Skip to content
Independent perspectives. Global stories.
BREAKING

ਵਰਲਡ ਸਿਖ ਪਾਰਲੀਮੈਂਟ ਦੀ ਸਥਾਪਨਾ

Share this story

ਦੁਨੀਆਂ ਭਰ ਵਿੱਚ ਵੱਸੇ ਸਿੱਖਾਂ ਦੀ ਸਿਆਸੀ ਨੁਮਾਇੰਦਗੀ ਲਈ ਛੇਤੀ ਹੀ ਵਰਲਡ ਸਿਖ ਪਾਰਲੀਮੈਂਟ ਦੀ ਸਥਾਪਨਾ ਹੋਣ ਜਾ ਰਹੀ ਹੈ। ਸਿੱਖ ਭਾਈਚਾਰੇ ਵੱਲੋਂ ਸਿਆਸੀ ਖੇਤਰ ਵਿੱਚ ਨਵੀਂ ਸ਼ੁਰੂਆਤ ਲਈ ਇਹ ਇਕ ਵੱਡੀ ਪਹਿਲ ਕਦਮੀ ਹੋਵੇਗੀ। ਇਸ ਨਾਲ ਜਿੱਥੇ ਸਿੱਖ ਸਿਆਸਤ ਬਦਲੇਗੀ ਉਥੇ ਦੁਨੀਆਂ ਭਰ ਵਿੱਚ ਸਿੱਖ ਇਕ ਨਵੀਂ ਸਿਆਸੀ ਪਹਿਚਾਣ ਨਾਲ ਸਾਹਮਣੇ ਆਉਣਗੇ। ਇਹ ਸਥਿਤੀ ਲਾਜ਼ਮੀ ਤੌਰ ’ਤੇ ਸਿਆਸੀ ਖੇਤਰ ਵਿੱਚ ਸਥਾਪਿਤ ਸ਼੍ਰੋਮਣੀ ਅਕਾਲੀ ਦਲ ਲਈ ਇਕ ਵੱਡੀ ਚੁਣੌਤੀ ਹੋਵੇਗੀ। ਇਹ ਸਮਝਿਆ ਜਾ ਰਿਹਾ ਹੈ ਕਿ ਵਰਲਡ ਸਿਖ ਪਾਰਲੀਮੈਂਟ ਨਾਲ ਨਵੀਂ ਸਿੱਖ ਲੀਡਰਸ਼ਿਪ ਉਭਰੇਗੀ। ਇਸ ਸਮੇਂ ਸਿੱਖ ਭਾਈਚਾਰਾ ਡੂੰਘੇ ਸੰਕਟ ਵਿੱਚ ਘਿਰਿਆ ਹੋਇਆ ਹੈ। ਸ਼੍ਰੋਮਣੀ ਅਕਾਲੀ ਦਲ ਭਾਵੇਂ ਸਿੱਖ ਭਾਈਚਾਰੇ ਦੀ ਸਿਆਸੀ, ਧਾਰਮਿਕ ਅਤੇ ਸਮਾਜਿਕ ਅਗਵਾਈ ਲਈ ਕਾਇਮ ਕੀਤਾ ਗਿਆ ਸੀ ਪ੍ਰੰਤੂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਵਿੱਚ ਤਬਦੀਲ ਕਰ ਦਿੱਤਾ ਗਿਆ। ਮੋਗਾ ਕਾਨਫਰੰਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਸਿੱਖ ਭਾਈਚਾਰੇ ਦੇ ਮਸਲਿਆਂ ਉਪਰ ਪਹਿਲਾਂ ਦੀ ਤਰ੍ਹਾਂ ਸਰਗਰਮੀ ਕਰਨੀ ਬੰਦ ਕਰ ਦਿੱਤੀ। ਕਈ ਮੌਕਿਆਂ ’ਤੇ ਤਾਂ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਨੂੰ ਦਰਪੇਸ਼ ਮਸਲਿਆਂ ਬਾਰੇ ਇਕ ਦੂਰੀ ਬਣਾ ਕੇ ਵੀ ਰੱਖਦਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਪਿਛਲੇ 10 ਸਾਲ ਪੰਜਾਬ ਵਿੱਚ ਰਾਜ ਕੀਤਾ ਪ੍ਰੰਤੂ ਸਿੱਖ ਮਸਲਿਆਂ ਪ੍ਰਤੀ ਬੇਰੁੱਖੀ ਅਪਣਾਈ ਰੱਖੀ। ਸ਼ਾਇਦ ਅਜਿਹੇ ਹਾਲਾਤਾਂ ਵਿੱਚ ਹੀ ਸੰਸਾਰ ਭਰ ਦੇ ਨੁਮਾਇੰਦਾ ਸਿੱਖਾਂ ਨੇ ਵਰਲਡ ਸਿਖ ਪਾਰਲੀਮੈਂਟ ਬਣਾਉਣ ਦਾ ਨਿਰਣਾ ਲਿਆ ਹੈ। ਇਸ ਨਾਲ ਕੌਮ ਪੱਖੀ ਨਵੀਂ ਸਿੱਖ ਸਿਆਸਤ ਉਭਰਨ ਦੇ ਆਸਾਰ ਬਣ ਰਹੇ ਹਨ।।ਸਿੱਖ ਪਾਰਲੀਮੈਂਟ ਦੀ ਸਥਾਪਨਾ ਨਾਲ ਸਿੱਖਾਂ ਨੂੰ ਇਕ ਅਜਿਹਾ ਬਦਲ ਮਿਲਣ ਦੀ ਸੰਭਵਾਨਾ ਹੈ ਜਿਸ ਨਾਲ ਉਹ ਨਵੇਂ ਮੰਚ ’ਤੇ ਇੱਕਜੁਟ ਹੋ ਸਕਣਗੇ। ਦਿੱਲੀ ਦੀ ਤਿਹਾੜ ਜੇਲ੍ਹ ਵਿਚ ਬੰਦ ਤੇ ਸਰਬੱਤ ਖ਼ਾਲਸਾ ਵਲੋਂ ਥਾਪੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਨੇ ਵਰਲਡ ਸਿਖ ਪਾਰਲੀਮੈਂਟ (ਡਬਲਿਊ.ਐਸ.ਪੀ.) ਬਣਾਉਣ ਦੇ ਫੈਸਲੇ ਉਪਰ ਮੋਹਰ ਲਗਾ ਦਿੱਤੀ ਹੈ। ਡਬਲਿਊ.ਐਸ.ਪੀ. ਦੇ ਕੁੱਲ 300 ਮੈਂਬਰ ਹੋਣਗੇ। ਇਨ੍ਹਾਂ ਵਿੱਚੋਂ 150 ਨੁਮਾਇੰਦੇ ਸਿੱਖ ਆਬਾਦੀ ਵਾਲੇ ਬਾਹਰਲੇ ਦੇਸ਼ਾਂ ਵਿੱਚੋਂ ਲਏ ਜਾਣਗੇ ਜਦੋਂ ਕਿ 150 ਨੁਮਾਇੰਦੇ ਭਾਰਤ ਵਿੱਚੋਂ ਚੁਣੇ ਜਾਣੇ ਹਨ। ਯੂ.ਕੇ., ਅਮਰੀਕਾ, ਆਸਟ੍ਰੇਲੀਆ ਅਤੇ ਯੂਰਪ ਵਿਚ ਸਰਗਰਮ ਜਥੇਬੰਦੀਆਂ ਦੇ ਆਗੂਆਂ ਵੱਲੋਂ ਲਈ ਗਈ ਇਸ ਪਹਿਲਕਦਮੀ ਨਾਲ ਨਵੀਆਂ ਉਮੀਦਾਂ ਜਾਗ ਰਹੀਆਂ ਹਨ। ਡਬਲਿਊ.ਐਸ.ਪੀ. ਰਾਹੀਂ ਸਿੱਖ ਕੌਮ ’ਤੇ ਹੋ ਰਹੇ ਹਮਲਿਆਂ ਦਾ ਹਰੇਕ ਪੱਖੋਂ ਮੁਕਾਬਲਾ ਕੀਤਾ ਜਾ ਸਕੇਗਾ। ਸਿੱਖ ਪਾਰਲੀਮੈਂਟ ਕੌਮ ਦੇ ਮਸਲਿਆਂ ਦੇ ਸਦੀਵੀ ਹਲ ਲਈ ਯਤਨਸ਼ੀਲ ਹੋਵੇਗੀ। ਇਹ ਸੰਸਥਾ ਸਿੱਧੇ ਤੌਰ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਹਿਨੁਮਾਈ ਹੇਠ ਕੰਮ ਕਰੇਗੀ। ਚੰਗਾ ਹੋਵੇਗਾ ਜੇਕਰ ਇਸ ਦੇ ਨੁਮਾਇੰਦੇ ਸਰਬਸੰਮਤੀ ਨਾਲ ਚੁਣੇ ਜਾਣ ਅਤੇ ਇਸ ਮੁੱਦੇ ’ਤੇ ਕੌਮੀ ਇਤਫ਼ਾਕ ਬਣਿਆ ਰਹੇ। ਸਿੱਖ ਨੇਤਾਵਾਂ ਨੂੰ ਨਿਸ਼ਕਾਮ ਸੇਵਕ ਵਜੋਂ ਇਸ ਸੰਸਥਾ ਨਾਲ ਜੁੜਨਾ ਚਾਹੀਦਾ ਹੈ ਤਾਂ ਜੋ ਇਸ ਦੇ ਬਿਹਤਰ ਨਤੀਜੇ ਕੱਢੇ ਜਾ ਸਕਣ। ਸਵਾਰਥਾਂ ਦੀ ਰਾਜਨੀਤੀ ਨੇ ਪਿਛਲੇ ਸਮੇਂ ਵਿੱਚ ਸਿੱਖ ਭਾਈਚਾਰੇ ਦਾ ਬਹੁਤ ਨੁਕਸਾਨ ਕੀਤਾ ਹੈ। ਹੁਣ ਸਮਾਂ ਆ ਗਿਆ ਹੈ ਕਿ ਕੌਮੀ ਹਿੱਤਾਂ ਦੀ ਰਾਜਨੀਤੀ ਲਈ ਰਾਹ ਪੱਧਰਾ ਕੀਤਾ ਜਾਵੇ।
– ਬਲਜੀਤ ਸਿੰਘ ਬਰਾੜ

WRITTEN BY