ਹਿੰਦੋਸਤਾਨ ਵਿੱਚ ਘੱਟ ਗਿਣਤੀਆਂ ਦੇ ਮਨਾਂ ਵਿੱਚ ਕਈ ਕਿਸਮ ਦੇ ਖਦਸ਼ੇ ਪੈਦਾ ਹੋ ਰਹੇ ਹਨ ਕਿ ਉਨ੍ਹਾਂ ਨੂੰ ਕਈ ਕਿਸਮ ਦੀਆਂ ਲੁਕਵੀਆਂ ਚਾਲਾਂ ਨਾਲ ਗੁੱਠੇ ਲਾਇਆ ਜਾ ਰਿਹਾ ਹੈ। ਭਾਰਤੀ ਜਨਤਾ ਪਾਰਟੀ ਦੇ ਰਾਜ ਵਿੱਚ ਅਜਿਹੀਆਂ ਚਾਲਾਂ ਤੇਜ਼ ਹੋ ਰਹੀਆਂ ਨਜ਼ਰ ਆ ਰਹੀਆਂ ਹਨ। ਇਸ ਦੀ ਤਾਜ਼ਾ ਮਿਸਾਲ ਦਿੱਲੀ ਦੇ ‘ਦਿਆਲ ਸਿੰਘ ਈਵਨਿੰਗ ਕਾਲਜ’ ਦਿੱਲੀ ਦਾ ਨਾਮ ਬਦਲਕੇ ‘ਬੰਦੇ ਮਾਤਰਮ ਮਹਾਂਵਿਦਿਆਲਾ ਰੱਖਣ ਦੀ ਹੈ। ਇਹ ਕਾਲਜ ਰਾਜਾ ਰਾਮ ਮੋਹਨ ਰਾਏ ਦੇ ਉਪਾਸ਼ਕ, ਉਤਰੀ ਭਾਰਤ ਦੇ ਵੱਡੇ ਅਖ਼ਬਾਰ ਟ੍ਰਿਬਿਊਨ ਦੇ ਸੰਸਥਾਪਕ ਅਤੇ ਉਘੇ ਦਾਨੀ ਸ. ਦਿਆਲ ਸਿੰਘ ਮਜੀਠੀਆ ਨੇ ਆਰੰਭ ਕੀਤਾ ਸੀ। ਉਹ ਇੱਕ ਉਘੇ ਰਾਸ਼ਟਰਵਾਦੀ ਸਨ ਜੋ ਭਾਰਤੀਆਂ ਨੂੰ ਸਿੱਖਿਆ ਦੀ ਰੋਸ਼ਨੀ ਨਾਲ ਦੁਨੀਆਂ ਦੇ ਬਰਾਬਰ ਵੇਖਣਾ ਚਾਹੁੰਦੇ ਸਨ। ਉਨ੍ਹਾਂ ਦਾ ਖਿਆਲ ਸੀ ਕਿ ਸਮੇਂ ਦੇ ਹਾਣ ਦਾ ਬਣਨ ਲਈ ਉਚ ਸਿੱਖਿਆ ਲੈਣੀ ਬਹੁਤ ਜ਼ਰੂਰੀ ਹੈ। ਇਸ ਕਾਰਜ ਨੂੰ ਪੂਰਾ ਕਰਨ ਹਿੱਤ ਸਰਦਾਰ ਮਜੀਠਿਆ ਨੇ ਦਿਆਲ ਸਿੰਘ ਐਜੂਕੇਸ਼ਨ ਟਰੱਸਟ ਬਣਾਕੇ ਲੋਕਾਂ ਨੂੰ ਸਿੱਖਿਆ ਦੇਣ ਦਾ ਉਪਰਾਲਾ ਕੀਤਾ ਸੀ ਅਤੇ ਇਸ ਅਧੀਨ ਸਕੂਲ ਅਤੇ ਕਾਲਜ ਆਰੰਭ ਕੀਤੇ। ਇਸ ਐਜੂਕੇਸ਼ਨ ਟਰੱਸਟ ਵੱਲੋਂ ਦਿਆਲ ਸਿੰਘ ਕਾਲਜ ਲਾਹੌਰ, ਦਿਆਲ ਸਿੰਘ ਕਾਲਜ ਦਿੱਲੀ ਅਤੇ ਦਿਆਲ ਸਿੰਘ ਕਾਲਜ ਕਰਨਾਲ ਸਥਾਪਤ ਕੀਤੇ ਗਏ। ਮੈਂ ਆਪਣੀ ਲਾਹੌਰ ਯਾਤਰਾ ਦੌਰਾਨ ਲੋਕਾਂ ਮੂੰਹੋਂ ਦਿਆਲ ਸਿੰਘ ਮੈਮੋਰੀਅਲ ਲਾਇਬ੍ਰੇਰੀ ਦੀ ਪ੍ਰਸੰਸਾ ਸੁਣਕੇ ਮਾਣ ਅਤੇ ਖੁਸ਼ੀ ਦਾ ਅਹਿਸਾਸ ਮਾਣ ਚੁੱਕਾ ਹਾਂ। 1881 ਵਿੱਚ ਸ. ਦਿਆਲ ਸਿੰਘ ਮਜੀਠੀਆ ਨੇ ਲੋਕਾਂ ਨੂੰ ਸਮੇਂ ਦੇ ਨਾਲ ਕਦਮ ਮਿਲਾਉਣ ਦੇ ਯੋਗ ਬਣਾਉਣ ਹਿੱਤ ਟ੍ਰਿਬਿਊਨ ਅਖ਼ਬਾਰ ਸ਼ੁਰੂ ਕੀਤਾ ਸੀ। ਮਜੀਠੀਆ ਸਰਦਾਰ ਬਹੁਤ ਦੂਰਦਰਸ਼ੀ ਅਤੇ ਵੱਡਾ ਕਰਮਯੋਗੀ ਸੀ ਜਿਥੇ ਉਨ੍ਹਾਂ ਕਾਲਜ ਖੋਲ੍ਹੇ ਲਾਇਬ੍ਰੇਰੀਆਂ ਚਲਾਈਆਂ, ਅਖਬਾਰ ਸ਼ੁਰੂ ਕੀਤਾ ਉਥੇ ਉਨ੍ਹਾਂ 1894 ਵਿੱਚ ਪੰਜਾਬ ਨੈਸ਼ਨਲ ਬੈਂਕ ਦੀ ਸਥਾਪਨਾ ਕੀਤੀ। ਉਨ੍ਹਾਂ ਨੇ ਰੀਅਲ ਅਸਟੇਟ ਅਤੇ ਹੀਰਿਆਂ ਦੇ ਵਪਾਰ ਵਿੱਚੋਂ ਕਮਾਏ ਧਨ ਨੂੰ ਲੋਕ ਸੇਵਾ ਹਿੱਤ ਵਰਤਿਆ। ਜਿਥੇ ਉਹ ਆਪਣੇ ਆਖਰੀ ਪਲਾਂ ਤੱਕ ਇੰਡੀਅਨ ਐਸੋਸੀਏਸ਼ਨ ਲਾਹੌਰ ਦੇ ਪ੍ਰਧਾਨ ਰਹੇ ਉਥੇ ਉਹ 30 ਵਰ੍ਹਿਆਂ ਦੀ ਉਮਰ ਵਿੱਚ ਮਾਪਿਆਂ ਦਾ ਵਿਛੋੜਾ ਝੱਲਣ ਦੇ ਬਾਵਜੂਦ ਆਪਣੀ 50 ਵਰ੍ਹਿਆਂ ਦੀ ਛੋਟੀ ਜਿਹੀ ਉਮਰ ਵਿੱਚ ਉਹ ਕਾਰਨਾਮੇ ਕਰ ਵਿਖਾਏ ਕਿ ਜੋ ਅੱਜ ਤੱਕ ਲੋਕ ਉਨ੍ਹਾਂ ਨੂੰ ਪਿਆਰ ਨਾਲ ਯਾਦ ਕਰਦੇ ਹਨ। ਉਹ 1848 ਵਿੱਚ ਜਨਮੇ ਅਤੇ 1898 ਵਿੱਚ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ। ਪ੍ਰੰਤੂ ਇਸ ਛੋਟੀ ਉਮਰ ਵਿੱਚ ਸਮਾਜਿਕ, ਧਾਰਮਿਕ ਅਤੇ ਸਿੱਖਿਆ ਦੇ ਖੇਤਰ ਵਿੱਚ ਪਾਇਆ ਉਨ੍ਹਾਂ ਦਾ ਯੋਗਦਾਨ ਬਹੁਤ ਅਹਿਮ ਹੈ। ਅਜਿਹੇ ਸਰਦਾਰ ਦੇ ਨਾਮ ਉਪਰ ਚੱਲ ਰਹੇ ਕਾਲਜ ਦਾ ਨਾਮ ਬਿਨਾਂ ਕਿਸੇ ਠੋਸ ਕਾਰਨ ਦੇ ਬਦਲ ਦੇਣਾ ਦੇਸ਼ ਵਾਸੀਆਂ ਅਤੇ ਖਾਸ ਤੌਰ ’ਤੇ ਸਿੱਖਾਂ ਦੇ ਮਨਾਂ ਵਿੱਚ ਰੋਸ ਪੈਦਾ ਕਰਦਾ ਹੈ।
ਦਿੱਲੀ ਯੂਨੀਵਰਸਿਟੀ ਦੇ ਦਿਆਲ ਸਿੰਘ ਇਵਨਿੰਗ ਕਾਲਜ ਦਾ ਨਾਮ ਹੁਣ ‘ਬੰਦੇ ਮਾਤਰਮ ਮਹਾਂਵਿਦਿਆਲਾ ਰੱਖ ਦਿੱਤਾ ਗਿਆ ਹੈ ਅਤੇ ਹੁਣ ਇਹ ਸ਼ਾਮ ਦਾ ਕਾਲਜ ਨਹੀਂ ਸਗੋਂ ਸਵੇਰ ਦੇ ਕਾਲਜ ਦੇ ਤੌਰ ’ਤੇ ਚਲੇਗਾ। ਕਾਲਜ ਦੀ ਗਵਰਨਿੰਗ ਬਾਡੀ ਦੇ ਚੇਅਰਮੈਨ ਅਤੇ ਭਾਰਤੀ ਜਨਤਾ ਪਾਰਟੀ ਦੇ ਨੇਤਾ ਅਮਿਤਾਭ ਸਿਨ੍ਹਹਾ ਦੇ ਮੁਤਾਬਿਕ ਗਵਰਨਿੰਗ ਬਾਡੀ ਨੇ ਸਰਬਸੰਮਤੀ ਨਾਲ ਨਾਮ ਬਦਲਣ ਦਾ ਫੈਸਲਾ ਕੀਤਾ ਹੈ। ਇਸ ਫੈਸਲੇ ਨੇ ਵਿਦਿਆਰਥੀਆਂ, ਦਿੱਲੀ ਵਾਸੀਆਂ ਅਤੇ ਖਾਸ ਤੌਰ ’ਤੇ ਸਿੱਖ ਭਾਈਚਾਰੇ ਵਿੱਚ ਰੋਸ ਪੈਦਾ ਕਰ ਦਿੱਤਾ ਹੈ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜ਼ੋਰਦਾਰ ਵਿਰੋਧ ਦਰਜ ਕਰਵਾਇਆ ਗਿਆ ਹੈ। ਕਾਲਜ ਦੇ ਵਿਦਿਆਰਥੀਆਂ ਦੇ ਇਕ ਵੱਡੇ ਧੱੜੇ ਨੇ ਵੀ ਇਸਦਾ ਵਿਰੋਧ ਕੀਤਾ ਹੈ। ‘ਦਿ ਟ੍ਰਿਬਿਊਨ ਐਂਪਲਾਈਜ਼ ਯੂਨੀਅਨ’ ਨੇ ਭਾਰਤੀ ਜਨਤਾ ਪਾਰਟੀ ਦੇ ਅਮਿਤਾਭ ਸਿਨਹਾ ਦੀ ਸਰਪ੍ਰਸਤੀ ਹੇਠ ਕਾਲਜ ਦੀ ਗਵਰਨਿੰਗ ਬਾਡੀ ਦੇ ਵੱਲੋਂ ਪਾਸ ਕੀਤੇ ਨਾਮ ਬਦਲਣ ਵਾਲੇ ਮਤੇ ਦੀ ਨਿਖੇਧੀ ਕੀਤੀ ਹੈ। ਯੂਨੀਅਨ ਦਾ ਕਹਿਣਾ ਹੈ ਕਿ ਸ. ਦਿਆਲ ਸਿੰਘ ਸਿਰਫ ਇਕ ਨਾਂ ਹੀ ਨਹੀਂ ਸਗੋਂ ਸਿੱਖਿਆ ਜ਼ਰੀਏ ਲੋਕਾਂ ਦੀ ਸੇਵਾ ਕਰਨ ਦਾ ਮਹਾਨ ਵਿਚਾਰ ਤੇ ਮਿਸ਼ਨ ਹੈ। ਯੂਨੀਅਨ ਨੇ ਮੰਗ ਕੀਤੀ ਹੈ ਕਿ ਛੇਤੀ ਤੋਂ ਛੇਤੀ ਕਾਲਜ ਦਾ ਨਾਂ ਬਦਲਣ ਦਾ ਫੈਸਲਾ ਵਾਪਸ ਲਿਆ ਜਾਵੇ। ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨਾਲ ਸਬੰਧਤ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਖਾਲਸਾ ਨੇ ਕਾਲਜ ਦਾ ਨਾਮ ‘ਵੰਦੇ ਮਾਤਰਮ ਮਹਾਵਿਦਿਆਲਾ’ ਰੱਖਣ ’ਤੇ ਸਖਤ ਇਤਰਾਜ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਸਰਦਾਰ ਦਿਆਲ ਸਿੰਘ ਦੀ ਦੇਣ ਨੂੰ ਛੁਟਿਆਉਣ ਦੀ ਕੋਝੀ ਚਾਲ ਹੈ ਅਤੇ ਇਸ ਚਾਲ ਨਾਲ ਗਵਰਨਿੰਗ ਬਾਡੀ ਦੇ ਫਿਰਕੂ ਮਨਸੂਬੇ ਜ਼ਾਹਿਰ ਹੁੰਦੇ ਹਨ। ਉਨ੍ਹਾਂ ਕਿਹਾ ਕਿ ਇਹ ਤਬਦੀਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸੇ ਤਰ੍ਹਾਂ ਦੇ ਬਿਆਨ ਦਿੱਲੀ ਦੇ ਸਿੱਖ ਨੇਤਾਵਾਂ ਵੱਲੋਂ ਵੀ ਆ ਰਹੇ ਹਨ ਅਤੇ ਪੰਜਾਬੀ ਮੀਡੀਆ ਵੀ ਇਸ ਮੁੱਦੇ ਨੂੰ ਤਰਜੀਹ ਦੇ ਰਿਹਾ ਹੈ।
ਉਕਤ ਚਰਚਾ ਤੋਂ ਇਕ ਗੱਲ ਸਪੱਸ਼ਟ ਹੁੰਦੀ ਹੈ ਕਿ ਸ. ਦਿਆਲ ਸਿੰਘ ਮਜੀਠੀਆ ਵਰਗੇ ਰੋਸ਼ਨ ਦਿਮਾਗ, ਰਾਸ਼ਟਰਵਾਦੀ, ਦੂਰ-ਦ੍ਰਿਸ਼ਟੀ ਦੇ ਮਾਲਕ, ਆਧੁਨਿਕ ਸਿੱਖਿਆ ਦੇਣ ਲਈ ਸੰਸਥਾਵਾਂ ਦੇ ਸੰਸਥਾਪਕ ਅਤੇ ਦਾਨੀ ਦੇ ਨਾਮ ਨੂੰ ਮਿਟਾਉਣਾ, ਸਿੱਖ ਭਾਈਚਾਰੇ ਦੇ ਜਜ਼ਬਾਤਾਂ ਨੂੰ ਜ਼ਖਮੀਂ ਕਰਨਾ ਹੈ। ਉਂਜ ਵੀ ਕਾਲਜ ਦੀ ਗਵਰਨਿੰਗ ਬਾਡੀ ਦਾ ਇਹ ਕਦਮ ਨਿਯਮਾਂ ਦੇ ਅਤੇ ਨੈਤਕਿਤਾ ਦੇ ਵਿਰੁੱਧ ਹੈ। ਸੱਤਾਧਾਰੀ ਭਾਰਤੀ ਜਨਤਾ ਪਾਰਟੀ ਨੂੰ ਅਜਿਹੇ ਕੰਮਾਂ ਤੋਂ ਗੁਰੇਜ ਕਰਨਾ ਚਾਹੀਦਾ ਹੈ, ਜਿਨ੍ਹਾਂ ਨਾਲ ਘੱਟ ਗਿਣਤੀਆਂ ਦੇ ਮਨਾਂ ਵਿੱਚ ਖਦਸ਼ੇ ਪੈਦਾ ਹੋਣ। ਅਮਿਤਾਭ ਸਿਨਹਾ ਨੂੰ ਚਾਹੀਦਾ ਇਹ ਹੈ ਕਿ ਇਸ ਤੋਂ ਪਹਿਲਾਂ ਕਿ ਇਹ ਵਿਵਾਦ ਹੋਰ ਵਧੇ, ਕਾਲਜ ਦੇ ਨਾਮ ਨੂੰ ਬਦਲਣ ਵਾਲਾ ਫੈਸਲਾ ਰੱਦ ਕਰ ਦੇਣਾ ਚਾਹੀਦਾ ਹੈ।
ਦਿਆਲ ਸਿੰਘ ਕਾਲਜ ਬਨਾਮ ਵੰਦੇ ਮਾਤਰਮ ਮਹਾਂਵਿਦਿਆਲਾ



