਆਣਾ,
ਯਹ ਵੁਹੀ ਹੈ।
ਜਿਸ ਜਗ੍ਹਾ ਸੇ ਲੂਟ ਕਰ ਹੈ ਜਾਣਾ,
ਯਹ ਵੁਹੀ ਹੈ।
ਜਿਸ ਜਗ੍ਹਾ ਪਰ ਹੈ, ਬੱਚੋਂ ਕੋ ਕਟਾਨਾ,
ਯਹ ਵੁਹੀ ਹੈ।
ਮਾਟੀ ਕਹਿ ਦੇਤੀ ਹੈ ਟਿਕਾਣਾ,
ਯਹ ਵੁਹੀ ਹੈ।
ਇੱਥੇ ਚਮਕੌਰ ਵਿਖੇ ਚੌਧਰੀ ਬੁੱਧੀ ਚੰਦ ਦੀ ਗੜ੍ਹੀ ਨੁਮਾ ਹਵੇਲੀ ਵਿੱਚ ਸੰਸਾਰ ਦੀ ਇੱਕ ਬੇ-ਮਿਸਾਲ ਜੰਗ ਸ਼ੁਰੂ ਹੋਈ।
ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਖਾਲਸੇ ਨੂੰ ਮੁਖਾਤਿਬ ਹੁੰਦੇ ਕਹਿਣ ਲੱਗੇ ਪਟਨਾ ਸਾਹਿਬ ਸਿੱਖੀ ਦਾ ਪੰਘੂੜਾ ਸੀ, ਜਿੱਥੇ ਖਾਲਸਾ ਖੇਡਿਆ ਹੈ, ਸ੍ਰੀ ਅਨੰਦਪੁਰ ਸਾਹਿਬ ਸਿੱਖੀ ਦਾ ਸਕੂਲ ਸੀ, ਜਿਥੇ ਖ਼ਾਲਸੇ ਨੇ ਗੁਰਮਤਿ ਦੀ ਵਿੱਦਿਆ ਗ੍ਰਹਿਣ ਕੀਤੀ ਹੈ ਅਤੇ ਅੱਜ ਇਹ ਚਮਕੌਰ ਦੀ ਕੱਚੀ ਗੜ੍ਹੀ ਮੇਰੇ ਖਾਲਸੇ ਦੀ ਯੂਨੀਵਰਸਿਟੀ ਹੈ, ਮੈਂ ਦੇਖਦਾ ਅੱਜ ਮੇਰਾ ਖਾਲਸਾ ਕਿੰਨੇ ਨੰਬਰ ਲੈ ਕੇ ਪਾਸ ਹੁੰਦਾ ਹੈ।
ਇੱਥੇ ਸੰਸਾਰ ਦਾ ਅਨੋਖਾ ਯੁੱਧ ਸ਼ੁਰੂ ਹੋਇਆ। ਇੱਕ ਪਾਸੇ ਕੱਚੀ ਗੜੀ ਅਤੇ ਭੁੱਖੇ ਭਾਣੇ ਗਿਣਤੀ ਦੇ ਸਿੰਘ ਦੂਜੇ ਪਾਸੇ ਲੱਖਾਂ ਦੀ ਫ਼ੌਜ ਦਾ ਲਾਓ ਲਸ਼ਕਰ। ਮੁਗਲਾਂ ਦੇ ਘੇਰਾ ਘੱਤਦਿਆਂ ਹੋਇਆ ਅਪੀਲ ਕੀਤੀ ਕਿ ਆਪਣੇ ਆਪ ਨੂੰ ਸਾਡੇ ਹਵਾਲੇ ਕਰ ਦਿੱਤਾ ਜਾਵੇ ਪਰ ਚਮਕੌਰ ਦੀ ਗੜ੍ਹੀ ਵਿੱਚੋਂ ਇੱਕੋ ਨਾਅਰਾ ਬੁਲੰਦ ਹੋਇਆ:
ਗਗਨ ਦਮਾਮਾ ਬਾਜਿਓ ਪਰਿਉ ਨਿਸ਼ਾਨੇ ਘਾਉ॥
ਖੇਤ ਜੋ ਮਾਂਡਿਓ ਸੁਰਮਾ, ਅਬ ਜੂਝਣ ਕੋ ਦਾਓ॥
ਕਾਰਣ ਕੀ ਸੀ? ਕਾਰਨ ਇਹ ਸੀ ਕਿ ਸਤਿਗੁਰੂ ਜੀ ਯੋਗ ਅਗਵਾਈ ਕਰ ਰਹੇ ਸਨ। ਪਾਤਸ਼ਾਹ ਨੇ ਸਿੰਘਾਂ ਦੀ ਡਿਊਟੀਆਂ ਲਗਾ ਦਿੱਤੀਆਂ। 5-5 ਸਿੰਘਾਂ ਦਾ ਜੱਥਾ ਗੜ੍ਹੀ ਵਿੱਚੋਂ ਬਾਹਰ ਨਿਕਲਦਾ, ਭੁੱਖੇ ਸ਼ੇਰਾਂ ਦੀ ਤਰ੍ਹਾਂ ਮੁਗਲਾਂ ਉ¤ਪਰ ਝਪਟ ਕਰਦਾ ਅਤੇ ਦੁਸ਼ਮਣਾ ਦਾ ਸਫਾਇਆ ਕਰਦਾ ਹੋਇਆ ਸ਼ਹਾਦਤਾਂ ਦਾ ਜਾਮ ਆਪਣੇ ਬੁਲ੍ਹਾਂ ਨਾਲ ਲਗਾ ਕੇ ਸਦਾ ਲਈ ਅਮਰ ਹੋ ਜਾਂਦਾ। ਹੌਲੀ-ਹੌਲੀ ਗੜ੍ਹੀ ਵਿੱਚੋਂ ਸਿੰਘਾਂ ਦੀ ਗਿਣਤੀ ਘੱਟਦੀ ਗਈ। ਕੁੱਝ ਸਿੰਘਾਂ ਨੇ ਆ ਕੇ ਪਾਤਸ਼ਾਹ ਨੂੰ ਬੇਨਤੀ ਕੀਤੀ, ਸਤਿਗੁਰੂ ਜੀਓ, ਆਪ ਜੀ ਅਤੇ ਦੋਵੇਂ ਸਾਹਿਬਜ਼ਾਦੇ ਕਿਸੇ ਤਰ੍ਹਾਂ ਬੱਚ ਕੇ ਇੱਥੋਂ ਨਿਕਲ ਜਾਵੋ ਤਾਂ ਕਿ ਆਪ ਸੱਭ ਦੀ ਜਾਨ ਬਚ ਸਕੇ, ਪਰ ਦਸਮੇਸ਼ ਪਿਤਾ ਸਿੰਘਾਂ ਨੂੰ ਕਹਿਣ ਲੱਗੇ ਠਤੁਸੀਂ ਕਿਹੜੇ ਸਾਹਿਬਜ਼ਾਦਿਆਂ ਦੀ ਗੱਲ ਕਰਦੇ ਓ? ਤੁਸੀਂ ਸੱਭ ਮੇਰੇ ਸਾਹਿਬਜ਼ਾਦੇ ਹੋ।ਠ ਇਹ ਸੁਣ ਕੇ ਸੱਭ ਸਿੰਘ ਚੁੱਪ ਕਰ ਗਏ।
ਸਿੰਘਾਂ ਦੀ ਗਿਣਤੀ ਘੱਟਦੀ ਦੇਖ ਕੇ ਅਤੇ ਚੜ੍ਹਦੀ ਕਲਾ ਵਿੱਚ ਸਿੰਘਾਂ ਵੱਲੋਂ ਸ਼ਹਾਦਤਾਂ ਪੀਣ ਦੇ ਦ੍ਰਿਸ਼ਾਂ ਨੂੰ ਦੇਖਕੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੇ ਆ ਕੇ ਪਾਤਸ਼ਾਹ ਕੋਲ ਬੇਨਤੀ ਕੀਤੀ, ਕਿ ਪਿਤਾ ਜੀ, ਮੈਨੂੰ ਵੀ ਆਗਿਆ ਦੇਵੋ, ਮੈਂ ਵੀ ਦੁਸ਼ਮਣ ਨਾਲ ਦੋ ਹੱਥ ਕਰਨੇ ਚਾਹੁੰਦਾ ਹਾਂ। ਉਸ ਸਮੇਂ ਆਪ ਜੀ ਦੀ ਉਮਰ 18 ਵਰ੍ਹਿਆਂ ਦੇ ਕਰੀਬ ਸੀ। ਤਾਂ ਸਤਿਗੁਰੂ ਜੀ ਨੇ ਆਪਣੇ ਹੱਥੀ ਆਪਣੇ ਪੁੱਤਰ ਨੂੰ ਲਾੜੀ ਮੌਤ ਵਿਆਹੁਣ ਲਈ ਮੈਦਾਨ-ਏ-ਜੰਗ ਵੱਲ ਤੋਰਿਆ। ਬਾਬਾ ਅਜੀਤ ਸਿੰਘ ਨੇ ਵੀ ਸਪੱਸ਼ਟ ਕਰ ਦਿੱਤਾ ਜੋ ਇੱਕ ਕਵੀ ਦੀ ਜੁਬਾਨੀ ਹੈ:
ਨਾਮ ਕਾ ਅਜੀਤ ਹੂੰ, ਜੀਤਾ ਨਹੀਂ ਜਾਊਂਗਾ,
ਅਗਰ ਜੀਤਾ ਭੀ ਗਿਆ, ਤੋ ਜੀਤਾ ਨਹੀਂ ਆਊਂਗਾ।
ਬਾਬਾ ਅਜੀਤ ਸਿੰਘ ਜੀ ਮੈਦਾਨੇ ਜੰਗ ਵਿੱਚ ਉਤਰਦਿਆਂ ਹੀ ਦੁਸ਼ਮਣ ਦੱਲ ਤੇ ਇਵੇਂ ਪਏ ਕੇ ਮੁਗਲ ਅੱਲਾ, ਅੱਲਾ ਪੁਕਾਰ ਉਠੇ। ਹਰ ਪਾਸੇ ਹਾਹਕਾਰ ਮੱਚ ਗਈ। ਇਸੇ ਤਰ੍ਹਾਂ ਸੈਂਕੜੇ ਮੁਗਲਾਂ ਦਾ ਸਫਾਇਆ ਕਰਦਿਆਂ ਹੋਇਆ, ਮੇਰੇ ਚੋਜੀ ਪ੍ਰੀਤਮ ਦੀਆਂ ਅੱਖਾਂ ਸਾਹਵੇਂ ਸਤਿਗੁਰੂ ਜੀ ਦੇ ਵੱਡੇ ਫਰਜੰਦ ਸਾਹਿਬਜ਼ਾਦਾ ਅਜੀਤ ਸਿੰਘ ਜੀ ਸ਼ਹਾਦਤ ਦਾ ਜਾਮ ਪੀ ਗਏ। ਜਦ ਇਹ ਸ਼ਹਾਦਤ ਤੱਕੀ ਤਾਂ ਪਾਤਸ਼ਾਹ ਨੇ ਜੈਕਾਰਾ ਲਗਾ ਕੇ ਉਸ ਅਕਾਲ ਪੁਰਖ ਦਾ ਧੰਨਵਾਦ ਕੀਤਾ, ਮਿਰਜ਼ਾ ਮੁਹੰਮਦ ਅਬਦੁਲ ਗਨੀ ਲਿਖਦਾ ਹੈ:
ਸ਼ੁਕਰ ਅਕਾਲ ਕਾ ਕੀਆ ਤਬ ਉਠਾ ਕੇ ਸਰ।
ਔਰ ਅਰਜ਼ ਕੀ, ਕਿ ਬੰਦੇ ਪਰ ਕ੍ਰਿਪਾ ਕੀ ਕਰ ਨਜ਼ਰ।
ਮੁਝ ਪਰ ਸੇ ਆਜ ਤੇਰੀ ਅਮਾਨਤ ਅਦਾ ਹੁਈ।
ਬੇਟੇ ਕੀ ਜਾਂ (ਜਾਨ), ਧਰਮ ਕੀ ਖ਼ਾਤਰ ਫਿਦਾ ਹੁਈ।
ਜਦ ਬਾਬਾ ਜੁਝਾਰ ਸਿੰਘ ਨੇ ਵੱਡੇ ਵੀਰ ਦੀ ਸ਼ਹਾਦਤ ਅੱਖੀ ਡਿੱਠੀ ਤਾਂ ਆਪ ਜੀ ਨੇ ਵੀ ਆ ਕੇ ਪਿਤਾ ਗੋਬਿੰਦ ਸਿੰਘ ਨੂੰ ਅਰਜ਼ ਕੀਤੀ ਕਿ ਮੈਨੂੰ ਵੀ ਇਜ਼ਾਜ਼ਤ ਦੇਵੋ ਤਾਂ ਕਿ ਮੈਂ ਵੀ ਵੱਡੇ ਵੀਰ ਦੀ ਤਰ੍ਹਾਂ ਆਪਣਾ ਧਰਮ ਨਿਭਾ ਸਕਾਂ। ਪਾਤਸ਼ਾਹ ਨੇ ਕਿਹਾ ਮੈਨੂੰ ਕੋਈ ਇਨਕਾਰ ਨਹੀਂ ਹੈ, ਪਰ ਤੇਰੀ ਉਮਰ ਅਜੇ ਖੇਡਣ ਮੱਲ੍ਹਣ ਦੀ ਹੈ। ਤੇਰਾ ਜਿਸਮ/ਸਰੀਰ ਅਜੇ ਦੁਸ਼ਮਣਾਂ ਦੇ ਫੱਟ ਜ਼ਰਣ ਵਾਲਾ ਨਹੀਂ ਤਾਂ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਨੇ ਪਾਤਸ਼ਾਹ ਨੂੰ ਮੁਖਾਤਿਬ ਹੁੰਦਿਆਂ ਕਿਹਾ,
ਲੜਨਾ ਨਹੀਂ ਆਤਾ ਮੁਝੇ, ਮਰਨਾ ਤੋ ਆਤਾ ਹੈ
ਖੁਦ ਬੜ੍ਹਾ ਕੇ ਗਲਾ ਤੇਗ ਪੇ, ਧਰਨਾ ਤੋ ਆਤਾ ਹੈ।
ਦਸਮੇਸ਼ ਪਿਤਾ ਜੀ ਨੇ ਸਾਰੇ ਪੰਥ ਨੂੰ ਆਪਣੇ ਪੁੱਤਰਾਂ ਵਾਲਾ ਮਾਣ ਦਿੱਤਾ, ਪਰ ਅੱਜ ਅਫਸੋਸ ਅਤਿ ਅਫਸੋਸ ਕਿ ਅੱਜ ਅਸੀਂ ਪਾਤਸ਼ਾਹ ਦੀਆਂ ਕੁਰਬਾਨੀਆਂ, ਸਿੱਖਿਆਵਾਂ, ਗੁਰਮਤਿ ਅਸੂਲਾਂ ਨੂੰ ਭੁੱਲ ਕੇ ਆਪ ਹੀ ਬੇਦਾਵਾ ਲਿਖ ਕੇ ਦੇ ਰਹੇ ਹਾਂ। ਅੱਜ ਆਪਣੇ ਅੰਦਰ ਝਾਤ ਮਾਰ ਕੇ ਆਪਾ ਪੜਚੋਲ ਕਰਨ ਦੀ ਲੋੜ ਹੈ। ਆਉ ਦਸੰਬਰ ਦੇ ਇਸ ਸ਼ਹੀਦੀ ਹਫਤੇ ਵਿੱਚ ਉਹਨਾਂ ਦੀ ਉਹ ਪਵਿੱਤਰ ਧਰਤੀ ਨੂੰ ਨਤਮਸਤਕ ਹੋ ਕੇ ਆਪਣੇ ਸੁੱਤੇ ਹੋਏ ਜਮੀਰਾਂ ਅਤੇ ਅਣਖ ਨੂੰ ਜਗਾਈਏ ਕਿਤੇ ਇਹ ਵੀ ਇੱਕ ਮੇਲੇ ਦੀ ਤਰ੍ਹਾਂ ਹੀ ਨਾ ਲੰਘ ਜਾਵੇ।