May 24, 2026 2:17 pm

ਧਰਮ, ਸਿਆਸਤ ਅਤੇ ਸੰਚਾਰ ਸਾਧਨ

ਸਿਆਸਤ ਅਤੇ ਧਰਮ ਦਾ ਬਹੁਤ ਗਹਿਰਾ ਤੁਅੱਲੁਕ ਹੈ। ਹਰ ਦੇਸ਼ ਵਿੱਚ ਧਰਮ ਨੇ ਸਿਆਸਤ ਨੂੰ ਭਖਾਉਣ ਵਿੱਚ ਪੂਰਾ ਯੋਗਦਾਨ ਪਾਇਆ ਹੈ। ਇਹ ਕਹਿਣਾ ਬਿਲਕੁਲ ਗਲਤ ਹੋਵੇਗਾ ਕਿ ਹਿੰਦੋਸਤਾਨ ਵਿੱਚ ਹਿੰਦੂ ਧਰਮ ਦੇ ਨਾਮ ’ਤੇ ਸਿਆਸਤ ਹੋ ਰਹੀ ਹੈ ਅਤੇ ਅਰਬ ਦੇਸ਼ਾਂ ਵਿੱਚ ਇਸਲਾਮ ਦੇ ਨਾਮ ’ਤੇ ਸਿਆਸਤ ਹੋ ਰਹੀ ਹੈ। ਧਰਮ ਦੇ ਨਾਮ ’ਤੇ ਸਿਆਸਤ ਦਾ ਹਰ ਦੇਸ਼ ਵਿੱਚ ਹੋ ਰਹੀ ਹੈ। ਸਿਆਸਤ ਵਿੱਚ ਧਰਮ, ਰੰਗ, ਨਸਲ, ਵਰਗ, ਜਾਤ ਅਤੇ ਭਾਸ਼ਾ ਨੇ ਅਹਿਮ ਰੋਲ ਅਦਾ ਕਰਨਾ ਹੀ ਹੁੰਦਾ ਹੈ। ਅਮਰੀਕੀ ਰਾਸ਼ਟਰਪਤੀ ਮਿਸਟਰ ਡੋਨਲਡ ਟਰੰਪ ਅਮਰੀਕਾ ਨੂੰ ਗੋਰੇ ਇਸਾਈਆਂ ਦਾ ਸਵਰਗ ਬਣਾਉਣ ਦੀ ਚਾਹਤ ਵਿੱਚ ਲੈਟਿਨਾਂ ਨੂੰ ਵੀ ਨਹੀਂ ਬਖ਼ਸ਼ ਰਹੇ ਜੋ ਇਸਾਈ ਵੀ ਹਨ ਅਤੇ ਉਨ੍ਹਾਂ ਦੀਆਂ ਰਗਾਂ ਵਿੱਚ ਗੋਰਿਆਂ ਦਾ ਖੂਨ ਵੀ ਵਗ ਰਿਹਾ ਹੈ। ਦੁਨੀਆਂ ਇਸ ਗੱਲ ਦੀ ਗਵਾਹ ਹੈ ਕਿ ਟਰੰਪ ਨੇ ਮੁਸਲਮਾਨਾਂ ਦੇ ਵਿਰੁੱਧ ਮੋਰਚਾ ਖੋਲ੍ਹ ਕੇ ਕੱਟੜ ਅਮਰੀਕੀ ਗੋਰਿਆਂ ਨੂੰ ਖੁਸ਼ ਕਰਨ ਦੀ ਨੀਤੀ ਅਧੀਨ ਅਮਰੀਕਾ ਦੀ ਪ੍ਰਧਾਨਗੀ ਹਾਸਲ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ। ਮੁਸਲਮ ਦੇਸ਼ਾਂ ਅਤੇ ਮੁਸਲਮਾਨਾਂ ਦੇ ਖਿਲਾਫ ਮੋਰਚਾ ਖੋਲ੍ਹ ਕੇ ਟਰੰਪ ਨੇ ਚੋਣ ਵਿੱਚ ਤਾਂ ਜਿੱਤ ਪ੍ਰਾਪਤ ਕਰ ਲਈ ਪਰ ਅਮਰੀਕੀ ਗੋਰਿਆਂ ਅਤੇ ਮੁਸਲਮਾਨਾਂ ਦੀ ਨਫ਼ਰਤ ਨੇ ਸਾਰੀ ਦੁਨੀਆਂ ਵਿੱਚ ਅਸੁਰੱਖਿਆ ਦੀ ਭਾਵਨਾ ਵਧਾਕੇ ਰੱਖ ਦਿੱਤੀ ਹੈ। ਟਰੰਪ ਦੀ ਜਿੱਤ ਨੇ ਇਹ ਵੀ ਸਿੱਧ ਕਰ ਦਿੱਤਾ ਸੀ ਕਿ ਦੇਸ਼ ਭਾਵੇਂ ਵਿਕਸਤ ਹੋਵੇ ਭਾਵੇਂ ਅਵਿਕਸਤ, ਧਰਮ, ਜਾਤ ਅਤੇ ਨਸਲ ਦਾ ਹਥਿਆਰ ਪੂਰੀ ਤਰ੍ਹਾਂ ਕਾਰਗਰ ਸਾਬਤ ਹੁੰਦਾ ਹੈ।
ਹਿੰਦੋਸਤਾਨ ਦੀ ਸਿਆਸਤ ਤਾਂ ਘੁੰਮਦੀ ਹੀ ਧਰਮ, ਜਾਤ ਅਤੇ ਸਭਿਆਚਾਰ ਦੇ ਧੁਰੇ ਹਵਾਲੇ ਹੈ। ਅੱਜ ਕੱਲ੍ਹ ਤਾਂ ਇਕ ਨਵਾਂ ਰੁਝਾਨ ਵੇਖਣ ਨੂੰ ਮਿਲ ਰਿਹਾ ਹੈ ਕਿ ਦੇਸ਼ ਦੀ ਸੱਤਾਧਾਰੀ ਧਿਰ ਦੇ ਧਰਮ ਬਾਰੇ ਵਿੱਚ ਕੁੱਝ ਵੀ ਕਹਿਣਾ ਦੇਸ਼ ਧਰੋਹੀ ਮੰਨਿਆ ਜਾ ਸਕਦਾ ਹੈ। ਇਸ ਦਾ ਮਤਲਬ ਸਪੱਸ਼ਟ ਹੈ ਕਿ ਅਮਰੀਕਾ ਹੋਵੇ, ਅਰਬ ਦੇਸ਼ ਹੋਣ ਜਾਂ ਫਿਰ ਹਿੰਦੋਸਤਾਨ ਹੋਵੇ, ਹਰ ਥਾਂ ਧਰਮ ਦਾ ਬੋਲਬਾਲਾ ਹੈ। ਕਿਤੇ ਬਾਈਬਲ ਪੜ੍ਹਾਈ ਜਾ ਰਹੀ ਹੈ, ਕਿਤੇ ਕੁਰਾਨੇ-ਏ-ਪਾਕਿ, ਕਿੱਤੇ ਗ੍ਰੰਥ ਅਤੇ ਕਿਤੇ ਗੀਤਾ। ਧਰਮ ਦੇ ਬਹਾਨੇ ਵਿਸ਼ਵੀਕਰਨ ਦੀ ਭਾਵਨਾ ’ਤੇ ਜੋ ਹਮਲੇ ਹੋ ਰਹੇ ਹਨ, ਉਨ੍ਹਾਂ ਦੇ ਪਿਛੇ ਮੁਸਲਮ ਅੱਤਵਾਦ ਹੈ। ਦੂਜੇ ਪਾਸੇ ਇਹ ਗੱਲ ਵੀ ਸਹੀ ਹੈ ਕਿ ਅਮਰੀਕਾ, ਯੂਰਪ ਸਮੇਤ ਰੂਸ ਆਦਿ ਚਰਚ ਨੂੰ ਸ਼ਕਤੀਸ਼ਾਲੀ ਬਣਾਉਣ ਦੇ ਯਤਨਾਂ ਵਿੱਚ ਹਨ। ਹਿੰਦੋਸਤਾਨ ਵੀ ਇਸੇ ਰਸਤੇ ਚਲ ਰਿਹਾ ਹੈ। ਅੱਜ ਕੱਲ੍ਹ ਧਰਮ ਹਰ ਦੇਸ਼ ਵਿੱਚ ਆਧੁਨਿਕ ਪ੍ਰਚਾਰ ਸਾਧਨਾਂ ਪੂਰੇ ਦਮ-ਖਮ ਨਾਲ ਇਸਤੇਮਾਲ ਕਰ ਰਿਹਾ ਹੈ। ਨਵੇਂ ਸੰਚਾਰ ਮਾਧਿਅਮਾਂ ਨੂੰ ਧਰਮ ਨੇ ਪੂਰੀ ਤਰ੍ਹਾਂ ਅਪਣਾ ਲਿਆ ਹੈ। ਪਾਦਰੀ, ਸੰਤ, ਮੂੱਲੇ ਅਤੇ ਮਹੰਤ ਬਿਜਲਈ ਮਾਧਿਅਮਾਂ ਅਤੇ ਨਵੇਂ ਸੰਚਾਰ ਮਾਧਿਅਮਾਂ ਨਾਲ ਹਰ ਘਰ ਵਿੱਚ ਦਾਖਲ ਹੋ ਚੁੱਕੇ ਹਨ। ਰਹਿੰਦੀ ਕਸਰ ਸੋਸ਼ਲ ਮੀਡੀਆ ਨੇ ਪੂਰੀ ਕਰ ਦਿੱਤੀ ਜਿਸ ਦੀ ਵਰਤੋਂ ਨਾਲ ਧਰਮ ਹੋਰ ਵੀ ਪ੍ਰਭਾਵਸ਼ਾਲੀ ਬਣ ਗਿਆ ਹੈ।
ਇੰਟਰਨੈ¤ਟ ਮੀਡੀਆ ਨੇ ਮਾਸੂਮ ਲੋਕਾਂ ਲਈ ਇਕ ਅਜਿਹੀ ਚੁਣੌਤੀ ਖੜ੍ਹੀ ਕਰ ਦਿੱਤੀ ਹੈ ਜਿਸ ਕਾਰਨ ਉਹ ਭੰਬਲਭੂਸੇ ਦਾ ਸ਼ਿਕਾਰ ਹੋ ਗਏ ਹਨ। ਸੋਸ਼ਲ ਮੀਡੀਆ ਦੇ ਪ੍ਰਚਾਰ ਵਿੱਚ ਸਹੀ ਅਤੇ ਗਲਤ ਦਾ ਨਿਰਣਾ ਕਰਨਾ ਆਮ ਲੋਕਾਂ ਦੇ ਬਸ ਦੀ ਗੱਲ ਨਹੀਂ ਰਹੀ। ਨਤੀਜੇ ਵਜੋਂ ਧਰਮ, ਰੰਗ, ਨਸਲ ਭੇਦ ਦੇ ਨਾਮ ’ਤੇ ਲੋਕਾਂ ਨੂੰ ਗੁੰਮਰਾਹ ਕਰਨਾ ਅਸਾਨ ਹੋ ਗਿਆ ਹੈ। ਹਿੰਦੋਸਤਾਨ ਵਿੱਚ ਗਊ ਮਾਸ ਵਾਲੇ ਕੇਸਾਂ ਵਿੱਚ ਇਉਂ ਹੀ ਵਾਪਰਿਆ ਸੀ। ਸੋਸ਼ਲ ਮੀਡੀਆ ਦੇ ਪ੍ਰਚਾਰ ਕਾਰਨ ਫਸਾਦ ਹੋਣ ਦੇ ਅਸਾਰ ਕਈ ਗੁਣਾ ਵੱਧ ਗਏ ਹਨ। ਦੂਜੇ ਪਾਸੇ ਟਰੰਪ ਵਰਗੇ ਨੇਤਾਵਾਂ ਨੇ ਗੋਰਿਆਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਲਈ ਵੀ ਅਜਿਹੇ ਹੀ ਤਰੀਕਿਆਂ ਅਤੇ ਤਕਨੀਕਾਂ ਨੂੰ ਵਰਤਿਆ ਸੀ ਅਤੇ ਚੋਣ ਜਿੱਤੀ ਸੀ। ਇਹ ਕੁੱਝ ਅੱਜ ਕੱਲ੍ਹ ਸਾਰੀ ਦੁਨੀਆਂ ਵਿੱਚ ਵਾਪਰ ਰਿਹਾ ਹੈ। ਧਰਮ, ਸਿਆਸਤ ਅਤੇ ਸੰਚਾਰ ਸਾਧਨ ਦੁਨੀਆਂ ਨੂੰ ਕਿਸੇ ਅਜਿਹੇ ਚੌਰਾਹੇ ਵੱਲ ਤਾਂ ਨਹੀਂ ਲਿਜਾ ਰਹੇ ਜਿਥੋਂ ਅੱਗੇ ਕੋਈ ਅਜਿਹਾ ਰਾਹ ਨਾ ਵਿਖਾਈ ਦਿੰਦਾ ਹੋਵੇ ਜੋ ਮਨੁੱਖਤਾ ਨੂੰ ਰੋਸ਼ਨੀ ਦੀ ਮੰਜ਼ਿਲ ਵੱਲ ਲੈ ਜਾ ਸਕੇ।

Send this to a friend