ਦੋ ਖ਼ਬਰਾਂ ਤੁਹਾਡੇ ਧਿਆਨ ਦੀ ਮੰਗ ਕਰਦੀਆਂ ਹਨ। ਦੋਵੇਂ ਖਬਰਾਂ ਬੱਚਿਆਂ ਨਾਲ ਸਬੰਧਤ ਹਨ। ਕਿਸ਼ੋਰ ਉਮਰ ਦੇ ਸਕੂਲ ਜਾਣ ਵਾਲੇ ਬੱਚਿਆਂ ਨਾਲ। ਪਹਿਲੀ ਖਬਰ ਤਾਂ ਰਿਆਨ ਇੰਟਰਨੈਸ਼ਨਲ ਸਕੂਲ ਗੁੜਗਾਓਂ ਦੇ ਸੱਤ ਸਾਲਾ ਬੱਚੇ ਪ੍ਰਦੁਯਮਨ ਦੇ ਕਤਲ ਨਾਲ ਸਬੰਧਤ ਹੈ। ਪਾਠਕਾਂ ਦੇ ਚੇਤੇ ਹੋਏਗਾ ਕਿ ਇਸੇ ਵਰ੍ਹੇ 8 ਸਤੰਬਰ ਨੂੰ ਸਕੂਲ ਦੇ ਪਖਾਨੇ ਵਿੱਚ ਪ੍ਰਦੁਯਮਨ ਦੀ ਲਾਸ਼ ਮਿਲੀ ਸੀ। ਉਸ ਦਾ ਗਲਾ ਵੱਢਿਆ ਗਿਆ ਸੀ। ਮੁੱਢਲੀ ਜਾਂਚ ਦੌਰਾਨ ਪੁਲਿਸ ਨੇ ਸਕੂਲ ਬਸ ਦੇ ਕੰਡਕਟਰ ਨੂੰ ਦੋਸ਼ੀ ਮੰਨਿਆ ਸੀ ਅਤੇ ਗ੍ਰਿਫਤਾਰ ਕਰ ਲਿਆ ਸੀ। ਸ਼ੁਰੂ ਦੀ ਜਾਂਚ ਵਿੱਚ ਇਸ ਨੂੰ ਜਿਨਸੀ ਸ਼ੋਸ਼ਣ ਨਾਲ ਜੋੜਕੇ ਵੇਖਿਆ ਗਿਆ ਸੀ। ਇਸ ਕੇਸ ਨੇ ਮੀਡੀਆ ਵਿੱਚ ਬਹੁਤ ਥਾਂ ਅਤੇ ਟਾਇਮ ਲਿਆ ਸੀ। ਬੱਚਿਆਂ ਦੇ ਮਾਪਿਆਂ ਦੀ ਮੰਗ ’ਤੇ ਇਸ ਕੇਸ ਨੂੰ ਸੀਬੀਆਈ ਨੂੰ ਸੌਂਪ ਦਿੱਤਾ ਗਿਆ ਸੀ। ਹੁਣ ਇਸ ਕੇਸ ਵਿੱਚ ਇਕ ਹੋਰ ਮੋੜ ਆ ਗਿਆ ਹੈ। ਪੜਤਾਲ ਤੋਂ ਬਾਅਦ ਇਸੇ ਸਕੂਲ ਦੇ 16 ਸਾਲਾ ਵਿਦਿਆਰਥੀ ਨੂੰ ਪ੍ਰਦੁਯਮਨ ਦੇ ਕਤਲ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਸੀਬੀਆਈ ਨੇ ਬਾਲ ਅਦਾਲਤ ਨੂੰ ਦੱਸਿਆ ਕਿ ਇਸ ਵਿਦਿਆਰਥੀ ਨੇ ਆਪਣੇ ਪਿਤਾ ਤੇ ਇਕ ਗਵਾਹ ਸਾਹਮਣੇ ਆਪਣੇ ਜੁਰਮ ਦਾ ਇਕਬਾਲ ਕੀਤਾ ਹੈ। ਇਸ ਵਿਦਿਆਰਥੀ ਨੂੰ ਕਿੰਗਜ਼ਵੇਅ ਕੈਂਪ ਵਿੱਚ ਸੇਵਾ ਕੁਟੀਰ ਵਿੱਚ ਰੱਖਿਆ ਗਿਆ ਹੈ। ਦੂਜੀ ਖਬਰ ਐਸ ਡੀ. ਵਿਦਿਆ ਸਕੂਲ ਅੰਬਾਲਾ ਕੈਂਟ ਨਾਲ ਸਬੰਧਤ ਹੈ। ਇਥੇ ਹੋਈ ਇਕ ਵਾਰਦਾਤ ਵਿੱਚ 9ਵੀਂ ਜਮਾਤ ਦੇ ਇਕ ਵਿਦਿਆਰਥੀ ਨੇ 12ਵੀਂ ਦੇ ਇਕ ਵਿਦਿਆਰਥੀ ਨੂੰ ਚਾਕੂਆਂ ਨਾਲ ਬੁਰੀ ਤਰੀਕੇ ਨਾਲ ਜ਼ਖਮੀ ਕਰ ਦਿੱਤਾ। ਇਹ ਦੋਨੋਂ ਵਿਦਿਆਰਥੀ ਅਕਸਰ ਇਕੱਠੇ ਹੀ ਫੁਟਬਾਲ ਖੇਡਦੇ ਸਨ। ਚਾਕੂ ਮਾਰਨ ਵਾਲੇ ਵਿਦਿਆਰਥੀ ਨੂੰ ਜਦੋਂ ਪੁਛਿਆ ਕਿ ਤੂੰ ਇਹ ਕਾਰਾ ਕਿਉਂ ਕੀਤਾ ਤਾਂ ਉਸ ਦਾ ਜਵਾਬ ਸੀ ਕਿ ਮੈਨੂੰ ਪਤਾ ਹੀ ਨਹੀਂ ਲੱਗਾ ਕਿ ਉਸ ਨੇ ਕਿਉਂ ਹਮਲਾ ਕੀਤਾ ਹੈ। ਉਸ ਨੇ ਇਹ ਵੀ ਕਿਹਾ ਕਿ ਮੇਰਾ ਸੀਨੀਅਰ ਵਿਦਿਆਰਥੀ ਨਾਲ ਕੋਈ ਗੁੱਸਾ ਗਿੱਲਾ ਨਹੀਂ। ਸਕੂਲ ਅਧਿਕਾਰੀਆਂ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਲਿਆ ਗਿਆ ਹੈ ਅਤੇ 15 ਵੀਰ੍ਹਿਆਂ ਦਾ ਬੱਚਾ ਹੁਣ ਸਲਾਖਾਂ ਪਿੱਛੇ ਹੈ।
ਇਹ ਦੋਵੇਂ ਖ਼ਬਰਾਂ ਤਾਂ ਸਿਰਫ ਉਦਾਹਰਣਾਂ ਹਨ। ਇਹ ਦਰਸਾਉਣ ਲਈ ਕਾਫ਼ੀ ਹਨ ਕਿ ਸਾਡਾ ਬਚਪਨ ਕਿੱਧਰ ਨੂੰ ਤੁਰ ਪਿਆ ਹੈ। ਸੜਕ ’ਤੇ ਐਕਸੀਡੈਂਟ ਹੋ ਗਿਆ। ਦੋ ਬੱਚੇ ਜ਼ਖਮਾਂ ਨਾਲ ਕੁਰਲਾ ਰਹੇ ਹਨ। ਦੂਸਰੇ ਬੱਚੇ ਥੋੜ੍ਹੀ ਦੂਰ ਖੇਡਣ ਵਿੱਚ ਮਗਨ ਹਨ। ਉਨ੍ਹਾਂ ’ਤੇ ਕੋਈ ਅਸਰ ਨਜ਼ਰ ਨਹੀਂ ਆਉਂਦਾ। ਮੇਰਾ ਇਕ ਸਾਥੀ ਮੈਨੂੰ ਪੁੱਛ ਰਿਹਾ ਹੈ ਕਿ ‘ਯਾਰ ਅੱਜ ਕੱਲ੍ਹ ਦੇ ਬੱਚੇ ਤਾਂ ਅਸੰਵੇਦਨਸ਼ੀਲ ਹੋ ਰਹੇ ਹਨ ਕੀ ਕਾਰਨ ਹੈ?
‘‘ਇਸ ਮੀਡੀਆ ਦੇ ਯੁੱਗ ਵਿੱਚ ਬੱਚਾ ਜਦੋਂ ਤੱਕ 18 ਵਰ੍ਹਿਆਂ ਦਾ ਹੁੰਦਾ ਹੈ, ਉਹ ਲੱਗਪਗ ਵੀਹ ਹਜ਼ਾਰ ਤੋਂ ਵੱਧ ਮੌਤਾਂ ਵੇਖ ਚੁੱਕਾ ਹੁੰਦਾ ਹੈ ਟੀਵੀ ਜਾਂ ਫਿਲਮਾਂ ਵਿੱਚ। ਜਿਸ ਉਮਰ ਤੋਂ ਉਹ ਟੀਵੀ ਅਤੇ ਹੋਰ ਸੰਚਾਰ ਸਾਧਨਾਂ ’ਤੇ ਹੋ ਰਹੇ ਕਤਲ ਅਤੇ ਐਕਸੀਡੈਂਟ ਵੇਖਣਾ ਸ਼ੁਰੂ ਕਰਦਾ ਹੈ, ਉਸ ਉਮਰ ਵਿੱਚ ਉਸ ਨੂੰ ਅਸਲ ਤੇ ਨਕਲ ਦਾ ਤਾਂ ਫਰਕ ਵੀ ਨਹੀਂ ਪਤਾ ਹੁੰਦਾ। ਸੋ, ਉਸ ਦੀ ਸੰਵੇਦਨਸ਼ੀਲਤਾ ਨੂੰ ਕਤਲ ਕਰਨ ਵਿੱਚ ਅਸੀਂ ਸਾਰੇ ਜ਼ਿੰਮੇਵਾਰ ਹਾਂ। ਮਾਪੇ, ਮੀਡੀਆ ਅਤੇ ਸਾਰਾ ਸਮਾਜ।’’ ਇਕ ਵਕਤ ਸੀ, ਅਸੀਂ ਕਦੇ-ਕਦੇ ਅਖ਼ਬਾਰਾਂ ਵਿੱਚ ਜਾਂ ਟੀਵੀ ’ਤੇ ਇਕ ਅਜਿਹੀ ਖ਼ਬਰ ਤੋਂ ਜਾਣੂ ਹੁੰਦੇ ਸਾਂ। ਅਮਰੀਕਾ ਵਿੱਚ ਇਕ ਬੱਚੇ ਨੇ ਆਟੋਮੈਟਿਕ ਗਨ ਨਾਲ ਅੰਨੇਵਾਹ ਗੋਲੀਆਂ ਚਲਾਕੇ 10 ਬੇਕਸੂਰ ਲੋਕਾਂ ਨੂੰ ਮਾਰ ਦਿੱਤਾ। ਹੁਣ ਇਹ ਸਭ ਕੁੱਝ ਸਾਡੇ ਵੀ ਵਾਪਰਨ ਲੱਗਾ ਹੈ। ਇਕ ਗੈਂਗਸਟਰ ਨੇ ਇਕ ਟੀਵੀ ਇੰਟਰਵਿਊ ਵਿੱਚ ਦੱਸਿਆ ਕਿ ਬਹੁਤ ਸਾਰੇ ਬੱਚੇ ਇਸ ਕਾਰਨ ਗੈਂਗਸਟਰ ਬਣਨਾ ਚਾਹੁੰਦੇ ਹਨ, ਤਾਂ ਕਿ ਉਨ੍ਹਾਂ ਦੀ ਫੋਟੋ ਅਖ਼ਬਾਰਾਂ ਵਿੱਚ ਆਵੇ। ਉਨ੍ਹਾਂ ਦਾ ਨਾਮ ਹੋਵੇ। ਸ਼ੋਹਰਤ ਮਿਲੇ।
ਸੱਚਮੁੱਚ ਹੀ ਸਾਡੇ ਸਮਾਜ ਨੂੰ ਇਸ ਪਾਸੇ ਬਹੁਤ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ। ਸਾਡੇ ਬੱਚੇ ਜਿਸ ਪਾਸੇ ਨੂੰ ਤੂਰ ਰਹੇ ਹਨ ਉਹ ਰਾਹ ਹਨੇਰਿਆਂ ਨਾਲ ਭਰੇ ਪਏ ਹਨ। ਉਨ੍ਹਾਂ ਨੂੰ ਰਾਹ ਦਰਸਾਉਣ ਦੀ ਲੋੜ ਹੈ। ਅਧਿਆਪਕਾਂ ਅਤੇ ਮਾਪਿਆਂ ਨੂੰ ਆਪਣੀ ਜ਼ਿੰਮੇਵਾਰੀ ਨੂੰ ਹੋਰ ਗੰਭੀਰਤਾ ਨਾਲ ਲੈਣਾ ਪਵੇਗਾ। ਮਾਪਿਆਂ ਨੂੰ ਪੈਸੇ ਅਤੇ ਸ਼ੋਹਰਤ ਦੀ ਦੋੜ ਵਿੱਚੋਂ ਵਕਤ ਕੱਢਕੇ ਬੱਚਿਆਂ ਨੂੰ ਟਾਇਮ ਦੇਣਾ ਚਾਹੀਦਾ ਹੈ। ਬੱਚਿਆਂ ਦੇ ਦੋਸਤ ਬਣਕੇ ਉਨ੍ਹਾਂ ਦੇ ਮਨਾਂ ਨੂੰ ਪੜ੍ਹਣ ਦੀ ਲੋੜ ਹੁੰਦੀ ਹੈ। ਉਨ੍ਹਾਂ ਨੂੰ ਪ੍ਰੇਰਕੇ ਚੰਗੇ ਨਾਗਰਿਕ ਬਣਾਉਣਾ ਸਾਡਾ ਫਰਜ਼ ਹੈ। ਘਰ ਵਿੱਚ ਸ਼ਾਂਤੀ ਭਰਿਆ ਮਾਹੌਲ ਵੀ ਜ਼ਰੂਰੀ ਹੁੰਦਾ ਹੈ। ਜਿੱਥੇ ਪਤੀ-ਪਤਨੀ ਵਿੱਚ ਝਗੜਾ ਰਹਿੰਦਾ ਹੋਵੇ ਉਥੇ ਬੱਚਿਆਂ ਦੀ ਜ਼ਿੰਦਗੀ ’ਤੇ ਮਾੜਾ ਅਸਰ ਪੈਣਾ ਲਾਜ਼ਮੀ ਹੁੰਦਾ ਹੈ। ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਬੱਚੇ ਸਾਡੇ ਰਾਹੀਂ ਇਸ ਦੁਨੀਆਂ ਵਿੱਚ ਆਏ ਹਨ ਅਤੇ ਉਨ੍ਹਾਂ ਨੂੰ ਚੰਗੀ ਜੀਵਨ ਜਾਚ ਦੇਣਾ ਸਾਡਾ ਫਰਜ਼ ਹੈ।
ਇਹ ਬਚਪਨ ਕਿੱਧਰ ਨੂੰ ਤੁਰ ਪਿਆ



