ਦੇਸ਼ ਦੀਆਂ ਅਦਾਲਤਾਂ ਵਿੱਚ ਚੱਲ ਰਹੇ ਮੁਕੱਦਮਿਆਂ ਦੇ ਲੰਬੇ ਖਿਚੇ ਜਾਣ ਦਾ ਅਮਲ ਆਮ ਹੈ। ਇਹ ਰੁਝਾਨ ਸਹੀ ਨਹੀਂ ਹੈ। ਕਈ ਵਾਰ ਸਰਕਾਰ ਦੀ ਇਹ ਇੱਛਾ ਹੁੰਦੀ ਹੈ ਕਿ ਕੇਸ ਨੂੰ ਮੁਕਾਇਆ ਨਾ ਜਾਵੇ। ਇਸ ਸਬੰਧੀ ਅਯੁੱਧਿਆ ਵਿਵਾਦ ਨਾਲ ਜੁੜਿਆ ਮੁਕੱਦਮਾ ਇਕ ਉਦਾਹਰਣ ਹੈ। ਇਹ ਕੇਸ ਪਿਛਲੇ 25 ਸਾਲਾਂ ਤੋਂ ਸੁਣਵਾਈ ਅਧੀਨ ਹੈ। ਅਯੁੱਧਿਆ ਵਿਵਾਦ ਉਂਝ 164 ਸਾਲ ਪੁਰਾਣਾ ਹੈ। ਹਾਲੇ ਤੱਕ ਇਸ ਦਾ ਕੋਈ ਫੈਸਲਾ ਨਹੀਂ ਹੋ ਸਕਿਆ। ਇਸ ਕੇਸ ਨਾਲ ਸਬੰਧਤ ਸੁਪਰੀਮ ਕੋਰਟ ਵਿੱਚ ਚੱਲ ਰਹੀ ਸੁਣਵਾਈ ਵੀ ਹਾਲੇ ਕਿਸੇ ਸਿਰੇ ਨਹੀਂ ਲੱਗ ਰਹੀ। ਮੰਗਲਵਾਰ ਨੂੰ ਸੁਪਰੀਮ ਕੋਰਟ ਨੇ ਇਕ ਵਾਰ ਫਿਰ ਇਸ ਕੇਸ ਦੀ ਸੁਣਵਾਈ ਅੱਗੇ ਪਾ ਦਿੱਤੀ ਹੈ। ਹੁਣ ਅਗਲੇ ਸਾਲ 8 ਫਰਵਰੀ ਨੂੰ ਇਸ ਕੇਸ ਬਾਰੇ ਮੁੱੜ ਸੁਣਵਾਈ ਹੋਵੇਗੀ। ਸਰਵਉਚ ਅਦਾਲਤ ਦੇ ਚੀਫ ਜਸਟਿਸ ਦੀਪਕ ਮਿਸ਼ਰਾ ਦੀ ਅਗਵਾਈ ਵਾਲਾ 3 ਜੱਜਾਂ ਦਾ ਬੈਂਚ ਇਲਾਹਾਬਾਦ ਹਾਈਕੋਰਟ ਦੇ ਫੈਸਲੇ ਸਬੰਧੀ 7 ਸਾਲ ਬਾਅਦ ਇਹ ਸੁਣਵਾਈ ਕਰ ਰਿਹਾ ਹੈ। ਇਸ ਦੌਰਾਨ ਸੁਪਰੀਮ ਕੋਰਟ ’ਚ ਇਸ ਮਾਮਲੇ ਨਾਲ ਸਬੰਧਿਤ 20 ਅਰਜ਼ੀਆਂ ਦਾਇਰ ਕੀਤੀਆਂ ਗਈਆਂ ਅਤੇ 7 ਚੀਫ ਜਸਟਿਸ ਬਦਲੇ ਗਏ ਹਨ। ਲੰਘੇ ਮੰਗਲਵਾਰ ਨੂੰ ਸੁਪਰੀਮ ਕੋਰਟ ਦੀ ਅਦਾਲਤ ਨੰ: 1 ’ਚ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਮਾਮਲੇ ਨਾਲ ਜੁੜੇ ਸਾਰੇ ਵਕੀਲਾਂ ਨੂੰ ਸਭ ਸਬੰਧਿਤ ਦਸਤਾਵੇਜ਼ ਪੂਰਾ ਕਰਨ ਨੂੰ ਕਿਹਾ ਤਾਂ ਜੋ ਮਾਮਲੇ ਦੀ ਸੁਣਵਾਈ ਟਾਲੀ ਨਾ ਜਾਵੇ। ਦਿਲਚਸਪ ਗੱਲ ਇਹ ਹੈ ਕਿ ਇਸ ਕੇਸ ਵਿੱਚ ਸੁੰਨੀ ਵਕਫ਼ ਬੋਰਡ ਦੀ ਤਰਫੋਂ ਪੇਸ਼ ਵਕੀਲ ਨੇ ਮਾਮਲੇ ਦੀ ਸੁਣਵਾਈ 2019 ਦੀਆਂ ਲੋਕ ਸਭਾ ਚੋਣਾਂ ਤਕ ਟਾਲਣ ਦੀ ਮੰਗ ਕੀਤੀ। ਵਕਫ਼ ਬੋਰਡ ਦੇ ਵਕੀਲ ਸ਼੍ਰੀ ਕਪਿਲ ਸਿੱਬਲ ਜੋ ਕੇ ਕਾਂਗਰਸ ਦੇ ਨੇਤਾ ਵੀ ਹਨ ਨੇ ਕਿਹਾ ਕਿ ਜਦ ਵੀ ਇਸ ਸੰਵੇਦਨਸ਼ੀਲ ਮਾਮਲੇ ਦੀ ਸੁਣਵਾਈ ਹੋਵੇਗੀ ਤਾਂ ਅਦਾਲਤ ਤੋਂ ਬਾਹਰ ਵੀ ਇਸ ਦਾ ਗੰਭੀਰ ਪ੍ਰਭਾਵ ਪਵੇਗਾ। ਇਸ ਮਾਮਲੇ ਦੀਆਂ 3 ਧਿਰਾਂ ਹਨ, ਹਿੰਦੂ ਮਹਾਂ ਸਭਾ, ਨਿਰਮੋਹੀ ਅਖਾੜਾ ਅਤੇ ਸੁੰਨੀ ਸੈਂਟਰਲ ਵਕਫ ਬੋਰਡ। ਇਲਾਹਾਬਾਦ ਕੋਰਟ ਨੇ 2010 ’ਚ ਮਾਮਲੇ ’ਚ ਦਿੱਤੇ ਫੈਸਲੇ ’ਚ ਵਿਵਾਦਤ ਜ਼ਮੀਨ ਨੂੰ 3 ਹਿਸਿਆਂ ’ਚ ਵੰਡਣ ਦਾ ਆਦੇਸ਼ ਦਿਤਾ ਸੀ। ਰਾਮਲਲਾ ਦੀ ਮੂਰਤੀ ਵਾਲੀ ਥਾਂ ਹਿੰਦੂ ਮਹਾਂ ਸਭਾ ਨੂੰ ਮੂਰਤੀ ਸਥਾਪਨਾ ਲਈ, ਸੀਤਾ ਰਸੋਈ ਅਤੇ ਰਾਮ ਚਬੂਤਰਾ ਨਿਰਮੋਹੀ ਅਖਾੜੇ ਨੂੰ ਅਤੇ ਬਾਕੀ ਹਿਸਾ ਮਸਜਿਦ ਦੀ ਉਸਾਰੀ ਲਈ ਵਕਫ ਬੋਰਡ ਨੂੰ ਦੇ ਦਿਤਾ ਜਾਵੇ, ਜਿਸ ਨੂੰ ਸਾਰੀਆਂ ਧਿਰਾਂ ਨੇ ਰੱਦ ਕਰਦਿਆਂ ਸੁਪਰੀਮ ਕੋਰਟ ਅਪੀਲ ਕੀਤੀ ਸੀ। ਇਹ ਕੇਸ ਕਈ ਪੱਖਾਂ ਤੋਂ ਬਹੁਤ ਅਹਿਮ ਹੈ। ਇਸ ਨੂੰ ਹੋਰ ਲਟਕਾਇਆ ਜਾਣਾ ਸਹੀ ਨਹੀਂ ਹੈ। ਸਬੰਧਤ ਧਿਰਾਂ, ਸਰਕਾਰ ਅਤੇ ਅਦਾਲਤਾਂ ਨੂੰ ਚਾਹੀਦਾ ਹੈ ਕਿ ਇਸ ਕੇਸ ਨੂੰ ਜਿੰਨਾ ਜਲਦੀ ਹੋ ਸਕੇ ਨਿਬੇੜਿਆ ਜਾਵੇ ਤਾਂ ਜੋ ਇਸ ਨਾਲ ਜੁੜਿਆ ਵਿਵਾਦ ਖਤਮ ਹੋ ਸਕੇ। ਨਾਜ਼ਕ ਮੁੱਦਿਆਂ ਬਾਰੇ ਚੱਲ ਰਹੇ ਕੇਸਾਂ ਨੂੰ ਲੰਬਾ ਖਿੱਚਣ ਨਾਲ ਸਮਾਜ ਵਿੱਚ ਬੇਚੈਨੀ ਵੱਧ ਰਹੀ ਹੈ ਅਤੇ ਅਜਿਹੇ ਮੁੱਦੇ ਹੋਰ ਪੈਚੀਦਾ ਹੁੰਦੇ ਜਾ ਰਹੇ ਹਨ।
– ਬਲਜੀਤ ਸਿੰਘ ਬਰਾੜ



