ਅਸੀਂ ਤਿੰਨ ਦੋਸਤਾਂ ਨੇ ਦਿੱਲੀ ਜਾਣ ਦਾ ਪ੍ਰੋਗਰਾਮ ਬਣਾਇਆ। ਸਵੇਰ ਸਾਜਰੇ ਚੱਲਣ ਦਾ ਪ੍ਰੋਗਰਾਮ ਸੀ ਤਾਂ ਕਿ ਸਾਰੇ ਕੰਮ ਨਿਬੇੜਕੇ ਸ਼ਾਮ ਤੱਕ ਪਟਿਆਲਾ ਮੁੜ ਸਕੀਏ। ਅਸੀਂ ਅਕਸਰ ਇੰਜ ਹੀ ਕਰਦੇ ਸਾਂ ਕਿ ਪਟਿਆਲਾ ਤੋਂ ਚਾਰ ਕੁ ਵਜੇ ਚਲਕੇ ਪੋਣੇ ਕੁ ਨੌਂ ਦਿੱਲੀ ਪਹੁੰਚ ਜਾਂਦੇ ਸਾਂ। ਉਸ ਦਿਨ ਵੀ ਅਸੀਂ ਚਾਰ ਕੁ ਵਜੇ ਚਲੇ ਸਾਂ ਅਤੇ ਰਸਤੇ ਵਿੱਚ ਇਕ ਦੋ ਵਾਰ ਰੁਕਦੇ ਰੁਕਾਂਦੇ ਸਮੇਂ ਸਿਰ ਦਿੱਲੀ ਪਹੁੰਚ ਗਏ ਸਾਂ। ਐਤਵਾਰ ਦਾ ਦਿਨ ਹੋਣ ਕਾਰਨ ਦਿੱਲੀ ਦੀਆਂ ਸੜਕਾਂ ’ਤੇ ਭੀੜ ਘੱਟ ਹੀ ਸੀ। ਅਸੀਂ ਸਵਾ ਕੁ ਨੌ ਵਜੇ ਤਿਲਕ ਨਗਰ ਦੀ ਮਾਰਕੀਟ ’ਚ ਖੜ੍ਹੇ ਸਾਂ। ਅਸੀਂ ਡਰਾਇਵਰ ਨੂੰ ਸ਼ਾਬਾਸ਼ ਦਿੱਤੀ ਜਿਸ ਨੇ ਮਾਰੂਤੀ ਵੈਨ ਨੂੰ ਤੇਜ਼ ਚਲਾਕੇ ਵੀ ਸਾਨੂੰ ਸਹੀ ਸਲਾਮਤ ਪਹੁੰਚਾ ਦਿੱਤਾ ਸੀ। ਇਥੇ ਤੱਕ ਤਾਂ ਸਭ ਕੁਝ ਠੀਕ-ਠਾਕ ਰਿਹਾ ਸੀ ਪਰ ਇਸ ਤੋਂ ਬਾਅਦ ਇਕ ਅਜਿਹੀ ਘਟਨਾ ਵਾਪਰ ਗਈ ਜੋ ਮੈਨੂੰ ਸਾਰੀ ਉਮਰ ਨਹੀਂ ਭੁੱਲ ਸਕਣੀ।
ਇਸ ਤਰ੍ਹਾਂ ਹੋਇਆ ਕਿ ਮੈਂ ਅਤੇ ਇਕ ਹੋਰ ਦੋਸਤ ਪਿਛਲੀਆਂ ਸੀਟਾਂ ਉ¤ਪਰ ਬੈਠੇ ਸਾਂ ਅਤੇ ਇਕ ਦੋਸਤ ਅਗਲੀ ਸੀਟ ’ਤੇ ਬੈਠਾ ਸੀ। ਜਦੋਂ ਅਸੀਂ ਟਿਕਾਣੇ ’ਤੇ ਪਹੁੰਚ ਕੇ ਉਤਰਨ ਲੱਗੇ ਤਾਂ ਮੈਥੋਂ ਪਹਿਲਾਂ ਮੇਰਾ ਮਿੱਤਰ ਉਤਰਿਆ ਅਤੇ ਮੈਂ ਅਜੇ ਉ¤ਤਰ ਹੀ ਰਿਹਾ ਸੀ। ਮੇਰਾ ਹੱਥ ਅਜੇ ਕਾਰ ਦੀ ਤਾਕੀ ਵਿੱਚ ਹੀ ਸੀ ਕਿ ਗਲਤੀ ਨਾਲ ਜਾਂ ਭੁਲੇਖੇ ਨਾਲ ਮੇਰੇ ਮਿੱਤਰ ਨੇ ਪੂਰੇ ਜ਼ੋਰ ਨਾਲ ਖਿੜਕੀ ਬੰਦ ਕਰ ਦਿੱਤੀ। ਮੇਰੀਆਂ ਚਾਰ ਉਂਗਲਾਂ ਬੁਰੀ ਤਰ੍ਹਾਂ ਪਿਚੀਆਂ ਗਈਆਂ। ਉਸ ਤੋਂ ਬਾਅਦ ਇਕ ਵਾਰ ਤਾਂ ਦਰਦ ਨਾਲ ਮੇਰੀ ਚੀਖ ਨਿਕਲੀ ਸੀ ਪਰ ਬਾਅਦ ’ਚ ਮੈਂ ਬਹੁਤ ਹਲਕਾ ਫੁਲਕਾ ਮਹਿਸੂਸ ਕਰ ਰਿਹਾ ਸਾਂ। ਇਉਂ ਲੱਗ ਰਿਹਾ ਸੀ ਜਿਵੇਂ ਕਿ ਕਿਸੇ ਫੁੱਲ ਦੀ ਪੱਤੀ ਨੂੰ ਹਵਾ ਦਾ ਬੁਲਾ ਉਡਾਕੇ ਲਿਜਾ ਰਿਹਾ ਹੋਵੇ। ਹਲਕੇ ਹਲਕੇ ਮਧੁੱਰ ਸੰਗੀਤ ਦੀਆਂ ਧੁਨਾਂ ਨਾਲ ਮਾਹੌਲ ਪੂਰਾ ਸੰਗੀਤਮਈ ਸੀ। ਕਿਸੇ ਅਨੰਦ ਅਤੇ ਸਰੂਰ ਵਿੱਚ ਉਤਾਂਹ ਉਡਦਾ ਜਾ ਰਿਹਾ ਸੀ। ਬੜਾ ਹੁਲਾਸਮਈ ਅਨੁਭਵ ਸੀ। ਅਜਿਹਾ ਅਨੁਭਵ ਜ਼ਿੰਦਗੀ ਵਿੱਚ ਪਹਿਲੀ ਵਾਰ ਹੋ ਰਿਹਾ ਸੀ। ਮੈਂ ਇਸੇ ਅਨੰਦਮਈ ਅਵੱਸਥਾ ਵਿੱਚ ਰਹਿਣਾ ਚਾਹੁੰਦਾ ਸਾਂ ਪਰ ਅਚਾਨਕ ਹੀ ਮੈਨੂੰ ਆਪਣੀਆਂ ਉਂਗਲਾਂ ਵਿੱਚ ਦਰਦ ਦਾ ਅਹਿਸਾਸ ਹੋਇਆ। ਇਸ ਦਰਦ ਕਾਰਨ ਜਦੋਂ ਮੈਂ ਅੱਖਾਂ ਖੋਲ੍ਹੀਆਂ ਤਾਂ ਵੇਖਿਆ ਕਿ ਡਾਕਟਰ ਮੈਨੂੰ ਹੋਸ਼ ’ਚ ਲਿਆਉਣ ਦੀ ਕੋਸ਼ਿਸ਼ ਕਰ ਰਹੇ ਸਨ। ਮੈਨੂੰ ਟੀਕਿਆਂ ਦਾ ਦਰਦ ਮਹਿਸੂਸ ਹੋ ਰਿਹਾ ਸੀ। ਡਾਕਟਰਾਂ ਦੀਆਂ ਕੋਸ਼ਿਸ਼ਾਂ ਸਫਲ ਹੋਈਆਂ ਅਤੇ ਮੈਨੂੰ ਹੋਸ਼ ਆ ਗਿਆ ਸੀ। ਮੇਰੇ ਮਿੱਤਰ ਮੈਨੂੰ ਜਿਉਂਦਾ ਵੇਖਕੇ ਖੁਸ਼ ਸਨ ਅਤੇ ਜਿਸ ਮਿੱਤਰ ਤੋਂ ਗਲਤੀ ਨਾਲ ਖਿੜਕੀ ਬੰਦ ਹੋ ਗਈ ਸੀ, ਉਸ ਦੇ ਚਿਹਰੇ ’ਤੇ ਪਛਤਾਵੇ ਦਾ ਪਰਛਾਵਾਂ ਸਪੱਸ਼ਟ ਨਜ਼ਰ ਆ ਰਿਹਾ ਹੈ।
ਇਹ ਘਟਨਾ ਤੋਂ ਬਾਅਦ ਭਾਵੇਂ ਮੈਂ ਠੀਕ ਹੋ ਗਿਆ ਸੀ ਪਰ ਮੇਰੀ ਬਲੱਡ ਪ੍ਰੈਸ਼ਰ ਦੀ ਦਵਾਈ ਸ਼ੁਰੂ ਹੋ ਗਈ ਸੀ। ਕੁੱਝ ਦਿਨਾਂ ਦੀ ਮਲ੍ਹਮ ਪੱਟੀ ਤੋਂ ਬਾਅਦ ਚਾਰੇ ਉਂਗਲਾਂ ਵੀ ਠੀਕ ਹੋ ਗਈਆਂ ਸਨ ਭਾਵੇਂ ਜ਼ਖਮਾਂ ਕਾਰਨ ਮੈਨੂੰ ਕਾਫੀ ਦੁੱਖ ਕੱਟਣਾ ਪਿਆ ਸੀ। ਇਸ ਦੁੱਖ ਬਦਲੇ ਮੈਂ ਇਕ ਖੂਬਸੁਰਤ ਅਨੁਭਵ ’ਚੋਂ ਗੁਜ਼ਰਿਆ ਸਾਂ। ਗੁੰਗੇ ਦੇ ਗੁੜ ਖਾਣ ਤੋਂ ਬਾਅਦ ਸਵਾਦ ਦਸਣ ਤੋਂ ਅਸਮਰੱਥ ਹੋਣ ਵਾਂਗ ਮੇਰੇ ਕੋਲ ਵੀ ਉਸ ਅਨੁਭਵ ਨੂੰ ਸ਼ਬਦਾਂ ਵਿੱਚ ਪ੍ਰਗਟਾਉਣ ਲਈ ਸ਼ਬਦ ਨਹੀਂ ਹਨ। ਫੁੱਲਾਂ ਦੀ ਖੂਬਸੂਰਤੀ ਦਾ ਤਾਂ ਬਿਆਨ ਕੀਤਾ ਸਕਦਾ ਹੈ ਪਰ ਖੁਸ਼ਬੂ ਦਾ ਬਿਆਨ ਭਲਾ ਕਿਵੇਂ ਕੀਤਾ ਜਾ ਸਕਦਾ ਹੈ। ਇਸ ਘਟਨਾ ਨੂੰ ਕਈ ਵਰ੍ਹੇ ਬੀਤ ਗਏ ਪਰ ਅੱਜ ਮੈਨੂੰ ਇਹ ਉਸ ਵੇਲੇ ਯਾਦ ਆ ਗਈ ਜਦੋਂ ਇਕ ਟੀਵੀ ਚੈਨਲ ’ਤੇ ਇਕ ਸਵਾਮੀ ਨੂੰ ਇਹ ਕਹਿੰਦੇ ਸੁਣਿਆ ਕਿ ਜਦੋਂ ਜੰਮ ਲੈ ਕੇ ਜਾਂਦੇ ਹਨ ਤਾਂ ਵਾਲਾਂ ਤੋਂ ਫੜਕੇ ਘੜੀਸਿਆ ਜਾਂਦਾ ਹੈ ਅਤੇ ਤਰ੍ਹਾਂ-ਤਰ੍ਹਾਂ ਦੇ ਤਸੀਹੇ ਦੇ ਕੇ ਧਰਮਰਾਜ ਦੀ ਕਚਹਿਰੀ ਵਿੱਚ ਪੇਸ਼ ਕੀਤਾ ਜਾਂਦਾ ਹੈ। ਇਉਂ ਲੱਗ ਰਿਹਾ ਸੀ ਜਿਵੇਂ ਸਵਾਮੀ ਜੀ ਆਪਣੇ ਅਨੁਭਵ ਵਿੱਚੋਂ ਬੋਲ ਕਹੇ ਹੋਣ। ਫਿਰ ਸਵਾਮੀ ਨੇ ਇਨ੍ਹਾਂ ਤਸੀਹਿਆਂ ਤੋਂ ਬਚਣ ਲਈ ਮੰਤਰ ਦਾ ਜਾਪ ਕਰਨ ਦੀ ਸਲਾਹ ਦਿੱਤੀ। ਪ੍ਰੋਗਰਾਮ ਦੇ ਅੰਤ ਵਿੱਚ ਸਵਾਮੀ ਦੇ ਡੇਰੇ ਦਾ ਸਿਰਨਾਵਾਂ ਅਤੇ ਬੈਂਕ ਦਾ ਖਾਤਾ ਨੰਬਰ ਵਿਖਾਇਆ ਗਿਆ, ਜਿਸ ਵਿੱਚ ਮਾਇਆ ਭੇਟ ਕਰਕੇ ਇਸ ਸਫਰ ਨੂੰ ਸੁਖਾਲਾ ਬਣਾਉਣ ਦਾ ਉਪਾਏ ਦੀ ਫੀਸ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਸੀ। ਮੈਂ ਸੋਚ ਰਿਹਾ ਸੀ ਕਿ ਅਸੀਂ ਟੀਵੀ ਚੈਨਲਾਂ ਰਾਹੀਂ ਜਾਗਰਤੀ ਲਿਆ ਰਹੇ ਹਾਂ ਜਾਂ ਪਖੰਡ ਫੈਲਾਅ ਰਹੇ ਹਾਂ।



