Skip to content
Independent perspectives. Global stories.
BREAKING

ਸਿੱਖਾਂ ਦੀਆਂ ਭਾਵਨਾਵਾਂ ਨਾਲ ਖੇਡਣਾ ਠੀਕ ਨਹੀਂ

Share this story

ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵਿੱਚ ਸ. ਦਿਆਲ ਸਿੰਘ ਮਜੀਠੀਆ ਦੇ ਨਾਮ ਵਾਲੇ ਕਾਲਜ ਨੂੰ ਨਵਾਂ ਨਾਮ ਬੰਦੇ ਮਾਤਰਮ ਮਹਾਂਵਿਦਿਆਲਾ ਰੱਖ ਦਿੱਤੇ ਜਾਣ ’ਤੇ ਵਿਵਾਦ ਲਗਾਤਾਰ ਭੱਖਦਾ ਜਾ ਰਿਹਾ ਹੈ। ਹੁਣ ਇਹ ਵਿਵਾਦ ਦਿੱਲੀ ਅਤੇ ਪੰਜਾਬ ਦੀਆਂ ਹੱਦਾਂ ਟੱਪ ਕੇ ਪਾਕਿਸਤਾਨ, ਕੈਨੇਡਾ ਅਤੇ ਅਮਰੀਕਾ ਵਿੱਚ ਭੱਖਣ ਲੱਗਾ ਹੈ। ਸਿੱਖ ਆਫ ਅਮਰੀਕਾ ਵੱਲੋਂ ਵਾਸ਼ਿੰਗਟਨ ਡੀ.ਸੀ. ਵਿੱਚ ਬੁਲਾਈ ਮੀਟਿੰਗ ਵਿੱਚ ਐਲਾਨ ਕੀਤਾ ਗਿਆ ਹੈ ਕਿ ਜੇਕਰ ਭਾਰਤ ਸਰਕਾਰ ਸਿੱਖਾਂ ਵੱਲੋਂ ਬਣਾਈਆਂ ਬਿਲਡਿੰਗਾਂ ਜਾਂ ਸ਼ਹੀਦਾਂ ਦੇ ਨਾਮ ’ਤੇ ਰੱਖੇ ਨਾਵਾਂ ਨਾਲ ਛੇੜਛਾੜ ਕਰਦੀ ਹੈ ਤਾਂ ਅਸੀਂ ਪੰਜਾਬ ਦੀਆਂ ਬਿਲਡਿੰਗਾਂ ਦੇ ਨਾਮ ਬਦਲਣਾ ਚਾਹਾਂਗੇ। ਇਸ ਗੱਲ ਦਾ ਪ੍ਰਗਟਾਵਾ ਸ. ਮਨਜੀਤ ਸਿੰਘ ਜੀਕੇ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਮਰੀਕਾ ਵਿੱਚ ਕੀਤਾ। ਪਾਕਿਸਤਾਨ ਸਿੱਖ ਕੌਂਸਲ ਦੇ ਚੇਅਰਮੈਨ ਰਮੇਸ਼ ਸਿੰਘ ਖਾਲਸਾ ਜੋ ਅੱਜ ਕੱਲ੍ਹ ਕੈਨੇਡਾ ਦੌਰੇ ’ਤੇ ਹਨ, ਨੇ ਕਿਹਾ ਕਿ ਜੇ ਭਾਰਤ ਸਰਕਾਰ ਸ. ਦਿਆਲ ਸਿੰਘ ਕਾਲਜ ਦਿੱਲੀ ਦਾ ਨਾਮ ਬਦਲਗੀ ਤਾਂ ਉਹ ਸਿੱਖਾਂ ਨੂੰ ਦੂਜੇ ਦਰਜੇ ਦਾ ਸ਼ਹਿਰੀ ਹੋਣ ਦਾ ਫਤਵਾ ਦੇਣਗੇ। ਸ. ਰਮੇਸ਼ ਸਿੰਘ ਖਾਲਸਾ ਨੇ ਦੱਸਿਆ ਕਿ ਲਾਹੌਰ ਵਿੱਚ ਸ. ਦਿਆਲ ਸਿੰਘ ਮਜੀਠੀਆ ਦੇ ਨਾਮ ’ਤੇ ਇਕ ਕਾਲਜ, ਇੱਕ ਲਾਇਬ੍ਰੇਰੀ ਤੋਂ ਇਲਾਵਾ ਸ. ਦਿਆਲ ਸਿੰਘ ਮਜੀਠੀਆ ਮਾਰਗ ਵੀ ਹੈ, ਜਿਸ ਨੂੰ ਪਾਕਿਸਤਾਨੀ ਬਹੁਤ ਸਤਿਕਾਰ ਦੇ ਰਹੇ ਹਨ। ਇਸ ਪੱਖ ਤੋਂ ਇਹ ਗੱਲ ਵੀ ਮਹੱਤਵਪੂਰਨ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਅਹੁਦਾ ਸੰਭਾਲਣ ਤੋਂ ਤੁਰੰਤ ਬਾਅਦ ਜੋ ਮਤਾ ਰਖਿਆ, ਉਹ ਵੀ ਸ. ਦਿਆਲ ਸਿੰਘ ਕਾਲਜ ਦਾ ਨਾਮ ਨਾ ਤਬਦੀਲ ਕਰਨ ਬਾਰੇ ਸੀ। ਭਾਰਤ ਸਰਕਾਰ ਦੀ ਕੈਬਨਿਟ ਮੰਤਰੀ ਬੀਬਾ ਹਰਸਿਮਰਤ ਕੌਰ ਵੀ ਨਾਮ ਤਬਦੀਲੀ ਦੇ ਖਿਲਾਫ ਉਚੀ ਸੁਰ ਵਿੱਚ ਬੋਲ ਰਹੀ ਹੈ। ਦਿੱਲੀ ਦੇ ਬੁੱਧੀਜੀਵੀਆਂ ਨੇ ਪ੍ਰਸਿੱਧ ਪੱਤਰਕਾਰ ਸ਼੍ਰੀ ਕੁਲਦੀਪ ਨਈਅਰ ਦੀ ਅਗਵਾਈ ਵਿੱਚ ਨਾਮ ਤਬਦੀਲੀ ਦੇ ਵਿਰੁੱਧ ਅਵਾਜ਼ ਬੁਲੰਦ ਕੀਤੀ ਹੈ।
ਦਿੱਲੀ ਯੂਨੀਵਰਸਿਟੀ ਦੇ ਸ. ਦਿਆਲ ਸਿੰਘ ਕਾਲਜ ਦਾ ਨਾਮ ਬਦਲਕੇ ਬੰਦੇ ਮਾਤਰਮ ਮਹਾਂਵਿਦਿਆਲਾ ਰੱਖਣਾ ਭਾਰਤੀ ਜਨਤਾ ਪਾਰਟੀ ਦੀ ਮਾਨਸਿਕਤਾ ਨੂੰ ਉਜਾਗਰ ਕਰਦਾ ਹੈ। ਇਹ ਇਸ ਕਿਸਮ ਦੀ ਇਕੋ ਇਕ ਉਦਾਹਰਣ ਨਹੀਂ ਹੈ ਸਗੋਂ ਜਦੋਂ ਦੀ ਭਾਜਪਾ ਸੱਤਾ ਵਿੱਚ ਆਈ ਹੈ ਨਾਮ ਤਬਦੀਲੀਆਂ ਦਾ ਦੌਰ ਸ਼ੁਰੂ ਹੋ ਗਿਆ ਹੈ। ਦਿੱਲੀ ਦੀ ਔਰੰਗਜ਼ੇਬ ਰੋਡ ਦਾ ਨਾਮ ਬਦਲ ਕੇ ਏਪੀਜੀ ਕਲਾਮ ਮਾਰਗ ਰੱਖਣ ਦਾ ਯਤਨ ਹੋ ਰਿਹਾ ਹੈ। ਮੁਗਲ ਸਰਾਏ ਰੇਲਵੇ ਸਟੇਸ਼ਨ ਦਾ ਨਾਮ ਬਦਲਕੇ ਦੀਨ ਦਿਆਲ ਉਪਾਧਿਆਏ ਕੀਤਾ ਜਾ ਰਿਹਾ ਹੈ। ਗੁੜਗਾਂਵ ਦਾ ਨਾਮ ਬਦਲਕੇ ਗੁਰੂ ਗ੍ਰਾਮ ਰੱਖਿਆ ਜਾ ਚੁੱਕਾ ਹੈ। ਇਸੇ ਤਰ੍ਹਾਂ ਅਲਾਹਾਬਾਦ ਦਾ ਨਾਮ ਪ੍ਰਯਾਗ ਕੀਤੇ ਜਾਣ ਦੀ ਖ਼ਬਰ ਹੈ। ਇਹ ਤਾਂ ਕੁਝ ਕੁ ਉਦਾਹਰਣਾਂ ਹਨ ਜੋ ਇਹ ਸਿੱਧ ਕਰ ਰਹੀਆਂ ਹਨ ਭਾਰਤੀ ਜਨਤਾ ਪਾਰਟੀ ਦੇਸ਼ ਵਿੱਚ ਅਨੇਕਾਂ ਥਾਵਾਂ ਦੇ ਨਾਮ ਬਦਲਕੇ ਆਪਣੇ ਮਨਪਸੰਦ ਨਾਮ ਰੱਖਣ ਦੀ ਕੋਸ਼ਿਸ਼ ਵਿੱਚ ਹੈ। ਇਹ ਗੱਲ ਵੀ ਸੱਚ ਹੈ ਕਿ ਭਾਰਤ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨਾਮ ਤਬਦੀਲੀ ਦੇ ਨਜ਼ਰੀਏ ਤੋਂ ਇਕੋ ਜਿਹੀਆਂ ਹਨ। ਜਦੋਂ ਕਲੱਕਤੇ ਵਿੱਚ ਖੱਬੇਪੱਖੀਆਂ ਦੀ ਸਰਕਾਰ ਸੀ ਤਾਂ ਉਸ ਸਮੇਂ ਸੀਪੀਐਮ ਦੀ ਸਰਕਾਰ ਨੇ ਕਲੱਕਤਾ ਦਾ ਨਾਮ ਬਦਲਕੇ ਕੋਲਕਾਤਾ ਰੱਖਿਆ ਸੀ। ਇਹ ਨਾਮ ਬੰਗਾਲੀ ਉਚਾਰਨ ਦੇ ਅਨੁਕੂਲ ਮੰਨਿਆ ਗਿਆ। ਉਂਜ ਇਹ ਸਵਾਲ ਬਾਰੇ ਕਦੇ ਵੀ ਚਰਚਾ ਨਹੀਂ ਹੋਈ ਕਿ ਨਾਮ ਤਬਦੀਲੀ ਦਾ ਕਲੱਕਤਾ ਵਾਸੀਆਂ ਨੂੰ ਕੀ ਫਾਇਦਾ ਹੋਇਆ। ਇਸ ਤਰ੍ਹਾਂ 1995 ਵਿੱਚ ਮਹਾਂਰਾਸ਼ਟਰ ਵਿੱਚ ਸ਼ਿਵ ਸੈਨਾ ਸੱਤਾ ਵਿੱਚ ਆਈ ਅਤੇ ਸ਼ਿਵ ਸੈਨਾ ਨੇ ਬੰਬੇ ਨੂੰ ਮੁੰਬਈ ਬਣਾ ਦਿੱਤਾ। ਤਰਕ ਇਹ ਦਿੱਤਾ ਗਿਆ ਸੀ ਕਿ ਅੰਗਰੇਜ਼ਾਂ ਨੇ ਮੁੰਬਈ ਦਾ ਨਾਮ ਵਿਗਾੜ ਬੰਬੇ ਕੀਤਾ ਸੀ ਅਸਲ ਵਿੱਚ ਮੁੰਬਈ ਦਾ ਨਾਮ ਮੂੰਬਾ ਦੇਵੀ ਦੇ ਨਾਮ ਨਾਲ ਪਿਆ ਸੀ। ਇਸੇ ਤਰ੍ਹਾਂ ਤਾਮਿਲ ਸਭਿਆਚਾਰ ਲਈ ਢੁਕਵਾਂ ਨਾਮ ਚੇਨਈ ਸੀ ਜੋ ਮਦਰਾਸ ਨੂੰ ਬਦਲਕੇ ਰਖਿਆ ਗਿਆ ਸੀ। ਸੋ 1996 ਵਿੱਚ ਮਦਰਾਸ ਚੇਨਈ ਬਣਿਆ ਸੀ। ਕਾਂਗਰਸ ਸਰਕਾਰ ਸਮੇਂ ਨਹਿਰੂ ਅਤੇ ਗਾਂਧੀ ਦੇ ਨਾਮ ਨੂੰ ਪ੍ਰਚੱਲਤ ਕੀਤਾ ਗਿਆ।
ਇਹ ਸਾਡੇ ਦੇਸ਼ ਦੇ ਸਿਆਸਤਦਾਨਾਂ ਦੇ ਚਲਾਕ ਦਿਮਾਗ ਦੀ ਕਾਢ ਹੈ ਕਿ ਜੇ ਉਨ੍ਹਾਂ ਕੋਲ ਲੋਕਾਂ ਸਾਹਮਣੇ ਰੱਖਣ ਲਈ ਕੋਈ ਉਪਲੱਬਧੀ ਨਾ ਹੋਵੇ ਤਾਂ ਉਹ ਕਈ ਅਜਿਹੇ ਰਸਤੇ ਤਲਾਸ਼ ਲੈਂਦੇ ਹਨ ਜੋ ਲੋਕਾਂ ਦੇ ਜਜ਼ਬਾਤਾਂ ਦੇ ਨੇੜੇ ਹੁੰਦੇ ਹਨ। ਚਲਾਕ ਸਿਆਸੀ ਲੋਕ ਆਮ ਜਨਤਾ ਦੀਆਂ ਭਾਵਨਾਵਾਂ ਨਾਲ ਖੇਡਕੇ ਲੋਕਾਂ ਦਾ ਧਿਆਨ ਮੂਲ ਸਮੱਸਿਆਵਾਂ ਤੋਂ ਹਟਾ ਦਿੰਦੇ ਹਨ। ਧਰਮ, ਜਾਤ, ਭਾਸ਼ਾ, ਸਭਿਆਚਾਰ, ਪ੍ਰੰਪਰਾਵਾਂ, ਮੰਦਿਰ, ਮਸਜਿਦ, ਰੰਗ ਭੇਦ, ਨਸਲ ਵਰਗੇ ਅਜਿਹੇ ਮੁੱਦੇ ਹਨ ਜਿਨ੍ਹਾਂ ਬਾਰੇ ਹਿੰਦੋਸਤਾਨ ਦੀ ਜਨਤਾ ਬਹੁਤ ਭਾਵੁਕ ਰਹਿੰਦੀ ਹੈ ਅਤੇ ਸਾਡੇ ਸਿਆਸਤਦਾਨ ਲੋਕਾਂ ਦੀ ਇਸ ਕੰਮਜੋਰੀ ਦਾ ਫਾਇਦਾ ਉਠਾਉਂਦੇ ਹਨ। ਹੁਣ ਭਾਰਤੀ ਜਨਤਾ ਪਾਰਟੀ ਦੇ ਨੇਤਾ ਅਮਿਤਾਭ ਸਿਨਹਾ ਜੋ ਸ. ਦਿਆਲ ਸਿੰਘ ਕਾਲਜ ਦੀ ਗਵਰਨਿੰਗ ਕੌਂਸਲ ਦੇ ਚੇਅਰਮੈਨ ਹਨ, ਵੀ ਅਜਿਹੀ ਖੇਡ ਖੇਡ ਰਹੇ ਹਨ। ਦੂਜੇ ਪਾਸੇ ਦੇਸ਼ ਦੀ ਘੱਟ ਗਿਣਤੀ ਦੇ ਮਨਾਂ ਵਿੱਚ ਜੋ ਭਾਵਨਾਵਾਂ ਆ ਰਹੀਆਂ ਹਨ, ਉਹ ਦੇਸ਼ ਲਈ ਘਾਤਕ ਹੋ ਸਕਦੀਆਂ ਹਨ। ਭਾਰਤੀ ਜਨਤਾ ਪਾਰਟੀ ਦੀ ਸੀਨੀਅਰ ਲੀਡਰਸ਼ਿੱਪ ਨੂੰ ਤੁਰੰਤ ਦਖਲ ਦੇ ਕੇ ਇਹ ਨਾਮ ਤਬਦੀਲੀ ਰੋਕਣੀ ਚਾਹੀਦੀ ਹੈ। ਨਹੀਂ ਇਸ ਦਾ ਫਾਇਦਾ ਘੱਟ ਅਤੇ ਨੁਕਸਾਨ ਵੱਧ ਹੋਵੇਗਾ।

WRITTEN BY