ਇਹ ਗੱਲ 1979 ਦੀ ਹੈ। ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੱਤਰਕਾਰੀ ਦੀ ਬੈਚਲੁਰ ਡਿਗਰੀ ਕਰਕੇ ਪੰਜਾਬੀ ਮਾਸਿਕ ਪੱਤਰ ‘ਮੰਚ’ ਆਰੰਭ ਕਰ ਲਿਆ ਸੀ ਅਤੇ ਪੱਤਰਕਾਰੀ ਦੀ ਮਾਸਟਰ ਡਿਗਰੀ ਲਈ ਪੰਜਾਬ ਖੇਤੀਬਾੜੀ ਯੂਨੀਵਰਿਸਟੀ ਵਿੱਚ ਦਾਖਲਾ ਲੈ ਲਿਆ ਸੀ। ਮੰਡੀ ਅਹਿਮਦਗੜ੍ਹ ਇਲਾਕੇ ਲਈ ਮੈਂ ਪੰਜਾਬੀ ਟ੍ਰਿਬਿਊਨ ਦਾ ਪੱਤਰ ਪ੍ਰੇਰਕ ਵੀ ਸੀ। ਮੇਰੀ ਪੰਜਾਬੀ ਯੂਨੀਵਰਸਿਟੀ ਵਿੱਚ ਨੌਕਰੀ ਲੱਗਣ ਤੋਂ ਬਾਅਦ 1985 ਵਿੱਚ ਵਰਿੰਦਰ ਵਾਲੀਆ ਮੇਰੀ ਥਾਂ ’ਤੇ ਆਇਆ ਸੀ ਜੋ ਕਿ ਅੱਜ ਕੱਲ੍ਹ ਪੰਜਾਬੀ ਜਾਗਰਣ ਦਾ ਸੰਪਾਦਕ ਹੈ। ਇਨ੍ਹਾਂ ਦਿਨਾਂ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਭਾਸ਼ਾ, ਸਭਿਆਚਾਰ ਅਤੇ ਪੱਤਰਕਾਰੀ ਵਿਭਾਗ ਵਿੱਚ ਡਾ. ਐਸ.ਐਨ. ਸੇਵਕ, ਡਾ. ਜਗਦੇਵ ਸਿੰਘ ਵਰਗੇ ਅਧਿਆਪਕ ਸਨ ਅਤੇ ਅੰਗਰੇਜ਼ੀ ਦੇ ਪ੍ਰੋ. ਹਜ਼ਾਰਾ ਸਿੰਘ ਵਿਭਾਗ ਦੇ ਮੁਖੀ ਸਨ। ਮੈਨੂੰ ਆਪਣੇ ਪੱਤਰ ਮੰਚ ਲਈ ਰਚਨਾਵਾਂ ਇਨ੍ਹਾਂ ਅਧਿਆਪਕ ਸਾਹਿਬਾਨ ਤੋਂ ਸੌਖਿਆਂ ਹੀ ਮਿਲ ਜਾਂਦੀਆਂ ਸਨ। ‘ਮੰਚ’ ਲਈ ਅਮਰਜੀਤਪਰਾਗ ਜੋ ਪਲਾਲੀ ਨਾਮ ਥੱਲੇ ਵੀ ਲਿਖਦੇ ਸਨ ਅਤੇ ਡਾ. ਆਤਮ ਹਮਰਾਹੀ ਦਾ ਪੂਰਨ ਸਹਿਯੋਗ ਪ੍ਰਾਪਤ ਸੀ। ਉਂਝ, ਇਕ ਮਿਸ਼ਰਤ ਸਾਹਿਤਕ ਪੱਤਰਕਾਰੀ ਵਾਲਾ ਪਰਚਾ ਹੋਣ ਕਾਰਨ ‘ਮੰਚ’ ਲਈ ਤਰ੍ਹਾਂ-ਤਰ੍ਹਾਂ ਦੀਆਂ ਲਿਖਤਾਂ ਮੈਨੂੰ ਡਾਕ ਰਾਹੀਂ ਵੀ ਮਿਲ ਜਾਂਦੀਆਂ ਸਨ ਜਾਂ ਫਿਰ ਨਵੇਂ-ਨਵੇਂ ਬਣੇ ਲਿਖਾਰੀ ਜਾਂ ਲਿਖਾਰੀ ਜਾਂ ਲਿਖਾਰੀ ਬਣਨ ਦੇ ਚਾਹਵਾਨ ਸਿੱਧੇ ਹੀ ‘ਮੰਚ’ ਪ੍ਰੈਸ ਦੇ ਵਿੱਚ ਆ ਧਮਕਦੇ ਸਨ। ਦਹਿਲੀਜ਼ ਰੋਡ ਅਹਿਮਦਗੜ੍ਹ ਵਿਖੇ ‘ਮੰਚ’ ਪਰੈਸ ਜਿੱਥੇ ‘ਮੰਚ’ ਮਾਸਿਕ ਦਾ ਦਫ਼ਤਰ ਵੀ ਸੀ, ਵਿੱਚ ਦੋਸਤਾਂ ਮਿੱਤਰਾਂ ਤੋਂ ਇਲਾਵਾ ਸਿਆਸੀ ਅਤੇ ਸਾਹਿਤਕ ਮੱਸ ਰੱਖਣ ਵਾਲਿਆਂ ਦੀ ਆਵਾਜਾਈ ਲੱਗੀ ਰਹਿੰਦੀ ਸੀ।
‘‘ਮੈਂ ਮਹੇਸ਼ ਬਟਾਲਵੀ ਹਾਂ, (ਨਕਲੀ ਨਾਮ)’ ਮੈਨੂੰ ਸਵਿਤੋਜ ਨੇ ਤੁਹਾਡੇ ਕੋਲ ਭੇਜਿਆ ਹੈ’’ ਇੱਕ ਦਿਨ ਦਫ਼ਤਰ ਵਿੱਚ ਪ੍ਰਵੇਸ਼ ਕਰਦੇ ਸਾਰ ਇਕ ਨੌਜਵਾਨ ਨੇ ਕਿਹਾ।
‘‘ਆਓ ਬੈਠੋ, ਸਵਿਤੋਜ ਤੁਹਾਨੂੰ ਕਿੱਥੇ ਮਿਲ ਗਿਆ? ਮੈਂ ਉਸ ਨੂੰ ਪੁਛਿਆ। ਪੰਜਾਬੀ ਕਵੀ ਸਵਿਤੋਜ ਪੰਜਾਬੀ ਯੂਨੀਵਰਸਿਟੀ ਨਾ ਸਿਰਫ ਮੇਰਾ ਜਮਾਤੀ ਸੀ ਬਲਕਿ ਹੋਸਟਲ ਵਿੱਚ ਵੀ ਅਸੀਂ ਇਕੱਠੇ ਹੀ ਰਹਿੰਦੇ ਸਾਂ। ਗੂੜੀ ਦੋਸਤੀ ਸੀ। ਬੜਾ ਰੰਗੀਲਾ ਬੰਦਾ ਸੀ ਉਹ।
‘‘ਇਹ ਪ੍ਰੋਗਰਾਮ ਤੇ ਮਿਲੇ ਸੀ ਅਤੇ ਆਹ ਚਿੱਠੀ ਵੀ ਭੇਜੀ ਹੈ ਉਨ੍ਹਾਂ ਨੇ’’ ਮਹੇਸ਼ ਨੇ ਕਿਹਾ।
ਮੈਂ ਖੋਲਕੇ ਚਿੱਠੀ ਪੜ੍ਹੀ, ਜਿਸ ਵਿੱਚ ਉਸ ਨੇ ਆਪਣੇ ਹੀ ਅੰਦਾਜ਼ ਵਿੱਚ ਲਿਖਿਆ ਸੀ। ‘‘ਬੋਤਲ ਮੈਂ ਲੈ ਲਈ ਹੈ। ਗਜ਼ਲ ਤੂੰ ਛਾਪ ਦੇਵੀਂ, ਭਾਵੇਂ ਮੈਨੂੰ ਪਤਾ…’’ ਮੈਂ ਚਿੱਠੀ ਪੜ੍ਹਕੇ ਹੱਸਲੋ ਨਾ ਰਹਿ ਸਕਿਆ।
‘‘ਕਿੱਥੇ ਐ ਗਜ਼ਲ’’ ਮੈਂ ਉਸ ਨੌਜਵਾਨ ਨੂੰ ਪੁਛਿਆ। ਉਸ ਨੇ ਇਕ ਦੀ ਬਜਾਏ ਤਿੰਨ ਚਾਰ ਗਜ਼ਲਾਂ ਮੈਨੂੰ ਫੜਾ ਦਿੱਤੀਆਂ। ਭਾਵੇਂ ਕਿ ਮੈਨੂੰ ਗਜ਼ਲ ਦੀ ਪੂਰੀ ਸਮਝ ਨਹੀਂ ਸੀ ਪਰ ਫਿਰ ਵੀ ਮੈਨੂੰ ਇਹ ਗੱਲ ਸਮਝਣ ਵਿੱਚ ਪਲ ਵੀ ਨਹੀਂ ਲੱਗਿਆ ਕਿ ਉਹ ਗਜ਼ਲਾਂ ਇੰਨੀਆਂ ਕੱਚ ਕਰੜ ਸਨ ਕਿ ਛਪਣਯੋਗ ਉਕਾ ਹੀ ਨਹੀਂ ਸਨ। ਸ਼ਾਇਦ ਇਸੇ ਕਰਕੇ ਉਹ ਸਵਿਤੋਜ ਦੀ ਸਿਫਾਰਸ਼ ਲੈ ਕੇ ਆਇਆ ਸੀ। ਮੈਂ ਸੰਪਾਦਕੀ ਜੁਗਤ ਵਰਤਦੇ ਹੋਏ ਇਕ ਗਜ਼ਲ ਨੂੰ ‘ਉਤਰਦੀਆਂ ਕਲਮਾਂ’ ਸਿਰਲੇਖ ਹੇਠ ਛਾਪ ਦਿੱਤਾ। ਉਸ ਤੋਂ ਬਾਅਦ ਵੀ ਮਹੇਸ਼ ਨੇ ਕਈ ਗਜ਼ਲਾਂ ਭੇਜੀਆਂ ਪਰ ਮੈਂ ਛਾਪਣ ਦਾ ਹੀਆ ਨਹੀਂ ਕਰ ਸਕਿਆ।
ਇਕ ਦਿਨ ਯੂਨੀਵਰਸਿਟੀ ਦੇ ਵਿਭਾਗ ਵਿੱਚ ਮੈਂ ਪਾਤਰ ਸਾਹਿਬ ਤੋਂ ਉਨ੍ਹਾਂ ਦੀ ਕੋਈ ਨਵੀਂ ਗਜ਼ਲ ਲੈਣ ਗਿਆ ਤਾਂ ਪਾਤਰ ਸਾਹਿਬ ਨੇ ਆਪਣੀ ਗਜ਼ਲ ਦੇ ਨਾਲ-ਨਾਲ ਇਕ ਗਜ਼ਲ ਮਹੇਸ਼ ਦੀ ਵੀ ਫੜਾ ਦਿੱਤੀ।
‘‘ਹਰਜਿੰਦਰ, ਯਾਰ ਇਹਨੂੰ ਵੀ ਛਾਪ ਦੇਈਂ’’ ਇਉਂ ਉਸ ਦੀ ਦੂਜੀ ਗਜ਼ਲ ‘ਮੰਚ’ ਸ਼ਿੰਗਾਰ ਬਣੀ ਸੀ। ਹੌਲੀ-ਹੌਲੀ ਉਸ ਦਾ ਆਉਣ ਜਾਣ ਵੱਧ ਗਿਆ। ਇਕ ਦਿਨ ਉਹ ਆਪਣੀ ਗਜ਼ਲਾਂ ਪੁਸਤਕਾਂ ਲੈ ਕੇ ਹਾਜ਼ਰ ਹੋ ਗਿਆ ਅਤੇ ਨਾਲ ਹੀ ਉਸ ਗਜ਼ਲ ਸੰਗ੍ਰਹਿ ਦੀ ‘ਘੁੰਡ ਚੁਕਾਈ’ ਦੀ ਰਸਮ ਦਾ ਸੱਦਾ ਪੱਤਰ ਵੀ ਸੀ। ‘ਘੁੰਡ-ਚੁਕਾਈ’ ਸਮਾਰੋਹ ਮਲੌਦ ਦੇ ਸਰਕਾਰੀ ਸਕੂਲ ਵਿੱਚ ਰੱਖਿਆ ਗਿਆ ਸੀ, ਜਿਸ ਦੀ ਪ੍ਰਧਾਨਗੀ ਸੁਰਜੀਤ ਰਾਮਪੁਰੀ ਨੇ ਕਰਨੀ ਸੀ।
ਨਿਸ਼ਚਿਤ ਦਿਨ ਪ੍ਰੋ. ਅਮਰਜੀਤ ਪਰਾਗ ਅਤੇ ਮੈਂ ਸਮੇਂ ਸਿਰ ਸਮਾਗਮ ਵਾਲੇ ਸਥਾਨ ’ਤੇ ਪਹੁੰਚ ਗਏ। ਸਾਡੇ ਜਾਂਦਿਆਂ ਨੂੰ ਸੁਰਜੀਤ ਰਾਮਪੁਰੀ, ਕਰਤਾਰ ਸਿੰਘ ਪੰਛੀ ਅਤੇ ਸੱਜਣ ਗਰੇਵਾਲ ਆਦਿ 25-30 ਲੇਖਕ ਅਤੇ ਮਹੇਸ਼ ਦੇ ਦੋਸਤ, ਮਿੱਤਰ ਅਤੇ ਰਿਸ਼ਤੇਦਾਰ ਉਥੇ ਬੈਠੇ ਗੱਪ-ਸ਼ੱਪ ਮਾਰ ਰਹੇ ਸਨ। ਚਾਹ, ਬਰਫੀ ਅਤੇ ਬਰੈਡ ਪਕੌੜਿਆਂ ਦਾ ਲੰਗਰ ਚੱਲ ਰਿਹਾ ਸੀ। ਚਾਹ ਤੋਂ ਬਾਅਦ ਸਟੇਜ ਦੀ ਕਾਰਵਾਈ ਸ਼ੁਰੂ ਹੋਈ। ਸਭ ਤੋਂ ਪਹਿਲਾਂ ਗਜ਼ਲ ਸੰਗ੍ਰਹਿ ਰਿਲੀਜ਼ ਕੀਤਾ ਗਿਆ ਅਤੇ ਫੋਟੋਆਂ ਖਿਚਵਾਈਆਂ ਗਈਆਂ। ਉਸ ਤੋਂ ਬਾਅਦ ਮਹੇਸ਼ ਦੀ ਕਿਤਾਬ ਅਤੇ ਉਸ ਦੀ ਲੇਖਣੀ ਬਾਰੇ ਭਾਸ਼ਣ ਸ਼ੁਰੂ ਹੋਏ। ਸਮਾਗਮ ਦਾ ਪ੍ਰਧਾਨ ਸੁਰਜੀਤ ਰਾਮਪੁਰੀ ਉਠਿਆ ਅਤੇ ਕਹਿਣਾ ਲੱਗਾ।’’
‘‘ਮੈਨੂੰ ਮਹੇਸ਼ ਦੀ ਕਿਤਾਬ ਜਾਰੀ ਕਰਕੇ ਬਹੁਤ ਖੁਸ਼ੀ ਹੋਈ ਹੈ, ਇਸ ਨੇ ਤਾਂ ਮੈਨੂੰ ਆਪਣੀ ਜਵਾਨੀ ਦੇ ਦਿਨ ਯਾਦ ਕਰਵਾ ਦਿੱਤੇ ਹਨ। ਮੈਂ ਵੀ ਇਸੇ ਉਮਰ ਵਿੱਚ ਲਿਖਣਾ ਸ਼ੁਰੂ ਕੀਤਾ ਸੀ। ਜ਼ਰਾ ਤੁਸੀਂ ਵੀ ਸੁਣੋ : ‘‘ਮੈਂ ਦਰਦ ਕਹਾਣੀ ਰਾਵਾਂ ਦੀ, ਮੈਨੂੰ ਕੋਈ ਸਵੇਰਾ ਕੀ ਜਾਣੇ।’’
ਮੈਂ ਰਾਮਪੁਰੀ ਦੀ ਅਦਾ ’ਤੇ ਅਸ਼-ਅਸ਼ ਕਰ ਉਠਿਆ, ਨਾ ਉਸ ਨੇ ਝੂਠ ਬੋਲਿਆ, ਨਾ ਹੀ ਕੋਈ ਐਸੀ ਗੱਲ ਕੀਤੀ, ਜਿਸ ਨਾਲ ਮਹੇਸ਼ ਵਰਗੇ ਨਵੇਂ ਗਜ਼ਲਗੋ ਦਾ ਦਿਲ ਦੁਖਦਾ। ਰਾਮਪੁਰੀ ਤੋਂ ਅਮਰਜੀਤ ਪਰਾਗ ਦਾ ਨਾਮ ਬੋਲਿਆ ਗਿਆ। ਅਮਰਜੀਤ ਨੇ ਹਮੇਸ਼ਾਂ ਹੀ ਤਰ੍ਹਾਂ ਪ੍ਰਸੰਸਾ ਦੇ ਅਜਿਹੇ ਪੁਲ ਬੰਨ੍ਹੇ ਕਿ ਮਹੇਸ਼ ਬਾਗੋ ਬਾਗ ਹੋ ਗਿਆ। ਇਉਂ ਵਾਰੀ-ਵਾਰੀ ਸਾਰੇ ਬੁਲਾਰੇ ਆਪਣੀ-ਆਪਣੀ ਅਮਰਜੀਤ ਪਰਾਗ ਅਤੇ ਹੋਰ ਦੋ ਚਾਰ ਮਿੱਤਰਾਂ ਲਈ ਰਾਤ ਦੀ ਮਹਿਫਲ ਦਾ ਪ੍ਰਬੰਧ ਕਰਕੇ ਮਹੇਸ਼ ਚਲਾ ਗਿਆ।
ਇਧਰ-ਉਧਰ ਦੀਆਂ ਗੱਲਾਂ ਤੋਂ ਬਾਅਦ ਮਹਿਫਲ ਜਦੋਂ ਦੂਜੇ ਤੀਜੇ ਦੌਰ ਵਿੱਚ ਦਾਖਲ ਹੋਈ ਤਾਂ ਸਮਾਗਮ ਦੀ ਗੱਲ ਚੱਲ ਪਈ। ਨਵੇਂ ਲੇਖਕਾਂ ਬਾਰੇ ਚਰਚਾ ਹੋਣ ਲੱਗੀ। ਕੋਈ ਕਹਿ ਰਿਹਾ ਸੀ ਕਿ ਨਵੇਂ ਲੇਖਕ ਬਿਨਾਂ ਮਿਹਨਤ ਤੋਂ ਸਥਾਪਤ ਹੋਣੇ ਚਾਹੁੰਦੇ ਹਨ। ਇੱਕ ਦਾ ਵਿਚਾਰ ਸੀ ਪੈਸੇ ਖਰਚ ਕੇ ਅਤੇ ਸਮਾਗਮ ਕਰਕੇ ਵੀ ਕੋਈ ਸ਼ਾਇਰ ਬਣਿਆ ਐ ਭਲਾ।
‘‘ਸ਼ਾਇਰ ਬਣੇ ਜਾਂ ਨਾ ਬਣੇ ਅਸੀਂ ਤਾਂ ਪੰਜਾਬ ਅਤੇ ਪੰਜਾਬੀ ਮਾਂ ਦੀ ਸੇਵਾ ਕਰਨ ਆਏ ਹਾਂ’’ ਪਰਾਗ ਨੇ ਬਿਆਨ ਦਾਗਿਆ।
‘‘ਆਹ, ਪੰਜਾਬੀ ਮਾਂ ਦੀ ਸੇਵਾ ਕਰ ਰਹੇ ਹੈ। ਕਿਤਾਬ ਤੁਸੀਂ ਪੜ੍ਹੀ ਨੀ, ਦੱਬ ਕੇ ਤੁਸੀਂ ਪ੍ਰਸੰਸਾ ਕੀਤੀ। ਤੁਹਾਨੂੰ ਪਤਾ ਵੀ ਐ ਉਹ ਕਿਸ ਤਰ੍ਹਾਂ ਦਾ ਲਿਖਦੈ।’’ ਫਿਰ ਤੁਸੀਂ ਕਹਿ ਰਹੇ ਹੋ ਕਿ ਅਸੀਂ ਪੰਜਾਬੀ ਮਾਂ ਦੀ ਸੇਵਾ ਕਰ ਰਹੇ ਹਾਂ।’’ ਰਾਮਪੁਰੀ ਜਾਂ ਤਾਂ ਪਰਾਗ ਵੱਲੋਂ ਮਹੇਸ਼ ਦੀ ਕੀਤੀ ਪ੍ਰਸੰਸਾ ’ਤੇ ਦੁਖੀ ਸੀ ਜਾਂ ਥੋੜ੍ਹਾ ਸਰੂਰ ਵਿੱਚ ਆ ਗਿਆ ਸੀ ਪਰ ਉਸ ਦਾ ਲਹਿਜ਼ਾ ਸਖਤ ਤੇ ਵਿਅੰਗਮਈ ਜ਼ਰੂਰ ਹੋ ਗਿਆ ਸੀ।
‘‘ਜਿਥੋਂ ਤੱਕ ਤਾਂ ਬਿਨਾਂ ਕਿਤਾਬ ਪੜ੍ਹੇ ਪ੍ਰਸੰਸਾ ਕਰਨ ਦਾ ਸਵਾਲ ਹੈ, ਉਸ ਦਾ ਜਵਾਬ ਤਾਂ ਰਾਮਪੁਰੀ ਸਾਹਿਬ ਇਹ ਹੈ ਕਿ ਨੰਦਾਂ (ਅਨੰਦ ਕਾਰਜ) ’ਤੇ ਬੈਠੀ ਬੀਬੀ ਨੂੰ ਸਿੱਖਿਆ ਦੇਣ ਲਈ ਜ਼ਰੂਰੀ ਨਹੀਂ ਹੁੰਦਾ ਕਿ ਉਸ ਦੇ ਸੁਭਾਅ ਜਾਂ ਆਦਤਾਂ ਬਾਰੇ ਪੂਰੀ ਜਾਣਕਾਰੀ ਹਾਸਲ ਕੀਤੀ ਜਾਵੇ। ਉਸ ਨੂੰ ਤਾਂ ਇਹੀ ਕਹਿਣਾ ਹੁੰਦਾ ਹੈ ਕਿ ਭਾਈ ਤੂੰ ਪਤੀ ਦਾ ਕਹਿਣਾ ਮੰਨੀ ਅਤੇ ਵੱਡਿਆਂ ਦਾ ਸਤਿਕਾਰ ਕਰੀਂ। ਮੈਂ ਵੀ ਇਹੀ ਕਿਹਾ ਕਿ ਭਾਈ ਆਪਣੀਆਂ ਲਿਖਤਾਂ ਵਿੱਚ ਲੋਕਾਂ ਦੇ ਦੁਖਾਂ ਦਰਦਾਂ ਦੀ ਗੱਲ ਕਰੀਂ। ਭਲਾ ਹਿ ਗੱਲ ਕਹਿਣ ਲਈ ਕਿਤਾਬ ਪੜ੍ਹਨ ਦੀ ਕੀ ਲੋੜ ਸੀ?’’ ਪਰਾਗ ਨੇ ਆਪਣਾ ਤਰਕ ਪੇਸ਼ ਕੀਤਾ।
‘‘ਹਾਂ, ਜਿਥੋਂ ਤੱਕ ਪੰਜਾਬੀ ਮਾਂ ਦੀ ਸੇਵਾ ਦੀ ਗੱਲ ਹੈ, ਉਸ ਬਾਰੇ ਮੇਰੀ ਦਲੀਲ ਹੈ ਕਿ ਮੰਨਿਆ ਕਿ ਇਸ ਨੂੰ ਲਿਖਣਾ ਨਹੀਂ ਆਉਂਦਾ, ਪਰ ਅੱਜ ਦੇ ਮਾਹੌਲ ਵਿੱਚ ਇਕ ਹਿੰਦੂਆਂ ਦਾ ਮੁੰਡਾ ਪੰਜਾਬੀ ਵਿੱਚ ਲਿਖ ਰਿਹੈ। ਦੂਜਾ ਇਸ ਕੋਲ ਪੈਸੇ ਐ। ਤੀਜਾ, ਇਸ ਕੋਲ ਵਕਤ ਵੀ ਹੈ ਅਤੇ ਤਾਕਤ ਵੀ। ਹੁਣ ਇਹ ਆਪਣੀਆਂ ਸਾਰੀਆਂ ਖੂਬੀਆਂ ਪੰਜਾਬੀ ਵਿੱਚ ਲਿਖਣ ’ਤੇ ਲਾ ਰਿਹੈ। ਕੰਪੋਜ਼ਟਰ ਨੇ ਕਿਤਾਬ ਕੰਪੋਜ਼ ਕੀਤੀ। ਛਾਪਣ ਵਾਲੇ ਨੇ ਛਾਪੀ। ਬਾਈਂਡਰ ਨੇ ਜਿਲਦ ਬੰਨ੍ਹੀ। ਕਿੰਨੇ ਬੰਦਿਆਂ ਨੂੰ ਰੁਜ਼ਗਾਰ ਮਿਲਿਆ। ਜੇ ਇਸ ਪਾਸੇ ਨਾ ਲੱਗਿਆ ਹੁੰਦਾ ਤਾਂ ਹੋ ਸਕਦਾ ਸੀ ਇਹ ਹਿੰਦੂ ਸੁਰਖਿਆ ਸੰਮਤੀ ਦਾ ਮੈਂਬਰ ਹੁੰਦਾ। ਇਹੀ ਪੈਸਾ ਫਿਜ਼ੂਲ ਗੱਲਾਂ ’ਤੇ ਖਰਚਦਾ ਹੈ। ਅੱਗ ਵਿੱਚ ਝੁੱਲਸ ਰਹੇ ਪੰਜਾਬ ਵਿੱਚ ਹੋਰ ਲਾਂਬੂ ਲਾਉਂਦਾ। ਜੇ ਸਾਡੀ ਥੋੜ੍ਹੀ ਜਿਹੀ ਪ੍ਰਸ਼ੰਸਾ ਨਾਲ ਉਹ ਲਿਖਣ ਪਾਸੇ ਪਿਆ ਹੋਇਐ ਤਾਂ ਚੰਗਾ ਹੀ ਹੈ। ਕਿਉਂ, ਇਉਂ ਕਰਕੇ ਅਸੀਂ ਪੰਜਾਬੀ ਮਾਂ ਦੀ ਸੇਵਾ ਨਹੀਂ ਕਰ ਰਹੇ?’’ ਪਰਾਗ ਦੀ ਇਹ ਦਲੀਲ ਸੁਣਕੇ ਸੁਰਜੀਤ ਰਾਮਪੁਰੀ ਅਤੇ ਹੋਰ ਸਾਥੀ ਉਚੀ-ਉਚੀ ਹੱਸਣ ਲੱਗੇ ਅਤੇ ਮਹਿਫਲ ਦਾ ਰੰਗ ਹੋਰ ਵੀ ਰੰਗੀਨ ਹੋ ਗਿਆ।
ਪੰਜਾਬੀ ਮਾਂ ਦੀ ਸੇਵਾ ਦਾ ਅੰਦਾਜ਼-ਏ-ਪਰਾਗ



