ਸਿਖ ਧਰਮ ਦੀ ਸਥਾਪਨਾ ਹੀ ਜ਼ਬਰ ਜੁਲਮ ਨਾਲ ਟਕਰ ਲੈਣ ਦੇ ਮੰਤਵ ਹਿਤ ਕੀਤੀ ਗਈ ਸੀ , ਜਿਹੜੀ ਪੰਦਰਵੀਂ ਸਦੀ ਦੇ ਸਤਵੇਂ ਦਹਾਕੇ ਤੋਂ ਸੁਰੂ ਹੋ ਕੇ ਸਤਾਰਵੀਂ ਸਦੀ ਦੇ ਅੰਤ ਤਕ ਆਪਣੀ ਪਰਪਕਤਾ ਨੂੰ ਅਸਲ ਪਛਾਣ ਦੇਣ ਵਿਚ ਕਾਮਯਾਬ ਹੋ ਗਈ। ਭਗਤੀ ਲਹਿਰ ਤੋਂ ਵਾਅਦ ਜੇ ਕਿਸੇ ਧਾਰਮਿਕ ਰਹਿਬਰ ਨੇ ਸਮੇ ਦੀ ਹਕੂਮਤ ਖਿਲਾਫ ਝੰਡਾ ਚੁਕਣ ਦੀ ਜ਼ੁਰਅਤ ਕੀਤੀ ਤਾਂ ਉਹ ਸਿਖ ਧਰਮ ਦੇ ਸੰਸਥਾਪਕ, ਇਨਕਲਾਬ ਦੇ ਮੋਢੀ ਕਰਾਂਤੀਕਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਹੀ ਅਜਿਹੇ ਯੁਗ ਪੁਰਸ ਹੋਏ ਹਨ , ਜਿੰਨਾਂ ਨੇ ਸਮੇ ਦੀ ਹਕੂਮਤ ਖਿਲਾਫ ਬੇਝਿਜਕ ਅਵਾਜ਼ ਬੁਲੰਦ ਕੀਤੀ , ਬੇਖੌਫ ਹੋ ਕੇ ਜਬਰ ਜੁਲਮ ਖਿਲਾਫ ਸਚ ਲਿਖਣ ਦੀ ਹਿੰਮਤ ਕੀਤੀ। ਗੁਰੂ ਨਾਨਕ ਦੇਵ ਜੀ ਨੇ ਬਾਬਰ ਜਾਬਰ ਦੇ ਜੁਲਮ ਅਗੇ ਕੰਡ ਨੀਵੀਂ ਕਰਕੇ ਅੰਦਰ ਵੜੇ ਰਹਿਣ ਨਾਲੋਂ ਆਪਣੀ ਕਲਮ ਨੂੰ ਤਲਵਾਰ ਬਣਾ ਕੇ ਹਰ ਤਰਾਂ ਦੇ ਸਰਕਾਰੀ ਜਬਰ ਜੁਲਮ ਵਿਰੁਧ ਨਿਡਰਤਾ ਨਾਲ ਅਵਾਜ ਉਚੀ ਕੀਤੀ। ਬਾਬਰ ਨੂੰ ਜਾਬਰ ਕਹਿਣ ਵਾਲੀ ਇਕੋ ਇਕ ਸ਼ਖਸੀਅਤ ਸਹਿਬ ਸ੍ਰੀ ਗੁਰੂ ਨਾਨਕ ਸਹਿਬ ਜੀ ਤੋਂ ਵਗੈਰ ਹੋਰ ਕਿਸੇ ਵੀ ਧਰਮ ਦੇ ਧਾਰਮਿਕ ਰਹਿਬਰ ਦਾ ਜਿਕਰ ਇਤਿਹਾਸ ਵਿਚ ਨਹੀ ਮਿਲਦਾ , ਜਿਸਨੇ ਸਮੇਂ ਦੀ ਹਕੂਮਤ ਨਾਲ ਸਿਧਾ ਟਾਕਰਾ ਲੈਣ ਦੀ ਹਿੰਮਤ ਦਿਖਾਈ ਹੋਵੇ, ਮੌਤੋਂ ਬੇਪਰਬਾਹ ਹੋ ਕੇ ਸਚ ਕਹਿਣ ਦੀ ਇਹ ਹਿੰਮਤ ਅਤੇ ਦਲੇਰੀ ਸਿਖ ਗੁਰੂਆਂ ਦੇ ਹਿਸੇ ਵਿਚ ਹੀ ਆਈ ਹੈ, ਜਿਸਨੂੰ ਝੁਠਲਾਇਆ ਨਹੀ ਜਾ ਸਕਦਾ । ਉਹ ਗੁਰੂ ਨਾਨਕ ਸਹਿਬ ਹੀ ਸਨ ਜਿੰਨਾ ਨੇ ਸਰਕਾਰ ਦੇ ਗੈਰ ਮਨੁਖੀ ਵਤੀਰੇ ਪ੍ਰਤੀ ਸਿਧੇ ਰੂਪ ਵਿਚ ਆਪਣਾ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਹੋਵੇ ਕਿ, ਠਮੌਤ ਦੀ ਜੰਝ ਲੈ ਕਾਬਲੋਂ ਧਾਇਆ……ਠ । ਬਾਬਰ ਦੇ ਖਿਲਾਫ ਲਿਖਣ, ਬੋਲਣ ਦੀ ਕੀਮਤ ਗੁਰੂ ਨਾਨਕ ਸਹਿਬ ਨੂੰ ਜੇਲ੍ਹ ਦੀਆਂ ਚਕੀਆਂ ਪੀਸਣ ਦੀ ਸਖਤ ਸਜ਼ਾ ਨਾਲ ਵੀ ਉਤਾਰਨੀ ਪਈ ਪਰੰਤੂ ਹਕੂਮਤਾਂ ਦੇ ਜਬਰ ਦਾ ਕਹਿਰ ਵੀ ਉਹਨਾਂ ਦੀ ਦ੍ਰਿੜਤਾ ਨੂੰ ਡੁਲਾਅ ਨਾ ਸਕਿਆ ਬਲਕਿ ਉਹਨਾਂ ਨੂੰ ਹੋਰ ਹਿੰਮਤ ਅਤੇ ਹੌਸਲੇ ਨਾਲ ਆਪਣੇ ਮਿਸਨ ਵਲ ਅਡੋਲਤਾ ਨਾਲ ਵਧਦੇ ਜਾਣ ਲਈ ਪਰਪਕ ਕਰ ਗਿਆ । ਅਜਿਹੇ ਇਨਕਲਾਬੀ ਸੰਸਥਾਪਕ ਦੀ ਕੌਂਮ ਜਿਹੜੀ ਹਰ ਸਮੇਂ ਗਲ ਗਲ ਤੇ ਉਹਨਾਂ ਨੂੰ ਯਾਦ ਵੀ ਰਖਦੀ ਹੋਵੇ ਅਤੇ ਉਹਨਾਂ ਦੇ ਸਿਖ ਅਖਵਾਉਂਣ ਤੇ ਮਾਣ ਵੀ ਕਰਦੀ ਹੋਵੇ ਪਰ ਉਹਦੇ ਦਸੇ ਸਚ ਦੇ ਰਾਸਤੇ ਤੇ ਚਲਣ ਤੋਂ ਅਸਮਰਥ ਕਿਉਂ ਹੁੰਦੀ ਜਾ ਰਹੀ ਹੈ । ਅਜ ਜਦੋਂ ਅਸੀ ਸਹਿਬ ਸ੍ਰੀ ਗੁਰੂ ਨਾਨਕ ਸਹਿਬ ਜੀ ਦੇ ਜਨਮ ਦਿਹਾੜੇ ਤੇ ਉਹਨਾਂ ਨੂੰ ਯਾਦ ਕਰ ਰਹੇ ਹਾਂ , ਤਾਂ ਇਹਨਾਂ ਕਾਰਨਾਂ ਦੀ ਵੀ ਘੋਖ ਕਰਨੀ ਬਣਦੀ ਹੈ ਿਜਹੜੇ ਸਿਖ ਨੂੰ ਗੁਰੂ ਨਾਨਕ ਸਹਿਬ ਦੀ ਵਿਚਾਰਧਾਰਾ ਤੋਂ ਦੂਰ ਲਿਜਾ ਰਹੇ ਹਨ।ਆਮ ਤੌਰ ਤੇ ਸਚੇ ਨਾਨਕ ਨਾਮ ਲੇਵਾ ਸਿਖ ਤਾਂ ਗੁਰ ਪੁਰਵ ਜਾਂ ਸ਼ਹੀਦੀ ਦਿਹਾੜਿਆਂ ਮੌਕੇ ਲੰਗਰਾਂ ਦੀ ਸੇਵਾ ਜਾਂ ਗੁਰਦੁਆਰਿਆਂ ਵਿਚ ਜੁਤੀ ਜੋੜਿਆਂ ਦੀ ਸੇਵਾ ਜਾਂ ਫਿਰ ਸ਼ਰਧਾ ਪੂਰਬਕ ਦਰਸਣ ਇਸ਼ਨਾਨ ਕਰਦੇ ਦੇਖੇ ਜਾ ਸਕਦੇ ਹਨ ਜਦੋਂ ਕਿ ਸਿਖਾਂ ਦੇ ਧਾਰਮਿਕ ਅਤੇ ਰਾਜਸੀ ਆਗੂ ਨਾਨਕ ਦੇ ਸਿਖ ਰਹੇ ਹੀ ਨਹੀ, ਉਹ ਜਾਂ ਤਾਂ ਸਿਆਸੀ ਸਿਖ ਹੋ ਗਏ ਹਨ ਜਾਂ ਡੇਰੇਦਾਰਾਂ ਦੇ ਸਿਖ ਬਣਕੇ ਰਹਿ ਗਏ ਹਨ ਪਰੰਤੂ ਨਾਨਕ ਦੇ ਸਿਖ ਉਹ ਕਦੇ ਵੀ ਨਹੀ ਬਣੇ ਸਨ ਨਾਂ ਹੀ ਬਣਨ ਦੀ ਸੰਭਾਵਨਾ ਲਗਦੀ ਹੈ।ਸਿਖ ਕੌਂਮ ਦੇ ਨਿਘਾਰ ਵਲ ਜਾਣ ਦੇ ਮੁਖ ਕਾਰਨ ਵੀ ਇਹ ਹੀ ਸਮਝੇ ਜਾ ਸਕਦੇ ਕਿ ਸਿਖ ਆਗੂ ਕਦੇ ਵੀ ਆਪਣੇ ਗੁਰੂ ਦੇ ਸਿਖ ਬਣਕੇ ਨਹੀ ਰਹੇ , ਬਲਕਿ ਸਿਖ ਦੁਸ਼ਮਣ ਤਾਕਤਾਂ ਦੀ ਕਠਪੁਤਲੀ ਬਣਕੇ ਨਚਣ ਵਾਲੇ ਮਦਾਰੀ ਬਣਕੇ ਰਹਿ ਗਏ ਹਨ, ਜਿਹੜੇ ਨਿਜੀ ਲੋਭ ਲਾਲਸਾ ਵਿਚ ਗਰਕ ਹੋਕੇ ਨਾਗਪੁਰ ਦੇ ਇਸਾਰਿਆਂ ਤੇ ਆਪਣੇ ਗੁਰੂ ਨੂੰ ਪਿਠ ਦਿਖਾ ਕੇ ਉਹਨਾਂ ਵਲੋਂ ਦਿਖਾਏ ਰਸਤੇ ਤੇ ਚਲਣ ਦੀ ਵਜਾਏ ਗੁਰੂ ਦੇ ਸਿਧਾਤਾਂ ਨੂੰ ਤੋੜਨ ਮਰੋੜਨ ਦੇ ਗੁਨਾਹਗਾਰ ਬਣ ਗਏ ਹਨ। ਅਜ ਸਿਖ ਆਗੂਆਂ ਦੀ ਘਾਟ ਕੌਂਮ ਨੂੰ ਰੜਕਦੀ ਹੈ ਜਿਹੜੇ ਨਿਰਸੁਆਰਥ ਅਤੇ ਹਾਉਂਮੈ ਦਾ ਤਿਆਗ ਕਰਕੇ ਗੁਰੂ ਦੇ ਅਸਲ ਮਾਰਗ ਤੇ ਚਲਣ ਵਾਲੇ ਲੋਕਾਂ ਦਾ ਵਡਾ ਕਾਫਲਾ ਬਨਾਉਂਣ ਦੇ ਸਮਰਥ ਹੋਣ। ਥਾਂ ਥਾਂ ਬਾਬੇ ਨਾਨਕ ਦੇ ਨਾਮ ਤੇ ਸਥਾਪਤ ਹੋ ਚੁਕੇ ਵਡੇ ਵਡੇ ਡੇਰਿਆਂ ਚੋਂ ਨਾਨਕ ਦੀ ਸਿਖੀ ਦਾ ਪ੍ਰਚਾਰ ਨਹੀ ਬਲਕਿ ਉਹਨਾਂ ਡੇਰੇਦਾਰ ਸਿਖਾਂ ਦੀ ਸਿਖੀ ਦਾ ਪ੍ਰਚਾਰ ਜੋਰ ਸੋਰ ਨਾਲ ਕੀਤਾ ਜਾਂਦਾ ਹੈ ਜਿਹੜੇ ਸਿਖੀ ਸਿਧਾਤਾਂ ਨੂੰ ਘੁਣ ਵਾਂਗ ਲਗ ਕੇ ਬੈਠੇ ਹਨ ਤੇ ਆਪਣੀ ਆਪਣੀ ਮਰਯਾਦਾ ਬਣਾ ਕੇ ਆਪੋ ਆਪਣੇ ਡੇਰਿਆਂ ਦੀ ਟੀ ਆਰ ਪੀ ਵਧਾਉਣ ਵਿਚ ਵਿਅਸਥ ਹਨ। ਸਭ ਤੋਂ ਵਡੇ ਦੁਖ ਦਰਦ ਵਾਲੀ ਗਲ ਤਾਂ ਇਹ ਹੈ ਕਿ ਸਿਖਾਂ ਦੇ ਛੇਵੇਂ ਨਾਨਕ ਸਹਿਬ ਸ੍ਰੀ ਗੁਰੂ ਹਰਗੋਵਿੰਦ ਸਹਿਬ ਜੀ ਵਲੋਂ ਸਥਾਪਤ ਕੀਤੇ ਰੁਹਾਨੀਅਤ ਦੇ ਸ੍ਰੀ ਅਕਾਲ ਤਖਤ ਸਹਿਬ ਤੇ ਨਾਨਕ ਸਹਿਬ ਤੋਂ ਬੇਮੁਖ ਹੋਏ ਸਿਆਸੀ ਸਿਖਾਂ ਦੀ ਸ਼ਹਿ ਤੇ ਕਬਜਾ ਕਰਕੇ ਬੈਠੇ ਪੁਜਾਰੀ ਮਹੰਤ ਲਾਣੇ ਨੇ ਨਾਨਕ ਦੀ ਸਿਖੀ ਨੂੰ ਸਭ ਤੋਂ ਵਧ ਢਾਹ ਲਾਈ ਹੈ, ਜਿੰਨਾਂ ਨੇ ਆਪਣੇ ਨਾਗਪੁਰੀ ਸਿਖ ਆਗੂਆਂ ਦੇ ਇਸਾਰਿਆਂ ਤੇ ਗੁਰੂ ਦੀ ਮਰਯਾਦਾ ਨੂੰ ਤਿਲਾਂਜਲੀ ਦੇਕੇ ਨਾਨਕ ਦੀ ਸਿਖੀ ਤੋਂ ਬੇਮੁਖ ਹੋਏ ਡੇਰੇਦਾਰਾਂ ਨੂੰ ਖੁਸ਼ ਕਰਨ ਲਈ ਸਭ ਦੀਆਂ ਡੋਰਾਂ ਖੁਲੀਆਂ ਛਡ ਕੇ ਸਿਖੀ ਨੂੰ ਖਤਮ ਕਰਨ ਲਗੇ ਇਹਨਾਂ ਗੁਰੂ ਦੇ ਭਗੌੜੇ ਲੋਕਾਂ ਵਿਚ ਮੁਕਾਬਲੇਵਾਜੀ ਸ਼ੁਰੂ ਕਰਵਾਈ ਹੋਈ ਹੈ। ਨਾਨਕ ਸਹਿਬ ਦੀ ਸਿਖੀ ਤੋਂ ਕੋਹਾਂ ਦੂਰ ਇਹ ਡੇਰੇਦਾਰੀਆਂ ਵਾਲੇ ਸਿਖਾਂ ਨੂੰ ਤਖਤ ਸਹਿਬਾਨਾਂ ਤੇ ਬੈਠਾਂ ਮਹੰਤ ਲਾਣਾ ਸਚੇ ਸਿਖ ਹੋਣ ਦੇ ਝੂਠੇ ਸਰਟੀਫਿਕੇਟਾਂ ਨਾਲ ਨਿਵਾਜ ਕੇ ਸਿਖੀ ਨੂੰ ਖੋਖਲਾ ਕਰਨ ਲਗਾ ਹੋਇਆ ਹੈ। ਗੁਰੂ ਨਾਨਕ ਸਹਿਬ ਨੇ ਜਿਹੜੇ ਸਿਸਟਮ ਦੇ ਖਿਲਾਫ ਆਪਣਾ ਵਖਰਾ ਪੰਥ ਚਲਾਇਆ, ਜਿਹੜੇ ਪਖੰਡਵਾਦ, ਅਡੰਬਰਵਾਦ,ਵਹਿਮਾਂ ਭਰਮਾਂ ਚੋਂ ਕਢਣ ਖਾਤਰ ਇਹਨਾਂ ਫੋਕੇ ਕਰਮ ਕਾਂਡਾਂ ਨੂੰ ਨਕਾਰ ਕੇ ਇਕ ਅਜਿਹੀ ਕੌਂਮ ਦੀ ਇਕ ਅਜਿਹੇ ਧਰਮ ਦੀ ਸਥਾਪਨਾ ਕੀਤੀ ਜਿਸ ਨੇ ਅਗੇ ਚਲਕੇ ਵਡੇ ਤੇ ਝੂਠੇ ਦੁਨਿਆਵੀ ਤਖਤਾਂ ਨੂੰ ਨਾਨਕ ਦੇ ਸਿਖ ਅਗੇ ਝੁਕਣ ਲਈ ਹੀ ਨਹੀ ਬਲਕਿ ਆਤਮ ਸਮਰਪਣ ਕਰਨ ਲਈ ਮਜਬੂਰ ਕਰ ਦਿਤਾ।ਉਹ ਨਾਨਕ ਸਹਿਬ ਦੇ ਨਿਆਰੇ ਪੰਥ ਦੀ ਸਪੂਰਨਤਾਂ ਚੋਂ ਪੈਦਾ ਹੋਏ ਸਚੇ ਸਿਖ ਹੀ ਸਨ ਜਿੰਨਾਂ ਨੇ ਸਰਹਿੰਦ ਦੀ ਇਟ ਨਾਲ ਇਟ ਖੜਕਾ ਕੇ ਖਾਲਸਾ ਰਾਜ ਦੇ ਝੰਡੇ ਗਡ ਦਿਤੇ ਅਤੇ ਆਪਣੇ ਨਾਮ ਦੇ ਨਹੀ ਬਲਕਿ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਸ਼ਿਕੇ ਜਾਰੀ ਕਰਕੇ ਦੁਨੀਆਂ ਦੇ ਲੋਕਾਂ ਨੂੰ ਸਚੇ ਸਿਖ ਦੀ ਪਰਿਭਾਸਾ ਤੋਂ ਜਾਣੂ ਕਰਵਾ ਦਿਤਾ ਅਤੇ ਰਾਜ ਭਾਗ ਤੇ ਜਾਨ ਬਚਾਉਂਣ ਖਾਤਰ ਗੁਰੂ ਤੋਂ ਬੇਮੁਖ ਹੋਕੇ ਈਨ ਮੰਨਣ ਨਾਲੋਂ ਆਪਣਾ ਮਾਸ ਜੰਬੂਰਾਂ ਨਾਲ ਨੁਚਵਾ ਲੈਣ ਨੂੰ ਪਹਿਲ ਦੇ ਕੇ ਦੁਨੀਆਂ ਨੂੰ ਇਹ ਵੀ ਦਸ ਦਿਤਾ ਕਿ ਜੇ ਸਿਖ ਬਹਾਦਰੀ ਨਾਲ ਲੜਕੇ ਰਾਜ ਭਾਗ ਪਰਾਪਤ ਕਰਕੇ ਬਾਦਸ਼ਾਹੀਆਂ ਕਰ ਸਕਦਾ ਹੈ ਤਾਂ ਲੋੜ ਪੈਣ ਤੇ ਇਹਨਾਂ ਬਾਦਸ਼ਾਹੀਆਂ ਦੇ ਖੁਸ਼ ਜਾਣ ਨਾਲ ਥਿੜਕਦਾ ਜਾਂ ਹਾਲਾਤਾਂ ਨਾਲ ਸਮਝੌਤਾ ਕਰਕੇ ਨਿਗੁਰਾ ਨਹੀ ਹੋ ਸਕਦਾ ਬਲਕਿ ਬਹਾਦਰੀ ਨਾਲ ਸ਼ਹਾਦਤਾਂ ਪਰਾਪਤ ਕਰਕੇ ਆਪਣੇ ਗੁਰੂ ਦੀਆਂ ਖੁਸ਼ੀਆਂ ਲੈਣ ਨੂੰ ਪਹਿਲ ਦਿੰਦਾ ਹੈ।ਉਪਰੋਕਤ ਸਮੇ ਦੇ ਨਾਨਕ ਨਾਮਲੇਵਾਂ ਸਿਖਾਂ ਨਾਲੋਂ ਅਜ ਦੇ ਸਿਖਾਂ ਦਾ ਜਮੀਨ ਅਸਮਾਨ ਜਿੰਨਾ ਅੰਤਰ ਹੈ। ਅਜ ਦਾ ਸਿਖ ਰਾਜਭਾਗ ਖਾਤਰ ਸਿਖੀ ਨੂੰ ਖਤਮ ਕਰਨ ਵਾਲੇ ਸਮਝੋਤਿਆਂ ਤੇ ਦਸਤਖਤ ਕਰਦਾ ਹੈ, ਰਾਜ ਸਤਾ ਦੀ ਕੁਰਸੀ ਆਪਣੇ ਪਰਿਵਾਰ ਲਈ ਸੁਰਖਿਅਤ ਰਖਣ ਲਈ ਆਪਣੀ ਕੌਂਮ ਦੀ ਨਸਲਕੁਸ਼ੀ ਦਾ ਗੁਨਾਹਗਾਰ ਬਣਦਾ ਹੈ, ਸ਼ਹਾਦਤਾਂ ਦੇ ਸਮੇ ਭੋਲੇ ਭਾਲੇ ਸਿਖਾਂ ਨੂੰ ਅਗੇ ਲਾਕੇ ਆਪ ਹਥ ਖੜੇ ਕਰ ਆਪਣੀ ਜਾਨ ਬਖਸ਼ੀ ਕਰਵਾ ਕੇ ਮੁੜ ਕੁਰਸੀ ਨੂੰ ਚਿੰਬੜ ਜਾਂਦਾ ਹੈ ਤੇ ਫਿਰ ਆਪਣੀ ਕੌਂਮ ਤੇ ਜੁਲਮ ਢਾਹੁਣ ਦਾ ਕੋਈ ਮੌਕਾ ਹਥੋਂ ਨਹੀ ਜਾਣ ਦਿੰਦਾ। ਅਜ ਦਾ ਸਿਖ ਆਪਣਾ ਰਾਜ ਭਾਗ ਸਥਾਪਤ ਰਖਣ ਲਈ ਆਪਣੀ ਹੀ ਕੌਂਮ ਦੇ ਭਵਿਖ ਨੂੰ ਖਤਮ ਕਰਨ ਲਈ ਮਾਰੂ ਨਸ਼ਿਆਂ ਦੀਆਂ ਨਹਿਰਾਂ ਦੇ ਬੰਨ੍ਹ ਖੋਲ ਦਿੰਦਾ ਹੈ,ਪਿੰਡਾਂ ਵਿਚ ਘਰ ਘਰ ਅੰਦਰ ਸਿਵੇ ਵਾਲ ਦਿੰਦਾ ਹੈ, ਅਤੇ ਇਹਨਾਂ ਅਲਾਮਤਾਂ ਤੋਂ ਬਚ ਚੁਕੇ ਲੋਕਾਂ ਨੂੰ ਖੁਦਕੁਸ਼ੀਆਂ ਦੇ ਰਾਹ ਤੋਰਨ ਲਈ ਮਜਬੂਰ ਕਰ ਦਿੰਦਾ ਹੈ,ਫਿਰ ਵੀ ਸਿਖ ਆਗੂ ਬਣਿਆ ਰਹਿੰਦਾ ਹੈ। ਕੀ ਇਹ ਸਿਆਸੀ ਸਿਖ ਕਦੇ ਨਾਨਕ ਦੇ ਅਸਲ ਸਿਖ ਬਣਨਗੇ ? ਇਹ ਸਵਾਲ ਜਿਉਂ ਦਾ ਤਿਉਂ ਖੜਾ ਹੈ। ਜਿੰਨੀ ਦੇਰ ਸਿਖ ਆਪਣੇ ਗੁਰੂ ਦੇ ਦਸੇ ਮਾਰਗ ਤੇ ਪਰਪਕਤਾ ਨਾਲ ਨਹੀ ਚਲਦਾ ਓਨੀ ਦੇਰ ਖੁਆਰੀਆਂ ਹੀ ਖਟਦਾ ਰਹੇਗਾ। ਸੋ ਆਓ ਗੁਰੂ ਨਾਨਕ ਸਹਿਬ ਜੀ ਨੂੰ ਸਚੇ ਦਿਲੋਂ ਯਾਦ ਕਰਦੇ ਹੋਏ ਸਾਰੇ ਇਹ ਅਰਦਾਸ ਬੇਨਤੀ ਗੁਰੂ ਦੇ ਚਰਨਾਂ ਵਿਚ ਕਰੀਏ ਤਾਂ ਕਿ ਸਿਖ ਕੌਂਮ ਸਿਆਸੀ, ਤੇ ਡੇਰੇਦਾਰਾਂ ਦੇ ਚੁੰਗਲ ਚੋ ਨਿਕਲ ਕੇ ਅਸਲ ਅਰਥਾਂ ਵਿਚ ਨਾਨਕ ਨਾਮਲੇਵਾ ਬਣਨ ਦਾ ਮਾਣ ਪਰਾਪਤ ਕਰ ਸਕੇ ।



