Skip to content
Independent perspectives. Global stories.
BREAKING

ਇਕ ਹੋਰ ਖੌਜੀ ਪੱਤਰਕਾਰ ਦਾ ਹੋਇਆ ਕਤਲ

Share this story

ਇਕ ਹੋਰ ਬੁਲੰਦ ਆਵਾਜ਼ ਖਾਮੋਸ਼ ਕਰ ਦਿੱਤੀ ਗਈ। ਭ੍ਰਿਸ਼ਟਾਚਾਰ ਅਤੇ ਜ਼ੁਰਮ ਦੇ ਖਿਲਾਫ ਲਿਖਣ ਵਾਲੀ ਇਕ ਹੋਰ ਕਲਮ ਤੋੜ ਦਿੱਤੀ ਗਈ। ਦੇਸ਼ ਕੋਈ ਵੀ ਹੋਵੇ, ਸਰਕਾਰ ਕੋਈ ਵੀ ਹੋਵੇ ਸੱਚ ਲਿਖਣ ਵਾਲੀਆਂ ਕਲਮਾਂ ਨੂੰ ਤੋੜਨ ਦਾ ਦਸਤੂਰ ਜਾਰੀ ਰਹਿੰਦਾ ਹੈ। ਇਸ ਵਾਰ ਮਾਲਟਾ ਦੀ ਖੌਜੀ ਪੱਤਰਕਾਰ ਡੈਫਨੀ ਕੈਰੂਆਨਾ ਗਲੈਜ਼ਿਆ, ਮੁਜ਼ਰਮਾਨਾ ਸੱਚ ਰੱਖਣ ਵਾਲੇ ਲੋਕਾਂ ਦੀ ਸ਼ਿਕਾਰ ਬਣੀ। ਇਹ ਉਹੀ ਖੌਜੀ ਪੱਤਰਕਾਰ ਹੈ ਜਿਸ ਨੇ ਮਾਲਟਾ ਦੇ ਵਿਦੇਸ਼ੀ ਕਰ ਪਨਾਹਗਾਰ ਦੇ ਬਾਰੇ ਖੁਲਾਸਾ ਕੀਤਾ ਸੀ। ਇਸ ਪੱਤਰਕਾਰ ਨੇ ਪਨਾਮਾ ਪੇਪਰ ਲੀਕਸ ਰਾਹੀਂ ਦੁਨੀਆਂ ਭਰ ਵਿੱਚ ਤਹਿਲਕਾ ਮਚਾ ਦਿੱਤਾ ਸੀ। ਪਨਾਮਾ ਪੇਪਰ ਲੀਕਸ ਨੇ ਦੁਨੀਆਂ ਭਰ ਦੇ ਵੱਡੇ-ਵੱਡੇ ਨੇਤਾਵਾਂ ਦੇ ਬਾਰੇ ਵਿੱਚ ਖੁਲਾਸੇ ਕੀਤੇ ਸਨ। ਕੈਰੂਆਨਾ ਗਲੈਜਿਆ ਦੀਆਂ ਖੌਜੀ ਰਿਪੋਰਟਾਂ ਨੇ ਦੁਨੀਆਂ ਭਰ ਦੇ ਸਿਆਸੀ ਅਤੇ ਉਦਯੋਗਿਕ ਘਰਾਣਿਆਂ ਨੂੰ ਧੁਰ ਅੰਦਰ ਤੱਕ ਹਿਲਾ ਦਿੱਤਾ ਸੀ। ਉਹ ਬੁਨਿਆਦੀ ਤੌਰ ’ਤੇ ਇਕ ਬਲਾਗਰ ਸੀ। ਉਹ ਆਪਣੀਆਂ ਨਿਧੱੜਕ, ਬੇਬਾਕ ਅਤੇ ਵਿਅੰਗਮਈ ਲਿਖਤਾਂ ਕਰਕੇ ਬਹੁਤ ਪ੍ਰਸਿੱਧ ਸੀ। ਉਸ ਨੇ ਜੋ ਦਸਤਾਵੇਜ ਆਪਣੇ ਬਲਾਗ ਜ਼ਰੀਏ ਲੀਕ ਕੀਤੇ ਸਨ, ਉਨ੍ਹਾਂ ਨੂੰ ਪੜ੍ਹਨ ਵਾਲਿਆਂ ਦੀ ਗਿਣਤੀ ਮਾਲਟਾ ਦੇ ਸਭ ਤੋਂ ਜ਼ਿਆਦਾ ਪੜ੍ਹੇ ਜਾਣ ਵਾਲੇ ਅਖਬਾਰ ਤੋਂ ਕਿਤੇ ਜ਼ਿਆਦਾ ਸੀ। ਇਸ ਖੌਜੀ ਪੱਤਰਕਾਰ ਦੀ ਨਿਗਾਹ ਤੋਂ ਕੋਈ ਵੀ ਨਹੀਂ ਬੱਚਦਾ ਸੀ ਭਾਵੇਂ ਉਹ ਦੇਸ਼ ਦਾ ਪ੍ਰਧਾਨ ਮੰਤਰੀ ਸੀ ਜਾਂ ਫਿਰ ਵਿਰੋਧੀ ਪਾਰਟੀ ਦਾ ਲੀਡਰ। ਉਹ ਹਰ ਭ੍ਰਿਸ਼ਟਾਚਾਰੀ ਨੂੰ ਬੇਬਾਕ ਤਰੀਕੇ ਨਾਲ ਨੰਗਾ ਕਰਨ ਦੀ ਹਿੰਮਤ ਰੱਖਦੀ ਸੀ। ਪਿਛੇ ਜਿਹੇ ਉਸ ਨੇ ਮਾਲਟਾ ਦੇ ਪ੍ਰਧਾਨ ਮੰਤਰੀ ਜੋਸੇਫ ਮਸਕਟ ਅਤੇ ਉਨ੍ਹਾਂ ਦੇ ਦੋ ਕਰੀਬੀਆਂ ਬਾਰੇ ਵਿੱਚ ਵੱਡਾ ਖੁਲਾਸਾ ਕੀਤਾ ਸੀ।
ਕੈਰੂਆਨਾ ਗਲੇਜੀਆ ਮਾਲਟਾ ਵਿੱਚ ਫੈਲੇ ਭ੍ਰਿਸ਼ਟਾਚਾਰ ਤੋਂ ਬਹੁਤ ਦੁਖੀ ਅਤੇ ਨਿਰਾਸ਼ ਸੀ। ਉਸ ਨੇ ਆਪਣੀ ਮੌਤ ਤੋਂ ਕੁਝ ਘੰਟੇ ਪਹਿਲਾਂ ਆਪਣੇ ਬਲਾਗ ਵਿੱਚ ਲਿਖਿਆ ਸੀ ਕਿ ‘ਜਿਧਰ ਵੀ ਦੇਖੋ ਮੁਜ਼ਰਮਾਨਾ ਬਿਰਤੀ ਦੇ ਲੋਕ ਨਜ਼ਰ ਆਉਂਦੇ ਹਨ। ਸਥਿਤੀ ਬੜੀ ਗੰਭੀਰ ਅਤੇ ਨਿਰਾਸ਼ਵਾਦੀ ਹੈ। ਉਸ ਦੀ ਇਹ ਟਿੱਪਣੀ ਲਿਖਣ ਤੋਂ ਕੁੱਝ ਘੰਟੇ ਬਾਅਦ ਹੀ ਉਸ ਦੀ ਕਾਰ ਨੂੰ ਬੰਬ ਨਾਲ ਉਡਾ ਦਿੱਤਾ ਗਿਆ। ਸੋਮਵਾਰ ਦੀ ਦੁਪਹਿਰ 53 ਵਰ੍ਹਿਆਂ ਦੀ ਗਲੈਜਿਆ ਆਪਣੀ ਕਾਰ ਖੁਦ ਚਲਾਕੇ ਜਾ ਰਹੀ ਸੀ।
ਜਦੋਂ ਇਕ ਸਿਪਾਹੀ ਆਪਣੇ ਦੇਸ਼ ਲਈ ਆਪਣੀ ਡਿਊਟੀ ਪੂਰੀ ਕਰਦਾ ਹੋਇਆ ਆਪਣੀ ਜਾਨ ਦਿੰਦਾ ਹੈ ਤਾਂ ਉਸ ਨੂੰ ਸ਼ਹੀਦ ਦਾ ਦਰਜਾ ਦੇ ਕੇ ਸਤਿਕਾਰ ਦਿੱਤਾ ਜਾਂਦਾ ਹੈ। ਇਸ ਦੇ ਉਲਟ ਜਦੋਂ ਕੈਰੂਆਣਾ ਵਰਗੀ ਨਿਧੱੜਕ ਪੱਤਰਕਾਰ ਆਪਣੀ ਡਿਊਟੀ ਨਿਭਾਉਂਦੀ ਹੋਈ ਦੁਸ਼ਮਣਾਂ ਦੇ ਹੱਥੋਂ ਮਾਰੀ ਜਾਂਦੀ ਹੈ ਤਾਂ ਸਰਕਾਰ ਵੱਲੋਂ ਜਾਂਚ ਦੇ ਡਰਾਮੇ ਤੋਂ ਵੱਧ ਕੁੱਝ ਨਹੀਂ ਵਾਪਰਦਾ। ਅਸਲ ਵਿੱਚ ਬਹੁਤ ਵਾਰ ਉਸ ਦੀ ਮੌਤ ’ਤੇ ਅਫਸੋਸ ਦਾ ਨਾਟਕ ਕਰਨ ਵਾਲੇ ਹੀ ਸਿੱਧੇ ਜਾਂ ਅਸਿੱਧੇ ਤੌਰ ’ਤੇ ਉਸ ਦੀ ਮੌਤ ਲਈ ਜ਼ਿੰਮੇਵਾਰ ਹੁੰਦੇ ਹਨ। ਕੈਰੂਆਣਾ ਗਲੇਜਿਆ ਨਾਲ ਵੀ ਇੰਜ ਹੀ ਵਾਪਰ ਰਿਹਾ ਹੈ। ਉਸ ਦੇ ਪੁੱਤਰ ਨੂੰ ਨਿਆਂ ਦੀ ਕੋਈ ਆਸ ਨਹੀਂ। ਕੋਈ ਵੀ ਅਜਿਹੀ ਏਜੰਸੀ ਨਹੀਂ ਜੋ ਨਿਰਪੱਖ ਜਾਂਚ ਕਰਕੇ ਇਸ ਖੋਜੀ ਪੱਤਰਕਾਰ ਦੇ ਕਤਲ ਦੀ ਸਚਾਈ ਅੱਗੇ ਲਿਆ ਸਕੇ। ਪਰ ਉਸ ਦੀ ਮੌਤ ਨੇ ਇਕ ਵਾਰ ਫਿਰ ਸਿੱਧ ਕਰ ਦਿੱਤਾ ਹੈ ਕਿ ਸੱਚ ਬਦਲੇ ਮੌਤ ਹੁੰਦੀ ਹੈ ਪਰ ਇਸ ਦੇ ਬਾਵਜੂਦ ਸੱਚ ਬੋਲਣ ਵਾਲੇ ਹਰ ਵਕਤ ’ਚ ਅਤੇ ਹਰ ਦੇਸ਼ ਵਿੱਚ ਮੌਜੂਦ ਹੁੰਦੇ ਹਨ।

WRITTEN BY