ਮੇਰੇ ਕੋਲ ਵਿਆਹ ਦਾ ਸੱਦਾ ਪੱਤਰ ਆਇਆ ਹੈ। ਮੈਂ ਦੋਵੇਂ ਪਰਿਵਾਰਾਂ ਨੂੰ ਜਾਣਦਾ ਹਾਂ। ਦੋਵੇਂ ਪਰਿਵਾਰ ਅਕਾਲੀ ਹਨ ਅਤੇ ਖਾਂਦੇ ਪੀਂਦੇ ਪਰਿਵਾਰ ਹਨ। ਮੁੰਡੇ ਵਾਲਿਆਂ ਅਤੇ ਕੁੜੀ ਵਾਲਿਆਂ, ਦੋਵਾਂ ਦੇ ਸੱਦੇ ਪੱਤਰ ਅਤੇ ਮਿਠਾਈ ਦੇ ਡੱਬੇ ਮੇਰੇ ਸਾਹਮਣੇ ਪਏ ਹਨ। ਕਾਰਡ ਵੀ ਅੰਗਰੇਜ਼ੀ ਵਿੱਚ ਹਨ ਅਤੇ ਮਿਠਾਈਆਂ ਦੇ ਡੱਬਿਆਂ ’ਤੇ ਵੀ ਅੰਗਰੇਜ਼ੀ ਵਿੱਚ ਨਾਮ ਲਿੱਖੇ ਹੋਏ ਹਨ।
ਮੈਂ ਆਪਣੇ ਇਕ ਮਿੱਤਰ ਦੇ ਘਰ ਗਿਆ। ਮੇਰੇ ਮਿੱਤਰ ਦੀ ਬੇਟੀ ਆਪਣੀ ਮਾਂ ਨਾਲ ਹਿੰਦੀ ਵਿੱਚ ਗੱਲ ਕਰ ਰਹੀ ਸੀ ਅਤੇ ਮੇਰੇ ਨਾਲ ਦੋਵੇਂ ਮਾਵਾਂ ਧੀਆਂ ਪੰਜਾਬੀ ਵਿੱਚ ਬੋਲ ਰਹੀਆਂ ਸਨ। ਉਨ੍ਹਾਂ ਨੂੰ ਲੱਗ ਰਿਹਾ ਸੀ ਕਿ ਮੈਨੂੰ ਹਿੰਦੀ ਨਹੀਂ ਆਉਂਦੀ। ਇਸੇ ਤਰ੍ਹਾਂ ਮੈਂ ਬਹੁਤ ਵਾਰ ਵੇਖਿਆ ਅਤੇ ਸੁਣਿਆ ਹੈ ਕਿ ਬੱਚੇ ਆਪਸ ਵਿੱਚ ਹਿੰਦੀ ਅਤੇ ਅੰਗਰੇਜ਼ੀ ਵਿੱਚ ਗੱਲਾਂ ਕਰਦੇ ਹਨ ਅਤੇ ਬਜ਼ੁਰਗਾਂ ਨਾਲ ਪੰਜਾਬੀ ਵਿੱਚ। ਪਰਿਵਾਰਾਂ ਵਿੱਚ ਮਾਤਾ ਆਪਣੇ ਛੋਟੇ ਬੱਚਿਆਂ ਨਾਲ ਅੰਗਰੇਜ਼ੀ ਵਿੱਚ ਗੱਲ ਕਰਨ ਨੂੰ ਤਰਜੀਹ ਦਿੰਦੀਆਂ ਹਨ। ਮਾਸੂਮ ਬੱਚੇ ਨੂੰ ਮਾਵਾਂ ਅੰਗਰੇਜ਼ੀ ਸਿਖਾਉਂਦੀਆਂ ਵੇਖੀਆਂ ਜਾ ਸਕਦੀਆਂ ਹਨ। ਆਮ ਬੋਲਚਾਲ ਵਿੱਚ ਵੀ ਮਾਵਾਂ ਘਰਾਂ ਵਿੱਚ ਅੰਗਰੇਜ਼ੀ ਦੇ ਸ਼ਬਦ ਜ਼ਿਆਦਾ ਬੋਲਦੀਆਂ ਹਨ:
‘‘ਨੌਜ਼ੀ ਸਾਫ ਕਰ ਲੋ ਬੇਟਾ’’ ਜਾਂ ‘‘ਹੈਂਡ ਵਾਸ਼ ਕਰੋ’’ ਆਦਿ ਤਾਂ ਆਮ ਸੁਣਨ ਨੂੰ ਮਿਲ ਜਾਂਦਾ ਹੈ। ਬਹੁਤੀਆਂ ਮਾਵਾਂ ਕੋਲ ਅੰਗਰੇਜ਼ੀ ਦਾ ਸ਼ਬਦ ਭੰਡਾਰ ਸੀਮਤ ਹੁੰਦਾ ਹੈ ਅਤੇ ਫਿਰ ਉਹ ਹਿੰਦੀ ਨੂੰ ਮੂੰਹ ਮਾਰਨ ਲੱਗਦੀਆਂ ਹਨ। ਕੁੱਝ ਪਰਿਵਾਰ ਤਾਂ ਅਜਿਹੇ ਵੀ ਹਨ ਜਿਥੇ ਮਾਪੇ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਭਾਸ਼ਾ ਹੀ ਸਿਖਾਉਣ ਨੂੰ ਤਰਜੀਹ ਦਿੰਦੇ ਹਨ। ਉਹ ਤਰਕ ਦਿੰਦੇ ਹਨ ਕਿ ਪੰਜਾਬੀ ਤਾਂ ਬੱਚਾ ਆਪਣੇ ਆਪ ਹੀ ਸਿੱਖ ਜਾਵੇਗਾ। ਇਉਂ ਅਜਿਹੇ ਲੋਕ ਨਾ ਸਿਰਫ ਮਾਂ ਬੋਲੀ ਨਾਲ ਗਦਾਰੀ ਕਰਦੇ ਹਨ ਸਗੋਂ ਆਪਣੇ ਬੱਚਿਆਂ ਨਾਲ ਧਰੋਹ ਵੀ ਕਮਾਉਂਦੇ ਹਨ। ਬਹੁਤ ਸਾਰੇ ਸਿਆਸੀ ਪਰਿਵਾਰ ਆਪਣੇ ਬੱਚਿਆਂ ਦੀ ਪੜ੍ਹਾਈ ਅੰਗਰੇਜ਼ੀ ਵਿੱਚ ਕਰਵਾਉਂਦੇ ਹਨ ਪਰ ਵੋਟਾਂ ਖਾਤਰ ਉਨ੍ਹਾਂ ਨੂੰ ਪੰਜਾਬੀ ਵੀ ਸਿਖਾ ਦਿੰਦੇ ਹਨ। ਇਹ ਮਾਂ ਬੋਲੀ ਨਾਲ ਪਿਆਰ ਨਹੀਂ ਹੁੰਦਾ ਸਿਰਫ ਤੇ ਸਿਰਫ ਸਿਆਸਤ ਹੁੰਦੀ ਹੈ। ਇਹ ਵਰਤਾਰਾ ਸਮਾਜ ਦੇ ਕੁਲੀਨ ਵਰਗ ਵਿੱਚ ਆਮ ਪਾਇਆ ਜਾਂਦਾ ਹੈ। ਇਹ ਵਰਗ ਵਿੱਚ ਸਿਆਸਤਦਾਨ, ਪ੍ਰਸ਼ਾਸਨਿਕ ਅਧਿਕਾਰੀ, ਅਫਸਰ, ਡਾਕਟਰ, ਪ੍ਰੋਫੈਸਰ ਅਤੇ ਅਮੀਰ ਵਪਾਰੀ ਆਦਿ ਸ਼ਾਮਲ ਹਨ। ਇਨ੍ਹਾਂ ਵਿੱਚ ਬਹੁਤੇ ਲੋਕ ਦੋਗਲੀ ਨੀਤੀ ਅਪਣਾਉਂਦੇ ਹਨ। ਪੰਜਾਬੀ ਦੇ ਹੱਕ ਨਾਹਰੇ ਮਾਰਦੇ ਹਨ ਪਰ ਇਨ੍ਹਾਂ ਦੇ ਬੱਚੇ ਅੰਗਰੇਜ਼ੀ ਸਕੂਲਾਂ ਵਿੱਚ ਪੜ੍ਹਕੇ ਅੰਗਰੇਜ਼ੀ ਅਤੇ ਹਿੰਦੀ ਨੂੰ ਤਰਜੀਹ ਦਿੰਦੇ ਹਨ। ਜੇ ਮੇਰੀ ਗੱਲ ’ਤੇ ਯਕੀਨ ਨਹੀਂ ਤਾਂ ਆਪਣੇ ਆਲੇ-ਦੁਆਲੇ ਵਸਦੇ ਇਨ੍ਹਾਂ ਲੋਕਾਂ ਦੇ ਬੱਚਿਆਂ ਬਾਰੇ ਸਰਵੇਖਣ ਕਰ ਲਵੋ। ਫਿਰ ਸਚਾਈ ਸਾਹਮਣੇ ਆ ਜਾਵੇਗੀ।
ਸਰਕਾਰੀ ਸਕੂਲ ਤਾਂ ਗਰੀਬਾਂ ਦੇ ਬੱਚਿਆਂ ਲਈ ਹਨ ਅਤੇ ਪੰਜਾਬੀ ਦੀ ਪੜ੍ਹਾਈ ਵੀ ਉਨ੍ਹਾਂ ਦੇ ਹਿੱਸੇ ਆਈ ਹੈ। ਗਰੀਬ ਪੰਜਾਬੀ ਵੀ ਹੋ ਸਕਦਾ ਹੈ ਅਤੇ ਪ੍ਰਵਾਸੀ ਮਜ਼ਦੂਰ ਵੀ। ਬਿਨਾਂ ਸੁਵਿਧਾਵਾਂ ਵਾਲੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੇ ਬੱਚੇ ਵੀ ਪ੍ਰਾਈਵੇਟ ਸਕੂਲਾਂ ਵਿੱਚ ਅੰਗਰੇਜ਼ੀ ਮਾਧਿਅਮ ਪੜ੍ਹਦੇ ਹਨ। ਇਹ ਦੋਹਰੇ ਮਾਪਦੰਡ ਹਰ ਪਾਸੇ ਨਜ਼ਰ ਆ ਰਹੇ ਹਨ। ਉਦਾਹਰਨ ਦੇ ਤੌਰ ’ਤੇ ਪੰਜਾਬੀ ਯੂਨੀਵਰਸਿਟੀ ਦਾ ਸੀਨੀਅਰ ਸੈਕੰਡਰੀ ਸਕੂਲ ਲੈ ਸਕਦੇ ਹਾਂ। ਕੈਂਪਸ ਵਿੱਚ ਸਕੂਲ ਹੋਣ ਦੇ ਬਾਵਜੂਦ ਪ੍ਰੋਫੈਸਰ ਦੇ ਬੱਚਿਆਂ ਲਈ ਅੰਗਰੇਜ਼ੀ ਪਬਲਿਕ ਸਕੂਲਾਂ ਤੱਕ ਪਹੁੰਚਣ ਲਈ ਯੂਨੀਵਰਸਿਟੀ ਵੱਲੋਂ ਵਿਸ਼ੇਸ਼ ਬੱਸਾਂ ਦਾ ਪ੍ਰਬੰਧ ਕੀਤਾ ਹੋਇਆ ਹੈ। ਮੈਂ ਜਦੋਂ ਆਪਣੇ ਬੇਟੇ ਨੂੰ ਯੂਨੀਵਰਸਿਟੀ ਕੈਂਪਸ ਸਕੂਲ ਵਿੱਚ ਪੜ੍ਹਣ ਲਾਇਆ ਸੀ ਤਾਂ ਮੈਨੂੰ ਬਹੁਤ ਸਾਰੇ ਸਾਥੀ ਪ੍ਰੋਫੈਸਰਾਂ ਦੀਆਂ ਵਿਅੰਗਮਈ ਗੱਲਾਂ ਸੁਣਨੀਆਂ ਪਈਆਂ ਸਨ। ਦੂਜੇ ਪਾਸੇ ਅੰਗਰੇਜ਼ੀ ਪਬਲਿਕ ਸਕੂਲਾਂ ਵਿੱਚ ਪੰਜਾਬੀ ਬੋਲਣ ’ਤੇ ਪਾਬੰਦੀ ਲੱਗੀ ਹੋਈ ਹੈ। ਇਸ ਅਣਐਲਾਨੀ ਪਾਬੰਦੀ ਦੇ ਵਿਰੁੱਧ ਅਵਾਜ਼ ਉਠਾਉਣ ਦੀ ਲੋੜ ਹੈ। ਅਜਿਹੇ ਸਕੂਲਾਂ ਵਿੱਚ ਪੰਜਾਬੀ ਬੋਲਣ ’ਤੇ ਜੁਰਮਾਨਾ ਕੀਤਾ ਜਾਂਦਾ ਹੈ। ਪਿਛਲੇ ਦਿਨੀਂ ਡਾ. ਧਰਮਵੀਰ ਗਾਂਧੀ ਵੱਲੋਂ ਪੰਜਾਬੀ ਬਾਰੇ ਕਰਵਾਏ ਸਮਾਰੋਹ ਵਿੱਚ ਮੈਂ ਸਲਾਹ ਦਿੱਤੀ ਸੀ ਕਿ ਸਕੂਲਾਂ ’ਚ ਪੰਜਾਬੀ ਨਾਲ ਹੋ ਰਹੇ ਵਿਤਕਰੇ ਨੂੰ ਰੋਕਣ ਲਈ ਹਰ ਸ਼ਹਿਰ ਵਿੱਚ ਸੰਮਤੀਆਂ ਬਣ ਜਾਣੀਆਂ ਚਾਹੀਦੀਆਂ ਹਨ। ਪਰਿਵਾਰਾਂ ਵਿੱਚ ਮਾਵਾਂ ਨੂੰ ਪੰਜਾਬੀ ਬੋਲਣ ਲਈ ਪ੍ਰੇਰਤ ਕਰਨ ਅਤੇ ਸਕੂਲਾਂ ਵਿੱਚ ਪੰਜਾਬੀ ਬੋਲਣ ਅਤੇ ਪੜ੍ਹਣ ਦਾ ਮਾਹੌਲ ਪੈਦਾ ਕਰਨ ਦੇ ਨਾਲ-ਨਾਲ ਸਾਨੂੰ ਇਹ ਧਿਆਨ ਦੀ ਵੀ ਲੋੜ ਹੈ ਕਿ ਪੰਜਾਬੀ ਰੁਜ਼ਗਾਰ ਦੀ ਭਾਸ਼ਾ ਵੀ ਬਣੇ। ਲੋਕਾਂ ਵਿੱਚ ਇਹ ਧਾਰਨਾ ਬਣੀ ਹੋਈ ਹੈ ਕਿ ਅੰਗਰੇਜ਼ੀ ਜਾਣਨ ਵਾਲੇ ਨੂੰ ਰੁਜ਼ਗਾਰ ਵਿੱਚ ਫਾਇਦਾ ਹੁੰਦਾ ਹੈ। ਉਂਝ ਮੈਂ ਬਹੁਤ ਵਾਰ ਕਿਹਾ ਹੈ ਅਤੇ ਤਰਕ ਨਾਲ ਸਿੱਧ ਕੀਤਾ ਹੈ ਕਿ ਜੇ ਕਿਸੇ ਨੂੰ ਚੰਗੀ ਤਰ੍ਹਾਂ ਮਾਂ ਬੋਲੀ ਪੰਜਾਬੀ ਵੀ ਆਉਂਦੀ ਹੈ ਤਾਂ ਵੀ ਉਹ ਰੁਜ਼ਗਾਰ ਪ੍ਰਾਪਤ ਕਰ ਸਕਦਾ ਹੈ। ਅਫਸੋਸ ਤਾਂ ਇਸ ਗੱਲ ਦਾ ਹੈ ਕਿ ਸਾਡੀ ਨਵੀਂ ਪੀੜ੍ਹੀ ਨੂੰ ਕੋਈ ਵੀ ਭਾਸ਼ਾ ਚੰਗੀ ਤਰ੍ਹਾਂ ਨਹੀਂ ਆਉਂਦੀ। ਬਹੁਤ ਵਾਰ ਰੇਡੀਓ ਅਤੇ ਟੀਵੀ ਪੱਤਰਕਾਰਾਂ ਦੀ ਇੰਟਰਵਿਊ ਲੈਣ ਸਮੇਂ ਮੈਂ ਉਨ੍ਹਾਂ ਨੂੰ ਇਕ ਜਾਂ ਦੋ ਵਾਕ ਕਿਸੇ ਇਕ ਭਾਸ਼ਾ ਬੋਲਣ ਲਈ ਕਹਿੰਦਾ ਹੈ ਪਰ ਹੈਰਾਨੀ ਹੁੰਦੀ ਹੈ ਕਿ ਬਹੁਤ ਸਾਰੇ ਵਿਦਿਆਰਥੀ ਇਸ ਕੰਮ ਵਿੱਚ ਸਫਲ ਨਹੀਂ ਹੁੰਦੇ। ਜੋ ਵਿਦਿਆਰਥੀ ਪੱਤਰਕਾਰੀ ਦਾ ਕੋਰਸ ਕਰਨ ਆਉਂਦੇ ਹਨ, ਉਨ੍ਹਾਂ ਨੂੰ ਇਕ ਪੰਨਾ ਲਿਖਣ ਲਈ ਦਿੱਤਾ ਜਾਂਦਾ ਹੈ। ਸ਼ਾਇਦ ਹੀ ਕੋਈ ਵਿਰਲਾ ਵਿਦਿਆਰਥੀ ਹੋਵੇ ਜੋ ਦੋ ਚਾਰ ਗਲਤੀਆਂ ਕਰੇ ਨਹੀਂ ਤਾਂ ਇਕ ਪੰਨੇ ਵਿੱਚ 20-25 ਗਲਤੀਆਂ ਕਰ ਜਾਂਦੇ ਹਨ। ਮੇਰੀ ਦਲੀਲ ਹੈ ਕਿ ਜੇ ਸ਼ੁੱਧ ਪੰਜਾਬੀ ਵੀ ਸਿੱਖ ਜਾਉਗੇ ਤਾਂ ਵੀ ਨੌਕਰੀ ਮਿਲ ਸਕਦੀ ਹੈ। ਦੂਜੇ ਪਾਸੇ ਸਾਨੂੰ ਚਾਹੀਦਾ ਹੈ ਜੇ ਪੰਜਾਬੀ ਦੀ ਤਰੱਕੀ ਚਾਹੁੰਦੇ ਹਾਂ ਤਾਂ ਇਸ ਨੂੰ ਰੁਜ਼ਗਾਰ ਨਾਲ ਜੋੜਕੇ ਦੇਖੀਏ। ਜਿਥੇ ਰੁਜ਼ਗਾਰ ਹੋਵੇਗਾ ਉਥੇ ਲੋਕ ਆਪਣੇ ਆਪ ਦਿਲਚਸਪੀ ਲੈਣਗੇ।
ਪੰਜਾਬੀ ਰੁਜ਼ਗਾਰ ਦੀ ਭਾਸ਼ਾ ਤਾਂ ਬਣੇਗੀ ਜੇ ਇਹ ਸਰਕਾਰ ਦੀ ਭਾਸ਼ਾ ਬਣੇਗੀ। ਸਰਕਾਰੀ ਦਫਤਰਾਂ ਵਿੱਚ, ਅਦਾਲਤਾਂ ਵਿੱਚ ਅਤੇ ਹੋਰ ਅਦਾਰਿਆਂ ਦਾ ਕੰਮ ਪੰਜਾਬੀ ਵਿਚ ਲਾਜ਼ਮੀ ਕਰਨਾ ਚਾਹੀਦਾ ਹੈ। ਲਾਜ਼ਮੀ ਤਾਂ ਖ਼ੈਰ ਕੀਤਾ ਹੋਇਆ ਹੈ ਪਰ ਅਮਲ ਨਹੀਂ ਹੋ ਰਿਹਾ। ਬਹੁਤ ਸਾਰੇ ਲੋਕ ਮਾਨਸਿਕ ਤੌਰ ’ਤੇ ਅੰਗਰੇਜ਼ੀ ਦੇ ਗੁਲਾਮ ਹਨ। ਅਜਿਹੀ ਗੁਲਾਮ ਬਿਰਤੀ ਦੇ ਲੋਕਾਂ ਨੂੰ ਲਗਦਾ ਹੈ ਕਿ ਜੇ ਅਸੀਂ ਪੰਜਾਬੀ ਬੋਲੀ ਤਾਂ ਲੋਕ ਸਾਨੂੰ ਸਿਆਣਾ ਨਹੀਂ ਸਮਝਣਗੇ। ਮੈਂ ਇਕ ਸਰਵੇਖਣ ਕਰਵਾਇਆ ਸੀ ਜਿਸ ਦਾ ਇਕ ਨਤੀਜਾ ਇਹ ਵੀ ਸੀ ਕਿ ਯੂਨੀਵਰਸਿਟੀ ਦੇ 15ਫੀਸਦੀ ਬੱਚੇ ਪੰਜਾਬੀ ਬੋਲਣ ’ਤੇ ਆਪਣੇ ਆਪ ਨੂੰ ਹੀਣਾ ਅਤੇ ਘਟੀਆ ਮਹਿਸੂਸ ਕਰਦੇ ਹਨ। ਸੋ, ਜਦੋਂ ਇਹ ਅਮਲੀ ਤੌਰ ’ਤੇ ਸਰਕਾਰ ਦੀ ਭਾਸ਼ਾ ਬਣ ਜਾਵੇਗੀ ਤਾਂ ਹਾਲਾਤ ਬਦਲ ਜਾਣਗੇ।
ਹੁਣ ਜਦੋਂ ਕਿ ਪੰਜਾਬ ਵਿੱਚ ਪੰਜਾਬੀ ਪ੍ਰਤੀ ਇਕ ਸਾਜਗਾਰ ਮਾਹੌਲ ਬਣ ਰਿਹਾ ਹੈ ਤਾਂ ਸਾਨੂੰ ਹੋਰ ਸੁਚੇਤ ਹੋ ਕੇ ਇਸ ਪਾਸੇ ਕੰਮ ਕਰਨ ਦੀ ਲੋੜ ਹੈ।



