ਭੋਜਨ ਅਤੇ ਖੇਤੀਬਾੜੀ ਆਰਗੇਨਾਈਜੇਸ਼ਨ ਦੀ ਕਾਨਫਰੰਸ ਵਿਚ ਸੰਨ 1979 ਵਿਚ ਵਿਸ਼ਵ ਭੋਜਨ ਦਿਵਸ ਮਨਾਇਆ ਗਿਆ ਅਤੇ ਇਸਦੀ ਸ਼ੁਰੂਆਤ ਸੰਨ 1945 ਨੂੰ ਹੋਈ ਸੀ। ਭਾਰਤ ਵਿਚ ਇਹ ਦਿਵਸ ਸਰਕਾਰੀ, ਗੈਰਸਰਕਾਰੀ ਅਤੇ ਵਿਦਿਆਰਥੀਆਂ ਵੱਲੋਂ ਵੱਖ ਵੱਖ ਥਾਵਾਂ ਤੇ ਮਨਾਇਆ ਜਾਂਦਾ ਹੈ। ਭਾਰਤ ਵਿਚ ਖੇਤੀਬਾੜੀ ਮੰਤਰਾਲਾ ਵੱਲੋਂ ਮੁੱਖ ਪ੍ਰੋਗਰਾਮ ਕਰਵਾਇਆ ਜਾਂਦਾ ਹੈ। ਇਸ ਸਬੰਧੀ ਵਿਦਿਆਰਥੀਆਂ ਵੱਲੋਂ ‘‘ਦਾ ਯਮਨਾ’’ ਨਿਊਜ਼ ਲੈਟਰ ਕੱਢਿਆ ਗਿਆ ਸੀ। ਅੱਜ ਦੇ ਦਿਨ ਬੱਚਿਆਂ ਦੇ ਪੋਸਟਰ, ਲੇਖ, ਭਾਸ਼ਣ ਅਤੇ ਗੀਤ ਮੁਕਾਬਲੇ ਕਰਵਾਏ ਜਾਂਦੇ ਹਨ। ਸੰਸਾਰ ਵਿਚ ਇਕ ਬਿਲੀਅਨ ਲੋਕ ਭੁੱਖਮਰੀ ਦਾ ਸ਼ਿਕਾਰ ਹਨ। ਕੀਨੀਆ ਦੀ ਹਾਲਤ ਤਰਸਯੋਗ ਹੈ ਅਤੇ ਉਥੇ ਚਾਰ ਪਿੱਛੇ ਇਕ ਭੁੱਖਮਰੀ ਦਾ ਸ਼ਿਕਾਰ ਹਨ। ਭੋਜਨ, ਬਾਲਣ, ਧਨ ਅਤੇ ਮੌਸਮ ਤਬਦੀਲੀ ਨੇ ਸੰਕਟਮਈ ਹਾਲਾਤ ਪੈਦਾ ਕਰ ਦਿੱਤੇ ਹਨ ਅਤੇ ਭੁੱਖ ਦਾ ਮਾਰਿਆ ਗਰੀਬ ਅਜਿਹੇ ਹਾਲਾਤ ’ਚ ਕੀ ਕਰ ਸਕਦਾ ਹੈ। ਦੁਨੀਆ ਦੇ ਬਹੁਤੇ ਲੋਕਾਂ ਕੋਲ ਦੂਸਰਿਆਂ ਬਾਰੇ ਸੋਚਣ ਲਈ ਸਮਾਂ ਹੀ ਨਹੀਂ ਹੈ ਅਤੇ ਉਹ ਕਿਸੇ ਦਾ ਕੀ ਸਵਾਰ ਸਕਦੇ ਹਨ? ਪਰ ਫਿਰ ਵੀ ਸਾਨੂੰ ਸਮਾਜ ਤੇ ਆਸ ਦੀ ਕਿਰਨ ਰੱਖਣੀ ਚਾਹੀਦੀ ਹੈ। ਗਰੀਬ ਪਰਿਵਾਰਾਂ ਦਾ ਧਿਆਨ ਖਿੱਚਣ ਲਈ ਇਕ ਵਾਰੀ 100 ਸਟੇਡੀਅਮਾਂ ਦੇ ਵਿਚ 200 ਫੁੱਟਬਾਲ ਕਲੱਬਾਂ ਅਤੇ ਮਿਲੀਅਨ ਫੁੱਟਬਾਲ ਪ੍ਰੇਮੀਆਂ ਨੇ ਸ਼ਮੂਲੀਅਤ ਕੀਤੀ ਸੀ ਅਤੇ ਲਗਾਤਾਰ ਇਕ ਹਫ਼ਤਾ ਚੱਲੇ ਪ੍ਰੋਗਰਾਮ ਵਿਚ ਸਮੁੱਚੇ ਸੰਸਾਰ ਨੂੰ ਸੁਚੇਤ ਕੀਤਾ ਅਤੇ ਦੁਨੀਆ ਦੇ ਮਨਾਂ ’ਚ ਸੋਚਣ ਲਈ ਪ੍ਰਸ਼ਨ ਉਸਾਰ ਦਿੱਤਾ। ਇਸ ਪ੍ਰੋਗਰਾਮ ਤੋਂ ਇਕੱਤਰ ਹੋਏ ਧਨ ਨੂੰ ਭੁੱਖਮਰੀ ਵਿਚ ਲਿਪਟੇ ਲੋਕਾਂ ਲਈ ਵਰਤਿਆ ਗਿਆ। ਇਸ ਵਿਚ ਕੋਈ ਸ਼ੱਕ ਨਹੀਂ ਇਹ ਕੌਮੀ, ਖੇਤਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ‘‘ਭੁੱਖ ਵਿਰੁੱਧ ਲੜਾਈ’’ ਹੈ ਅਤੇ ਇਹ ਉਪਰਾਲੇ ਲਗਾਤਾਰ ਜਾਰੀ ਰਹਿਣੇ ਚਾਹੀਦੇ ਹਨ।
ਬੀਤੇ ਸਮੇਂ ਯੂਨਾਈਟਿਡ ਸਟੇਟ ਦੇ ਵਿਚ 450 ਪ੍ਰਾਈਵੇਟ ਅਤੇ ਕੌਮੀ ਸਵੈਸੇਵੀ ਸੰਸਥਾਵਾਂ ਨੇ ਵਿਸ਼ਵ ਭੋਜਨ ਦਿਵਸ ਮਨਾਇਆ ਅਤੇ ਸੰਸਾਰ ਭਰ ਦੇ ਲੋਕਾਂ ਨੂੰ ਟੈਲੀਵੀਜ਼ਨ ਅਤੇ ਰੇਡਿਓ ਤੇ ਅਪੀਲ ਕੀਤੀ ਅਤੇ ਮੱਦਦ ਕਰਨ ਲਈ ਪ੍ਰੇਰਿਆ। ਗਰੀਬ ਕਿਸਾਨ ਆਰਥਿਕ ਪੱਖੋਂ ਮਾੜੇ ਹਨ ਉਨ੍ਹਾਂ ਕੋਲ ਨਾ ਪੈਸਾ, ਨਾ ਅਨਾਜ, ਨਾ ਖੇਤੀ ਸਗੋਂ ਨਾਂਅ ਦੇ ਹੀ ਕਿਸਾਨ ਹਨ। ਪਰ ਜੇਕਰ ਉਨ੍ਹਾਂ ਨੂੰ ਆਰਥਿਕ ਤੌਰ ਤੇ ਤਕੜਾ ਕੀਤਾ ਜਾਵੇ ਤਾਂ ਜੋ ਉਹ ਵਧੇਰੇ ਫ਼ਸਲ ਬੀਜ ਕੇ ਵੱਧ ਕਮਾਈ ਕਰਨ ਤੇ ਆਪਣੇ ਪਰਿਵਾਰ ਨੂੰ ਭੋਜਨ ਦੇਣ। ਇਸ ਦਿਨ ਮਹਾਨ ਵਿਅਕਤੀਆਂ ਤੋਂ ਭਾਸ਼ਣ ਦਿਵਾਏ ਜਾਣ ਤਾਂ ਜੋ ਸਮਾਜ ਨੂੰ ਸੇਧ ਮਿਲ ਸਕੇ। ਸੰਸਾਰ ਦੇ 70 ਫ਼ੀਸਦੀ ਭੁੱਖੇ ਲੋਕ ਆਪਣਾ ਜੀਵਨ ਜਿਉਂਦੇ ਹਨ ਅਤੇ ਪੇਂਡੂ ਖੇਤਰਾਂ ਵਿਚ ਕੰਮ ਕਰਦੇ ਹਨ। ਸੰਨ 2009 ਵਿਚ ਭੁੱਖੇ ਲੋਕਾਂ ਦੀ ਸੰਖਿਆ 105 ਮਿਲੀਅਨ ਸੀ ਅਤੇ ਹੁਣ ਇਕ ਬਿਲੀਅਨ ਹੋ ਗਈ ਹੈ। ਗਰੀਬੀ ਤੇ ਭੁੱਖ ਦਾ ਗੂੜਾ ਰਿਸ਼ਤਾ ਹੈ ਅਤੇ ਇਸ ਗਰੀਬੀ ਦੀ ਮਾਰ ਨੇ ਅਣਗਿਣਤ ਲੋਕਾਂ ਦਾ ਘਾਣ ਕੀਤਾ ਹੈ ਅਤੇ ਜਿਹੜਾ ਸਮਾਜ ਦੇ ਲੋਕਾਂ ਲਈ ਵੰਗਾਰ ਹੈ।
ਭਾਰਤ ਸਰਕਾਰ ਨੇ ਨੈਸ਼ਨਲ ਫੈਮਲੀ ਹੈਲਥ ਤੋਂ ਸਰਵੇ ਕਰਵਾਇਆ ਤੇ ਪਤਾ ਲੱਗਾ ਕਿ 34.3 ਫ਼ੀਸਦੀ ਲੋਕ ਛੋਟੇ ਕੱਦ ਦੇ ਹਨ ਜਾਂ ਅਵਿਕਸਤ ਹਨ, ਪੰਜ ਵਿਚੋਂ ਦੋ ਦਾ ਭਾਰ ਲੋੜ ਤੋਂ ਘੱਟ ਹੈ ਅਤੇ ਚਾਰ ਵਿਚੋਂ ਤਿੰਨ ਲੋਕਾਂ ਨੂੰ ਖੂਨ ਦੀ ਕਮੀ ਹੈ। ਭਾਰਤ ਆਪਣੇ ਲੋਕਾਂ ਲਈ ਕਾਫੀ ਭੋਜਨ ਪੈਦਾ ਕਰਦਾ ਹੈ ਅਤੇ ਪਰ ਫਿਰ ਵੀ ਭੋਜਨ ਅਸੁਰੱਖਿਅਤ ਹਨ। ਛੱਤੀਸਗੜ੍ਹ ਪਛੜਾ ਕਬਾਇਲੀ ਰਾਜ ਹੈ ਅਤੇ ਜਿਸਦੇ 50 ਫ਼ੀਸਦੀ ਪਿੰਡਾਂ ਦੇ ਲੋਕਾਂ ਨੂੰ ਤਾਕਤਵਰ ਖੁਰਾਕ ਨਸੀਬ ਨਹੀਂ ਹੈ। ਵਿਸ਼ਵ ਭੋਜਨ ਪ੍ਰੋਗਰਾਮ ਅਧੀਨ ਮੱਧ ਪ੍ਰਦੇਸ਼ ਦੇ 428 ਪਿੰਡਾਂ ਦੇ 1,60,000 ਲੋਕਾਂ ਤੱਕ ਆਟਾ ਕਣਕ ਦੀ ਪਹੁੰਚ ਕੀਤੀ ਅਤੇ ਇਥੇ ਹੀ ਸਹਾਰੀਆ ਭਾਈਚਾਰਾ ਅਨੀਮੀਆ ਨਾਲ ਪੀੜਤ ਹਨ ਅਤੇ ਉਨ੍ਹਾਂ ਨੂੰ ਆਇਰਨ ਤੇ ਫੋਲਕ ਐਸਿਡ ਦਿੱਤੇ ਗਏ। ਪਰ ਫਿਰ ਵੀ ਭੁੱਖਿਆਂ ਦੀਆਂ ਜੇਬਾਂ ਖਾਲੀ ਹਨ। ਭਾਰਤ ਦੇ 5 ਸਾਲ ਤੋਂ ਹੇਠਾਂ ਦੇ 43 ਫ਼ੀਸਦੀ ਬੱਚਿਆਂ ਨੂੰ ਤਾਕਤਵਰ ਖੁਰਾਕ ਦੀ ਘਾਟ ਹੈ। 15-49 ਸਾਲ ਦੀਆਂ ਸਾਰੀਆਂ ਗਰਭਵਤੀ ਔਰਤਾਂ ਦਾ 50 ਫ਼ੀਸਦੀ ਅਨੀਮੀਆ ਨਾਲ ਪੀੜਤ ਹਨ।
ਕੀਨੀਆ ਦੀ ਹਾਲਤ ਹੋਰ ਵੀ ਮਾੜੀ ਹੈ ਜਿੱਥੇ ਇਕ-ਚੋਥਾਈ ਭੁੱਖੇ ਹਨ ਅਤੇ ਬਹੁਤੇ ਲੋਕ ਭੁੱਖਮਰੀ ਕਰਕੇ ਮਰਦੇ ਹਨ ਅਤੇ ਹਰ ਸਾਲ 5 ਮਿਲੀਅਨ ਬੱਚੇ ਭੁੱਖਮਰੀ ਨਾਲ ਮਰ ਜਾਂਦੇ ਹਨ। ਲੋਕਾਂ ਨੂੰ ਸਹੀ ਤਾਕਤਵਰ ਖੁਰਾਕ ਨਾ ਮਿਲਣ ਕਰਕੇ ਸਾਡੇ ਕੋਲ ਹੈਰਾਨੀ ਜਨਕ ਤੱਥ ਸਾਹਮਣੇ ਆਉਂਦੇ ਹਨ । ਬਾਲਾਂ ਦੀ ਗਿਣਤੀ ਅਤੇ ਮਾਂ ਮੌਤ ਦਰ ਵਿਚ ਵਾਧਾ ਚਿੰਤਾ ਦਾ ਵਿਸ਼ਾ ਹੈ। ਤਾਕਤਵਰ ਖੁਰਾਕ ਦੀ ਘਾਟ ਨਾਲ ਬਚਪਨ ਦੇ ਪਹਿਲੇ ਸਮੇਂ ’ਚ ਦਿਮਾਗ ਦਾ ਵਿਕਾਸ ਘੱਟ ਹੁੰਦਾ ਹੈ ਅਤੇ ਸਿੱਖਣ ’ਚ ਅਯੋਗ ਹੁੰਦੇ ਹਨ ਅਤੇ ਵਿਕਾਸ ਰੁਕ ਜਾਂਦਾ ਹੈ। ਜਿਸ ਕਰਕੇ ਬੱਚੇ ਸਕੂਲ ਨਹੀਂ ਜਾਂਦੇ ਜਾਂ ਜਲਦੀ ਸਕੂਲੋਂ ਹਟ ਜਾਂਦੇ ਹਨ ਅਤੇ ਬੇਰੁਜਗਾਰੀ ਵਿਚ ਵਾਧਾ ਕਰਦੇ ਹਨ। ਗਰੀਬੀ ’ਚ ਰਹਿ ਰਹੀਆਂ ਭੁੱਖੀਆਂ ਮਾਵਾਂ ਭੁੱਖੇ ਬੱਚਿਆਂ ਨੂੰ ਜਨਮ ਦਿੰਦੀਆਂ ਹਨ ਅਤੇ ਇਸ ਤਰਾਂ ਗਰੀਬੀ ਚੱਕਰ ਬਣਿਆ ਰਹਿੰਦਾ ਹੈ। ਤਾਕਤਵਰ ਖੁਰਾਕ ਦੀ ਕਮੀ ਨਾਲ ਬੱਚਿਆਂ ’ਚ ਰੋਗ ਗ੍ਰਸਤਤਾ ਵਧਦੀ ਹੈ ਅਤੇ ਜਿਸ ਨਾਲ ਸਿੱਧਾ ਅਸਰ ਪਬਲਿਕ ਹੈਲਥ ਸਿਸਟਮ ਤੇ ਪੈਂਦਾ ਹੈ। ਤਾਕਤਵਰ ਖੁਰਾਕ ਦੀ ਕਮੀ ਅਤੇ ਅਨਪੜ੍ਹਤਾ ਕਰਕੇ ਟੀ.ਬੀ., ਮਲੇਰੀਆ, ਐਚ.ਆਈ.ਵੀ. ਅਤੇ ਏਡਜ਼ ਫੈਲਦੀ ਹੈ। ਸਰਕਾਰੀ ਸਹੂਲਤਾਂ ਮਿਲਣ ਦੇ ਬਾਵਜੂਦ ਵੀ ਸਥਿਤੀ ’ਚ ਤਬਦੀਲੀ ਨਹੀਂ ਹੋ ਰਹੀ। ਗਰੀਬ ਵਰਗ ਦੇ ਲੋਕਾਂ ਨੂੰ ਆਮ ਲੋਕਾਂ ਨਾਲੋਂ ਵੱਧ ਰਿਆਇਤਾਂ, ਸਹੂਲਤਾਂ ਤੇ ਵਿਤੀ ਮੱਦਦ ਮਿਲਦੀ ਹੈ ਪਰ ਫਿਰ ਵੀ ਹਾਲਾਤ ਚਿੰਤਾਜਨਕ ਹਨ।
ਭੁੱਖਮਰੀ ਦਾ ਸ਼ਿਕਾਰ ਲੋਕ ਗੰਦੇ ਤੇ ਮੈਲੇ ਕੁਚੈਲੇ ਹੱਥਾਂ ਨਾਲ ਮਿਲਦਾ ਭੋਜਨ ਖਾਂਦੇ ਹਨ ਅਤੇ ਹੱਥਾਂ ਤੇ ਹਜਾਰਾਂ ਮਿੱਤਰ ਅਤੇ ਦੁਸ਼ਮਣ ਸੂਖਮਜੀਵ ਸਰੀਰ ਅੰਦਰ ਚਲੇ ਜਾਂਦੇ ਹਨ ਅਤੇ ਆਪਣਾ ਅਸਰ ਦਿਖਾਉਂਦੇ ਹਨ ਅਤੇ ਸੁਰੱਖਿਆ ਤੰਤਰ ਨੂੰ ਬੇਕਾਰ ਕਰਨ ’ਚ ਰੋਲ ਅਦਾ ਕਰਦੇ ਹਨ। ਮੰਗਣ ਵਾਲਾ ਮੰਗਣ ਦਾ ਆਦੀ ਬਣ ਕੇ ਰਹਿ ਜਾਂਦਾ ਹੈ ਅਤੇ ਕਦੇ ਵੀ ਉਹ ਕੰਮ ਕਰਨ ਦੀ ਕੋਸ਼ਿਸ਼ ਨਹੀਂ ਕਰਦਾ ਅਤੇ ਜਿਉਂਦੇ ਜੀਅ ਮੰਗਦਾ ਰਹਿੰਦਾ ਹੈ ਅਤੇ ਇਸੇ ਤਰ੍ਹਾਂ ਆਪਣਾ ਜੀਵਨ ਭੋਗ ਜਾਂਦਾ ਹੈ।
ਰੱਜਿਆਂ ਨੂੰ ਸਾਰੀ ਦੁਨੀਆ ਰੱਜੀ ਦਿਸਦੀ ਹੈ ਪਰ ਭੁੱਖ ਦੇ ਸਤਾਏ ਕਿਧਰੇ ਵੀ ਨਹੀਂ ਦਿਸਦੇ। ਆਸੇ ਪਾਸੇ ਕਿਤੇ ਵੀ ਨਿਗਾ ਘੁਮਾਕੇ ਦੇਖੋ ਅਤੇ ਗਰੀਬ ਘਰਾਂ ’ਚ ਜਾਉ ਤਾਂ ਤਸਵੀਰ ਸਾਫ ਦਿਸੇਗੀ ਕਿ ਕਈ ਘਰ ’ਚ ਕਮਾਉਣ ਵਾਲੇ ਨਹੀਂ ਹਨ ਅਤੇ ਖਾਣ ਵਾਲੇ ਬਥੇਰੇ ਹਨ ਅਤੇ ਪਰਿਵਾਰਕ ਮੈਂਬਰ ਇਕ ਡੰਗ ਦੀ ਰੋਟੀ ਨੂੰ ਤਰਸਦੇ ਹਨ ਅਤੇ ਅਗਲੇ ਡੰਗ ਦੀ ਰੋਟੀ ਚਿੰਤਾ ਲੱਗ ਜਾਂਦੀ ਹੈ ਅਤੇ ਮਰ ਮਰ ਕੇ ਜੀਵਨ ਬਤੀਤ ਕਰ ਰਹੇ ਹਨ। ਮਾਣਯੋਗ ਅਦਾਲਤਾਂ ਨੇ ਵੀ ਕਈ ਵਾਰ ਹਲੂਣਾ ਦਿੱਤਾ ਅਤੇ ਸੜ੍ਹ ਰਹੇ ਆਨਾਜ ਤੇ ਭੁੱਖ ਨਾਲ ਮਰ ਰਹੇ ਲੋਕਾਂ ਬਾਰੇ ਜਾਣੂੰ ਕਰਵਾਇਆ। ਸਰਬੱਤ ਦੇ ਭਲੇ ਲਈ ਅੱਗੇ ਆਉਣ ਦੀ ਲੋੜ ਹੈ ਅਤੇ ਹਰ ਇਕ ਦੀ ਮੱਦਦ ਕਰਨੀ ਚਾਹੀਦੀ ਹੈ।
ਸੰਸਾਰ ਵਿਚ ਭੁੱਖਮਰੀ ਦਾ ਸ਼ਿਕਾਰ ਹਨ ਇਕ ਬਿਲੀਅਨ ਲੋਕ



