Skip to content
Independent perspectives. Global stories.
BREAKING

‘ਆਪ’ ਦੀ ਆਪਾਧਾਪੀ

Share this story

ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਅਤੇ ਆਪ ਨੇਤਾ ਸ. ਸੁਖਪਾਲ ਸਿੰਘ ਖਹਿਰਾ ਨੂੰ ਫਾਜਿਲਕਾ ਦੀ ਇਕ ਅਦਾਲਤ ਵੱਲੋਂ ਸੰਮਨ ਜਾਰੀ ਹੋਣ ਪਿੱਛੋਂ ਆਮ ਆਦਮੀ ਪਾਰਟੀ ਦੀ ਸਿਆਸੀ ਸਥਿਤੀ ਹੋਰ ਨਾਜ਼ੁਕ ਹੋ ਗਈ ਹੈ। ਪਾਰਟੀ ਪਹਿਲਾਂ ਹੀ ਸਿਆਸੀ ਪ੍ਰਪੱਕਤਾ ਦਾ ਪ੍ਰਗਟਾਵਾ ਨਹੀਂ ਕਰ ਰਹੀ ਸੀ ਪ੍ਰੰਤੂ ਇਸ ਮਾਮਲੇ ਨੇ ਤਾਂ ਪਾਰਟੀ ਦਾ ਇਕ ਹੋਰ ਕਰੂਪ ਚੇਹਰਾ ਸਾਹਮਣੇ ਲੈ ਆਂਦਾ ਹੈ। ਪਾਰਟੀ ਕਈ ਖੇਮਿਆਂ ਵਿੱਚ ਵੰਡੀ ਹੋਈ ਪ੍ਰਤੀਤ ਹੋ ਰਹੀ ਹੈ। ਪੰਜਾਬ ਇਕਾਈ ਵਿੱਚ ਆਪਾਧਾਪੀ ਦਾ ਮਾਹੌਲ ਬਹੁਤ ਹੀ ਹਾਸੋ-ਹੀਣੀ ਸਥਿਤੀ ਬਣਾ ਰਿਹਾ ਹੈ। ‘ਆਪ’ ਦੇ ਸਾਰੇ ਪ੍ਰਮੁੱਖ ਨੇਤਾ ਆਪਣੀ-ਆਪਣੀ ਡੱਫਲੀ ਵਜਾ ਰਹੇ ਹਨ। ਇਸ ਸਥਿਤੀ ਵਿੱਚ ‘ਆਪ’ ਦੇ ਸਿਆਸੀ ਭਵਿੱਖ ’ਤੇ ਪ੍ਰਸ਼ਨ ਚਿੰਨ੍ਹ ਲੱਗਣੇ ਸੁਭਾਵਿਕ ਹਨ। ਪਾਰਟੀਆਂ ਦੀਆਂ ਮੁਸ਼ਕਿਲਾਂ ਲਗਾਤਾਰ ਵੱਧ ਰਹੀਆਂ ਹਨ। ਡਰੱਗ ਦੇ ਕੇਸ ਵਿੱਚ ਸ. ਖਹਿਰਾ ਨੂੰ ਸੰਮਨ ਜਾਰੀ ਹੋਣ ਨਾਲ ਤਾਂ ਪਾਰਟੀ ਨਵੇਂ ਸਵਾਲਾਂ ਵਿੱਚ ਘਿਰ ਗਈ ਹੈ। ਬੇਸ਼ੱਕ ਪੰਜਾਬ-ਹਰਿਆਣਾ ਹਾਈਕੋਰਟ ਨੇ ਸ. ਖਹਿਰਾ ਨੂੰ ਰਾਹਤ ਦਿੱਤੀ ਹੈ ਅਤੇ ਉਨ੍ਹਾਂ ਖਿਲਾਫ ਜਾਰੀ ਹੋਏ ਸੰਮਨਾਂ ’ਤੇ ਫਿਲਹਾਲ ਰੋਕ ਲੱਗ ਗਈ ਹੈ ਪ੍ਰੰਤੂ ਇਹ ਮਾਮਲਾ ਸਿਆਸੀ ਤੌਰ ’ਤੇ ਹੋਰ ਲੰਬਾ ਖਿੱਚੇ ਜਾਣ ਦੇ ਆਸਾਰ ਹਨ। ਵਿਰੋਧੀ ਸਿਆਸੀ ਧਿਰਾਂ ਦੇ ਨਾਲ-ਨਾਲ ‘ਆਪ’ ਅੰਦਰੋਂ ਵੀ ਸ. ਖਹਿਰਾ ਦੇ ਅਸਤੀਫੇ ਦੀ ਮੰਗ ਲਗਾਤਾਰ ਜ਼ੋਰ ਫੜਦੀ ਜਾ ਰਹੀ ਹੈ। ‘ਆਪ’ ਪੰਜਾਬ ਦੇ ਵੱਡੀ ਗਿਣਤੀ ਵਿੱਚ ਨੇਤਾ ਅਤੇ ਵਿਧਾਇਕ ਇਹ ਚਾਹੁੰਦੇ ਹਨ ਕਿ ਸ. ਖਹਿਰਾ ਨੈਤਿਕਤਾ ਦੇ ਆਧਾਰ ’ਤੇ ਆਪਣੇ ਅਹੁਦੇ ਤੋਂ ਅਸਤੀਫਾ ਦੇਣ। ਸ. ਖਹਿਰਾ ਅਤੇ ਉਨ੍ਹਾਂ ਸਮਰੱਥਕਾਂ ਦਾ ਤਰਕ ਹੈ ਕਿ ਸਤਾ ਧਿਰ ਵਲੋਂ ਰਾਜਨੀਤਕ ਰੰਜਿਸ਼ ਕਾਰਨ ਉਨ੍ਹਾਂ ਨੂੰ ਡਰੱਗ ਮਾਮਲੇ ਵਿਚ ਉਲਝਾਉਣ ਦੇ ਯਤਨ ਕੀਤੇ ਜਾ ਰਹੇ ਹਨ ਕਿਉਂਕਿ ਖਹਿਰਾ ਲਗਾਤਾਰ ਉਨ੍ਹਾਂ ਦੇ ਭ੍ਰਿਸ਼ਟਾਚਾਰ ਨੂੰ ਉਜਾਗਰ ਕਰ ਰਹੇ ਹਨ। ‘ਆਪ’ ਦੀ ਤਲਵੰਡੀ ਸਾਬੋ ਤੋਂ ਵਿਧਾਇਕਾ ਬੀਬੀ ਬਲਜਿੰਦਰ ਕੌਰ ਅਤੇ ਕੋਟਕਪੁਰਾ ਤੋਂ ਵਿਧਾਇਕ ਸ. ਕੁਲਤਾਰ ਸਿੰਘ ਸੰਧਵਾਂ ਵੱਲੋਂ ਸ. ਖਹਿਰਾ ਤੋਂ ਕੀਤੀ ਗਈ ਅਸਤੀਫੇ ਦੀ ਮੰਗ ਇਹ ਦਰਸਾਅ ਰਹੀ ਹੈ ਕਿ ਪਾਰਟੀ ਅੰਦਰ ਸਭ ਅੱਛਾ ਨਹੀਂ ਹੈ। ਚਿੰਤਾ ਵਾਲੀ ਗੱਲ ਇਹ ਹੈ ਕਿ ਪਾਰਟੀ ਸਿਧਾਂਤਕ ਮੁੱਦਿਆਂ ਉਪਰ ਵੰਡੀ ਹੋਈ ਹੈ ਅਤੇ ਸਾਰੇ ਨੇਤਾ ਆਪਣੇ-ਆਪਣੇ ਢੰਗ ਨਾਲ ਸੋਚ ਰਹੇ ਹਨ। ਪਾਰਟੀ ਅਨੁਸਾਸ਼ਨ ਦੇ ਪੱਖ ਤੋਂ ਵੀ ਇਹ ਬੇਹੱਦ ਗੰਭੀਰ ਮਸਲਾ ਹੈ। ਆਮ ਆਦਮੀ ਪਾਰਟੀ ਦੀ ਹੋਂਦ ਨੂੰ ਪੰਜਾਬ ਵਿੱਚ ਬਣਾਈ ਰੱਖਣ ਲਈ ਇਸ ਸਬੰਧ ਵਿੱਚ ਪਾਰਟੀ ਲੀਡਰਸ਼ਿਪ ਨੂੰ ਤੁਰੰਤ ਸੋਚਣ ਦੀ ਜ਼ਰੂਰਤ ਹੈ। ਮੌਜੂਦਾ ਹਾਲਾਤਾਂ ਵਿੱਚ ਪਾਰਟੀ ਲਈ ਸਿਆਸੀ ਤੌਰ ’ਤੇ ਅੱਗੇ ਵੱਧਣ ਦੇ ਮੌਕੇ ਬਹੁਤ ਸੀਮਿਤ ਹਨ।
– ਬਲਜੀਤ ਸਿੰਘ ਬਰਾੜ

WRITTEN BY