Skip to content
Independent perspectives. Global stories.
BREAKING

ਪੰਜਾਬੀ, ਪਰਿਵਾਰ, ਸਰਕਾਰ ਅਤੇ ਰੁਜ਼ਗਾਰ ਦੀ ਭਾਸ਼ਾ ਬਣੇ

Share this story

ਹਿੰਦੋਸਤਾਨ- ਪਾਕਿਸਤਾਨ ਦੀ ਵੰਡ ਦਾ ਸ਼ਿਕਾਰ ਪਾਕਿਸਤਾਨ ਦੇ ਬਾਹਾਵਲਪੁਰ ਖੇਤਰ ਦੇ ਲੋਕ ਬਾਹਾਵਲਪੁਰੀ ਬੋਲਦੇ ਹਨ। ਰਾਜਪੁਰਾ ਵਿੱਚ ਬਾਹਾਵਲਪੁਰੀਏ ਵੱਡੀ ਗਿਣਤੀ ਵਿੱਚ ਰਹਿੰਦੇ ਹਨ। ਮੇਰੀ ਇਕ ਵਿਦਿਆਰਥਣਾਂ ਇਸੇ ਭਾਈਚਾਰੇ ਨਾਲ ਸਬੰਧਤ ਸੀ। ਉਸ ਦੇ ਦੱਸਣ ਅਨੁਸਾਰ ਉਨ੍ਹਾਂ ਦੀ ਪੁਰਾਣੀ ਪੀੜ੍ਹੀ ਬਾਹਾਵਲਪੁਰੀ ਬੋਲੀ ਵਿੱਚ ਹੀ ਵਾਰਤਾਲਾਪ ਕਰਦੀ ਹੈ ਅਤੇ ਨਵੀਂ ਪੀੜ੍ਹੀ ਸਮਝ ਤਾਂ ਲੈਂਦੀ ਹੈ ਪਰ ਬੋਲਦੀ ਘੱਟ ਹੀ ਹੈ। ਮੈਂ ਉਸ ਨੂੰ ਐਮ. ਫਿਲ ਦੀ ਖੋਜ ਦਾ ਵਿਸ਼ਾ ਬਾਹਾਵਲਪੁਰੀ ਵਿੱਚ ਹੋ ਰਹੀ ਪੱਤਰਕਾਰੀ ਦੇ ਦਿੱਤਾ। ਕੁਝ ਦਿਨਾਂ ਦੀ ਮਿਹਨਤ ਤੋਂ ਬਾਅਦ ਪਤਾ ਲੱਗਾ ਕਿ ਬਾਹਾਵਲਪੁਰੀ ਵਿੱਚ ਕੁਝ ਵੀ ਉਪਲੱਬਧ ਨਹੀਂ। ਬਸ, ਇਕ ਰਸਾਲਾ ਮਿਲਿਆ ਸੀ ਦੇਵਨਗਰੀ ਲਿੱਪੀ ਵਿੱਚ ਜਿਸ ਦੇ ਮੁੱਖ ਪੰਨੇ ’ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਗੁਣਗਾਇਨ ਕੀਤਾ ਹੋਇਆ ਸੀ। ਹਾਲਾਂਕਿ ਇਹ ਖੋਜ ਸਿਰੇ ਨਹੀਂ ਚੜ੍ਹ ਸਕੀ ਸੀ ਪਰ ਇਕ ਖਦਸ਼ਾ ਤਾਂ ਸਪੱਸ਼ਟ ਸੀ ਕਿ ਬਾਹਵਲਪੁਰੀ ਵਾਂਗ ਹਿੰਦੋਸਤਾਨ ਦੀਆਂ ਅਨੇਕਾਂ ਭਾਸ਼ਾਵਾਂ ਦਾ ਭਵਿੱਖ ਖਤਰੇ ਵਿੱਚ ਹੈ। ਮੇਰੇ ਖਦਸ਼ੇ ਦੀ ਉਸ ਵੇਲੇ ਪੁਸ਼ਟੀ ਹੋਈ ਜਦੋਂ ‘ਪੀਪਲਜ਼ ਲੰਗਿਸਿਟਕ ਸਰਵੇ ਆਫ ਇੰਡੀਆ’ ਨਾਮਕ ਸੰਸਥਾ ਨੇ ਆਪਣੇ ਅਧਿਐਨ ਤੋਂ ਬਾਅਦ ਪ੍ਰਕਾਸ਼ਿਤ ਰਿਪੋਰਟ ਵਿੱਚ ਦੱਸਿਆ ਕਿ ਪਿਛਲੇ 50 ਸਾਲਾਂ ਵਿੱਚ ਹਿੰਦੋਸਤਾਨ ਦੀਆਂ 250 ਭਾਸ਼ਾਵਾਂ ਖਤਮ ਹੋ ਗਈਆਂ ਹਨ। ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਕਿ ਇਨ੍ਹਾਂ ਭਾਸ਼ਾਵਾਂ ਦੇ ਲੁਪਤ ਹੋਣ ਦਾ ਇਕ ਕਾਰਨ ਅਜਿਹੀਆਂ ਭਾਸ਼ਾਵਾਂ ਬੋਲਣ ਵਾਲੇ ਬੱਚਿਆਂ ਨੂੰ ਸਾਡੇ ਸੰਵਿਧਾਨ ਵਿੱਚ ਦਰਜ 22 ਭਾਸ਼ਾਵਾਂ ਵਿੱਚ ਸਿ¤ਖਿਆ ਦੇਣਾ ਵੀ ਹੈ। ਬਹੁਤ ਸਾਰੀਆਂ ਬੋਲੀਆਂ ਘਰਾਂ ਅਤੇ ਪਰਿਵਾਰਾਂ ਤੱਕ ਹੀ ਸੀਮਤ ਹੋ ਗਈਆਂ ਹਨ। ਜਿਉਂ-ਜਿਉਂ ਘਰਾਂ ਦੇ ਵੱਡੇ ਬਜ਼ੁਰਗ ਇਸ ਦੁਨੀਆਂ ਤੋਂ ਤੁਰ ਰਹੇ ਹਨ। ਉਨ੍ਹਾਂ ਦੀ ਬੋਲੀ ਵੀ ਲੁਪਤ ਹੁੰਦੀ ਜਾ ਰਹੀ ਹੈ। ਇਨ੍ਹਾਂ ਦੇ ਖਤਮ ਹੋਣ ਨਾਲ ਉਹ ਸੰਸਕ੍ਰਿਤੀ ਦੇ ਮਿਟਣ ਦਾ ਵੀ ਡਰ ਬਣ ਜਾਂਦਾ ਹੈ ਜਿਸ ਨੇ ਇਸ ਭਾਸ਼ਾ ਨੂੰ ਬਣਾਇਆ ਸੀ। ਸਾਡੇ ਦੇਸ਼ ਵਿੱਚ 780 ਅਜਿਹੀਆਂ ਭਾਸ਼ਾਵਾਂ ਹਨ ਜਿਨ੍ਹਾਂ ਦੇ ਮਰਨ ਦਾ ਖਤਰਾ ਬਣਿਆ ਹੋਇਆ ਹੈ।
ਹਿੰਦੋਸਤਾਨ ਦੀਆਂ ਭਾਸ਼ਾਵਾਂ ਦੀ ਦੁਰਗਤੀ ਦਾ ਵੱਡਾ ਕਾਰਨ ਅੰਗਰੇਜ਼ੀ ਨੂੰ ਲੈ ਕੇ ਸਾਡੀ ਮਾਨਸਿਕਤਾ ਹੈ। ਅੰਗਰੇਜ਼ ਭਾਵੇਂ ਦੇਸ਼ ਤੋਂ ਚਲੇ ਗਏ ਪਰ ਅੰਗਰੇਜ਼ੀ ਅਜੇ ਵੀ ਰਾਜ ਕਰ ਰਹੀ ਹੈ। ਵਿਗਿਆਨ, ਸਮਾਜ ਵਿਗਿਆਨ, ਪੱਤਰਕਾਰੀ ਅਤੇ ਹੋਰ ਬਹੁਤ ਸਾਰੇ ਵਿਸ਼ਿਆਂ ਬਾਰੇ ਸਮੱਗਰੀ ਦੀ ਉਪਲੱਬਧਤਾ ਸਿਰਫ ਅੰਗਰੇਜ਼ੀ ਵਿੱਚ ਹੀ ਹੈ। ਇਸ ਪੱਖੋਂ ਸਾਡੀਆਂ ਸਰਕਾਰਾਂ ਅਤੇ ਸੰਸਥਾਵਾਂ ਨੇ ਗੰਭੀਰਤਾ ਨਾਲ ਕੰਮ ਨਹੀਂ ਕੀਤਾ। ਸਬੂਤ ਵਜੋਂ ਮੈਂ ਕਹਿ ਸਕਦਾ ਹਾਂ ਕਿ ਪੰਜਾਬੀ ਯੂਨੀਵਰਸਿਟੀ ਦਾ ਫਰਜ਼ ਬਣਦਾ ਸੀ ਕਿ ਉਹ ਪੱਤਰ ਵਿਹਾਰ ਰਾਹੀਂ ਪੱਤਰਕਾਰੀ ਦਾ ਕੋਰਸ ਕਰਨ ਵਾਲੇ ਵਿਦਿਆਰਥੀਆਂ ਨੂੰ ਪੰਜਾਬੀ ਵਿੱਚ ਸਮੱਗਰੀ ਮੁਹੱਈਆ ਕਰਵਾਉਂਦੀ ਪਰ ਅਜੇ ਤੱਕ ਇਹ ਨਹੀਂ ਹੋ ਸਕਿਆ। ਪੰਜਾਬੀ ਪੱਤਰਕਾਰੀ ਲਈ ਪੰਜਾਬੀ ਵਿੱਚ ਮੈਂ ਹੀ ਕੁਝ ਕਿਤਾਬਾਂ ਲਿਖੀਆਂ ਹਨ ਜਾਂ ਮੇਰੇ ਤੋਂ ਪਹਿਲਾਂ ਚਾਰ ਕਿਤਾਬਾਂ ਲਿਖੀਆਂ ਗਈਆਂ ਸਨ। ਇਸ ਤਰ੍ਹਾਂ ਦਾ ਹਾਲ ਹੋਰ ਵਿਸ਼ਿਆਂ ਦਾ ਵੀ ਹੈ। ਇਕ ਹੋਰ ਵੀ ਗੱਲ ਕਰਨੀ ਬਣਦੀ ਹੈ ਕਿ ਦੇਸ਼ ਦੀਆਂ ਲੋਕਲ ਭਾਸ਼ਾਵਾਂ ਵਿੱਚ ਖੋਜ ਕਰਨ ਨੂੰ ਘੱਟ ਤਰਜੀਹ ਦਿੱਤੀ ਜਾਂਦੀ ਹੈ। ਜ਼ਿਆਦਾ ਗਿਣਤੀ ਵਿੱਚ ਖੋਜੀ ਅੰਗਰੇਜ਼ੀ ਨੂੰ ਤਰਜੀਹ ਦਿੰਦੇ ਹਨ। ਇਕ ਸਰਵੇਖਣ ਦੌਰਾਨ ਮੈਂ ਬੱਚਿਆਂ ਨੂੰ ਪੁਛਿਆ ਕਿ ਤੁਸੀਂ ਪੰਜਾਬੀ ਕਿਉਂ ਨਹੀਂ ਬੋਲਦੇ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਜੇ ਅਸੀਂ ਪੰਜਾਬੀ ਵਿੱਚ ਬੋਲਦੇ ਹਾਂ ਤਾਂ ਦੂਜੇ ਬੱਚੇ ਸਾਨੂੰ ਚਿੜਾਉਂਦੇ ਹਨ। ਉਂਜ ਵੀ ਪਬਲਿਕ ਅਤੇ ਹੋਰ ਪ੍ਰਾਈਵੇਟ ਸਕੂਲਾਂ ਵਿੱਚ ਪੰਜਾਬੀ ਬੋਲਣ ’ਤੇ ਅਣਐਲਾਨੀ ਪ੍ਰਬੰਦੀ ਲੱਗੀ ਹੋਈ ਹੈ। ਮਾਪੇ ਵੀ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਅੰਗਰੇਜ਼ੀ ਬੋਲਣ, ਅੰਗਰੇਜ਼ੀ ਜਾਣਨ ਕਿਉਂਕਿ ਅੰਗਰੇਜ਼ੀ ਵਾਲੇ ਨੂੰ ਨੌਕਰੀ ਜਲਦੀ ਮਿਲ ਜਾਂਦੀ ਹੈ। ਮੈਨੂੰ ਬਹੁਤ ਸਾਰੇ ਮਾਪਿਆਂ ਨੇ ਇਹੋ ਦੱਸਿਆ ਸੀ।
ਜੇ ਅਸੀਂ ਚਾਹੁੰਦੇ ਹਾਂ ਕਿ ਸਾਡੀ ਮਾਂ ਬੋਲੀ ਪ੍ਰਫੁਲਿਤ ਹੋਵੇ ਤਾਂ ਸਾਨੂੰ ਚੇਤਨ ਹੋ ਕੇ ਕੁਝ ਯਤਨ ਕਰਨੇ ਪੈਣਗੇ। ਸਾਨੂੰ ਵਪਾਰ, ਰੁਜ਼ਗਾਰ, ਪਰਿਵਾਰ ਅਤੇ ਸਰਕਾਰ ਦੀ ਭਾਸ਼ਾ ਮਾਂ ਬੋਲੀ ਨੂੰ ਬਣਾਉਣਾ ਹੋਵੇਗਾ। ਇਸੇ ਸਬੰਧ ਵਿੱਚ 29 ਅਕਤੂਬਰ ਡਾ. ਧਰਮਗਾਂਧੀ ਦੀ ਅਗਵਾਈ ਵਿੱਚ ਪਟਿਆਲੇ ਅਤੇ ਪੰਜ ਨਵੰਬਰ ਨੂੰ ਭਾਈ ਘਨੱਈਆ ਕੈਂਸਰ ਰੋਕੋ ਸੋਸਾਇਟੀ ਵੱਲੋਂ ਫਰੀਦਕੋਟ ਵਿਖੇ ਸਮਾਗਮ ਕੀਤੇ ਜਾ ਰਹੇ ਹਨ। ਜਿਨ੍ਹਾਂ ਵਿੱਚ ਸ਼ਾਮਲ ਹੋਣ ਦਾ ਪੰਜਾਬੀ ਪਿਆਰੇ ਦਾ ਫਰਜ਼ ਹੈ।

WRITTEN BY