ਪਾਕਿਸਤਾਨ ਦੀ ਸਰਕਾਰ ਦੀ ਤਰਫੋਂ ਪਹਿਲੇ ਪਾਤਸ਼ਾਹ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਗੁਰੂ ਪਾਤਸ਼ਾਹ ਦੇ ਨਾਮ ’ਤੇ ਬਣਨ ਵਾਲੀ ਯੂਨੀਵਰਸਿਟੀ ਦਾ ਵਾਅਦਾ ਵਫ਼ਾ ਨਹੀਂ ਹੋ ਰਿਹਾ। ਦਹਾਕਿਆਂ ਤੋਂ ਇਸ ਯੂਨੀਵਰਸਿਟੀ ਦੀ ਸਥਾਪਨਾ ਲਟਕੀ ਹੋਈ ਹੈ। ਹੁਣ ਜਦੋਂ ਸ੍ਰੀ ਗੁਰੂ ਨਾਨਕ ਦੇਵ ਇੰਟਰਨੈਸ਼ਨਲ ਯੂਨੀਵਰਸਿਟੀ ਸ੍ਰੀ ਨਨਕਾਣਾ ਸਾਹਿਬ ਦੇ ਪ੍ਰੋਜੈਕਟ ਨੂੰ ਅਸਲੀ ਰੂਪ ’ਚ ਸ਼ੁਰੂ ਕਰਨ ਦੀ ਚਰਚਾ ਹੋ ਰਹੀ ਹੈ ਤਾਂ ਪਾਕਿਸਤਾਨ ਦੀ ਸਰਕਾਰ ਅਤੇ ਵਕਫ ਬੋਰਡ ਵੱਲੋਂ ਕਥਿਤ ਤੌਰ ’ਤੇ ਯੂਨੀਵਰਸਿਟੀ ਦਾ ਸਥਾਨ ਬਦਲਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਪਹਿਲੇ ਸ਼ੇਖੂਪੁਰਾ ਨੇੜੇ ਇਕ ਪਿੰਡ ’ਚ ਇਹ ਯੂਨੀਵਰਸਿਟੀ ਲਿਜਾਣ ਦੀ ਰਿਪੋਰਟ ਆਈ। ਫਿਰ ਆਖਿਆ ਗਿਆ ਕਿ ਇਹ ਯੂਨੀਵਰਸਿਟੀ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਨੇੜੇ ਕਾਇਮ ਕੀਤੀ ਜਾਵੇਗੀ। ਇਹ ਵਰਤਾਰਾ ਬਹੁਤ ਹੀ ਮੰਦਭਾਗਾ ਹੈ। ਇਸ ਪਿਛੇ ਜੋ ਵੀ ਕਾਰਨ ਹੋਣ ਪਰ ਇਸ ਨਾਲ ਸਿੱਖ ਭਾਈਚਾਰੇ ਦੇ ਮਨਾਂ ਨੂੰ ਭਾਰੀ ਠੇਸ ਪਹੁੰਚੀ ਹੈ। ਸਿੱਖ ਕੌਮ ਦੀ ਸ੍ਰੀ ਨਨਕਾਣਾ ਸਾਹਿਬ ਦੀ ਪਵਿੱਤਰ ਧਰਤੀ ਨਾਲ ਅਥਾਹ ਸ਼ਰਧਾ ਭਾਵਨਾ ਜੁੜੀ ਹੋਈ ਹੈ। ਸਾਰੀ ਕੌਮ ਦੀ ਇਹ ਇੱਛਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂਅ ਉ¤ਪਰ ਬਣਨ ਵਾਲੀ ਯੂਨੀਵਰਸਿਟੀ ਸਿਰਫ ਤੇ ਸਿਰਫ ਸ੍ਰੀ ਨਨਕਾਣਾ ਸਾਹਿਬ ਦੀ ਪਵਿੱਤਰ ਧਰਤੀ ’ਤੇ ਹੀ ਬਣੇ। ਕਿਸੇ ਵੀ ਹੋਰ ਥਾਂ ਇਹ ਯੂਨੀਵਰਸਿਟੀ ਤਬਦੀਲ ਕਰਨਾ ਕਿਸੇ ਵੀ ਤਰ੍ਹਾਂ ਉਚਿਤ ਨਹੀਂ ਹੋਵੇਗਾ। ਇਹ ਸਿੱਖ ਭਾਈਚਾਰੇ ਨਾਲ ਵੀ ਭਾਰੀ ਅਨਿਆਂ ਅਤੇ ਜ਼ਿਆਦਤੀ ਹੋਵੇਗੀ। ਇਸ ਯੂਨੀਵਰਸਿਟੀ ਦਾ ਮੁੱਖ ਵਜ਼ੂਦ ਸ੍ਰੀ ਨਨਕਾਣਾ ਸਾਹਿਬ ਵਿਖੇ ਹੀ ਹੋਣਾ ਚਾਹੀਦਾ ਹੈ। ਜੇਕਰ ਸਰਕਾਰ ਜਾਂ ਵਕਫ ਬੋਰਡ ਚਾਹੇ ਤਾਂ ਇਸ ਯੂਨੀਵਰਸਿਟੀ ਦਾ ਦੂਸਰਾ ਕੈਂਪਸ ਕਿਤੇ ਵੀ ਬਣਾਇਆ ਜਾ ਸਕਦਾ ਹੈ। ਪਾਕਿਸਤਾਨ ਦੀ ਸਰਕਾਰ ਅਤੇ ਵਕਫ ਬੋਰਡ ਨੂੰ ਚਾਹੀਂਦਾ ਹੈ ਕਿ ਇਹ ਮੁੱਦੇ ਉ¤ਪਰ ਤੁਰੰਤ ਫੈਸਲਾ ਲੈ ਕੇ ਪਿਆ ਭੰਬਲਭੂਸਾ ਦੂਰ ਕਰੇ। ਯੂਨੀਵਰਸਿਟੀ ਦੀ ਕਾਇਮੀ ’ਚ ਪਹਿਲਾਂ ਹੀ ਲੰਬੀ ਦੇਰ ਹੋ ਚੁੱਕੀ ਹੈ। ਇਸ ਲਈ ਯੂਨੀਵਰਸਿਟੀ ਦੇ ਸ੍ਰੀ ਨਨਕਾਣਾ ਸਾਹਿਬ ਵਿਖੇ ਮੁੱਖ ਕੈਂਪਸ ਦੀ ਉਸਾਰੀ ਦਾ ਕੰਮ ਤੁਰੰਤ ਸ਼ੁਰੂ ਕਰਵਾਇਆ ਜਾਵੇ। ਪਾਕਿਸਤਾਨ ਦੀ ਸਰਕਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਤੋਂ ਪਹਿਲਾਂ ਇਸ ਯੂਨੀਵਰਸਿਟੀ ਨੂੰ ਪ੍ਰਵਾਨਗੀ ਦੇਵੇ ਅਤੇ ਵੱਡੀ ਗ੍ਰਾਂਟ ਜਾਰੀ ਕਰੇ। ਯੂਨੀਵਰਸਿਟੀ ਦੀ ਕਾਰ ਸੇਵਾ ’ਚ ਸੰਸਾਰ ਭਰ ’ਚੋਂ ਸਿੱਖ ਵੀ ਬਣਦਾ ਨਿੱਗਰ ਯੋਗਦਾਨ ਪਾਉਣਗੇ। ਇਹ ਯੂਨੀਵਰਸਿਟੀ ਸੰਸਾਰ ਪੱਧਰੀ ਮਿਆਰ ਦੀ ਹੋਣੀ ਚਾਹੀਦੀ ਹੈ। ਸਿੱਖ ਭਾਈਚਾਰੇ ਦਾ ਵਿਸ਼ਵਾਸ ਜਿੱਤਣ ਲਈ ਪਾਕਿਸਤਾਨ ਦੀ ਸਰਕਾਰ ਨੂੰ ਇਸ ਸਬੰਧੀ ਤੁਰੰਤ ਹਰਕਤ ’ਚ ਆਉਣਾ ਚਾਹੀਦਾ ਹੈ। ਸਿੱਖ ਭਾਈਚਾਰਾ ਪਾਕਿਸਤਾਨ ਦੀ ਆਰਥਿਕਤਾ ’ਚ ਇਸ ਬਹਾਨੇ ਵੱਡਾ ਯੋਗਦਾਨ ਪਾ ਸਕਦਾ ਹੈ। ਪਾਕਿਸਤਾਨ ਦੀ ਸਰਕਾਰ ਸਖਤੀ ਨਾਲ ਉਨ੍ਹਾਂ ਤਾਕਤਾਂ ਨੂੰ ਵਰਜੇ ਜੋ ਇਸ ਯੂਨੀਵਰਸਿਟੀ ਨੂੰ ਸ੍ਰੀ ਨਨਕਾਣਾ ਸਾਹਿਬ ਤੋਂ ਤਬਦੀਲ ਕਰਕੇ ਇਸ ਅਹਿਮ ਸੰਸਥਾ ਦੇ ਮਕਸਦ ਨੂੰ ਹੀ ਰੋਲਣਾ ਚਾਹੁੰਦੇ ਹਨ। ਉਨ੍ਹਾਂ ਦਾ ਦੂਸਰਾ ਮਕਸਦ ਪਾਕਿਸਤਾਨ ਅਤੇ ਸਿੱਖਾਂ ਦਰਮਿਆਨ ਦੂਰੀਆਂ ਪੈਦਾ ਕਰਨਾ ਹੈ। ਉਮੀਦ ਕਰਦੇ ਹਾਂ ਕਿ ਪਾਕਿਸਤਾਨ ਦੀ ਸਰਕਾਰ ਅਤੇ ਵਕਫ ਬੋਰਡ ਇਸ ਮਸਲੇ ਦੀ ਸੰਵੇਦਨਸ਼ੀਲਤਾ ਨੂੰ ਸਮਝਣਗੇ।
– ਬਲਜੀਤ ਸਿੰਘ ਬਰਾੜ



