Skip to content
Independent perspectives. Global stories.
BREAKING

ਮਾਲੀ ਸੰਕਟ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਕੀਤਾ ਹੱਥਲ

Share this story

ਇਕ ਪ੍ਰਸਿੱਧ ਅਖਾਣ ਹੈ ਡੁੱਬੀ ਤਾਂ ਜੇ ਸਾਹ ਨਾ ਆਇਆ। ਇਹ ਕੈਪਟਨ ਅਮਰਿੰਦਰ ਸਿੰਘ ਸਰਕਾਰ ਉਤੇ ਪਹਿਲੇ ਦਿਨੋ ਹੀ ਢੁੱਕਦਾ ਹੈ। ਸੱਤ ਮਹੀਨਿਆਂ ਤੋਂ ਵੀ ਵੱਧ ਸਮਾਂ ਹੋ ਗਿਆ ਸਰਕਾਰ ਨੂੰ ਬਣਿਆਂ। ਪੱਲੇ ਧੇਲਾ ਨਹੀਂ। ਇਸ ਲਈ ਸਰਕਾਰ ਦੇ ਛੋਟੇ ਛੋਟੇ ਕੰਮ ਤਾਂ ਰਿੜ੍ਹ ਖਿੜ੍ਹ ਕੇ ਚਲ ਹੀ ਰਹੇ ਹਨ। ਚੋਣਾਂ ਤੋਂ ਪਹਿਲਾਂ ਅਤੇ ਪਿਛੋਂ ਵੀ ਇਸ ਨੇ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ ਸਹੀ ਮਾਅਨਿਆਂ ਵਿਚ ਓੁਨ੍ਹਾਂ ਵਿਚੋਂ ਪੂਰਾ ਇਕ ਵੀ ਨਹੀਂ ਹੋ ਸਕਿਆ। ਵੱਡੀ ਵਜ੍ਹਾ ਹੈ ਕਿ ਖਜ਼ਾਨਾ ਬਿਲਕੁਲ ਖਾਲੀ ਹੈ। ਪਹਿਲੇ ਬਜਟ ਵਿਚ ਵੀ ਇਸ ਨੇ ਕੋਈ ਟੈਕਸ ਨਹੀਂ ਲਾਇਆ। ਦੂਜੇ ਸ਼ਬਦਾਂ ਵਿਚ ਸਰਕਾਰ ਨੇ ਫਿਲਹਾਲ ਠੀਕ ਤਰ੍ਹਾਂ ਅੰਦਰੂਨੀ ਮਾਲੀ ਸੋਮਿਆਂ ਦਾ ਕੋਈ ਪ੍ਰਬੰਧ ਨਹੀਂ ਕੀਤਾ। ਨਾ ਹੀ ਹੋ ਸਕਿਆ। ਕੇਂਦਰ ਵੀ ਬਹੁਤਾ ਹੱਥ ਪੱਲਾ ਨਹੀਂ ਫੜਾ ਰਿਹਾ। ਮੁਲਾਜ਼ਮਾਂ ਨੂੰ ਹਰ ਮਹੀਨੇ ਤਨਖਾਹ ਦੇ ਲਾਲੇ ਖੜੇ ਹੋ ਜਾਂਦੇ ਹਨ। ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਖੁਦ ਕਿਹਾ ਹੋਇਆ ਹੈ ਕਿ ਅਗਲੇ ਮਹੀਨੇ ਦੀਆਂ ਤਨਖਾਹਾਂ ਲਈ ਵੀ ਪ੍ਰਬੰਧ ਕਰਨਾ ਪਵੇਗਾ। ਹਾਲਤ ਪਿਛਲੇ ਮਹੀਨਿਆਂ ਵਿਚ ਵੀ ਇਹੀਓ ਰਹੀ ਹੈ। ਪੰਜਾਬ ਦੇ ਮੁਲਾਜ਼ਮਾਂ ਨੂੰ ਕਹਿ ਦਿਤਾ ਗਿਆ ਹੈ ਕਿ ਸਰਕਾਰ ਦਾ ਹੱਥ ਤੰਗ ਹੋਣ ਕਰਕੇ ਓੁਨ੍ਹਾਂ ਨੂੰ ਫਿਲਹਾਲ ਮਹਿੰਗਾਈ ਭੱਤਾ ਦੀ ਕਿਸ਼ਤ ਵੀ ਨਹੀਂ ਮਿਲ ਸਕੇਗੀ। ਇਸ ਨੇ ਸਰਕਾਰੀ ਮੁਲਾਜ਼ਮਾਂ ਵਿਚ ਵੀ ਗੁੱਸਾ ਭਰ ਦਿਤਾ ਹੈ ਕਿਉਂਕਿ ਸੂਬੇ ਦੀ ਹਰ ਸਰਕਾਰ ਘੱਟੋ-ਘੱਟ ਦਿਵਾਲੀ ਸਮੇਂ ਮੁਲਾਜ਼ਮਾਂ ਨੂੰ ਕੋਈ ਨਾ ਕੋਈ ਤੋਹਫਾ ਜ਼ਰੂਰ ਦਿੰਦੀ ਰਹੀ ਹੈ। ਸੰਭਾਵਨਾ ਹੈ ਕਿ ਓੁਹ ਕਿਤੇ ਹੜਤਾਲ ਦੀ ਲਾਮਬੰਦੀ ਨਾ ਕਰ ਲੈਣ।
ਬਿਨ੍ਹਾ ਸ਼ੱਕ ਕੈਪਟਨ ਸਰਕਾਰ ਮਾਲੀ ਸੰਕਟ ਪੱਖੋਂ ਵੱਡੀ ਕਸੂਤੀ ਵਿਚ ਫਸੀ ਹੋਈ ਹੈ। ਉਸਦੇ ਤਾਂ ਸ਼ਾਇਦ ਕਿਤੇ ਚਿੱਤ ਚੇਤੇ ਵੀ ਨਹੀਂ ਸੀ ਕਿ ਗੱਦੀ ਓੁਹਦੇ ਲਈ ਪੈਂਦੀ ਸੱਟੇ ਸੂਲਾਂ ਦੀ ਸੇਜ ਬਣਨ ਲੱਗ ਜਾਵੇਗੀ। ਲਗਦੈ ਓੁਹਨੂੰ ਇਹ ਸੀ ਕਿ ਪਹਿਲੀ ਸਰਕਾਰ ਵੀ ਚੰਗਾ ਕੰਮ ਚਲਾਈ ਜਾ ਰਹੀ ਹੈ ਭਾਵੇਂ ਓੁਸਨੇ ਸੂਬੇ ਸਿਰ ਦੋ ਲੱਖ ਕਰੋੜ ਦਾ ਕਰਜ਼ਾ ਖੜਾ ਕਰ ਦਿਤਾ ਹੈ। ਹੁਣ ਜਦੋਂ ਇਨ੍ਹਾਂ ਪ੍ਰਸਥਿਤੀਆਂ ਦਾ ਸਹੀ ਅਰਥਾਂ ਵਿਚ ਸਾਹਮਣਾ ਕਰਨਾ ਪਿਆ ਹੈ ਤਾਂ ਸੱਚਮੁੱਚ ਬਹੁਤ ਔਖਾ ਹੋ ਗਿਆ ਹੈ। ਪੰਜਾਬ ਦਾ ਹਰ ਛੋਟਾ ਵੱਡਾ ਆਗੂ, ਓੁਹ ਭਾਵੇਂ ਕਿਸੇ ਵੀ ਪਾਰਟੀ ਦਾ ਹੈ ਓੁਹ ਕਹਿਣ ਲੱਗਾ ਹੈ ਕਿ ਮਾਲੀ ਸੰਕਟ ਨੇ ਸਰਕਾਰ ਦੇ ਬੁਰੀ ਤਰ੍ਹਾਂ ਹੱਥ ਬੰਨੇ ਹੋਏ ਹਨ। ਇਹ ਕਹਿਣ ਵਿਚ ਖੁਦ ਕਾਂਗਰਸੀ ਆਗੂ ਵੀ ਪਿਛੇ ਨਹੀਂ। ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਅਤੇ ਪਿਛਲੀ ਦਸ ਵਰਿਆਂ ਦੀ ਬਾਦਲ ਸਰਕਾਰ ਨੂੰ ਚਲਾਓੁਣ ਵਾਲਾ ਸੁਖਬੀਰ ਸਿੰਘ ਬਾਦਲ ਤਾਂ ਹਿੱਕ ਠੋਕ ਕੇ ਕਹਿਣ ਲੱਗਾ ਹੈ ਕਿ ਕੈਪਟਨ ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨੋਂ ਭੱਜ ਰਹੀ ਹੈ। ਸਾਫ ਹੈ ਕਿ ਇਸ਼ਾਰਾ ਉਸ ਦਾ ਕੈਪਟਨ ਵਲੋਂ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਵਲ ਹੈ।
ਓੁਂਜ ਇਸ ਦੇਸ਼ ਦੀ ਸਿਆਸਤ ਦਾ ਬਾਬਾ ਆਦਮ ਬੜਾ ਨਿਰਾਲਾ ਹੈ। ਜਦੋਂ ਵੀ ਲੋਕ ਸਭਾ ਜਾਂ ਵਿਧਾਨ ਸਭਾ ਚੋਣਾਂ ਹੁੰਦੀਆਂ ਹਨ ਤਾਂ ਚੋਣ ਪਿੱੜ੍ਹ ਵਿਚ ਉਤਰਨ ਵਾਲੀਆਂ ਸਭ ਸਿਆਸੀ ਪਾਰਟੀਆਂ ਵੋਟਰਾਂ ਨਾਲ ਵੱਡੇ ਵੱਡੇ ਲੋਕ ਲਭਾਊ ਵਾਅਦੇ ਕਰਨ ਲੱਗ ਜਾਂਦੀਆਂ ਹਨ। ਇਨ੍ਹਾਂ ਵਾਅਦਿਆਂ ਦਾ ਮਤਲਬ ਇਹ ਹੈ ਕਿ ਓੁਨ੍ਹਾਂ ਦੀ ਪਾਰਟੀ ਦੀ ਸਰਕਾਰ ਬਣਨ ਪਿਛੋਂ ਇਹ ਸਭ ਵਾਅਦੇ ਇਕ ਇਕ ਕਰਕੇ ਪੂਰੇ ਕੀਤੇ ਜਾਣਗੇ। ਚੋਣਾਂ ਪਿਛੋਂ ਅਤੇ ਸਰਕਾਰ ਬਣਨ ਤੋਂ ਬਾਅਦ ਹੁੰਦਾ ਕੀ ਹੈ ਕਿ ਓੁਹ ਸਰਕਾਰ ਸਭ ਵਾਅਦੇ-ਦਾਅਵੇ ਭੁਲ ਭੁਲਾ ਜਾਂਦੀ ਹੈ ਅਤੇ ਆਪਣੀ ਲੋੜ ਮੁਤਾਬਕ ਕੰਮ ਕਰਨ ਲੱਗਦੀ ਹੈ। ਯਾਨੀ ਬਹੁਤਾ ਕਰਕੇ ਇਹ ਵਾਅਦੇ ਪੂਰੇ ਨਹੀਂ ਕੀਤੇ ਜਾਂਦੇ। ਇਸੇ ਲਈ ਅਕਸਰ ਕਿਹਾ ਵੀ ਇਹ ਜਾਂਦਾ ਹੈ ਕਿ ਸਿਆਸੀ ਪਾਰਟੀਆਂ ਚੋਣਾਂ ਸਮੇਂ ਲੋਕਾਂ ਨਾਲ ਇਹੋ ਜਿਹੇ ਛੋੱਟੇ ਵੱਡੇ ਵਾਅਦੇ ਕਰਕੇ ਓੁਨ੍ਹਾਂ ਨੂੰ ਮੂਰਖ ਬਣਾ ਕੇ ਚੋਣ ਜਿੱਤ ਦੀਆਂ ਹਨ। ਫਿਰ ਤੂੰ ਕੌਣ, ਮੈਂ ਕੌਣ? ਵੋਟਰ ਹੱਥ ਮਲਦਾ ਰਹਿ ਜਾਂਦਾ ਹੈ। ਸ਼ਾਇਦ ਇਸ ਲਈ ਪਿਛਲੇ ਕੁਝ ਵਰ੍ਹਿਆਂ ਤੋਂ ਇਹ ਮੰਗ ਓੁਠਣ ਲੱਗੀ ਹੈ ਕਿ ਹਰ ਪਾਰਟੀ ਦੇ ਦਸਤਾਵੇਜ਼ ਨੂੰ ਕਾਨੂੰਨੀ ਮਾਨਤਾ ਦਿਤੀ ਜਾਵੇ ਅਤੇ ਇਸ ਦੀ ਬਕਾਇਦਾ ਰਜਿਸਸ਼ਟਰੇਸ਼ਨ ਹੋ ਜਾਵੇ ਤਾਂ ਕਿ ਓੁਸ ਪਾਰਟੀ ਦੀ ਸਰਕਾਰ ਬਣਨ ਪਿਛੋਂ ਉਸ ਉਤੇ ਇਹ ਪੂਰਾ ਪੂਰਾ ਦਬਾਅ ਹੋਵੇ ਕਿ ਓੁਹ ਹਰੇਕ ਵਾਅਦੇ ਨੂੰ ਹਰਫ ਬਾਹਰਫ ਪੂਰਾ ਕਰੇ। ਚੋਣ ਕਮਿਸ਼ਨ ਨੇ ਵੀ ਥੋੜੀ ਜਿਹੀ ਚਾਰਾਜੋਈ ਕੀਤੀ ਹੈ। ਹਾਲ ਦੀ ਘੜੀ ਓੁਹਦੀ ਚਾਲ ਨਹੀਂ ਚਲੀ। ਇਸ ਲਈ ਸਿਆਸੀ ਪਾਰਟੀਆਂ ਚੋਣਾਂ ਸਮੇਂ ਲੋਕਾਂ ਨਾਲ ਅਸਮਾਨੀ ਵਾਅਦੇ ਕਰਕੇ ਖੁੱਲ੍ਹ ਲੈ ਲੈਂਦੀਆਂ ਹਨ । ਚੋਣਾਂ ਪਿਛੋਂ ਸਭ ਕੁਝ ਭੁਲ ਭੁਲਾ ਦਿਤਾ ਜਾਂਦਾ ਹੈ।
ਐਨ ਇਸੇ ਚੌਖਟੇ ਨੂੰ ਸਾਹਮਣੇ ਰੱਖਕੇ ਜੇ ਵੇਖੀਏ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਵੀ ਐਤਕੀ ਇਹੀਓ ਹੱਥਕੰਡਾ ਅਪਨਾਇਆ। ਹਾਲਾਂਕਿ ਓੁਨ੍ਹਾਂ ਦੀ ਪਿਛਲੀ ਸਰਕਾਰ ਦੀ ਕਾਰਗੁਜ਼ਾਰੀ ਦੇ ਮੱਦੇਨਜ਼ਰ ਓੁਨ੍ਹਾਂ ਨੂੰ ਵਚਨਾ ਦਾ ਪੱਕਾ ਅਤੇ ਲੋਕਾਂ ਨਾਲ ਓਹੀਓ ਵਾਅਦਾ ਕਰਨ ਵਾਲਾ ਮੰਨਿਆ ਗਿਆ ਸੀ ਕਿ ਓੁਹ ਓੁਹੀਓ ਕੁਝ ਕਹਿੰਦੇ ਹਨ ਜੋ ਕਰ ਸਕਦੇ ਹਨ। ਝੂਠੀ ਗੱਲ ਦੇ ਨੇੜੇ ਵੀ ਨਹੀਂ ਲੱਗਦੇ। ਫਿਰ ਸੋਚਣ ਵਾਲੀ ਗੱਲ ਹੈ ਕਿ ਐਤਕੀ ਕੀ ਹੋਇਆ? ਐਤਕੀ ਓੁਨ੍ਹਾਂ ਨੇ ਓਹ ਵਾਅਦੇ ਕਿਓੁਂ ਕਰ ਲਏ ਜਿਹੜੇ ਓੁਹ ਕਹਿੰਦੇ ਤਾਂ ਸਨ ਕਿ ਇਕ ਮਹੀਨੇ ਦੇ ਵਿਚ ਵਿਚ ਪੂਰੇ ਹੋ ਜਾਣਗੇ, ਹੁਣ ਸੱਤ ਮਹੀਨੇ ਲੰਘ ਜਾਣ ਦੇ ਬਾਵਜੂਦ ਕੋਈ ਪਤਾ ਨਹੀਂ ਕਿ ਕਦੋ ਪੂਰੇ ਹੋਣ? ਓੁਨ੍ਹਾਂ ਨੇ ਚੋਣਾ ਸਮੇਂ ਲੋਕਾਂ ਨਾਲ ਕਰੀਬ ਇਹੋ ਜਿਹਾ ਸਵਾ ਸੌ ਵਾਅਦਾ ਕੀਤਾ ਜੋ ਕਾਂਗਰਸ ਪਾਰਟੀ ਦੇ ਮੈਨੀਫੈਸਟੋ ਵਿਚ ਦਰਜ ਹੈ। ਇਨ੍ਹਾਂ ਵਿਚੋਂ ਬਹੁਤਿਆਂ ਨੂੰ ਸਿਰਫ ਵਧੇਰੇ ਚਰਚਿਤ ਕਰਨ ਦੀ ਥਾਂ ਤਿੰਨ ਚਾਰ ਦਾ ਹੀ ਜ਼ਿਕਰ ਕਰਾਂਗੇ। ਇਨ੍ਹਾਂ ਵਿਚੋ ਪਹਿਲਾ ਕਿਸਾਨਾਂ ਦੇ ਕਰਜ਼ੇ ਮਾਫ ਕਰਨਾ, ਹਰ ਘਰ ਵਿਚ ਇਕ ਨੌਕਰੀ, 50 ਲੱਖ ਯੁਵਕਾਂ ਨੂੰ ਮੋਬਾਇਲ ਫੋਨ ਅਤੇ ਨਸ਼ੇ ਦਾ ਖਾਤਮਾ। ਦਿਲਚਸਪ ਗੱਲ ਇਹ ਸੀ ਕਿ ਇਨ੍ਹਾਂ ਵਾਅਦਿਆਂ ਦੀ ਪੂਰਤੀ ਲਈ ਵੋਟਰਾਂ ਕੋਲੋਂ ਇਕ ਮਹੀਨੇ ਦਾ ਸਮਾਂ ਮੰਗਿਆ ਗਿਆ ਸੀ। ਇਕ ਮਹੀਨਾ ਕੀ ਹੁਣ ਤਾਂ ਸਰਕਾਰ ਬਣਿਆ ਨੂੰ ਸੱਤ ਮਹੀਨਿਆਂ ਤੋਂ ਵੀ ਵੱਧ ਸਮਾਂ ਹੋ ਗਿਆ ਹੈ ਅਤੇ ਇਨ੍ਹਾਂ ਵਾਅਦਿਆਂ ਦੀ ਪੂਰਤੀ ਦਾ ਅਜੇ ਕੋਈ ਥੁਹ ਪਤਾ ਨਹੀਂ। ਨਸ਼ਿਆਂ ਦੀ ਜੇ ਗੱਲ ਨਾ ਵੀ ਕਰੀਏ ਤਾਂ ਮੋਬਾਇਲ ਫੋਨਾਂ ਅਤੇ ਹਰੇਕ ਘਰ ਨੂੰ ਇਕ ਨੌਕਰੀ ਵਾਲਾ ਮਸਲਾ ਅਜੇ ਤਕ ਫਾਈਲਾਂ ਵਿਚ ਹੀ ਰਿੜ੍ਰਦਾ ਪਿਆ ਹੈ।
ਹਾਂ, ਸਵਾਲ ਜਿਥੋਂ ਤੱਕ ਕਿਸਾਨਾਂ ਦੇ ਕਰਜ਼ੇ ਮਾਫ ਕਰਨ ਦਾ ਹੈ, ਇਸ ਵਿਚ ਇਹ ਦੱਸ ਦੇਈਏ ਕਿ ਪੰਜਾਬ ਦੇ ਕਿਸਾਨਾਂ ਸਿਰ ਅੱਜ ਦੇ ਦਿਨ ਨੱਬੇ ਹਜ਼ਾਰ ਕਰੋੜ ਦਾ ਕਰਜ਼ਾ ਖੜਾ ਹੈ। ਕੈਪਟਨ ਸਰਕਾਰ ਨੇ ਕੀ ਕੀਤਾ? ਸਾਰਾ ਕਰਜ਼ਾ ਮਾਫ ਕਰਨ ਦੀ ਥਾਂ ਪੰਜਾਬ ਦੇ ਸਾਢੇ 10 ਲੱਖ ਛੋਟੇ ਕਿਸਾਨਾਂ ਦਾ 2-2 ਲੱਖ ਦਾ ਕਰਜ਼ਾ ਮਾਫ ਕਰਨ ਦਾ ਐਲਾਨ ਕੀਤਾ ਹੈ। ਪੰਜਾਬ ਦੇ ਬਜਟ ਵਿਚ ਫਿਲਹਾਲ ਇਸ ਲਈ 9500 ਕਰੋੜ ਦੀ ਰਕਮ ਰੱਖੀ ਗਈ ਹੈ। ਇਹ ਦੋ ਲੱਖ ਵੀ ਓੁਨ੍ਹਾਂ ਦੇ ਖਾਤੇ ਵਿਚ ਕਦੋਂ ਜਾਵੇਗਾ, ਫਿਲਹਾਲ ਕੁਝ ਨਹੀਂ ਕਿਹਾ ਜਾ ਸਕਦਾ। ਟਿਪਣੀ ਦੀ ਕੋਈ ਕੋਈ ਲੋੜ ਨਹੀਂ। ਤੁਸੀਂ ਖੁਦ ਸੋਚ ਲਓ ਕਿ ਨੱਬੇ ਹਜ਼ਾਰ ਕਰੋੜ ਮਾਫ ਕਰਨ ਦੀ ਥਾਂ ਫਿਲਹਾਲ 9500 ਕਰੋੜ ਹੀ ਮਾਫ ਹੋਇਆ ਹੈ ਅਤੇ ਇਹ ਵੀ ਅਜੇ ਸਰਕਾਰੀ ਫਾਈਲਾਂ ਵਿਚ ਲਟਕਿਆ ਪਿਆ ਹੈ। ਇਸ ਸਭ ਕੁਝ ਦੇ ਦੌਰਾਨ ਭਾਵੇਂ ਕਾਂਗਰਸ ਨੇ ਗੁਰਦਾਸਪੁਰ ਲੋਕ ਸਭਾ ਦੀ ਜ਼ਿਮਨੀ ਚੋਣ ਜਿੱਤ ਲਈ ਹੈ। ਆਰਥਿਕ ਪੱਖੋਂ ਕੈਪਟਨ ਸਰਕਾਰ ਦੇ ਪੈਰ ਕਦੋਂ ਲੱਗ ਸਕੱਣਗੇ ਇਸ ਬਾਰੇ ਫਿਲਹਾਲ ਕੁਝ ਕਹਿਣਾ ਠੀਕ ਨਹੀਂ ਹੋਵੇਗਾ। ਓੁਹ ਇਸ ਲਈ ਕਿ ਸਰਕਾਰ ਵਿਚ ਸਿਆਸਤ ਨਾਲੋਂ ਅਫਸਰਸ਼ਾਹੀ ਵਧੇਰੇ ਭਾਰੀ ਹੈ ਅਤੇ ਸਾਫ ਸੁਥਰੇ ਪ੍ਰਸ਼ਾਸਨ ਪੱਖੋਂ ਕਾਰਗੁਜ਼ਾਰੀ ਵੀ ਲੋਕਾਂ ਨੂੰ ਰੜਕਣ ਲੱਗ ਪਈ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਸੰਭਾਂਲਣ ਦੀ ਲੋੜ ਹੈ।

WRITTEN BY