Skip to content
Independent perspectives. Global stories.
BREAKING

ਆਓ ਵਾਤਾਵਰਣ ਨੂੰ ਸ਼ੁੱਧਤਾ ਪ੍ਰਦਾਨ ਕਰੀਏ

Share this story

ਪਿਛਲੇਂ ਦਿਨੀਂ ਦਿੱਲੀ ਵਿੱਚ ਮਾਣਯੋਗ ਸੁਪਰੀਮ ਕੋਰਟ ਨੇ ਕੁੱਝ ਚੁਣੀਂਦਾ ਦੁਕਾਨਾਂ ਨੂੰ ਛੱਡ ਕੇ ਪਟਾਕੇ ਵੇਚਣ ਤੇ ਸ਼ੁਰੂਆਤੀ ਨਵੰਬਰ ਤੱਕ ਪਾਬੰਦੀ ਲਗਾ ਦਿੱਤੀ ਹੈ। ਅੱਧੇ ਲਾਇਸੰਸ ਹੀ ਰੀਨਿਊ ਹੋਣਗੇ। ਸਥਾਈ ਤੇ ਆਰਜ਼ੀ ਲਾਇਸੰਸ ਫੋਰੀ ਪ੍ਰਭਾਵ ਤੋਂ ਰੱਦ ਕਰ ਦਿੱਤੇ ਹਨ। ਬਹੁਤ ਹੀ ਸ਼ਲਾਘਾਯੋਗ ਫੈਸਲਾ ਹੈ।ਸਾਨੂੰ ਸਾਰਿਆਂ ਨੂੰ ਮਿਲ ਕੇ ਮਾਣਯੋਗ ਅਦਾਲਤ ਦੇ ਇਸ ਫੈਸਲੇ ਦਾ ਸਵਾਗਤ ਕਰਨਾ ਚਾਹੀਦਾ ਹੈ। ਇਹ ਤਾਂ ਇੱਕਲੀ ਦਿੱਲੀ ਵਿੱਚ ਫੈਸਲਾ ਲਾਗੂ ਹੋਇਆ ਹੈ। ਇਹ ਫੈਸਲਾ ਤਾਂ ਸਾਰੇ ਦੇਸ਼ ਵਿੱਚ ਲਾਗੂ ਹੋਣਾ ਚਾਹੀਦਾ ਹੈ।ਉਧਰ ਦਿੱਲੀ ਦੇ ਪਟਾਕਾ ਵਪਾਰੀ ਆਤਿਸ਼ਬਾਜ਼ੀ ਖਰੀਦ ਚੁੱਕੇ ਹਨ।ਹੁਣ ਦੇਖਣਾ ਇਹ ਹੈ ਕਿ ਕਿਧਰੇ ਇਹ ਪਟਾਕਾ ਵਪਾਰੀ ਪੰਜਾਬ ਵੱਲ ਨਾ ਮੂੰਹ ਕਰ ਲੈਣ। ਸਸਤੇ ਦਾਮਾਂ ਤੇ ਆਪਣਾ ਕਾਰੋਬਾਰ ਚਲਾਉਣ ਲੱਗ ਪੈਣ ਕਿ ਜੋ ਪਟਾਕੇ ਖਰੀਦੇ ਗਏ ਹਨ, ਕਮ ਸੇ ਕਮ ਉਨੇ ਤਾਂ ਕਿਸੇ ਹਿਸਾਬ ਨਾਲ ਵਸੂਲ ਕੀਤੇ ਜਾਣ। ਸਮਾਂ ਰਹਿੰਦੇ ਹੀ ਪੰਜਾਬ ਸਰਕਾਰ ਵੀ ਇਸ ਗੱਲ ਵੱਲ ਤੁਰੰਤ ਧਿਆਨ ਦੇਵੇ। ਪੰਜਾਬ ਵਿੱਚ ਵੀ ਕਿਸੇ ਵੀ ਤਿਉਹਾਰ ਜਾਂ ਵਿਆਹ ਸ਼ਾਦੀਆਂ ਦੇ ਮੌਕੇ ਤੇ ਆਤਿਸ਼ਬਾਜ਼ੀ ਚਲਾਉਣ ਤੇ ਪੂਰਨ ਤੌਰ ਤੇ ਪਾਬੰਦੀ ਲਗਾ ਦੇਣੀ ਚਾਹੀਦੀ ਹੈ।ਵੈਸੇ ਤਾਂ ਸਰਕਾਰ ਕਿਸਾਨਾਂ ਦੇ ਪਰਾਲੀ ਜਲਾਉਣ ਤੇ ਬੜਾ ਸਖਤ ਰਵੱਈਆ ਅਖਤਿਆਰ ਕਰੀ ਬੈਠੀ ਹੈ ਕਿ ਜੇ ਕਿਸੇ ਕਿਸਾਨ ਨੇ ਪਰਾਲੀ ਜਲਾਈ ਤਾਂ ਪਟਵਾਰੀਆਂ ਨੂੰ ਕਹਿ ਕੇ ਕਿਸਾਨ ਦੇ ਰਿਕਾਰਡ ਤੇ ਲਾਲ ਲਕੀਰ ਫੇਰ ਦਿਆਂਗੇ ਤਾਂ ਕਿ ਅਗਾਂਹ ਲਈ ਕਿਸਾਨ ਕੋਈ ਸਰਕਾਰੀ ਸਹੂਲਤ ਨਾ ਲੈ ਸਕੇ। ਇੰਨ੍ਹਾਂ ਜ਼ੁਰਮਾਨਾ ਲਗਾ ਦਿਆਂਗੇ। ਸਜ਼ਾ ਹੋਵੇਗੀ ਵਗੈਰਾ-ਵਗੈਰਾ। ਸਰਕਾਰਾਂ ਥੋੜ੍ਹਾ ਜਿਹਾ ਧਿਆਨ ਇਸ ਪਾਸੇ ਵੱਲ ਵੀ ਕਰਨ ਕਿ ਆਤਿਸ਼ਬਾਜ਼ੀ ਚਲਾਉਣ ਦੀ ਜੋ ਖੇਡ ਹੈ, ਇਹ ਸਦਾ ਲਈ ਬੰਦ ਕੀਤੀ ਜਾਵੇ, ਕਿਉਂਕਿ ਸਭ ਤੋਂ ਜ਼ਹਿਰੀਲਾ ਧੂੰਆਂ ਆਤਿਸ਼ਬਾਜ਼ੀ ਦਾ ਹੀ ਹੈ, ਪਰ ਕੀ ਕਰੀਏ, ਪੈਸੇ ਦੀ ਦੌੜ ਨੇ ਸਾਨੂੰ ਅੰਨ੍ਹਾ ਕਰ ਦਿੱਤਾ ਹੈ।ਇੰਨ੍ਹਾਂ ਬੰਬਾਂ ਤੇ ਪਟਾਕਿਆਂ ਵਿੱਚ ਚਾਰਕੋਲ, ਗੰਧਕ, ਨਾਈਟ੍ਰਾਈਟ, ਨਾਈਟ੍ਰੇਟ, ਫਲੋਰੇਟ, ਪਰਫਲੋਰੇਟ, ਕਾਪਰ, ਕੈਡਮਿਅਮ, ਲੈਡ, ਮੈਗਨੀਸ਼ੀਅਮ, ਮੈਂਗਨੀਜ਼, ਕਾਰਬਨਡਾਈਆਕਸਾਈਡ, ਸਲਫਰ ਡਾਈਆਕਸਾਈਡ, ਸੋਡੀਅਮ ਤੇ ਜ਼ਿੰਕ ਆਦਿ ਦਾ ਬਹੁਤ ਹੀ ਜ਼ਹਿਰੀਲਾ ਮਿਸ਼ਰਣ ਹੁੰਦਾ ਹੈ। ਇਸ ਦੇ ਧੂੰਏ ਨਾਲ ਅੱਖਾਂ, ਕੰਨ ਦੇ ਪਰਦੇ ਫੱਟਣਾ, ਦਿਲ ਦੇ ਰੋਗ, ਬਲੱਡ ਪ੍ਰੈਸ਼ਰ, ਦਮਾ, ਅਲਰਜ਼ੀ, ਬ੍ਰੋਂਕਾਈਟਿਸ, ਸਿਰ ਦਰਦ, ਉਨੀਂਦਰਾ, ਫੇਫੜੇ, ਨੱਕ, ਗਲਾ ਤੇ ਚਮੜੀ ਦੇ ਕਈ ਤਰ੍ਹਾਂ ਦੇ ਹੋਰ ਵੀ ਬਹੁਤ ਭਿਆਨਕ ਰੋਗ ਲੱਗ ਸਕਦੇ ਹਨ। ਦੀਵਾਲੀ ਤੋਂ ਦੋ ਅਗਲੀਆਂ ਰਾਤਾਂ ਤੱਕ ਵੀ ਬੜੀ ਘੁੱਟਣ ਹੁੰਦੀ ਹੈ ਤੇ ਤਪਸ਼ ਵੱਧ ਜਾਂਦੀ ਹੈ।ਮਨੁੱਖ ਹਮੇਸ਼ਾਂ ਤੋਂ ਕੁਦਰਤ ਦੇ ਨਾਲ ਖਿਲਵਾੜ ਕਰਦਾ ਆਇਆ ਹੈ। ਧਰਤੀ ਤੇ ਆਲਮੀ ਤਪਸ਼ ਤੇ ਪ੍ਰਦੂਸ਼ਣ ਦੇ ਬੇਤਹਾਸ਼ਾ ਵੱਧਣ ਦਾ ਕਾਰਨ ਧਰਤੀ ਤੇ ਜੰਗਲਾਂ ਦੇ ਰਕਬੇ ਦਾ ਘੱਟਣਾ ਮੁੱਖ ਕਾਰਨ ਹੈ, ਕਿਉਂਕਿ ਧਰਤੀ ਤੇ 33 ਫੀਸਦੀ ਰਕਬਾ ਜੰਗਲਾਂ ਹੇਠ ਹੋਣਾ ਅਤਿ ਜਰੂਰੀ ਹੈ, ਜੋ ਘੱਟ ਕੇ 7 ਫੀਸਦੀ ਰਹਿ ਗਿਆ ਹੈ। ਅਸੀ ਕਾਨੂੰਨ ਅਤੇ ਅਦਾਲਤੀ ਹੁਕਮਾਂ ਨੂੰ ਟਿੱਚ ਸਮਝਦੇ ਹਾਂ ਤੇ ਆਪਣੀ ਮਨਮਾਨੀ ਕਰਨ ਤੋਂ ਗੁਰੇਜ਼ ਨਹੀ ਕਰਦੇ। ਸਾਨੂੰ ਇਸ ਗੱਲ ਦਾ ਇਲਮ ਹੋਣਾ ਚਾਹੀਦਾ ਹੈ ਕਿ ਅਸੀ ਆਪਣੇ ਹੀ ਪੈਰਾਂ ਤੇ ਆਪ ਕੁਹਾੜਾ ਮਾਰ ਰਹੇ ਹਾਂ। ਇਹ ਸਭ ਕੁਝ ਆਤਿਸ਼ਬਾਜ਼ੀ ਚਲਾਉਣ ਦਾ ਹੀ ਸਿੱਟਾ ਹੈ। ਦੂਸਰਾ ਨਜ਼ਾਇਜ਼ ਤੌਰ ਤੇ ਚੱਲ ਰਹੀਆਂ ਪਟਾਕਾ ਫੈਕਟਰੀਆਂ ਤੇ ਵੀ ਸ਼ਿਕੰਜ਼ਾ ਕੱਸਣ ਦੀ ਬਹੁਤ ਲੋੜ ਹੈ।ਕਿਉਂਕਿ ਇੰਨ੍ਹਾਂ ਫੈਕਟਰੀਆਂ ਵਿੱਚ ਧਮਾਕੇ ਹੋਣਾ ਆਮ ਗੱਲ ਹੈ। ਇੰਨ੍ਹਾਂ ਧਮਾਕਿਆਂ ਨਾਲ ਕਿੰਨਾਂ ਜਾਨੀ ਤੇ ਮਾਲੀ ਨੁਕਸਾਨ ਹੁੰਦਾ ਹੈ। ਪਿਛਲੇਂ ਸਾਲਾਂ ਦੌਰਾਨ 30 ਅਕਤੂਬਰ 2015 ਨੂੰ ਅੰਮ੍ਰਿਤਸਰ ਵਿੱਚ ਝਬਾਲ ਰੋਡ ਤੇ ਆਤਿਸ਼ਬਾਜ਼ੀ ਦੇ ਗੋਦਾਮ ਵਿੱਚ ਅੱਗ ਲੱਗ ਗਈ ਸੀ। ਦੂਜਾ ਹਾਦਸਾ 6 ਨਵੰਬਰ 2015 ਨੂੰ ਅੰਮ੍ਰਿਤਸਰ ਦੇ ਹੀ ਇੱਕ ਹੋਰ ਪਿੰਡ ਇੱਬਣ ਕਲਾਂ ਵਿੱਚ ਵਾਪਰਿਆ।
ਤੀਜਾ ਹਾਦਸਾ 3 ਨਵੰਬਰ 2015 ਨੂੰ ਰਾਇਬਰੇਲੀ ਜਿਲ੍ਹੇ ਵਿੱਚ ਪਟਾਕਾ ਫੈਕਟਰੀ ਵਿੱਚ ਅੱਗ ਲੱਗ ਗਈ, ਜਿਸ ਨਾਲ ਦੋ ਮੌਤਾਂ ਹੋ ਗਈਆਂ।ਚੌਥਾ ਹਾਦਸਾ ਦਿੱਲੀ ਲਾਗੇ ਨੋਇਡਾ ਖੇਤਰ ਵਿੱਚ 3 ਨਵੰਬਰ 2015 ਨੂੰ ਹੀ ਇੱਕ ਗਲੀ ਵਿੱਚ ਬੱਚੇ ਅਤਿਸ਼ਬਾਜ਼ੀ ਚਲਾ ਰਹੇ ਸਨ ਕਿ ਅਚਾਨਕ ਇੱਕ ਬੱਚੇ ਨੇ ਇੱਕ ਬੰਬ ਦੇ ਉਪਰ ਗਲਾਸ ਰੱਖ ਕੇ ਬੰਬ ਚਲਾ ਦਿੱਤਾ। ਉਸ ਗਲਾਸ ਦੇ ਟੁੱਕੜੇ-ਟੱਕੜੇ ਹੋ ਗਏ ਤੇ ਨਾਲ ਪਟਾਕੇ ਚਲਾ ਰਹੇ ਇੱਕ ਬੱਚੇ ਦੇ ਪੇਟ ਵਿੱਚ ਖੁੱਭ ਗਏ ਤੇ ਉਸ ਬੱਚੇ ਦੀ ਮੌਕੇ ਤੇ ਹੀ ਮੌਤ ਹੋ ਗਈ। ਇਸ ਸਾਲ 18 ਸਤੰਬਰ ਨੂੰ ਸੂਲਰ ਘਰਾਟ ਸੰਗਰੂਰ ਵਿੱਚ ਪਟਾਕਾ ਫੈਕਟਰੀ ਵਿੱਚ ਵੀ ਬੜਾ ਜ਼ਬਰਦਸਤ ਧਮਾਕਾ ਹੋਇਆ ਸੀ, ਜਿਸ ਨਾਲ ਅੱਧੀ ਦਰਜ਼ਨ ਮੌਤਾਂ ਹੋ ਗਈਆਂ ਸਨ।ਸਾਨੂੰ ਸਾਰਿਆਂ ਨੂੰ ਇਹ ਗੱਲਾਂ ਧਿਆਨ ਵਿੱਚ ਰੱਖਦੇ ਹੋਏ, ਖਾਸ ਕਰ ਹਰ ਮਾਂ-ਬਾਪ ਆਪਣੇ ਬੱਚਿਆਂ ਨੂੰ ਆਤਿਸ਼ਬਾਜ਼ੀ ਨਾ ਚਲਾਉਣ ਦੇਣ ਤੇ ਆਤਿਸ਼ਬਾਜ਼ੀ ਤੋਂ ਹੋਣ ਵਾਲੇ ਨੁਕਸਾਨ ਤੋਂ ਜਾਣੂ ਕਰਾਉਣ।ਆਉ ਪ੍ਰਣ ਕਰੀਏ ਕਿ ਆਪਾਂ ਸਾਰੇ ਰਲ ਕੇ ਇਸ ਦੀਵਾਲੀ ਨੂੰ ‘ਹਰ ਮਨੁੱਖ ਲਾਵੇ ਇੱਕ ਰੁੱਖ’ ਤੇ ਪਹਿਰਾ ਦੇਈਏ ਤੇ ਇਸ ਦੀਵਾਲੀ ਨੂੰ ਪ੍ਰਦੂਸ਼ਿਤ ਕੀਤੇ ਬਗੈਰ ਸਰੋਂ ਦੇ ਤੇਲ ਵਾਲੇ ਤੇ ਦੇਸੀ ਘਿਉ ਦੇ ਮਿੱਟੀ ਦੇ ਬਣੇ ਹੋਏ ਦੀਵੇ ਜਗਾ ਕੇ ਵਾਤਾਵਰਣ ਨੂੰ ਸ਼ੁੱਧਤਾ ਪ੍ਰਦਾਨ ਕਰੀਏ, ਆਪਾਂ ਸਾਰੇ ਇਸ ਵਾਰ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਈਏ।

WRITTEN BY