ਹਿੰਦੋਸਤਾਨ 15 ਅਗਸਤ 1947 ਨੂੰ ਅੰਗਰੇਜ਼ਾਂ ਦੇ ਸ਼ਾਸਨ ਤੋਂ ਹੀ ਆਜ਼ਾਦ ਨਹੀਂ ਹੋਇਆ ਸੀ ਸਗੋਂ ਦੇਸ਼ ਦਾ ਹਜ਼ਾਰਾਂ ਸਾਲ ਪੁਰਾਣਾ ਨਿਜ਼ਾਮ ਬਦਲਿਆ ਸੀ ਅਤੇ ਰਾਜ ਦੀ ਅਸਲ ਤਾਕਤ ਲੋਕਾਂ ਦੇ ਹੱਥ ਵਿੱਚ ਆਈ ਸੀ। ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਦਾ ਜਨਮ ਹੋਇਆ ਸੀ। ਦੇਸ਼ ਦੇ ਲੋਕਾਂ ਵਿੱਚ ਚਾਅ ਅਤੇ ਉਤਸ਼ਾਹ ਸੀ। ਇਹ ਚਾਅ ਸੀ ਸੱਤਾ ਆਮ ਲੋਕਾਂ ਦੇ ਹੱਥਾਂ ਵਿੱਚ ਆਉਣ ਦਾ, ਇਹ ਚਾਅ ਸੀ ਆਪਣੀ ਮਰਜ਼ੀ ਦੀ ਸਰਕਾਰ ਚੁਣਨ ਦਾ। ਆਜ਼ਾਦੀ ਤੋਂ ਬਾਅਦ ਦੋ ਢਾਈ ਦਹਾਕੇ ਤਾਂ ਦੇਸ਼ ਦੀ ਸੱਤਾ ਉਨ੍ਹਾਂ ਲੋਕਾਂ ਦੇ ਹੱਥ ਵਿੱਚ ਰਹੀ ਜਿਨ੍ਹਾਂ ਨੇ ਦੇਸ਼ ਦੇ ਸੁਤੰਤਰਤਾ ਸੰਗਰਾਮ ਵਿੱਚ ਹਿੱਸਾ ਲਿਆ ਸੀ। ਇਹ ਵੀ ਠੀਕ ਹੈ ਕਿ ਸੱਤਾ ਦੇ ਗਲਿਆਰਿਆਂ ਵਿੱਚ ਅੰਗਰੇਜ਼ ਭਗਤ ਕਾਲੀਆਂ ਭੇਡਾਂ ਵੀ ਆਪਣੀ ਚੁਸਤੀ ਅਤੇ ਚਾਲਾਕੀ ਸਹਾਰੇ ਆ ਜੁੜੀਆਂ ਸਨ। ਨਹਿਰੂ ਦੌਰ ਖਤਮ ਹੋਣ ਅਤੇ ਇੰਦਰਾ ਗਾਂਧੀ ਦੇ ਆਉਣ ਨਾਲ ਪ੍ਰਕਿਰਿਆਵਾਦੀ ਲੋਕਤੰਤਰ ਦੀ ਸ਼ੁਰੂਆਤ ਹੋ ਗਈ ਸੀ। ਕਾਂਗਰਸ ਦੇ ਅਨੇਕਾਂ ਸਮਰਥਕ ਅਜਿਹੇ ਸਨ ਜਿਨ੍ਹਾਂ ਨੂੰ ਪਾਰਟੀ ਦੀ ਵਿਚਾਰਧਾਰਾ ਨਾਲ ਕੋਈ ਲੈਣਾ-ਦੇਣਾ ਨਹੀਂ ਸੀ, ਉਹ ਤਾਂ ਕੇਵਲ ਪਾਰਟੀ ਨੇਤਾਵਾਂ ਨਾਲ ਜੁੜੇ ਹੋਏ ਹਨ। ਅਜਿਹੇ ਲੋਕ ਪਾਰਟੀ ਦੀ ਵਿਚਾਰਧਾਰਾ ਅਤੇ ਨੀਤੀਆਂ ਬਾਰੇ ਕੁਝ ਨਹੀਂ ਜਾਣਦੇ, ਉਹ ਤਾਂ ਨਹਿਰੂ ਗਾਂਧੀ ਪਰਿਵਾਰ ਦੇ ਭਗਤ ਹਨ। ਇਸ ਤਰ੍ਹਾਂ ਉ¤ਤਰ ਪ੍ਰਦੇਸ਼ ਵਿੱਚ ਸਮਾਜਵਾਦੀ ਆਪਣੇ ਨੇਤਾ ਮੁਾਲਇਮ ਸਿੰਘ ਯਾਦਵ ਜਾਂ ਅਖਿਲੇਸ਼ ਯਾਦਵ ਨਾਲ ਜੁੜੇ ਹੋਏ ਹਨ। ਸਮਾਜਵਾਦ ਬਾਰੇ ਉਨ੍ਹਾਂ ਦੀ ਕੋਈ ਸੋਚ ਨਹੀਂ। ਇਹੀ ਹਾਲ ਮਹਾਰਾਸ਼ਟਰ ਵਿੱਚ ਸ਼ਿਵਸੈਨਾ, ਬੰਗਾਲ ਵਿੱਚ ਤ੍ਰਿਣਮੂਲ ਕਾਂਗਰਸ ਦੀ ਮਮਤਾ ਬੈਨਰਜੀ, ਬਹੁਜਨ ਸਮਾਜ ਪਾਰਟੀ ਦੀ ਮਾਇਆਵਤੀ ਅਤੇ ਬਿਹਾਰ ਵਿੱਚ ਰਾਸ਼ਟਰੀ ਜਨਤਾ ਦਲ ਦੇ ਲਾਲੂ ਪ੍ਰਸਾਦ ਯਾਦਵ ਦੇ ਸਮਰਥਕਾਂ ਦਾ ਹੈ। ਤਾਮਿਲਨਾਡੂ ਵਿੱਚ ਜੈਲਲਿਤਾ ਦੀ ਮੌਤ ਤੋਂ ਬਾਅਦ ਉਸ ਦੇ ਕਿੰਨੇ ਹੀ ਭਗਤਾਂ ਨੇ ਮੌਤ ਨੂੰ ਗਲੇ ਲਾ ਲਿਆ। ਕਸ਼ਮੀਰ ਵਿੱਚ ਅਬਦੁੱਲਾ ਪਰਿਵਾਰ ਦੇ ਸਮਰਥਕਾਂ ਦੀ ਗਿਣਤੀ ਘੱਟ ਨਹੀਂ ਹੈ। ਹਰਿਆਣਾ ’ਚ ਚੋਟਾਲਿਆਂ ਦੇ ਲੋਕ ਦਲ ਅਤੇ ਪੰਜਾਬ ਵਿੱਚ ਬਾਦਲਾਂ ਦਾ ਅਕਾਲੀ ਦਲ ਵੀ ਇਸੇ ਲੜੀ ਵਿੱਚ ਰੱਖ ਕੇ ਦੇਖਿਆ ਜਾ ਸਕਦਾ ਹੈ। ਨਵੀਂ ਬਣੀ ਆਮ ਆਦਮੀ ਪਾਰਟੀ ਵੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਦੁਆਲੇ ਘੁੰਮਣ ਲੱਗੀ ਹੈ। ਅੱਜ ਮੋਦੀ ਮੈਜਿਕ ਨਾਲ ਭਾਰਤੀ ਜਨਤਾ ਪਾਰਟੀ ਪੂਰੇ ਦੇਸ਼ ’ਤੇ ਰਾਜ ਕਰ ਰਹੀ ਹੈ। ਸੱਭਿਆਚਾਰ, ਧਰਮ ਅਤੇ ਭਾਸ਼ਾਵਾਂ ਦੀਆਂ ਵਿਵਿਧਤਾਵਾਂ ਦੇ ਬਾਵਜੂਦ ਕਸ਼ਮੀਰ ਤੋਂ ਲੈ ਕੇ ਕੰਨਿਆਕੁਮਾਰੀ ਤੱਕ ਭਾਰਤ ਇਸ ਮਾਮਲੇ ਵਿੱਚ ਇੱਕ ਹੈ। ਭਾਰਤੀ ਮਾਨਸਿਕਤਾ ਵਿੱਚ ਵਿਅਕਤੀ ਪੂਜਾ ਦਾ ਬੋਲਬਾਲਾ ਹੈ। ਸ਼ਾਇਦ ਇਹੀ ਵਰਤਾਰਾ ਭਾਰਤੀ ਰਾਜਨੀਤੀ ਨੂੰ ਪਰਿਵਾਰਵਾਦ ਵੱਲ ਲੈ ਕੇ ਜਾਂਦਾ ਹੈ। ਖੱਬੇਪੱਖੀਆਂ ਦਾ ਦੇਸ਼ ਵਿੱਚ ਅਸਰ ਘਟਣ ਦਾ ਇੱਕ ਕਾਰਨ ਇਹ ਵੀ ਹੋ ਸਕਦਾ ਹੈ।
ਦੇਸ਼ ਦੇ ਇਸ ਸਿਆਸੀ ਵਰਤਾਰੇ ਦੇ ਨਜ਼ਰੀਏ ਤੋਂ ਪੰਜਾਬ ਵੱਖਰਾ ਨਹੀਂ ਹੈ, ਬਲਕਿ ਪੰਜਾਬ ਵਿੱਚ ਤਾਂ ਕੁਝ ਅਜਿਹੇ ਸਿਆਸੀ ਘਰਾਣੇ ਹੋਂਦ ਵਿੱਚ ਆ ਚੁੱਕੇ ਹਨ ਕਿ ਪੰਜਾਬ ਦੀ ਸਿਆਸੀ ਸੱਤਾ ਇਨ੍ਹਾਂ ਪਰਿਵਾਰਾਂ ਦੇ ਦੁਆਲੇ ਹੀ ਘੁੰਮਦੀ ਰਹਿੰਦੀ ਹੈ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀਆਂ ਦੀ ਸੂਚੀ ਵਿੱਚ ਗੋਪੀਚੰਦ ਭਾਰਗਵ, ਭੀਮ ਸੈਨ ਸੱਚਰ, ਰਾਮਕ੍ਰਿਸ਼ਨ, ਜਸਟਿਸ ਗੁਰਨਾਮ ਸਿੰਘ ਅਤੇ ਦਰਬਾਰਾ ਸਿੰਘ ਜੌਹਲ ਦੇ ਪਰਿਵਾਰ ਕਿਸੇ ਨਾ ਕਿਸੇ ਕਾਰਨ ਇਨ੍ਹਾਂ ਹਸਤੀਆਂ ਤੋਂ ਬਾਅਦ ਸਿਆਸਤ ਵਿੱਚ ਸਰਗਰਮ ਨਹੀਂ ਹੋਏ।
ਇਨ੍ਹਾਂ ਤੋਂ ਇਲਾਵਾ ਸ. ਪ੍ਰਤਾਪ ਸਿੰਘ ਕੈਰੋਂ, ਸ. ਪ੍ਰਕਾਸ਼ ਸਿੰਘ ਬਾਦਲ, ਸ. ਬੇਅੰਤ ਸਿੰਘ, ਸ. ਸੁਰਜੀਤ ਸਿੰਘ ਬਰਨਾਲਾ, ਸ. ਹਰਚਰਨ ਸਿੰਘ ਬਰਾੜ ਅਤੇ ਬੀਬੀ ਰਜਿੰਦਰ ਕੌਰ ਭੱਠਲ ਆਦਿ ਮੁੱਖ ਮੰਤਰੀਆਂ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਸਿਆਸਤ ਵਿੱਚ ਮੋਹਰੀ ਭੂਮਿਕਾ ਨਿਭਾਉਣ ਲਈ ਤਿਆਰ ਕੀਤਾ। ਬੰਸਾਵਲੀ ਸਿਆਸਤ ਦੀ ਇਹ ਰਿਵਾਇਤ ਪਿਛਲੇ ਤਿੰਨ-ਚਾਰ ਦਹਾਕਿਆਂ ਤੋਂ ਪੂਰੇ ਦੇਸ਼ ਦੇ ਨਾਲ-ਨਾਲ ਪੰਜਾਬ ਵਿੱਚ ਵੀ ਸਰਗਰਮੀ ਨਾਲ ਅੱਗੇ ਵਧ ਰਹੀ ਹੈ। ਸਿਆਸਤ ਵਿੱਚ ਆਪਣੇ ਨੂਹਾਂ ਪੁੱਤਾਂ ਅਤੇ ਰਿਸ਼ਤੇਦਾਰਾਂ ਦੀ ਪੁਸ਼ਤਪਨਾਹੀ ਹਰ ਪੱਧਰ ’ਤੇ ਹਰ ਪਾਰਟੀ ਵਿੱਚ ਹੋ ਰਹੀ ਹੈ। ਹਾਲਾਤ ਅਜਿਹੇ ਬਣ ਗਏ ਹਨ ਕਿ ਆਮ ਸਿਆਸੀ ਵਰਕਰ ਤਾਂ ਵਿਧਾਨ ਸਭਾ ਜਾਂ ਲੋਕ ਸਭਾ ਵਿੱਚ ਜਾਣ ਦਾ ਸੁਪਨਾ ਵੀ ਨਹੀਂ ਦੇਖ ਸਕਦਾ। ਰਾਜਸੀ ਪੱਦਵੀ ਹਾਸਿਲ ਕਰਨ ਲਈ ਅਤੇ ਸਿਆਸੀ ਪੌੜ੍ਹੀ ਦੇ ਡੰਡੇ ਨੂੰ ਹੱਥ ਪਾਉਣ ਲਈ ਕਿਸੇ ਨਾ ਕਿਸੇ ਸਿਆਸੀ ਪਰਿਵਾਰ ਦੀ ਦਹਿਲੀਜ਼ ’ਤੇ ਮੱਥਾ ਰਗੜਣਾ ਜ਼ਰੂਰੀ ਹੈ। ਸੂਬਾਈ ਸਿਆਸਤ ਨੂੰ ਸਮਝਣ ਲਈ ਪੰਜਾਬ ਦੇ ਸਿਆਸੀ ਪਰਿਵਾਰਾਂ ਦੀ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ। ਨਾ ਸਿਰਫ ਸਿਆਸੀ ਘਰਾਣਿਆਂ ਦੀ ਜਾਣਕਾਰੀ ਸਗੋਂ ਉਨ੍ਹਾਂ ਦੀਆਂ ਆਪਸੀ ਰਿਸ਼ਤੇਦਾਰੀਆਂ ਦੇ ਜਾਲ ਦਾ ਨਕਸ਼ਾ ਵੀ ਜਾਨਣਾ ਜ਼ਰੂਰੀ ਹੈ। ਪੰਜਾਬ ਦੇ ਸਿਆਸੀ ਪਰਿਵਾਰ ਹੇਠ ਲਿਖੇ ਹਨ-
1. ਕੈਰੋਂ ਪਰਿਵਾਰ- ਜ਼ਿਲ੍ਹਾ ਅੰਮ੍ਰਿਤਸਰ ਦੇ ਕੈਰੋਂ ਪਿੰਡ ਦੇ ਸ. ਪ੍ਰਤਾਪ ਸਿੰਘ ਕੈਰੋਂ ਦਾ ਪਰਿਵਾਰ ਲੰਮੇ ਸਮੇਂ ਤੋਂ ਪੰਜਾਬ ਦੀ ਸਿਆਸਤ ਵਿੱਚ ਆਪਣੀ ਭੂਮਿਕਾ ਨਿਭਾਅ ਰਿਹਾ ਹੈ। ਪ੍ਰਤਾਪ ਸਿੰਘ ਕੈਰੋਂ 21 ਜਨਵਰੀ 1956 ਤੋਂ 23 ਜੂਨ 1964 ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ। ਉਨ੍ਹਾਂ ਦੇ ਦੋਵੇਂ ਪੁੱਤਰ ਸ. ਸੁਰਿੰਦਰ ਸਿੰਘ ਕੈਰੋਂ ਅਤੇ ਸ. ਗੁਰਿੰਦਰ ਸਿੰਘ ਕੈਰੋਂ ਸਿਆਸਤ ਵਿੱਚ ਸਰਗਰਮ ਰਹੇ। ਸ. ਸੁਰਿੰਦਰ ਸਿੰਘ ਕੈਰੋਂ ਦਾ ਪੁੱਤਰ ਆਦੇਸ਼ ਪ੍ਰਤਾਪ ਸਿੰਘ ਸ. ਪ੍ਰਕਾਸ਼ ਸਿੰਘ ਬਾਦਲ ਦਾ ਜਵਾਈ ਹੈ ਅਤੇ ਪੰਜਾਬ ਮੰਤਰੀ ਮੰਡਲ ਵਿੱਚ ਕੈਬਨਿਟ ਰੈਂਕ ਦਾ ਮੰਤਰੀ ਰਿਹਾ ਹੈ। ਸ. ਪ੍ਰਤਾਪ ਸਿੰਘ ਕੈਰੋਂ ਦਾ ਭਰਾਤਾ ਸ. ਜਸਵੰਤ ਸਿੰਘ ਖੱਬੇਪੱਖੀ ਸਿਆਸਤ ਵਿੱਚ ਸਰਗਰਮ ਰਿਹਾ ਹੈ। ਸ. ਜਸਵੰਤ ਸਿੰਘ ਦੀ ਬੇਟੀ ਬੀਬੀ ਗੁਰਬਿੰਦਰ ਕੌਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਹਰਿਆਣਾ ਦੇ ਸਾਬਕਾ ਰਾਜਪਾਲ ਸ. ਹਰਚਰਨ ਸਿੰਘ ਬਰਾੜ ਦੀ ਧਰਮ ਪਤਨੀ ਸੀ।
2. ਬਰਾੜ ਪਰਿਵਾਰ- ਕਾਂਗਰਸ ਪਾਰਟੀ ਨਾਲ ਸਬੰਧਿਤ ਸ. ਹਰਚਰਨ ਸਿੰਘ ਬਰਾੜ 31 ਅਗਸਤ 1995 ਤੋਂ 21 ਨਵੰਬਰ 1996 ਤੱਕ ਪੰਜਾਬ ’ਚ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਰਹੇ। ਸ. ਹਰਚਰਨ ਸਿੰਘ ਬਰਾੜ ਮੁਕਤਸਰ ਸਾਹਿਬ, ਗਿੱਦੜਬਾਹਾ ਅਤੇ ਕੋਟਕਪੁਰਾ ਤੋਂ 5 ਵਾਰ ਐਮਐਲਏ ਬਣੇ। ਹਰਿਆਣਾ ਅਤੇ ਉੜੀਸਾ ਦੇ ਸਾਬਕਾ ਗਵਰਨਰ ਸ. ਬਰਾੜ ਦਾ ਪਰਿਵਾਰ ਪੰਜਾਬ ਦੀ ਸਿਆਸਤ ਵਿੱਚ ਹਮੇਸ਼ਾ ਸਰਗਰਮ ਰਿਹਾ ਹੈ। ਸ. ਪ੍ਰਤਾਪ ਸਿੰਘ ਕੈਰੋਂ ਦੀ ਭਤੀਜੀ ਅਤੇ ਸ. ਹਰਚਰਨ ਸਿੰਘ ਬਰਾੜ ਦੀ ਪਤਨੀ ਬੀਬੀ ਗੁਰਬਿੰਦਰ ਕੌਰ ਵਿਧਾਇਕ ਅਤੇ ਸੰਸਦ ਮੈਂਬਰ ਰਹੀ। ਬੇਟਾ ਕੰਵਰਜੀਤ ਸਿੰਘ ਬਰਾੜ (ਸੰਨੀ ਬਰਾੜ) ਦੋ ਵਾਰ ਵਿਧਾਨ ਸਭਾ ਦਾ ਮੈਂਬਰ ਬਣਿਆ ਹੈ ਅਤੇ ਸੰਨੀ ਬਰਾੜ ਦੀ ਪਤਨੀ ਕਰਨ ਬਰਾੜ ਵੀ ਐਮਐਲਏ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਦਾ ਭਰਾ ਸ. ਮਾਲਵਿੰਦਰ ਸਿੰਘ ਅਤੇ ਸੰਨੀ ਬਰਾੜ ਸਾਢੂ ਹਨ।
ਪੰਜਾਬ ਦੇ ਸਿਆਸੀ ਪਰਿਵਾਰ-1



