ਦੇਸ਼ ਵਿੱਚ ਬੇਸ਼ਕ ਕਾਨੂੰਨ ਦਾ ਰਾਜ ਹੈ ਪ੍ਰੰਤੂ ਕਾਨੂੰਨ ਦੇ ਰਾਖੇ ਹੀ ਇਸ ਨਾਲ ਖਿਲਵਾੜ ਕਰ ਰਹੇ ਹਨ। ਹਿਰਾਸਤ ਵਿੱਚ ਹੋ ਰਹੀਆਂ ਮੌਤਾਂ ਇਸ ਗੱਲ ਦਾ ਸਬੂਤ ਹਨ। ਇਹ ਅੰਕੜਾ ਲਗਾਤਾਰ ਵਧ ਰਿਹਾ ਹੈ। ਇਹ ਵਰਤਾਰਾ ਪੂਰੀ ਤਰ੍ਹਾਂ ਸੰਵਿਧਾਨ ਵਿਰੋਧੀ ਅਤੇ ਮਨੁੱਖੀ ਅਧਿਕਾਰਾਂ ਲਈ ਚਿੰਤਾ ਵਾਲਾ ਹੈ। ਇਹੋ ਕਾਰਨ ਹੈ ਕਿ ਦੇਸ਼ ਦੀ ਸਰਵਉਚ ਅਦਾਲਤ ਸੁਪਰੀਮ ਕੋਰਟ ਨੇ ਵੀ ਇਸ ਮੁੱਦੇ ’ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਮਾਨਯੋਗ ਅਦਾਲਤ ਦਾ ਕਹਿਣਾ ਹੈ ਕਿ ਹਿਰਾਸਤੀ ਮੌਤਾਂ ਇਕ ਤਰ੍ਹਾਂ ਨਾਲ ਵੱਡਾ ਅਪਰਾਧ ਹਨ ਅਤੇ ਅਜਿਹੀਆਂ ਘਟਨਾਵਾਂ ਬੰਦੀਆਂ ਦੀ ਆਜ਼ਾਦੀ ਅਤੇ ਜ਼ਿੰਦਗੀ ਦੇ ਅਧਿਕਾਰ ਦੇ ‘ਘਾਣ’ ਦਾ ਸਪਸ਼ਟ ਸੰਕੇਤ ਹਨ।ਥਾਣਿਆਂ ਅਤੇ ਜੇਲ੍ਹਾਂ ਵਿਚ ਬੰਦ ਨਾਗਰਿਕਾਂ ਨਾਲ ਕਈ ਵਾਰ ਬਹੁਤ ਜ਼ਾਲਮਾਨਾ ਵਿਵਹਾਰ ਕੀਤਾ ਜਾਂਦਾ ਹੈ। ਤੀਸਰੇ ਦਰਜੇ ਦੇ ਤਸੀਹੇ ਦਿੱਤੇ ਜਾਂਦੇ ਹਨ। ਇਸ ਦੌਰਾਨ ਬਹੁਤ ਸਾਰੇ ਲੋਕਾਂ ਦੀ ਮੌਤ ਤੱਕ ਹੋ ਜਾਂਦੀ ਹੈ। ਜੇਲ੍ਹ ਵਿੱਚ ਵੀ ਇਹ ਵਰਤਾਰਾ ਜਾਰੀ ਰਹਿੰਦਾ ਹੈ। ਹਿਰਾਸਤ ਵਿੱਚ ਲਏ ਜਾਂ ਜੇਲ੍ਹ ਵਿੱਚ ਬੰਦ ਨਾਗਰਿਕਾਂ ਲਈ ਇਜ਼ਤ ਵਾਲੀ ਜ਼ਿੰਦਗੀ ਯਕੀਨੀ ਬਣਾਉਣ ਲਈ ਸਖਤ ਕਦਮ ਚੁੱਕੇ ਜਾਣ ਦੀ ਜ਼ਰੂਰਤ ਮਹਿਸੂਸ ਹੋ ਰਹੀ ਹੈ। ਹਿਰਾਸਤ ਵਿੱਚ ਹੋ ਰਹੀਆਂ ਮੌਤਾਂ ਦੇ ਚਲਦਿਆਂ ਜਿਉਣ ਤੇ ਨਿਜੀ ਆਜ਼ਾਦੀ ਦੇ ਮੌਲਿਕ ਅਧਿਕਾਰ ਦਾ ਕੋਈ ਅਰਥ ਨਹੀਂ ਰਹਿ ਜਾਂਦਾ। ਕਾਨੂੰਨ ਦੇ ਰਾਜ ਨੂੰ ਯਕੀਨੀ ਬਣਾਉਣ ਲਈ ਜ਼ਿੰਦਗੀ ਤੇ ਆਜ਼ਾਦੀ ਦੇ ਮੌਲਿਕ ਅਧਿਕਾਰ ਨੂੰ ਅਸਲ ਅਰਥਾਂ ਵਿਚ ਲਾਗੂ ਕਰਨਾ ਹੋਵੇਗਾ। ਇਸ ਸਬੰਧ ਵਿੱਚ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ। ਹਿਰਾਸਤ ਵਿੱਚ ਲਏ ਗਏ ਨਾਗਰਿਕਾਂ ਅਤੇ ਕੈਦੀਆਂ ਨਾਲ ਮਾੜਾ ਵਿਵਹਾਰ ਕਰਨ ਵਾਲੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਖਿਲਾਫ ਸਖਤ ਕਾਰਵਾਈ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ। ਇਹ ਚੰਗੀ ਗੱਲ ਹੈ ਕਿ ਸੁਪਰੀਮ ਕੋਰਟ ਨੇ ਦੇਸ਼ ਭਰ ’ਚ ਜੇਲ੍ਹ ਸੁਧਾਰਾਂ ਤੇ ਗ਼ੈਰ ਕੁਦਰਤੀ ਮੌਤਾਂ ਬਾਰੇ ਆਦੇਸ਼ ਜਾਰੀ ਕੀਤੇ ਹਨ। ਮਾਣਯੋਗ ਜੱਜ ਸਾਹਿਬਾਨ ਜਸਟਿਸ ਸ਼੍ਰੀ ਮਦਨ ਬੀ ਲੋਕੁਰ ਤੇ ਜਸਟਿਸ ਸ਼੍ਰੀ ਦੀਪਕ ਗੁਪਤਾ ਦੇ ਬੈਂਚ ਨੇ ਕਿਹਾ ਕਿ ਸਰਬ ਉਚ ਅਦਾਲਤ ਤੇ ਹਾਈ ਕੋਰਟਾਂ ਦੇ ਵਾਰ-ਵਾਰ ਹੁਕਮਾਂ ਦੇ ਬਾਵਜੂਦ ਹਿਰਾਸਤੀ ਮੌਤਾਂ ਰੁਕੀਆਂ ਨਹੀਂ।43 ਸਫਿਆਂ ਦੇ ਹੁਕਮ ਵਿਚ ਬੈਂਚ ਨੇ ਕਿਹਾ, ‘ਇਹ ਉਦਾਸ ਕਰਨ ਵਾਲਾ ਹੀ ਨਹੀਂ ਬਲਕਿ ਦੁਖਦਾਇਕ ਮਾਮਲਾ ਹੈ।ਹਿਰਾਸਤੀ ਮੌਤਾਂ ਨੂੰ ਹਰ ਹਾਲਤ ਵਿੱਚ ਰੋਕਿਆ ਜਾਣਾ ਚਾਹੀਦਾ ਹੈ। ਤੀਸਰੇ ਦਰਜੇ ਦੇ ਤਸੀਹੇ ਦੇਣਾ ਮਾਨਵਤਾ ਅਤੇ ਕਾਨੂੰਨ ਵਿਰੋਧੀ ਕਾਰਜ ਹੈ। ਇਸ ਲਈ ਸਬੰਧਤ ਦੋਸ਼ੀ ਅਧਿਕਾਰੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ।
– ਬਲਜੀਤ ਸਿੰਘ ਬਰਾੜ



