ਸ਼ੋਹਰਤ ਕੀ ਬੁਲੰਦੀ ਭੀ
ਪਲ ਭਰ ਕਾ ਤਮਾਸ਼ਾ ਹੈ
ਜਿਸ ਡਾਲ ਪੇ ਬੈਠੇ ਹੋ
ਵੋ ਡਾਲ ਟੂਟ ਭੀ ਸਕਦੀ ਹੈ।
ਬਸ਼ੀਰ ਬਦਰ ਦਾ ਉਕਤ ਸ਼ੇਅਰ ਜ਼ਿੰਦਗੀ ਦੀ ਅਹਿਮ ਸਚਾਈ ਨੂੰ ਉਜਾਗਰ ਕਰ ਰਿਹਾ ਹੈ। ਇਥੇ ਕੋਈ ਵੀ ਚੀਜ਼ ਅਟੱਲ ਅਤੇ ਅਮਿੱਟ ਨਹੀਂ। ਪੱਕੀ ਨਹੀਂ। ਖਾਸ ਤੌਰ ’ਤੇ ਹਰਮਨਪਿਆਰਤਾ ਅਤੇ ਸ਼ੋਹਰਤ। ਸ਼ੋਹਰਤ ਕਮਾਉਣੀ ਜਿੰਨੀ ਔਖੀ ਹੈ ਉਸ ਤੋਂ ਵੱਧ ਔਖਾ ਹੈ ਉਸ ਨੂੰ ਸੰਭਾਲਣਾ, ਉਸ ਨੂੰ ਬਰਕਰਾਰ ਰੱਖਣਾ। ਹਰਮਨਪਿਆਰਤਾ ਨੂੰ ਸੰਭਾਲੀ ਰੱਖਣ ਬਾਰੇ ਵੀ ਵਿਚਾਰ ਕਰਾਂਗੇ ਫਿਲਹਾਲ ਤਾਂ ਹਰਮਨ ਪਿਆਰਤਾ ਦੇ ਕੁੱਝ ਸਿਧਾਤਾਂ ਬਾਰੇ ਚਰਚਾ ਹੋ ਰਹੀ ਹੈ। ਇਨ੍ਹਾਂ ਸਿਧਾਂਤਾਂ ਨੂੰ ਸਮਝਣ ਲਈ ਆਪਣੀ ਸ਼ਖਸੀਅਤ ਵਿਚਲੇ ਕੁੱਝ ਗੁਣਾਂ ਨੂੰ ਸਮਝਣ ਅਤੇ ਪਹਿਚਾਨਣ ਦੀ ਲੋੜ ਹੁੰਦੀ ਹੈ। ਸੋ, ਇਸੇ ਕਾਰਨ ਸਵੈ-ਪੜਚੋਲ ਕਰਨ ਸਮੇਂ ਕੁੱਝ ਸਵਾਲ ਆਪਣੇ ਆਪ ਤੋਂ ਪੁਛਣੇ ਜ਼ਰੂਰੀ ਹਨ ਜਿਨ੍ਹਾਂ ਵਿੱਚ 9 ਸਵਾਲਾਂ ਬਾਰੇ ਪਿਛਲੇ ਕਾਲਮਾਂ ਵਿੱਚ ਚਰਚਾ ਕੀਤੀ ਜਾ ਚੁੱਕੀ ਹੈ। ਆਓ, ਅੱਜ ਹੋਰ ਕੁੱਝ ਸਵਾਲਾਂ ਦੇ ਜਵਾਬ ਲਭੀਏ।
* ਕੀ ਤੁਸੀਂ ਬਹਿਸ ਵਿੱਚ ਜਿੱਤਣ ਦਾ ਸ਼ੋਕ ਰੱਖਦੇ ਹੋ?
ਬਹੁਤ ਸਾਰੇ ਲੋਕਾਂ ਨੂੰ ਬਹਿਸ ਕਰਨ ਦੀ ਆਦਤ ਹੁੰਦੀ ਹੈ। ਵਾਰਤਾਲਾਪ ਨੂੰ ਵੀ ਅਜਿਹੇ ਲੋਕ ਜੰਗ ਦਾ ਮੈਦਾਨ ਸਮਝਣਾ ਸ਼ੁਰੂ ਕਰ ਦਿੰਦੇ ਹਨ ਅਤੇ ਆਪਣੀਆਂ ਦਲੀਲਾਂ ਅਤੇ ਤਰਕ ਨਾਲ ਦੂਜੇ ਨੂੰ ਹਰਾਉਣਾ ਚਾਹੁੰਦੇ ਹਨ। ਹਰ ਗੱਲ ’ਤੇ ਬਹਿਸ ਕਰਨੀ ਅਤੇ ਬਹਿਸ ਵੀ ਜਿੱਤਣ ਲਈ ਕਰਨੀ ਅਜਿਹੇ ਲੋਕਾਂ ਦੀ ਆਦਤ ਬਣ ਜਾਂਦੀ ਹੈ। ਯਾਦ ਰੱਖਣਾ ਚਾਹੀਦਾ ਹੈ ਕਿ ਬਹਿਸ ਵਿੱਚ ਕਦੇ ਵੀ ਕੋਈ ਨਹੀਂ ਜਿੱਤਦਾ। ਜਦੋਂ ਤੁਸੀਂ ਆਪਣੇ ਤਰਕ ਨਾਲ ਦੂਜੇ ਨੂੰ ਹਰਾ ਦਿੰਦੇ ਹੋ ਤਾਂ ਵੀ ਤੁਸੀਂ ਹਾਰ ਹੀ ਜਾਂਦੇ ਹੋ ਕਿਉਂਕਿ ਤੁਸੀਂ ਹਾਰਨ ਵਾਲੇ ਦਿਲ ਵਿੱਚੋਂ ਮਨਫੀ ਹੋ ਜਾਂਦੇ ਹੋ। ਬਹਿਸ ਤਾਂ ਜਿੱਤ ਕੇ ਵੀ ਹਾਰਨ ਵਾਲੀ ਖੇਡ ਹੈ। ਜੋ ਲੋਕ ਹਰ ਮਨ ਵਿੱਚ ਆਪਣੇ ਲਈ ਪਿਆਰ ਚਾਹੁੰਦੇ ਹਨ ਉਹ ਬਹਿਸ ਤੋਂ ਬਚਦੇ ਹਨ। ਬਹਿਸ ਤੋਂ ਬੱਚਣ ਦਾ ਇਕੋ ਇਕ ਤਰੀਕਾ ਹੈ ਕਿ ਬਹਿਸ ਹੀ ਨਾ ਕੀਤੀ ਜਾਵੇ। ਗੱਲਬਾਤ ਜਾਂ ਵਾਰਤਾਲਾਪ ਨੂੰ ਕਦੇ ਵੀ ਜਿੱਤ-ਹਾਰ ਦਾ ਪ੍ਰਸ਼ਨ ਨਾ ਬਣਾਓ ਅਤੇ ਜਿਨਾਂ ਵੀ ਹੋ ਸਕੇ ਬਹਿਸ ਕਰਨ ਤੋਂ ਬਚੋ।
* ਕੀ ਤੁਸੀਂ ਅਸਹਿਮਤੀ ਪ੍ਰਗਟਾਉਣ ਦੀ ਕਲਾ ’ਚ ਮਾਹਿਰ ਹੋ?
ਜੀ, ਹਾਂ ਅਸਹਿਮਤੀ ਪ੍ਰਗਟ ਕਰਨਾ ਵੀ ਇਕ ਕਲਾ ਹੈ। ਜੇਕਰ ਤੁਸੀਂ ਦੂਜੇ ਬੰਦੇ ਦੇ ਵਿਚਾਰਾਂ ਨਾਲ ਸਹਿਮਤ ਨਹੀਂ ਹੈ ਅਤੇ ਨਾ ਹੀ ਕਿਸੇ ਤਰਕ ਨਾਲ ਬਹਿਸ ਵਿੱਚ ਪੈਣਾ ਚਾਹੁੰਦੇ ਹੋ। ਫਿਰ ਕਿਵੇਂ ਅਸਹਿਮਤੀ ਪ੍ਰਗਟਵਾਈ ਜਾਵੇ? ਇਸ ਕਲਾ ਵਿੱਚ ਮਾਹਿਰ ਲੋਕ ਜਾਣਦੇ ਹਨ ਕਿ ਅਸਹਿਮਤੀ ਪ੍ਰਗਟ ਕਰਨ ਸਮੇਂ ਅਕਸਰ ਲੋਕ ਬਹੁਤ ਉ¤ਚੀ ਅਵਾਜ਼ ਵਿੱਚ ਗੱਲਾਂ ਕਰਨ ਲੱਗ ਪੈਂਦੇ ਹਨ। ਉਨ੍ਹਾਂ ਦੀ ਅਵਾਜ਼ ਵੀ ਉ¤ਚੀ ਹੋ ਜਾਂਦੀ ਹੈ ਅਤੇ ਸ਼ਬਦ ਵੀ ਤਿੱਖੇ ਅਤੇ ਚੁਭਵੇਂ ਹੋ ਜਾਂਦੇ ਹਨ। ਇਸ ਕਲਾ ਦੇ ਮਾਹਿਰ ਲੋਕ ਇਨ੍ਹਾਂ ਦੋਵੇਂ ਗੱਲਾਂ ਦਾ ਖਿਆਲ ਰੱਖਦੇ ਹੋਏ ਆਪਣੀ ਗੱਲ ਕਹਿਣ ਦੀ ਜਾਚ ਜਾਣਦੇ ਹੁੰਦੇ ਹਨ। ਫਰਜ ਕਰੋ ਕਿ ਤੁਹਾਡੇ ਕਿਸੇ ਮੁਲਾਜ਼ਮ ਨੇ ਪਿਛਲੇ ਮਹੀਨੇ ਵਾਂਗ ਇਸ ਮਹੀਨੇ ਫਿਰ ਛੁੱਟੀ ਮੰਗ ਲਈ। ਇਹ ਕਹਿਣ ਦੀ ਬਜਾਏ ਕਿ ‘ਤੂੰ ਪਿਛਲੇ ਮਹੀਨੇ ਵੀ ਛੁਟੀਆਂ ਕਰ ਚੁੱਕਿਆ। ਇਉਂ ਨਹੀਂ ਚਲੇਗਾ। ਇਹ ਦਫ਼ਤਰ ਹੈ ਅਤੇ ਦਫਤਰ ਦੇ ਵੀ ਕੁੱਝ ਨਿਯਮ ਹੁੰਦੇ ਹਨ ਆਦਿ’। ਜੇ ਇਉਂ ਕਹੋ ਕਿ ‘‘ਮੈਂ ਸਮਝ ਸਕਦਾ ਤੁਹਾਨੂੰ ਛੁੱਟੀ ਦੀ ਲੋੜ ਹੈ। ਪਰ ਮੈਨੂੰ ਇਹ ਵੀ ਪਤਾ ਤੁਹਾਡੇ ਬਿਨਾਂ ਦਫਤਰ ਦਾ ਕੰਮ ਚੰਗੀ ਤਰ੍ਹਾਂ ਨਹੀਂ ਚਲਦਾ। ਪਿਛਲੇ ਮਹੀਨੇ ਅਸੀਂ ਔਖੇ ਸੌਖੇ ਕੱਟ ਲਿਆ ਪਰ ਇਸ ਵਾਰ ਤਾਂ ਤੁਹਾਨੂੰ ਤਕਲੀਫ ਕਰਨੀ ਹੀ ਪਵੇਗੀ।’’ ਇਨ੍ਹਾਂ ਲਫਜ਼ਾਂ ਨਾਲ ਤੁਸੀਂ ਮੁਲਾਜ਼ਮ ਨਾਲ ਅਸਹਿਮਤੀ ਵੀ ਪ੍ਰਗਟਾ ਦਿੱਤੀ, ਉਸ ਦੀ ਛੁੱਟੀ ਦੀ ਅਰਜ਼ੀ ਵੀ ਖਾਰਜ ਕਰ ਦਿੱਤੀ ਅਤੇ ਉਸ ਦੇ ਮਨ ਵਿੱਚ ਇਕ ਚੰਗੇ ਕਾਮੇ ਹੋਣ ਦਾ ਅਹਿਸਾਸ ਤੇ ਮਾਨ ਵੀ ਜਗ੍ਹਾ ਦਿੱਤਾ। ਇਉਂ ਹਰ ਖੇਤਰ ਵਿੱਚ ਆਪਣੇ ਤੋਂ ੁਿਵਰੋਧੀ ਵਿਚਾਰ ਰੱਖਣ ਵਾਲੇ ਲੋਕਾਂ ਦੇ ਦਿਲ ਨੂੰ ਜਿੱਤਿਆ ਜਾ ਸਕਦਾ ਹੈ, ਸੋ, ਅਸਹਿਮਤੀ ਪ੍ਰਗਟਾਉਣ ਦੀ ਕਲਾ ਵਿੱਚ ਮਾਹਿਰ ਬਣਨ ਦਾ ਅਭਿਆਸ ਕਰਦੇ ਰਹਿਣਾ ਚਾਹੀਦਾ ਹੈ।
* ਕੀ ਤੁਹਾਨੂੰ ਚਲੰਤ ਮਾਮਲਿਆਂ ਅਤੇ ਆਮ ਗਿਆਨ ਦੀ ਜਾਣਕਾਰੀ ਹੈ?
ਜਿਹੜਾ ਵਿਅਕਤੀ ਕਿਸੇ ਵੀ ਸਮਾਜਿਕ ਇਕੱਤਰਤਾ ਅਤੇ ਮਹਿਫਲ ਵਿੱਚ ਖਿੱਚ ਦਾ ਕੇਂਦਰ ਬਣਨਾ ਚਾਹੁੰਦਾ ਹੈ, ਉਸ ਨੂੰ ਆਪਣੇ ਆਲੇ-ਦੁਆਲੇ ਅਤੇ ਦੇਸ਼ ਵਿਦੇਸ਼ ਵਿੱਚ ਵਾਪਰਨ ਵਾਲੀਆਂ ਤਾਜ਼ੀਆਂ ਘਟਨਾਵਾਂ ਦੀ ਜਾਣਕਾਰੀ ਹੁੰਦੀ ਹੈ। ਗਿਆਨਵਾਨ ਮਨੁੱਖ ਦੀ ਹਰ ਥਾਂ ਕਦਰ ਹੁੰਦੀ ਹੈ। ਆਮ ਗਿਆਨ ਦੀ ਜਾਣਕਾਰੀ ਰੱਖਣ ਵਾਲਾ ਮਨੁੱਖ ਵੱਖ-ਵੱਖ ਵਿਸ਼ਿਆਂ ਬਾਰੇ ਆਪਣੇ ਗਿਆਨ ਨਾਲ ਲੋਕਾਂ ਵਿੱਚ ਦਿਲਚਸਪੀ ਪੈਦਾ ਕਰਨ ਦੇ ਸਮਰੱਥ ਹੁੰਦਾ ਹੈ। ਫਰਜ਼ ਕਰੋ ਤੁਸੀਂ ਅਜਿਹੇ ਲੋਕਾਂ ਦੇ ਇਕੱਠ ਵਿੱਚ ਸ਼ਾਮਲ ਹੋ ਜਿਨ੍ਹਾਂ ਨੂੰ ਪਹਿਲੀ ਵਾਰ ਮਿਲ ਰਹੇ ਹੋ ਤਾਂ ਤੁਸੀਂ ਦੁਨੀਆਂ ਵਿੱਚ ਹੋ ਰਹੀ ਕਿਸੇ ਦਿਲਚਸਪ ਖੋਜ ਵੱਲ ਧਿਆਨ ਦਿਵਾਕੇ ਲੋਕਾਂ ਦੇ ਮਨਾਂ ਵਿੱਚ ਆਪਣੇ ਪ੍ਰਤੀ ਦਿਲਚਸਪੀ ਪੈਦਾ ਕਰ ਸਕਦੇ ਹੋ। ਤੁਸੀਂ ਕਹਿ ਸਕਦੇ ਹੋ ਕਿ ਜਿਸ ਤਰ੍ਹਾਂ ਸਾਡੇ ਮਿੱਥਹਾਸ ਦਾ ਇਕ ਦੇਵਤਾ ਨਾਰਦਮੁਨੀ ਮਿੰਟਾਂ ਵਿੱਚ ਇਕ ਲੋਕ ਤੋਂ ਦੂਜੇ ਲੋਕ ਵਿੱਚ ਜਾ ਸਕਦਾ ਸੀ। ਉਸੇ ਤਰਜ਼ ’ਤੇ ਅਮਰੀਕਾ ਵਿੱਚ ਖੋਜ ਹੋ ਰਹੀ ਹੈ ਅਤੇ ਫੈਕਸ ਮਸ਼ੀਨ ਵਾਂਗ ਆਦਮੀ ਨੂੰ ਪੋਰਟ ਕਰਨ ਦੀ ਮਸ਼ੀਨ ਤਿਆਰ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ। ਅਜਿਹੀਆਂ ਗੱਲਾਂ ਲੋਕਾਂ ਵਿੱਚ ਦਿਲਚਸਪੀ ਪੈਦਾ ਕਰਨ ਯੋਗ ਹੁੰਦੀਆਂ ਹਨ। ਇਸ ਤਰ੍ਹਾਂ ਦੇਸ਼ ਦੀ ਸਿਆਸਤ ਵਿੱਚ, ਖੇਡਾਂ ਵਿੱਚ, ਵਪਾਰ ਵਿੱਚ, ਸ਼ੇਅਰ ਮਾਰਕੀਟ ਵਿੱਚ, ਫਿਲਮਾਂ ਵਿੱਚ ਅਤੇ ਹੋਰ ਖੇਤਰਾਂ ਵਿੱਚ ਜੋ ਵਾਪਰ ਰਿਹਾ ਹੈ। ਉਸ ਦੀ ਜਾਣਕਾਰੀ ਤੁਹਾਨੂੰ ਮੌਕਾ ਦਿੰਦੀ ਹੈ ਅਤੇ ਤੁਸੀਂ ਹਾਜ਼ਾਰਾਂ ਲੋਕਾਂ ਨਾਲ ਸੰਪਰਕ ਬਣਾ ਸਕੋ। ਗਿਆਨ ਹਮੇਸ਼ਾ ਮੌਕੇ ਪ੍ਰਦਾਨ ਕਰਦਾ ਹੈ ਅਤੇ ਸ਼ੋਹਰਤ ਦੀ ਚਾਹਤ ਰੱਖਣ ਵਾਲੇ ਲੋਕਾਂ ਨੂੰ ਗਿਆਨਵਾਨ ਹੋਣਾ ਲਾਜ਼ਮੀ ਹੁੰਦਾ ਹੈ।
– ਬਾਕੀ ਕੱਲ੍ਹ ਪੜ੍ਹੋ
ਸ਼ੋਹਰਤ ਦੀ ਬੁਲੰਦੀ ਭੀ ਪਲ ਭਰ ਕਾ ਤਮਾਸ਼ਾ ਹੈ



