Skip to content
Independent perspectives. Global stories.
BREAKING

ਯੂਨੀਵਰਸਿਟੀਆਂ ਅਤੇ ਕਾਲਜਾਂ ’ਚ ਵਿਦਿਆਰਥੀ ਚੋਣਾਂ ਕਰਵਾਈਆਂ ਜਾਣ

Share this story

ਕਿਸੇ ਵੀ ਲੋਕਤੰਤਰ ਵਿੱਚ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਵਿਦਿਆਰਥੀ ਚੋਣਾਂ ਦੀ ਇਕ ਵੱਖਰੀ ਅਹਿਮੀਅਤ ਹੁੰਦੀ ਹੈ। ਵਿਦਿਆਰਥੀਆਂ ਦੀਆਂ ਸਿਆਸੀ ਸਰਗਰਮੀਆਂ ਕਿਸੇ ਵੀ ਲੋਕਤੰਤਰ ਵਿੱਚ ਹਿੱਸੇਦਾਰੀ ਲਈ ਅਭਿਆਸੀ ਸਮਾਂ ਹੁੰਦਾ ਹੈ, ਜਿਸ ਨਾਲ ਜਿਥੇ ਉਨ੍ਹਾਂ ਦੀ ਸਿਆਸੀ ਸੂਝ-ਬੂਝ ਪਰਪੱਕ ਹੁੰਦੀ ਹੈ ਉਥੇ ਉਨ੍ਹਾਂ ਨੂੰ ਵੱਖ-ਵੱਖ ਰਾਜਸੀ ਵਿਚਾਰਧਾਰਾਂ ਦੇ ਅਧਿਐਨ ਦਾ ਮੌਕਾ ਮਿਲਦਾ ਹੈ। 1984 ਤੋਂ ਪਹਿਲਾਂ ਐਮਰਜੈਂਸੀ ਦੇ 21 ਮਹੀਨਿਆਂ ਨੂੰ ਛੱਡਕੇ ਕਾਲਜਾਂ ਅਤੇ ਯੂਨੀਵਰਸਿਟੀਆਂ ਦੀ ਚੋਣਾਂ ਨੇ ਪੰਜਾਬ ਵਿੱਚ ਅਨੇਕਾਂ ਵਿਦਿਆਰਥੀਆਂ ਨੂੰ ਸਿਆਸਤ ਦੇ ਰਾਹ ਪਾਇਆ। ਭਾਵੇਂ ਉਹ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਸੀ ਜਾਂ ਸ. ਜਗਮੀਤ ਸਿੰਘ ਬਰਾੜ ਜਾਂ ਫਿਰ ਸ. ਬੀਰਦਵਿੰਦਰ ਸਿੰਘ। ਵਿਦਿਆਰਥੀ ਰਾਜਨੀਤੀ ਤੋਂ ਸਿਖਲਾਈ ਲੈ ਕੇ ਮੁੱਖ ਧਾਰਾ ਦੀ ਸਿਆਸਤ ਵਿੱਚ ਆਉਣ ਵਾਲੇ ਸਿਆਸੀ ਲੀਡਰਾਂ ਦੀ ਸੂਚੀ ਬਹੁਤ ਲੰਬੀ ਹੈ। ਇਸੇ ਤਰ੍ਹਾਂ ਅਜ਼ਾਦੀ ਤੋਂ ਪਹਿਲਾਂ ਅਜ਼ਾਦੀ ਦੀ ਲੜਾਈ ਵਿੱਚ ਵੀ ਵਿਦਿਆਰਥੀਆਂ ਅਤੇ ਨੌਜਵਾਨਾਂ ਦੀ ਅਹਿਮ ਭੂਮਿਕਾ ਰਹੀ ਹੈ।
ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਖੱਬੇਪੱਖੀ ਵਿਚਾਰਧਾਰਾ ਨੂੰ ਪਰਨਾਏ ਵਿਦਿਆਰਥੀ ਅਜੇ ਵੀ ਪੰਜਾਬ ਦੀ ਰਾਜਨੀਤੀ ਵਿੱਚ ਸਰਗਰਮ ਨਜ਼ਰ ਆਉਂਦੇ ਹਨ। ਇਸੇ ਤਰ੍ਹਾਂ ਸਿੱਖ ਸਟੂਡੈਂਟਸ ਫੈਡਰੇਸ਼ਨ ਨਾਲ ਸਬੰਧਤ ਅਨੇਕਾਂ ਵਿਦਿਆਰਥੀ ਵੀ ਸਿਆਸਤ ਵਿੱਚ ਸਰਗਰਮ ਹਨ। ਵਿਦਿਆਰਥੀ ਰਾਜਨੀਤੀ ਦਾ ਇੱਕ ਵੱਡਾ ਫਾਇਦਾ ਇਹ ਵੀ ਹੁੰਦਾ ਸੀ ਕਿ ਆਮ ਘਰਾਂ ਦੇ ਵਿਦਿਆਰਥੀਆਂ ਨੂੰ ਸਿਆਸਤ ਵਿੱਚ ਜਾਣ ਲਈ ਇਕ ਚੰਗਾ ਮੰਚ ਮਿਲ ਜਾਂਦਾ ਸੀ। ਹੁਣ ਹਾਲਾਤ ਇਹ ਹਨ ਕਿ ਪਿਛਲੇ 33-34 ਸਾਲਾਂ ਤੋਂ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਵਿਦਿਆਰਥੀ ਚੋਣਾਂ ’ਤੇ ਪਾਬੰਦੀ ਲੱਗੀ ਹੋਈ ਹੈ ਅਤੇ ਆਮ ਅਤੇ ਗਰੀਬ ਘਰਾਂ ਦੇ ਬੱਚੇ ਲਗਾਤਾਰ ਸਿਆਸਤ ਤੋਂ ਦੂਰ ਜਾ ਰਹੇ ਹਨ। ਦੂਜੇ ਪਾਸੇ ਇਹ ਕਹਿਣਾ ਵੀ ਗਲਤ ਨਹੀਂ ਹੋਵੇਗਾ ਕਿ ਆਮ ਘਰਾਂ ਦੇ ਬੱਚਿਆਂ ਲਈ ਸਿਆਸੀ ਸਰਗਰਮੀਆਂ ਦਾ ਰਾਹ ਬੰਦ ਹੋਣ ਦਾ ਫਾਇਦਾ ਸਿਆਸੀ ਪਰਿਵਾਰ ਉਠਾ ਰਹੇ ਹਨ। ਸਿਆਸੀ ਪਰਿਵਾਰਾਂ ਦੇ ਬੱਚੇ ਸਿਆਸਤ ਦੇ ਖਾਲੀ ਪਏ ਮੈਦਾਨ ਵਿੱਚ ਝੰਡੀਆਂ ਗੱਡ ਰਹੇ ਹਨ। ਸਬੂਤ ਵਜੋਂ ਹਰ ਜ਼ਿਲ੍ਹੇ ਦੇ ਅਕਾਲੀ, ਕਾਂਗਰਸੀ ਅਤੇ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਦੇ ਪੁੱਤਰ-ਧੀਆਂ ਦੀਆਂ ਸਿਆਸੀ ਸਰਗਰਮੀਆਂ ’ਤੇ ਨਜ਼ਰ ਮਾਰੀ ਜਾ ਸਕਦੀ ਹੈ। ਕਈ ਨੇਤਾਵਾਂ ਦੀ ਤਾਂ ਤੀਜੀ ਪੀੜ੍ਹੀ ਵੀ ਸਿਆਸਤ ਵਿੱਚ ਹੱਥ ਪੈਰ ਮਾਰ ਰਹੀ ਹੈ। ਇਸ ਪੱਖੋਂ ਨਵੀਂ ਬਣੀ ਆਮ ਆਦਮੀ ਪਾਰਟੀ ਨੂੰ ਹੀ ਇਕ ਪਾਸੇ ਰੱਖਿਆ ਜਾ ਸਕਦਾ ਹੈ। ਅਕਾਲੀ ਅਤੇ ਕਾਂਗਰਸੀ ਤਾਂ ਆਪਣੀ ਕੁਰਸੀ ਉ¤ਤੇ ਆਪਣੇ ਪੁੱਤਾਂ ਦਾ ਜੱਦੀ ਹੱਕ ਸਮਝਦੇ ਹਨ।
ਇਸ ਪੱਖੋਂ ਪੰਜਾਬ ਦੀ ਸੱਤਾਧਾਰੀ ਧਿਰ ਭਾਵੇਂ ਸ਼੍ਰੋਮਣੀ ਅਕਾਲੀ ਦਲ ਹੋਵੇ ਭਾਵੇਂ ਕਾਂਗਰਸ, ਦੋਵਾਂ ਦੀ ਦੋਗਲੀ ਨੀਤੀ ਸਪੱਸ਼ਟ ਨਜ਼ਰ ਪੈਂਦੀ ਹੈ। ਇਕ ਪਾਸੇ ਪੰਜਾਬ ਵਿੱਚ ਸ਼ਾਂਤੀ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ ਦੂਜੇ ਪਾਸੇ ਵਿਦਿਆਰਥੀ ਚੋਣਾਂ ਲਈ ਮਾਹੌਲ ‘ਸਾਜ਼ਗਰ ਨਹੀਂ’ ਦੱਸਿਆ ਜਾ ਰਿਹਾ। ਸ਼੍ਰੋਮਣੀ ਅਕਾਲੀ ਦਲ ਦਾ ਵਿਦਿਆਰਥੀ ਵਿੰਗ ਜੇ ਪੰਜਾਬ ਯੂਨੀਵਰਸਿਟੀ ਦੀਆਂ ਚੋਣਾਂ ਵਿੱਚ ਹਿੱਸਾ ਲੈ ਕੇ ਚੋਣਾਂ ਜਿੱਤ ਸਕਦਾ ਹੈ ਤਾਂ ਪੰਜਾਬ ਵਿਦਿਆਰਥੀ ਚੋਣਾਂ ਕਿਉਂ ਨਹੀਂ ਕਰਵਾਈਆਂ ਗਈਆਂ। ਇਸੇ ਤਰ੍ਹਾਂ ਦਾ ਚਿਹਰਾ ਕਾਂਗਰਸ ਸਰਕਾਰ ਦਾ ਵੀ ਹੈ। ਇਨ੍ਹਾਂ ਪ੍ਰੰਪਰਕ ਸਿਆਸੀ ਪਾਰਟੀਆਂ ਨੂੰ ਡਰ ਹੈ ਕਿ ਜਦੋਂ ਵਿਦਿਆਰਥੀ ਚੋਣਾਂ ਹੋਣਗੀਆਂ ਤਾਂ ਸੈਂਕੜੇ ਹੋਰ ਨੇਤਾ ਵੀ ਸਿਆਸਤ ਦੇ ਮੈਦਾਨ ਵਿੱਚ ਆਉਣਗੇ ਅਤੇ ਉਨ੍ਹਾਂ ਦੇ ਬੱਚਿਆਂ ਲਈ ਮੁਕਾਬਲਾ ਵੱਧੇਗਾ। ਦੂਜਾ ਇਉਂ ਆਮ ਵਿਦਿਆਰਥੀ ਦੀ ਸਿਆਸਤ ਸਮਝ ਵਧੇਗੀ ਜੋ ਕਿਸੇ ਸਿਆਸੀ ਪਾਰਟੀ ਨੂੰ ਠੀਕ ਨਹੀਂ ਲਗਦੀ। ਜੇ ਅਜਿਹਾ ਨਹੀਂ ਹੈ ਅਤੇ ਪੰਜਾਬ ਵਿੱਚ ਸਭ ਕੁਝ ਠੀਕ-ਠਾਕ ਹੈ ਤਾਂ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਵਿਚ ਤੁਰੰਤ ਚੋਣਾਂ ਕਰਵਾਉਣੀਆਂ ਚਾਹੀਦੀਆਂ ਹਨ ਤਾਂ ਜੋ ਵਿਦਿਅਕ ਸੰਸਥਾਵਾਂ ਅੰਦਰ ਸਹੀ ਅਰਥਾਂ ਵਿੱਚ ਲੋਕਤੰਤਰ ਦੀ ਬਹਾਲੀ ਕੀਤੀ ਜਾ ਸਕੇ।

 

WRITTEN BY