ਉਤਰੀ ਖੇਤਰ ਦੇ ਮੋਹਰੀ ਅੰਗਰੇਜ਼ੀ ਅਖ਼ਬਾਰ ‘ਦਾ ਟ੍ਰਿਬਿਊਨ’ ਦੀ ਪੱਤਰਕਾਰੀ ਬਾਰੇ ਸਵਾਲ ਉਠ ਰਹੇ ਹਨ। ਕਿਸੇ ਸਮੇਂ ਪੱਤਰਕਾਰੀ ਦੇ ਮਿਆਰ ਲਈ ਆਦਰਸ਼ ਮੰਨੇ ਜਾਂਦੇ ਇਸ ਅਖਬਾਰ ਦੀ ਮੌਜੂਦਾ ਪੱਤਰਕਾਰੀ ਵਿਵਾਦ ਵਿੱਚ ਘਿਰ ਗਈ ਹੈ। ਇਸ ਅਖ਼ਬਾਰ ਵੱਲੋਂ ਪੰਜਾਬ ਦੀ ਸਾਬਕਾ ਅਕਾਲੀ-ਭਾਜਪਾ ਸਰਕਾਰ ਵਿੱਚ ਸ਼ਕਤੀਸ਼ਾਲੀ ਮੰਤਰੀ ਅਤੇ ਮੋਹਰੀ ਯੂਥ ਅਕਾਲੀ ਆਗੂ ਸ. ਬਿਕਰਮਜੀਤ ਸਿੰਘ ਮਜੀਠੀਆ ਬਾਰੇ ਕਥਿਤ ‘ਖੋਜੀ’ ਰਿਪੋਰਟਾਂ ਛਾਪ ਕੇ ਉਨ੍ਹਾਂ ਨੂੰ ਨਸ਼ੇ ਦੇ ਕਾਰੋਬਾਰ ਵਿੱਚ ਸ਼ਾਮਿਲ ਦੱਸਿਆ ਗਿਆ। ਫਰਵਰੀ 2017 ’ਚ ਹੋਈਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਛੱਪੀਆਂ ਇਸ ਤਰ੍ਹਾਂ ਦੀਆਂ ਇਕ ਪਾਸੜ ਅਤੇ ਫਰਜ਼ੀ ਰਿਪੋਰਟਾਂ ਦੀ ਅਕਾਲੀ-ਭਾਜਪਾ ਗਠਜੋੜ ਨੂੰ ਭਾਰੀ ਕੀਮਤ ਤਾਰਨੀ ਪਈ। ਇਸ ਦਾ ਲਾਭ ਵਿਰੋਧੀ ਸਿਆਸੀ ਧਿਰਾਂ ਖਾਸ ਕਰਕੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਮਿਲਿਆ। ਇਨ੍ਹਾਂ ਸ਼ੱਕੀ ਰਿਪੋਰਟਾਂ ਕਾਰਨ ਪਿਛਲੇ ਕਈ ਸਾਲਾਂ ਤੋਂ ਸ. ਮਜੀਠੀਆ ਇਲਜ਼ਾਮਾਂ ਵਿੱਚ ਘਿਰੇ ਰਹੇ। ਉਨ੍ਹਾਂ ਦੀ ਨਿੱਜੀ ਸ਼ਾਖ ਨੂੰ ਵੀ ਇਸ ਕਾਰਨ ਭਾਰੀ ਨੁਕਸਾਨ ਪਹੁੰਚਿਆ। ਇਸ ਦਾ ਸਭ ਤੋਂ ਵੱਡਾ ਘਾਟਾ ਸ਼੍ਰੋਮਣੀ ਅਕਾਲੀ ਦਲ ਨੂੰ ਪਿਆ। ਅਜਿਹੀ ਇਲਜ਼ਾਮ-ਤਰਾਸ਼ੀ ਕਾਰਨ ਸ਼੍ਰੋਮਣੀ ਅਕਾਲੀ ਦਲ ਅਤੇ ਇਸ ਦੀ ਲੀਡਰਸ਼ਿਪ ਨੂੰ ਸਿਆਸੀ ਖੇਤਰ ਵਿੱਚ ਵਿਚਰਨਾ ਹੀ ਮੁਸ਼ਕਿਲ ਹੋ ਗਿਆ। ਚੋਣਾਂ ਦੇ ਮੌਕੇ ’ਤੇ ਅਜਿਹਾ ਪ੍ਰਚਾਰ ਕਿਸੇ ਵੀ ਸਿਆਸੀ ਧਿਰ ਅਤੇ ਨੇਤਾ ਲਈ ਮਾਰੂ ਸਿੱਧ ਹੁੰਦਾ ਹੈ। ਜਾਣੇ-ਅਣਜਾਣੇ ਅਖ਼ਬਾਰ ਅਤੇ ਪੱਤਰਕਾਰ ਸਿਆਸੀ ਪਾਰਟੀਆਂ ਅਤੇ ਨੇਤਾਵਾਂ ਦੀ ਲੜਾਈ ਦਾ ਦਸਤਾ ਬਣ ਜਾਂਦੇ ਹਨ। ਅਸਲ ਵਿੱਚ ਟ੍ਰਿਬਿਊਨ ਅਖਬਾਰ ਵੱਲੋਂ ਸ. ਮਜੀਠੀਆ ਖਿਲਾਫ ਛਾਪੀਆਂ ਗਈਆਂ ਵੱਡੀਆਂ-ਵੱਡੀਆਂ ਰਿਪੋਰਟਾਂ ਇਸ ਰਣਨੀਤੀ ਦਾ ਹੀ ਹਿੱਸਾ ਸਨ। ਅਖ਼ਬਾਰ ਨੇ ਹੁਣ ਇਨ੍ਹਾਂ ਰਿਪੋਰਟਾਂ ਲਈ ਬਕਾਇਦਾ ਮੁਆਫੀ ਮੰਗ ਲਈ ਹੈ। ਇਸ ਅਖ਼ਬਾਰ ਦੇ ਲਗਭਗ ਇਕ ਸਦੀ ਦੇ ਇਤਿਹਾਸ ਵਿੱਚ ਇਹ ਸ਼ਾਇਦ ਪਹਿਲਾ ਮੌਕੇ ਹੈ ਜਦੋਂ ਪਹਿਲੇ ਸਫੇ ਉਪਰ ਸ. ਮਜੀਠੀਆ ਦੀ ਤਿੰਨ ਕਾਲਮੀ ਫੋਟੋ ਲਗਾ ਕੇ ਬਕਾਇਦਾ ਮੁਆਫੀ ਮੰਗੀ ਗਈ ਹੈ ਅਤੇ ਅਖ਼ਬਾਰ ਵੱਲੋਂ ਛਾਪੀਆਂ ਗਈਆਂ ਦੋਵੇਂ ਰਿਪੋਰਟਾਂ ਦੇ ਤੱਥਾਂ ਦੀ ਤਸਦੀਕ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਬਿਨਾਂ ਸ਼ੱਕ ਇਸ ਮੁਆਫੀਨਾਮੇ ਨਾਲ ਮਾਮਲਾ ਖਤਮ ਨਹੀਂ ਹੋਇਆ। ਨਾ ਹੀ ਇਸ ਨਾਲ ਟ੍ਰਿਬਿਊਨ ਅਖ਼ਬਾਰ ਅਤੇ ਇਸ ਦੇ ਪ੍ਰਬੰਧਕਾਂ ਨੂੰ ਬਰੀ ਕੀਤਾ ਜਾ ਸਕਦਾ ਹੈ। ਇਸ ਮੁਆਫੀਨਾਮੇ ਨੇ ਤਾਂ ਟ੍ਰਿਬਿਊਨ ਅਖ਼ਬਾਰ ਦੇ ਪ੍ਰਬੰਧਕਾਂ ਅਤੇ ਪੱਤਰਕਾਰਾਂ ਦੇ ਕਿਰਦਾਰ ਉਪਰ ਵੀ ਇਕ ਵੱਡਾ ਸਵਾਲ ਖੜ੍ਹਾ ਕਰ ਦਿੱਤਾ ਹੈ। ਅਖ਼ਬਾਰ ਨੇ ਹਾਲੇ ਤੱਕ ਉਨ੍ਹਾਂ ਪੱਤਰਕਾਰਾਂ ਦੇ ਨਾਮ ਨਸ਼ਰ ਨਹੀਂ ਕੀਤੇ ਜਿਨ੍ਹਾਂ ਨੇ ਸ. ਮਜੀਠੀਆ ਖਿਲਾਫ ਅਧਾਰਹੀਣ ਰਿਪੋਰਟਾਂ ਛਾਪੀਆਂ। ਨਾ ਹੀ ਅਜਿਹੀਆਂ ਰਿਪੋਰਟਾਂ ਬਣਾਉਣ ਵਾਲੇ ਪੱਤਰਕਾਰਾਂ ਖਿਲਾਫ ਅਖ਼ਬਾਰ ਵੱਲੋਂ ਕੋਈ ਕਾਰਵਾਈ ਕੀਤੀ ਗਈ ਹੈ। ਇਸ ਤੋਂ ਸਾਫ ਹੈ ਕਿ ਟ੍ਰਿਬਿਊਨ ਅਖ਼ਬਾਰ ਦੇ ਪ੍ਰਬੰਧਕ ਮਾਮਲੇ ਦੀ ਲੀਪਾਪੋਚੀ ਦੇ ਨਾਲ ਹੀ ਖੁਦ ਨੂੰ ਬਚਾਅ ਰਹੇ ਹਨ। ਇਹ ਹੋ ਸਕਦਾ ਹੈ ਕਿ ਅਖ਼ਬਾਰ ਵੱਲੋਂ ਛਾਪੀਆਂ ਗਈਆਂ ਰਿਪੋਰਟਾਂ ਵਿਰੋਧੀ ਸਿਆਸੀ ਧਿਰਾਂ ਵੱਲੋਂ ਬਕਾਇਦਾ ਸਪਾਂਸਰ ਹੋਣ। ਇਸ ਲਈ ਅਖ਼ਬਾਰ ਦੇ ਪ੍ਰਬੰਧਕਾਂ ਜਾਂ ਪੱਤਰਕਾਰਾਂ ਨੂੰ ਮੋਟੀ ਅਦਾਇਗੀ ਵੀ ਕੀਤੀ ਗਈ ਹੋ ਸਕਦੀ ਹੈ। ਇਹ ਸਭ ਤੱਥ ਤੱਦ ਹੀ ਸਾਹਮਣੇ ਆ ਸਕਦੇ ਹਨ ਜੇਕਰ ਮਾਮਲੇ ਦੀ ਪੜਤਾਲ ਕੀਤੀ ਜਾਵੇ। ਖੁਦ ਟ੍ਰਿਬਿਊਨ ਅਖ਼ਬਾਰ ਦੇ ਪ੍ਰਬੰਧਕਾਂ ਨੂੰ ਅਜਿਹੀ ਜਾਂਚ ਪੜਤਾਲ ਲਈ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਇਸ ਸਨਸਨੀਖੇਜ਼ ਮਾਮਲੇ ਦੀ ਸਚਾਈ ਸਾਹਮਣੇ ਆ ਸਕੇ। ਅਖ਼ਬਾਰ ਨੂੰ ਉਨ੍ਹਾਂ ਪੱਤਰਕਾਰਾਂ ਦੇ ਨਾਮ ਅਤੇ ਬੈਂਕ ਖਾਤਿਆਂ ਦਾ ਵੇਰਵਾ ਵੀ ਜਨਤਕ ਕਰਨਾ ਚਾਹੀਦਾ ਹੈ ਜਿਨ੍ਹਾਂ ਨੇ ਸ. ਮਜੀਠੀਆ ਖਿਲਾਫ਼ ਫਰਜ਼ੀ ਰਿਪੋਰਟਾਂ ਤਿਆਰ ਕੀਤੀਆਂ। ਪੱਤਰਕਾਰੀ ਨੂੰ ਕਿਸੇ ਵੀ ਸੂਰਤ ਵਿੱਚ ਧੰਦਾ ਨਹੀਂ ਬਣਨ ਦਿੱਤਾ ਜਾਣਾ ਚਾਹੀਦਾ। ਪੱਤਰਕਾਰੀ ਬਹੁਤ ਹੀ ਸਨਮਾਨਯੋਗ ਕਿੱਤਾ ਹੈ। ਇਹ ਦੁੱਖ ਦੀ ਗੱਲ ਹੈ ਕਿ ਇਸ ਕਿਤੇ ਦਾ ਮਾਣ-ਸਨਮਾਨ ਉਸ ਅਖ਼ਬਾਰ ਵੱਲੋਂ ਰੋਲਿਆ ਗਿਆ ਹੈ, ਜਿਸ ਨੂੰ ਇਕ ਆਦਰਸ਼ ਅਖ਼ਬਾਰ ਮੰਨਿਆ ਜਾਂਦਾ ਸੀ। ਜੇਕਰ ਅਦਾਰਾ ਟ੍ਰਿਬਿਊਨ ਦੀ ਸ਼ਾਖ ਨੂੰ ਮੁੜ ਬਹਾਲ ਕਰਨਾ ਹੈ ਤਾਂ ਪ੍ਰਬੰਧਕਾਂ ਨੂੰ ਸਿਰਫ ਸਪੱਸ਼ਟੀਕਰਨ ਅਤੇ ਮੁਆਫੀਨਾਮੇ ਤੱਕ ਸੀਮਿਤ ਨਹੀਂ ਰਹਿਣਾ ਚਾਹੀਦਾ ਸਗੋਂ ਉਸ ਨੂੰ ਦੋਸ਼ੀ ਸਟਾਫ ਮੈਂਬਰਾਂ ਅਤੇ ਪੱਤਰਕਾਰਾਂ ਖਿਲਾਫ ਤੁਰੰਤ ਕਾਰਵਾਈ ਲਈ ਅੱਗੇ ਆਉਣਾ ਚਾਹੀਦਾ ਹੈ। ਪੰਜਾਬ ਦੇ ਲੋਕਾਂ ਅਤੇ ਆਮ ਪਾਠਕਾਂ ਲਈ ਇਹ ਸਮੁੱਚਾ ਕਾਂਡ ਇਕ ਵੱਡਾ ਸਬਕ ਹੈ। ਅਖ਼ਬਾਰਾਂ ਦੀਆਂ ਰਿਪੋਰਟਾਂ ਉਪਰ ਵਿਸ਼ਵਾਸ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਇਹ ਕਾਂਡ ਹਮੇਸ਼ਾ ਯਾਦ ਰੱਖਣਾ ਹੋਵੇਗਾ। ਸ. ਬਿਕਰਮਜੀਤ ਸਿੰਘ ਮਜੀਠੀਆ ਪੰਜਾਬ ਦੇ ਨੌਜਵਾਨਾਂ ਦੀ ਪ੍ਰਤੀਨਿਧਤਾ ਕਰਦੇ ਹਨ। ਉਨ੍ਹਾਂ ਨੂੰ ਅਕਾਲੀ ਹਲਕਿਆਂ ਵਿੱਚ ਮਾਝੇ ਦੇ ਜਰਨੈਲ ਵਜੋਂ ਮਾਨਤਾ ਮਿਲੀ ਹੋਈ ਹੈ। ਮੀਡੀਆ ਦੇ ਇਕ ਹਿੱਸੇ ਅਤੇ ਕੁਝ ਪੱਤਰਕਾਰਾਂ ਵੱਲੋਂ ਇਸ ਤਰ੍ਹਾਂ ਦੇ ਕਰਿਸ਼ਮਈ ਨੇਤਾ ਦੀ ਸ਼ਾਖ ਨੂੰ ਨੁਕਸਾਨ ਪਹੁੰਚਾਉਣ ਦੀ ਕਾਰਵਾਈ ਪੂਰੀ ਤਰ੍ਹਾਂ ਨਿਖੇਧੀਜਨਕ ਅਤੇ ਅਫਸੋਸਨਾਕ ਹੈ। ਪੱਤਰਕਾਰੀ ਦੇ ਖੇਤਰ ਵਿੱਚ ਵਿੱਚਰ ਰਹੇ ਇਮਾਨਦਾਰ ਅਤੇ ਉਚ ਕਿਰਦਾਰ ਵਾਲੇ ਪੱਤਰਕਾਰਾਂ ਨੂੰ ਇਸ ਤਰ੍ਹਾਂ ਦੀ ਧੰਦਾ ਪੱਤਰਕਾਰੀ ਦਾ ਖੁੱਲ੍ਹ ਕੇ ਵਿਰੋਧ ਕਰਨਾ ਚਾਹੀਦਾ ਹੈ।
– ਬਲਜੀਤ ਸਿੰਘ ਬਰਾੜ



