Skip to content
Independent perspectives. Global stories.
BREAKING

ਕਿਉਂ ਚੁਣੇ ਗਏ ਸ. ਗੋਬਿੰਦ ਸਿੰਘ ਲੌਂਗੋਵਾਲ ਪ੍ਰਧਾਨ

Share this story

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ ਸ. ਗੋਬਿੰਦ ਸਿੰਘ ਲੌਂਗੋਵਾਲ ਨੂੰ ਚੁਣਿਆ ਗਿਆ ਹੈ। ਕਮੇਟੀ ਦੀ ਪ੍ਰਧਾਨਗੀ ਨੂੰ ਲੈ ਕੇ ਮੀਡੀਆ ਵਿੱਚ ਲਗ ਰਹੀਆਂ ਕਿਆਸ ਅਰਾਈਆਂ ਵਿੱਚ ਸ. ਗੋਬਿੰਦ ਸਿੰਘ ਲੌਂਗੋਵਾਲ ਦਾ ਨਾਮ ਕਿੱਤੇ ਵੀ ਚਰਚਾ ਵਿੱਚ ਨਹੀਂ ਸੀ। ਮੀਡੀਆ ਵਿੱਚ ਬੀਬੀ ਜਗੀਰ ਕੌਰ, ਜਥੇ. ਤੋਤਾ ਸਿੰਘ, ਸ. ਸੇਵਾ ਸਿੰਘ ਸੇਖਵਾਂ ਅਤੇ ਸ. ਅਵਤਾਰ ਸਿੰਘ ਬਾਰੇ ਚਰਚਾ ਹੁੰਦੀ ਰਹੀ। ਪਿਛਲੇ ਦਿਨੀਂ ਸੰਤ ਬਲਵੀਰ ਸਿੰਘ ਘੁੰਨਸ ਦਾ ਨਾਮ ਵੀ ਚਰਚਾ ਵਿੱਚ ਆ ਗਿਆ ਸੀ ਪਰ ਸ. ਗੋਬਿੰਦ ਸਿੰਘ ਲੌਂਗੋਵਾਲ ਬਾਰੇ ਕਿਸੇ ਵੀ ਪੱਤਰਕਾਰ ਜਾਂ ਸਿਆਸੀ ਟਿੱਪਣੀਕਾਰ ਨੂੰ ਚਿਤ ਚੇਤਾ ਵੀ ਨਹੀਂ ਸੀ। ਜਿਸ ਤਰੀਕੇ ਨਾਲ ਸ਼੍ਰੋਮਣੀ ਅਕਾਲੀ ਦਲ ਵੱਲੋਂ ਬੀਬੀ ਜਗੀਰ ਕੌਰ ਨੇ ਸ. ਗੋਬਿੰਦ ਸਿੰਘ ਲੌਂਗੋਵਾਲ ਦਾ ਨਾਮ ਪੇਸ਼ ਕੀਤਾ ਗਿਆ ਉਸ ਤਰੀਕੇ ਨੂੰ ਵੇਖਕੇ ਇਹ ਕਹਿਣਾ ਅਤਿਕਥਨੀ ਨਹੀਂ ਹੋਵੇਗੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਆਪਣੇ ਪਿਤਾ ਸ. ਪ੍ਰਕਾਸ਼ ਸਿੰਘ ਬਾਦਲ ਤੋਂ ਸਿਆਸਤ ਦੇ ਸਾਰੇ ਗੁਣ ਸਿੱਖ ਲਏ ਹਨ। ਸਿਆਸੀ ਹਲਕਿਆਂ ਵਿੱਚ ਵਿਅੰਗਤਮਕ ਤਰੀਕੇ ਨਾਲ ਇਕ ਗੱਲ ਪ੍ਰਚਲੱਤ ਹੈ ਕਿ ਬਾਦਲ ਸਾਹਿਬ ਦੀ ਪਰਚੀ ਵਿੱਚੋਂ ਕਿਹੜਾ ਪ੍ਰਧਾਨ ਨਿਕਲੇਗਾ ਇਸ ਗੱਲ ਦਾ ਪਤਾ ਜਾਂ ਬਾਦਲ ਸਾਹਿਬ ਨੂੰ ਹੁੰਦਾ ਹੈ ਅਤੇ ਜਾਂ ਰੱਬ ਨੂੰ। ਚੋਣ ਵਾਲੇ ਦਿਨ ਤੱਕ ਤਾਂ ਰੱਬ ਨੂੰ ਵੀ ਕੁੱਝ ਪਤਾ ਨਹੀਂ ਹੁੰਦਾ ਸਿਰਫ ਬਾਦਲ ਸਾਹਿਬ ਨੂੰ ਪਤਾ ਹੁੰਦਾ ਹੈ। ਅੱਜ ਸ. ਸੁਖਬੀਰ ਸਿੰਘ ਬਾਦਲ ਬਾਰੇ ਵੀ ਇਹੀ ਗੱਲ ਢੁੱਕਣ ਲੱਗੀ ਹੈ।
ਪ੍ਰੋ. ਬਡੂੰਗਰ ਨੇ ਪ੍ਰਧਾਨਗੀ ਦੀ ਆਪਣੀ ਦੂਜੀ ਪਾਰੀ ਬੜੀ ਤੇਜ਼ੀ ਨਾਲ ਖੇਡੀ ਹੈ ਅਤੇ ਕਈ ਅਜਿਹੇ ਫੈਸਲੇ ਲਏ ਜਿਨ੍ਹਾਂ ਪ੍ਰਤੀ ਆਪਣੇ ਨੇਤਾ ਦਾ ਹੁੰਗਾਰਾ ਵੀ ਨਹੀਂ ਉਡੀਕਿਆ। ਖਾਲਿਸਤਾਨ ਵਾਲੇ ਵਿਵਾਦਪੂਰਨ ਬਿਆਨ ਨੇ ਪ੍ਰੋ. ਬਡੂੰਗਰ ਨੂੰ ਭਾਰਤੀ ਜਨਤਾ ਪਾਰਟੀ ਦੀ ਨਿਗਾਹ ਵਿੱਚ ਰੜਕਨ ਲਾ ਦਿੱਤਾ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਪਤਨੀ ਜਿਸ ਕੈਬਨਿਟ ਵਿੱਚ ਮੰਤਰੀ ਹੋਵੇ ਅਤੇ ਉਹ ਪਾਰਟੀ ਖਾਲਿਸਤਾਨ ਦੇ ਮੁੱਦੇ ’ਤੇ ਕਿਸ ਤਰ੍ਹਾਂ ਕਿਸੇ ਵੀ ਮਹੱਤਵਪੂਰਨ ਅਹੁਦੇ ਵਾਲੇ ਵਿਅਕਤੀ ਨੂੰ ਸਹਿਣ ਕਰ ਸਕਦੀ ਹੈ। ਇਹ ਵਿਵਾਦ ਨੇ ਪ੍ਰੋ. ਬਡੂੰਗਰ ਦੇ ਵਾਹਵਾ ਨੰਬਰ ਘਟਾ ਦਿੱਤੇ। ਦੂਜੇ ਪਾਸੇ ਪ੍ਰੋ. ਬਡੂੰਗਰ ਦੀ ਕੈਪਟਨ ਅਮਰਿੰਦਰ ਸਿੰਘ ਨਾਲ ਨੇੜਤਾ ਵੀ ਪਾਰਟੀ ਪ੍ਰਧਾਨ ਨੂੰ ਰਾਸ ਨਹੀਂ ਆਈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਮਾਮਲਿਆਂ ਅਤੇ ਹਾਲਾਤ ਨੂੰ ਲੈ ਕੇ ਵੀ ਪਾਰਟੀ ਪ੍ਰਧਾਨ ਪ੍ਰੋ. ਬਡੂੰਗਰ ਤੋਂ ਨਾਖੁਸ਼ ਸਨ। ਦੂਜੇ ਪਾਸੇ ਬੀਬੀ ਜਗੀਰ ਕੌਰ ਅਤੇ ਜਥੇਦਾਰ ਤੋਤਾ ਸਿੰਘ ਵੀ ਆਪਣੇ ’ਤੇ ਹੋਏ ਕੋਰਟ ਕੇਸਾਂ ਕਾਰਨ ਨਿਰਵਿਵਾਦ ਨਹੀਂ ਸਨ। ਸੰਗਰੂਰ ਜ਼ਿਲ੍ਹੇ ਨਾਲ ਸਬੰਧਤ ਸੰਤ ਬਲਬੀਰ ਸਿੰਘ ਘੁੰਨਸ ਬਾਰੇ ਸੀਨੀਅਰ ਅਕਾਲੀ ਨੇਤਾ ਸ. ਸੁਖਦੇਵ ਸਿੰਘ ਢੀਂਡਸਾ ਕੋਈ ਹਾਂ ਪੱਖੀ ਰਾਏ ਨਹੀਂ ਰੱਖਦੇ ਸਨ। ਇਸ ਹਾਲਾਤ ਵਿੱਚ ਪਾਰਟੀ ਪ੍ਰਧਾਨ ਨੂੰ ਕੋਈ ਨਿਰਵਿਵਾਦ ਅਜਿਹੀ ਸਖਸ਼ੀਅਤ ਚਾਹੀਦੀ ਸੀ ਜੋ ਸਾਰੀਆਂ ਧਿਰਾਂ ਨੂੰ ਪ੍ਰਵਾਨ ਹੋਵੇ ਅਤੇ ਸ. ਗੋਬਿੰਦ ਸਿੰਘ ਲੌਂਗੋਵਾਲ ਇਨ੍ਹਾਂ ਸ਼ਰਤਾਂ ’ਤੇ ਪੂਰਾ ਉਤਰਦਾ ਸੀ।
ਸ. ਗੋਬਿੰਦ ਸਿੰਘ ਲੌਂਗੋਵਾਲ ਨੂੰ ਸਿਆਸਤ ਵਿੱਚ ਲਿਆਉਣ ਵਾਲੇ ਸੰਤ ਹਰਚੰਦ ਸਿੰਘ ਲੌਂਗੋਵਾਲ ਸਨ। ਸੰਤ ਲੌਂਗੋਵਾਲ ਦੀ ਸ਼ਹੀਦੀ ਨੇ ਸ. ਸੁਰਜੀਤ ਸਿੰਘ ਬਰਨਾਲਾ ਨੂੰ ਮੁੱਖ ਮੰਤਰੀ ਦੀ ਕੁਰਸੀ ’ਤੇ ਬਿਠਾਇਆ। ਉਸ ਸਮੇਂ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਸ. ਬਰਨਾਲਾ ਨੂੰ ਕੰਮਜ਼ੋਰ ਕਰਨ ਲਈ ਆਪਣੇ ਕੁੱਝ ਵਿਸ਼ਵਾਸ ਪਾਤਰਾਂ ਦੀ ਲੋੜ ਸੀ। ਇਸ ਪੱਖੋਂ ਸੰਗਰੂਰ ਵਿੱਚ ਸ. ਸੁਖਦੇਵ ਸਿੰਘ ਢੀਂਡਸਾ ਤੋਂ ਬਾਅਦ ਸ. ਗੋਬਿੰਦ ਸਿੰਘ ਲੌਂਗੋਵਾਲ, ਸ. ਪ੍ਰਕਾਸ਼ ਸਿੰਘ ਬਾਦਲ ਦੇ ਭਰੋਸੇਮੰਦ ਆਗੂ ਬਣੇ। ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਸਿਆਸੀ ਵਾਰਿਸ ਸ. ਗੋਬਿੰਦ ਸਿੰਘ ਨੇ ਪਹਿਲੀ ਵਾਰ 1985 ਵਿੱਚ ਚੋਣ ਲੜੀ ਅਤੇ ਧਨੌਲਾ ਤੋਂ ਵਿਧਾਕਿ ਚੁਣੇ ਗਏ। 1997 ਵਿੱਚ ਫਿਰ ਐਮ.ਐਲ.ਏ. ਚੁਣੇ ਗਏ ਅਤੇ ਮੰਤਰੀ ਦੀ ਕੁਰਸੀ ਤੱਕ ਪਹੁੰਚ ਗਏ। 2002 ਵਿੱਚ ਵਿਧਾਇਕ ਚੁਣੇ ਗਏ। 2015 ਵਿੱਚ ਧੂਰੀ ਤੋਂ ਜ਼ਿਮਨੀ ਚੋਣ ਜਿੱਤਕੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਦੀ ਗਿਣਤੀ ਵਧਾਈ। ਸਿੰਚਾਈ ਮੰਤਰੀ ਅਤੇ ਮਾਰਕਫੈਡ ਦੇ ਚੇਅਰਮੈਨ ਰਹੇ ਸ. ਗੋਬਿੰਦ ਸਿੰਘ ਲੌਂਗੋਵਾਲ 2011 ਵਿੱਚ ਲੌਂਗੋਵਾਲ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਚੁਣੇ ਗਏ। ਸ. ਗੋਬਿੰਦ ਸਿੰਘ ਲੌਂਗੋਵਾਲ ਹੁਣ ਸ਼੍ਰੋਮਣੀ ਕਮੇਟੀ ਦੇ 42ਵੇਂ ਪ੍ਰਧਾਨ ਚੁਣੇ ਗਏ ਹਨ। ਚੋਣ ’ਚ ਸ. ਲੌਂਗੋਵਾਲ ਨੂੰ 154 ਵੋਟਾਂ ਪਈਆਂ ਜਦੋਂ ਕਿ ਉਨ੍ਹਾਂ ਵਿਰੁੱਧ ਖੜ੍ਹੇ ਆਗੂ ਸ. ਅਮਰੀਕ ਸਿੰਘ ਸ਼ਾਹਪੁਰ ਨੂੰ ਸਿਰਫ 15 ਵੋਟਾਂ ਪਈਆਂ। ਸ. ਗੋਬਿੰਦ ਸਿੰਘ ਲੌਂਗੋਵਾਲ ਲਈ ਇਹ ਚੋਣ ਬੜੀ ਮਹੱਤਵਪੂਰਨ ਹੈ। ਇਸ ਚੋਣ ਨੇ ਉਨ੍ਹਾਂ ਨੂੰ ਵੱਡੇ ਆਗੂਆਂ ਦੀ ਕਤਾਰ ਵਿੱਚ ਖੜ੍ਹਾ ਕਰ ਦਿੱਤਾ ਹੈ। ਉਹ ਉਸ ਕੁਰਸੀ ’ਤੇ ਬੈਠਣਗੇ ਜਿਥੇ ਕਦੇ ਬਾਬਾ ਖੜਕ ਸਿੰਘ, ਮਾਸਟਰ ਤਾਰਾ ਸਿੰਘ, ਜਥੇ. ਗੁਰਚਰਨ ਸਿੰਘ ਟੌਹੜਾ ਆਦਿ ਬੈਠਕੇ ਗਏ ਹਨ। ਸ. ਲੌਂਗੋਵਾਲ ਐਮ.ਏ. ਤੱਕ ਪੜ੍ਹੇ ਹਨ ਅਤੇ ਉਨ੍ਹਾਂ ਨੂੰ ਪੜ੍ਹਾਈ ਲਿਖਾਈ ਦੀ ਕੀਮਤ ਪਤਾ ਹੈ। ਸ਼੍ਰੋਮਣੀ ਕਮੇਟੀ ਅਧੀਨ ਆਉਂਦੇ ਕਾਲਜਾਂ ਅਤੇ ਸਕੂਲਾਂ ਦੇ ਸਿੱਖਿਆ ਪੱਧਰ ਉਚਾ ਚੁੱਕਣ ਲਈ ਵਿਸ਼ੇਸ਼ ਧਿਆਨ ਦੀ ਲੋੜ ਹੈ। ਸਿੱਖ ਬੱਚਿਆਂ ਨੂੰ ਵੱਡੇ ਅਫਸਰ ਬਣਾਉਣ ਲਈ ਕੋਈ ਅਕੈਡਮੀ ਦੀ ਤਜਵੀਜ਼ ਕਈ ਵਰ੍ਹਿਆਂ ਤੋਂ ਲਟਕ ਰਹੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਨੂੰ ਪੂਰੀ ਤਰ੍ਹਾਂ ਸਥਾਪਤ ਕਰਨ ਲਈ ਵਧੇਰੇ ਯਤਨਾਂ ਦੀ ਲੋੜ ਹੈ। ਧਰਮ ਦੇ ਪ੍ਰਚਾਰ ਅਤੇ ਗੁਰਦੁਆਰਾ ਪ੍ਰਬੰਧਨ ਨੂੰ ਤਾਂ ਹਮੇਸ਼ਾਂ ਹੋਰ ਚੰਗੇਰਾ ਬਣਾਉਣ ਦੀ ਆਸ ਲੱਗੀ ਰਹਿੰਦੀ ਹੈ। ਵੇਖੋ, ਸ਼੍ਰੋਮਣੀ ਪ੍ਰਬੰਧਕ ਕਮੇਟੀ ਦਾ ਨਵਾਂ ਪ੍ਰਧਾਨ ਆਪਣੇ ਕਾਰਜਕਾਲ ਵਿੱਚ ਕੀ ਕੁੱਝ ਨਵਾਂ ਕਰਦਾ ਹੈ।

WRITTEN BY