ਸ਼੍ਰੋਮਣੀ ਅਕਾਲੀ ਦਲ ਤਿੰਨ ਸਬਦਾਂ ਦਾ ਸੁਮੇਲ ਹੈ, ਸ਼੍ਰੋਮਣੀ ਤੋਂ ਭਾਵ ਹੈ ਉ¤ਚਾ ਸਿਰਮੌਰ, ਅਕਾਲੀ ਸ਼ਬਦ ਅਕਾਲ ਤੋਂ ਬਣਿਆ ਹੈ ਅਤੇ ਦਲ ਦਾ ਅਰਥ ਹੈ ਜਥੇਬੰਦੀ। ਅਕਾਲੀ ਭਾਵ ਅਕਾਲ ਪੁਰਖ ਵਾਹਿਗੁਰੂ ਦੀ ਫੌਜ ਹੈ। ਅਕਾਲੀ ਸ਼ਬਦ ਦੀ ਵਰਤੋਂ ਗੁਰੁ ਸਾਹਿਬਾਨ ਵੇਲੇ ਵੀ ਹੁੰਦੀ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਜੁਝਾਰੂਆਂ, ਮਰਜੀਵੜਿਆਂ, ਅਣਖੀ ਵੀਰਾਂ ਤੇ ਕੌਮ ਪਰੱਸਤ ਸਿਪਾਹੀਆਂ ਦੀ ਜਮਾਤ ਹੈ। ਇਸ ਦੀ ਰਾਜਨੀਤਕ ਤੌਰ ਤੇ ਸਥਾਪਨਾ 14 ਦਸੰਬਰ 1920 ਨੂੰ ਹੋਈ। ਜਿਸ ਦਾ ਅੱਜ 97ਵਾਂ ਸਥਾਪਨਾ ਦਿਵਸ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ, ਅੰਮ੍ਰਿਤਸਰ ਵਿਖੇ ਮਨਾਇਆ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਸਿੱਖ ਕੌਮ ਦੀ ਵਾਹਦ ਨੁਮਾਇੰਦਾ ਜਥੇਬੰਦੀ ਹੈ। 1920 ਤੋਂ ਲੈਕੇ ਅੱਜ ਤੱਕ ਪੰਜਾਬ, ਉ¤ਤਰੀ ਭਾਰਤ ਆਦਿ ਦਾ ਇਤਿਹਾਸ ਸ਼੍ਰੋਮਣੀ ਅਕਾਲੀ ਦਲ ਦੁਆਲੇ ਘੁੰਮਦਾ ਹੈ। ਸ਼੍ਰੋਮਣੀ ਅਕਾਲੀ ਦਲ ਦਾ ਜਿਸ ਦਿਨ ਮੁਕੰਮਲ ਇਤਿਹਾਸ ਲਿਖਿਆ ਜਾਵੇਗਾ ਤਾਂ ਅਸਲ ਵਿੱਚ ਉਹ ਪੰਜਾਬ ਤੇ ਸਿੱਖ ਕੌਮ ਦੇ ਇਤਿਹਾਸ ਦੀ ਤਸਵੀਰ ਹੋਵੇਗੀ। ਸ਼੍ਰੋਮਣੀ ਅਕਾਲੀ ਦਲ ਨੇ ਸਮੇਂ-ਸਮੇਂ ਆਪਣੇ ਧਾਰਮਿਕ ਤੇ ਸਿਆਸੀ ਆਗੂਆਂ ਦੀ ਅਗਵਾਈ ਵਿਚ ਲੋਕ ਸੰਘਰਸ ਵਿੱਢੇ ਅਤੇ ਉਨ੍ਹਾਂ ਸੰਘਰਸ਼ਾਂ ਨੂੰ ਕੌਮ ਪ੍ਰਸਤੀ ਵੱਜੋਂ ਲਿਆ। ਸ਼੍ਰੋਮਣੀ ਅਕਾਲੀ ਦਲ ਵੱਲੋਂ ਲਗਾਏ ਗਏ ਅਨੇਕਾਂ ਮੋਰਚੇ ਇਸ ਦਾ ਪ੍ਰਮਾਣ ਹਨ।
ਸ਼੍ਰੋਮਣੀ ਅਕਾਲੀ ਦਲ ਦੁਨੀਆਂ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਪ੍ਰਭਾਵਸ਼ਾਲੀ ਸਿੱਖ ਦਲ ਹੈ। ਇਸ ਦਾ ਮੂਲ ਮਕਸਦ ਸਿੱਖ ਮੁੱਦਿਆਂ ਨੂੰ ਸਿਆਸੀ ਅਵਾਜ਼ ਦੇਣਾ ਹੈ। ਸ਼੍ਰੋਮਣੀ ਅਕਾਲੀ ਦਲ ਦਾ ਮੰਨਣਾ ਹੈ ਕਿ ਧਰਮ ਅਤੇ ਸਿਆਸਤ ਇਕੱਠੇ ਚਲਦੇ ਹਨ। 1972 ਦੀਆਂ ਪੰਜਾਬ ਅਸੈਂਬਲੀ ਦੀਆਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਜ਼ਬਰਦਸਤ ਹਾਰ ਹੋਈ। ਇਸ ਨਾਲ ਅਕਾਲੀ ਆਗੂਆਂ ਅਤੇ ਵਰਕਰਾਂ ਵਿਚ ਨਮੋਸ਼ੀ ਆਉਣੀ ਲਾਜ਼ਮੀ ਸੀ। ਅਕਾਲੀ ਦਲ ਵਲੋਂ ਪੰਜਾਬ ਦੀ ਖ਼ੁਸ਼ਹਾਲੀ ਵਿਚ ਜਮ੍ਹਾਂ-ਪੱਖੀ ਰੋਲ ਅਦਾ ਕੀਤੇ ਜਾਣ ਦੇ ਬਾਵਜੂਦ, ਅਕਾਲੀ ਦਲ ਦੀ ਹਾਰ ਦਾ ਕਾਰਨ ਵਰਕਰਾਂ ਦਾ ਪੁਰਾਣੀ ਲੀਡਰਸ਼ਿਪ ਤੋਂ ਯਕੀਨ ਉਠ ਚੁਕਿਆ ਸੀ। ਉਹ ਮਹਿਸੂਸ ਕਰਦੇ ਸਨ ਕਿ ਇਹ ਆਗੂ ਕੌਮ ਦਾ ਕੁੱਝ ਨਹੀਂ ਸੰਵਾਰ ਸਕਦੇ। ਆਮ ਅਕਾਲੀ ਵਰਕਰ ਚਾਹੁੰਦਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਨੌਜੁਆਨ ਆਗੂਆਂ ਕੋਲ ਹੋਣੀ ਚਾਹੀਦੀ ਹੈ। ਕੁੱਝ ਅਕਾਲੀ ਆਗੂਆਂ ਨੇ ਚੋਣਾਂ ਵਿਚ ਹੋਈ ਹਾਰ ਨੂੰ ਸੰਤ ਫ਼ਤਿਹ ਸਿੰਘ ਦੀ ਲੀਡਰਸ਼ਿਪ ਦੀ ਹਾਰ ਆਖ ਕੇ ਉਸ ਤੋਂ ਅਸਤੀਫ਼ੇ ਦੀ ਮੰਗ ਕੀਤੀ, 17 ਮਾਰਚ, 1972 ਦੇ ਦਿਨ, ਸ. ਗੁਰਚਰਨ ਸਿੰਘ ਟੌਹੜਾ ਨੇ ਫ਼ਤਿਹ ਸਿੰਘ ਤੋਂ ਮੰਗ ਕੀਤੀ ਕਿ ਉਹ ਸਰਗਰਮ ਸਿਆਸਤ ਤੋਂ ਪਿੱਛੇ ਹਟ ਜਾਵੇ। ਮਜਬੂਰ ਹੋ ਕੇ, 19 ਮਾਰਚ, 1972 ਦੇ ਦਿਨ, ਫ਼ਤਿਹ ਸਿੰਘ ਨੇ ਸਿਆਸਤ ਛੱਡਣ ਦਾ ਐਲਾਨ ਕਰ ਦਿਤਾ।25 ਮਾਰਚ ਨੂੰ ਮੋਹਨ ਸਿੰਘ ਤੁੜ ਨੂੰ ਅਕਾਲੀ ਦਲ ਦਾ ਕਾਰਜਕਾਰੀ ਪ੍ਰਧਾਨ ਬਣਾ ਦਿਤਾ ਗਿਆ। ਮਗਰੋਂ, 11 ਅਕਤੂਬਰ ਦੇ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਇਜਲਾਸ ਨੇ ਤੁੜ ਨੂੰ ਰਸਮੀ ਤੌਰ ’ਤੇ ਅਕਾਲੀ ਦਲ ਦਾ ਪ੍ਰਧਾਨ ਚੁਣ ਲਿਆ।
’ਅਕਾਲੀ ਦਲ’ ਦੀ ਸੈਂਟਰਲ ਬਾਡੀ ਦੀ ਕਾਇਮੀ ਵਾਸਤੇ ਪਹਿਲਾ ਇਕੱਠ 14 ਦਸੰਬਰ, 1920 ਦੇ ਦਿਨ ਅਕਾਲ ਤਖ਼ਤ ਸਾਹਿਬ ’ਤੇ ਬੁਲਾਇਆ ਗਿਆ।ਇਕੱਠ ਨੇ ਇਕ-ਰਾਇ ਨਾਲ ਮਤਾ ਪਾਸ ਕੀਤਾ ਕਿ 23 ਜਨਵਰੀ ਨੂੰ ਸੰਗਤ ਤਖ਼ਤ ਅਕਾਲ ਬੁੰਗੇ ਵਿਖੇ ਹੁੰਮ-ਹੁੰਮਾ ਕੇ ਪਹੁੰਚੇ ਤੇ ਜਥਾ ਕਾਇਮ ਕੀਤਾ ਜਾਵੇ। 23 ਜਨਵਰੀ, 1921 ਦੇ ਦਿਨ ਅਕਾਲ ਤਖ਼ਤ ਸਾਹਿਬ ’ਤੇ ਹੋਏ ਇਕੱਠ ਵਿਚ ਜਥੇਬੰਦੀ ਦਾ ਨਾਂ ਮਨਜ਼ੂਰ ਕਰਨਾ ਸੀ ਅਤੇ ਸੇਵਕ (ਅਹੁਦੇਦਾਰ) ਚੁਣੇ ਜਾਣੇ ਸਨ। ਇਹ ਮੀਟਿੰਗ ਦੋ ਦਿਨ ਚੱਲੀ। ਇਸ ਵਿਚ ਭਾਈ ਅਰਜਨ ਸਿੰਘ ਧੀਰਕੇ ਨੇ ਸੁਝਾਅ ਦਿਤਾ ਕਿ ਜਥੇਬੰਦੀ ਦਾ ਨਾਂ ’ਗੁਰਦਵਾਰਾ ਸੇਵਕ ਦਲ’ ਰੱਖਿਆ ਜਾਵੇ ਪਰ ਅਖ਼ੀਰ ਇਸ ਦਾ ਨਾਂ ’ਅਕਾਲੀ ਦਲ’ ਹੀ ਸਭ ਨੇ ਮਨਜ਼ੂਰ ਕੀਤਾ। 24 ਜਨਵਰੀ, 1921 ਦੇ ਦਿਨ ਇਸ ਦਲ ਦੇ ਪਹਿਲੇ ਜਥੇਦਾਰ ਸੁਰਮੁਖ ਸਿੰਘ ਝਬਾਲ ਚੁਣੇ ਗਏ।
1935 ਦੇ ਐਕਟ ਹੇਠ ਚੋਣਾਂ ਦਾ ਐਲਾਨ ਹੋਇਆ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਇਕੱਲੇ ਤੌਰ ’ਤੇ ਚੋਣਾਂ ਲੜਨ ਦਾ ਫ਼ੈਸਲਾ ਕਰ ਲਿਆ। ਇਸ ਸਬੰਧ ਵਿਚ ਅਕਾਲੀ ਦਲ ਅਤੇ ਖ਼ਾਲਸਾ ਦਰਬਾਰ ਦੀਆਂ ਵਰਕਿੰਗ ਕਮੇਟੀਆਂ ਦੀ ਸਾਂਝੀ ਮੀਟਿੰਗ ਅੰਮ੍ਰਿਤਸਰ ਵਿਚ 14 ਜੂਨ, 1936 ਨੂੰ ਹੋਈ। ਬਹੁਤੀ ਗਿਣਤੀ ਅਕਾਲੀ ਦਲ ਦੇ ਕਾਂਗਰਸ ਨਾਲ ਸਾਂਝੇ ਉਮੀਦਵਾਰ ਖੜੇ ਕਰਨ ਦੇ ਖ਼ਿਲਾਫ਼ ਸੀ। ਸ਼੍ਰੋਮਣੀ ਅਕਾਲੀ ਦਲ ਅਤੇ ਖ਼ਾਲਸਾ ਦਰਬਾਰ ਵਲੋਂ ਇਕੱਲਿਆਂ ਚੋਣ ਲੜਨ ਦੇ ਐਲਾਨ ਨਾਲ ਕੁੱਝ ਨਿਰਾਸ਼ ਆਗੂਆਂ ਨੇ ਇਕ ’ਕਾਂਗਰਸ ਸਿੱਖ ਪਾਰਟੀ’ ਬਣਾ ਲਈ। ਇਸ ਵਿਚ ਮਾਸਟਰ ਮੋਤਾ ਸਿੰਘ, ਮਾ: ਕਾਬਲ ਸਿੰਘ, ਸੋਹਣ ਸਿੰਘ ਜੋਸ਼, ਗੋਪਾਲ ਸਿੰਘ ਕੌਮੀ ਅਤੇ ਕਰਮ ਸਿੰਘ ਮਾਨ ਆਦਿ ਸਨ ਪਰ ਇਹ ਮਾਹੌਲ ਜ਼ਿਆਦਾ ਦੇਰ ਨਾ ਚਲ ਸਕਿਆ। ਅਖ਼ੀਰ 13-14 ਨਵੰਬਰ, 1936 ਨੂੰ ਅਕਾਲੀ ਦਲ ਅਤੇ ਕਾਂਗਰਸ ਵਿਚਕਾਰ ਸਮਝੌਤਾ ਹੋ ਗਿਆ। ’ਕਾਂਗਰਸ ਸਿੱਖ ਪਾਰਟੀ’ ਦੇ ਵਜੂਦ ਵਿਚ ਆਉਣ ਕਰ ਕੇ ਚੋਣਾਂ ਤੋਂ ਮਗਰੋਂ ਵੀ ਕੁੱਝ ਵਰਕਰ ਅਕਾਲੀ ਦਲ ਤੋਂ ਟੁੱਟ ਗਏ ਸਨ ਤੇ ਕੁੱਝ ਕਾਂਗਰਸੀਆਂ ਨੂੰ ਰੀਪੋਰਟਾਂ ਦੇਣ ਲੱਗ ਪਏ। ਅਕਾਲੀ ਦਲ ਦੀ ਅਜਿਹੀ ਜਥੇਬੰਦਕ ਹਾਲਤ ਨੂੰ ਵੇਖ ਕੇ ਸ਼੍ਰੋਮਣੀ ਅਕਾਲੀ ਦਲ ਦਾ ਖ਼ੁਫ਼ੀਆ ਜਨਰਲ ਇਜਲਾਸ ਅੰਮ੍ਰਿਤਸਰ ਵਿਚ 24 ਅਤੇ 25 ਅਪ੍ਰੈਲ, 1937 ਦੇ ਦਿਨ ਬੁਲਾਇਆ ਗਿਆ। ਤੇਜਾ ਸਿੰਘ ਅਕਰਪੁਰੀ ਦੀ ਪ੍ਰਧਾਨਗੀ ਹੇਠ ਇਜਲਾਸ ਵਿਚ 103 ਮੈਂਬਰ ਇਕੱਠੇ ਹੋਏ। ਦੂਜੇ ਪਾਸੇ ’ਕਾਂਗਰਸ ਸਿੱਖ ਪਾਰਟੀ’ ਨੇ ਸਰਮੁਖ ਸਿੰਘ ਝਬਾਲ ਨੂੰ ਪ੍ਰਧਾਨ ਚੁਣ ਲਿਆ। ਇਸ ਪਾਰਟੀ ਵਿਚ ਗੋਪਾਲ ਸਿੰਘ ਕੌਮੀ, ਹੀਰਾ ਸਿੰਘ ਦਰਦ, ਸੋਹਣ ਸਿੰਘ ਭਕਨਾ, ਕਰਮ ਸਿੰਘ ਚੀਮਾ, ਸਰਦੂਲ ਸਿੰਘ ਕਵੀਸ਼ਰ, ਤੇਜਾ ਸਿੰਘ ਚੂਹੜਕਾਣਾ ਆਦਿ ਸ਼ਾਮਲ ਹੋ ਗਏ। 27 ਅਪ੍ਰੈਲ ਨੂੰ ਇਨ੍ਹਾਂ ਦੀ ਵਰਕਿੰਗ ਕਮੇਟੀ ਨੇ ਫ਼ੈਸਲਾ ਕੀਤਾ ਕਿ ’ਕਿਸੇ ਫ਼ਿਰਕੂ ਪਾਰਟੀ ਦਾ ਮੈਂਬਰ ਸਾਡਾ ਮੈਂਬਰ ਨਹੀਂ ਬਣ ਸਕੇਗਾ। ਇਸ ਮੀਟਿੰਗ ਵਿਚ ਬਾਹਰਲੇ ਕਿਸੇ ਵੀ ਸ਼ਖ਼ਸ ਨੂੰ ਅੰਦਰ ਨਾ ਆਉਣ ਦਿਤਾ ਗਿਆ। ਇਸ ਇਜਲਾਸ ਨੇ ਕੁਝ ਮਤੇ ਵੀ ਪਾਸ ਕੀਤੇ ਜਿਨ੍ਹਾਂ ਵਿਚ ਪਹਿਲਾ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਜਥੇਬੰਦ ਕੀਤਾ ਜਾਵੇ। ਦੂਜਾ ਸ਼੍ਰੋਮਣੀ ਅਕਾਲੀ ਦਲ ਦਾ ਅਹੁਦੇਦਾਰ, ਸ਼੍ਰੋਮਣੀ ਕਮੇਟੀ ਦਾ ਅਹੁਦੇਦਾਰ ਨਾ ਬਣੇ। ਤੀਜਾ ਮਾਸਟਰ ਤਾਰਾ ਸਿੰਘ ਦੀ ਅਗਵਾਈ ਵਿਚ ਪੂਰਾ ਯਕੀਨ ਹੋਵੇਗਾ।
16-17 ਨਵੰਬਰ, 1957 ਦੇ ਦਿਨ ਸ਼੍ਰੋਮਣੀ ਅਕਾਲੀ ਦਲ ਦੀ 11ਵੀਂ ਕਾਨਫ਼ਰੰਸ ਬਠਿੰਡਾ ਵਿਚ ਕੀਤੀ ਗਈ। ’ਸੇਵਾ ਸਿੰਘ ਠੀਕਰੀਵਾਲਾ ਨਗਰ’ ਦੇ ਵੱਡੇ ਪੰਡਾਲ ਵਿਚ ਲੱਖਾਂ ਸਿੱਖ ਇਸ ਕਾਨਫ਼ਰੰਸ ਵਿਚ ਸ਼ਾਮਲ ਹੋਏ। ਪਹਿਲੇ ਦਿਨ ਜਲੂਸ ਦੀ ਅਗਵਾਈ ਮਾਸਟਰ ਤਾਰਾ ਸਿੰਘ, ਸੰਪੂਰਨ ਸਿੰਘ ਰਾਮਾ ਤੇ ਫ਼ਤਿਹ ਸਿੰਘ ਗੰਗਾਨਗਰ ਕਰ ਰਹੇ ਸਨ। ਇਸ ਕਾਨਫ਼ਰੰਸ ਨੇ ਰੀਜਨਲ ਫ਼ਾਰਮੂਲੇ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਦੀ ਮੰਗ ਕੀਤੀ।
28 ਅਕਤੂਬਰ, 1978 ਦੇ ਦਿਨ, ਲੁਧਿਆਣਾ ਵਿਖੇ, 18ਵੀਂ ਅਕਾਲੀ ਕਾਨਫ਼ਰੰਸ ਹੋਈ ਇਸ ਮੌਕੇ ਬਹੁਤ ਵੱਡਾ ਇਕੱਠ ਹੋਇਆ ਜਿਸ ਵਿਚ 5 ਲੱਖ ਤੋਂ ਵੱਧ ਲੋਕਾਂ ਨੇ ਸ਼ਮੂਲੀਅਤ ਕੀਤੀ।ਇਸ ਕਾਨਫ਼ਰੰਸ ਵਿਚ ਅਨੰਦਪੁਰ ਸਾਹਿਬ ਦੇ ਮਤੇ ਦੇ ਆਧਾਰ ’ਤੇ 12 ਮਤੇ ਪਾਸ ਕੀਤੇ ਗਏ। ਸ਼੍ਰੋਮਣੀ ਅਕਾਲੀ ਦਲ ਦਾ ਸ਼ਾਨਦਾਰ ਇਤਿਹਾਸ ਹੈ ਤੇ ਇਸ ਗੌਰਵ ਨੂੰ ਬਣਾਈ ਰੱਖਣਾ ਦਲ ਦੇ ਆਗੂਆਂ ਤੇ ਨਿਰਭਰ ਕਰਦਾ ਹੈ। ਇਸ ਜਮਾਤ ਦਾ ਇਤਿਹਾਸ ਵੀ ਬਹੁਤ ਲੰਬਾ ਹੈ ਜੋ ਏਥੇ ਮੁਕੰਮਲ ਪੇਸ਼ ਨਹੀਂ ਕੀਤਾ ਜਾ ਸਕਦਾ। ਸ਼੍ਰੋਮਣੀ ਅਕਾਲੀ ਦਲ ਨੂੰ ਵੱਡੇ ਸੂਰਬੀਰ, ਦੂਰ ਅੰਦੇਸ਼ ਸਿੱਖ ਆਗੂਆਂ ਨੇ ਸਮੇਂ-ਸਮੇਂ ਅਗਵਾਈ ਦਿੱਤੀ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪਹਿਲੇ ਪ੍ਰਧਾਨ ਸ. ਸਰਮੁਖ ਸਿੰਘ ਝਬਾਲ ਸਨ ਉਨ੍ਹਾਂ ਪਿਛੋਂ ਬਾਬਾ ਖੜਕ ਸਿੰਘ, ਮਾਸਟਰ ਤਾਰਾ ਸਿੰਘ, ਸ. ਗੋਪਾਲ ਸਿੰਘ ਕੌਮੀ, ਸ. ਤਾਰਾ ਸਿੰਘ ਥੇਥਰ, ਸ. ਤੇਜਾ ਸਿੰਘ ਅਕਾਰਪੁਰੀ, ਬਾਬੂ ਲਾਭ ਸਿੰਘ, ਸ. ਉਧਮ ਸਿੰਘ ਜੀ ਨਾਗੋਕੇ, ਗਿਆਨੀ ਕਰਤਾਰ ਸਿੰਘ, ਸ. ਪ੍ਰੀਤਮ ਸਿੰਘ ਗੋਧਰਾਂ, ਸ. ਹੁਕਮ ਸਿੰਘ, ਸੰਤ ਫਤਿਹ ਸਿੰਘ, ਸ. ਅੱਛਰ ਸਿੰਘ ਜਥੇਦਾਰ, ਸ. ਭੁਪਿੰਦਰ ਸਿੰਘ, ਸ. ਮੋਹਨ ਸਿੰਘ ਤੁੜ, ਜਥੇਦਾਰ ਜਗਦੇਵ ਸਿੰਘ ਤਲਵੰਡੀ, ਸੰਤ ਹਰਚੰਦ ਸਿੰਘ ਲੌਂਗੋਵਾਲ, ਸ. ਸੁਰਜੀਤ ਸਿੰਘ ਬਰਨਾਲਾ ਅਤੇ ਸ. ਪ੍ਰਕਾਸ਼ ਸਿੰਘ ਬਾਦਲ ਪ੍ਰਧਾਨ ਰਹੇ।
ਸ੍ਰ: ਪ੍ਰਕਾਸ਼ ਸਿੰਘ ਬਾਦਲ ਲੰਮਾ ਸਮਾਂ ਸ਼੍ਰੋਮਣੀ ਅਕਾਲੀ ਦਲ ਦੀ ਵਾਗਡੋਰ ਸੰਭਾਲਦੇ ਰਹੇ ਹਨ। ਹੁਣ ਉਨ੍ਹਾਂ ਦੇ ਸਪੁੱਤਰ ਸ੍ਰ: ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹਨ। ਕੌਮ ਉਨ੍ਹਾਂ ਤੋਂ ਸੁੱਚਜੀ ਅਗਵਾਈ ਦੀ ਆਸ ਰੱਖਦੀ ਹੈ। ਇਸ ਵੇਲੇ ਰਾਜਨੀਤਕ ਤੇ ਧਾਰਮਿਕ ਧਰਾਤਲ ਤੇ ਵੱਡੀਆਂ ਚੁਣੌਤੀਆਂ ਹਨ। ਬਹੁਤ ਹੀ ਦੂਰ ਅੰਦੇਸ਼ੀ ਨਾਲ ਕੌਮੀ ਮਸਲੇ ਸਰਲ ਕਰਨ ਦੀ ਲੋੜ ਹੈ। ਕੌਮ ਦੀਆਂ ਭਾਵਨਾਵਾਂ ਨੂੰ ਵੀ ਸਮਝਣਾ ਚਾਹੀਦਾ ਹੈ ਤੇ ਦਲ ਅੰਦਰ ਦੀਆਂ ਕਮੀਆਂ ਪੇਸ਼ੀਆਂ ਦਾ ਵਿਮੋਚਨ ਹੋਣਾ ਵੀ ਲਾਜ਼ਮੀ ਹੈ।