ਸ਼ੈਰੀ ਦਾ ਬੱਚਾ ਮਰ ਗਿਆ, ਮੇਰੀ ਬੀਵੀ ਬਹੁਤ ਹੀ ਉਦਾਸ ਲਹਿਜੇ ਵਿੱਚ ਮੈਨੂੰ ਫੋਨ ’ਤੇ ਦੱਸ ਰਹੀ ਸੀ। ‘ਚਲੋ ਕੋਈ ਗੱਲ ਨਹੀਂ ਆਇਆ ਸੋ ਚਲ ਸੀ, ਜਲਦੀ ਹੀ ਵਿਚਾਰੀ ਦੀ ਜੂਨ ਕੱਟੀ ਗਈ।’ ਮੈਂ ਆਪਣੀ ਬੀਵੀ ਨੂੰ ਤਸੱਲੀ ਦੇਣ ਦੀ ਕੋਸ਼ਿਸ਼ ਕੀਤੀ।
‘ਤੁਸੀਂ ਹੁਣੇ ਨਹੀਂ ਆ ਸਕਦੇ, ਵਿੱਕੀ ਵੀ ਘਰ ਨਹੀਂ, ਮੇਰਾ ਮਨ ਬਹੁਤ ਉਦਾਸ ਹੈ।’ ਮੇਰੀ ਬੀਵੀ ਨੇ ਕਿਹਾ।
ਚੱਲ ਮੈਂ ਵੇਖਦਾਂ, ਪਰ ਅਜੇ ਮੁਸ਼ਕਿਲ ਐ, ਘੰਟਾ ਡੇਢ ਘੰਟਾ ਤਾਂ ਲੱਗਜੂ, ਮੈਂ ਟੈਲੀਫੋਨ ਰੱਖ ਕੇ ਆਪਣਾ ਕੰਮ ਨਿਪਟਾਉਣ ਵਿੱਚ ਰੁੱਝ ਜਾਂਦਾ ਹਾਂ।
ਮੈਨੂੰ ਪਤਾ ਹੈ ਕਿ ਕੁੱਤਿਆਂ ਨਾਲ ਵੀ ਬੱਚਿਆਂ ਵਾਂਗ ਪਿਆਰ ਹੋ ਜਾਂਦਾ ਹੈ। ਮੇਰੇ ਕੋਲ ਦੋ ਕੁੱਤੇ ਨੇ ਇੱਕ ਡੈਲਮੇਸ਼ੀਅਨ ਕੁੱਤੀ ਹੈ ਤੇ ਦੂਜਾ ਪੇਐਂਟਰ ਬਿਲਕੁੱਲ ਭੁੱਰਾ ਕੁੱਤਾ। ਦਰਅਸਲ ਇਹ ਕੁੱਤੇ ਮੇਰੇ ਵੱਡੇ ਬੇਟੇ ਦੇ ਹਨ। ਉਸ ਨੂੰ ਕੁੱਤੇ-ਬਿੱਲੀਆਂ ਨਾਲ ਬਹੁਤ ਪਿਆਰ ਹੈ। ਔਲਾਦ ਦੀ ਖੁਸ਼ੀ ਲਈ ਬੰਦਾ ਕੀ ਨਹੀਂ ਕਰਦਾ। ਉਸ ਦੀ ਖੁਸ਼ੀ ਖਾਤਰ ਉਸ ਦੇ ਬਚਪਨ ਤੋਂ ਹੀ ਘਰ ਵਿੱਚ ਦੋ ਕੁੱਤੇ ਪਾਲ ਰੱਖੇ ਨੇ।
ਡੈਲਮੇਸ਼ੀਅਨ ਕੁੱਤੀ ਜਿਸ ਦਾ ਨਾਮ ਸ਼ੈਰੀ ਹੈ। ਸ਼ੈਰੀ ਕਈ ਦਿਨਾਂ ਤੋਂ ਬਿਮਾਰ ਸੀ। ਡਾਕਟਰ ਨੇ ਦੱਸਿਆ ਕਿ ਇਸ ਦਾ ਖਿਆਲ ਰੱਖਿਓ, ਸ਼ਾਇਦ ਸਮੇਂ ਤੋਂ ਪਹਿਲਾਂ ਸੂ ਪਏਗੀ। ਉਵੇਂ ਹੀ ਹੋਇਆ ਉਸ ਨੇ ਇੱਕ ਰੂੰ ਵਰਗੀ ਸਫੈਦ ਕਤੂਰੀ ਨੂੰ ਜਨਮ ਦਿੱਤਾ। ਬੱਚਾ ਏਨਾ ਛੋਟਾ ਸੀ ਕਿ ਦੁੱਧ ਨਹੀਂ ਪੀ ਸਕਦਾ ਸੀ। ਨਾ ਹੀ ਮਾਂ ਦੇ ਦੁੱਧ ਉਤਰਿਆ ਸੀ। ਡਾਕਟਰ ਦੀ ਸਲਾਹ ਨਾਲ ਮੇਰਾ ਬੇਟਾ ਉਸ ਨੂੰ ਸਰਿੰਜ ਨਾਲ ਦੁੱਧ ਪਿਲਾਉਣ ਦੀ ਕੋਸ਼ਿਸ਼ ਕਰਦਾ ਰਿਹਾ। ਸ਼ੈਰੀ ਉਸ ਨੂੰ ਚੱਟਦੀ ਰਹਿੰਦੀ। ਇਸ ਤਰ੍ਹਾਂ ਦੋ ਤਿੰਨ ਦਿਨ ਚੱਲਦਾ ਰਿਹਾ ਪਰ ਸ਼ਾਇਦ ਜ਼ਰੂਰਤ ਮੁਤਾਬਿਕ ਦੁੱਧ ਨਾ ਪੀਣ ਕਾਰਨ ਜਾਂ ਕਮਜ਼ੋਰੀ ਕਾਰਨ ਕਤੂਰੀ ਤਿੰਨ ਕੁ ਦਿਨਾਂ ਬਾਅਦ ਮਰ ਗਈ। ਸ਼ੈਰੀ ਅਣਬੋਲ ਸੀ। ਉਸ ਨੂੰ ਉਸ ਤਰ੍ਹਾਂ ਪਿਆਰ ਕਰਦੀ ਰਹੀ, ਚੱਟਦੀ ਰਹੀ। ਜਦੋਂ ਮੇਰੀ ਬੀਵੀ ਨੇ ਵੇਖਿਆ ਕਿ ਮਰੀ ਹੋਈ ਕਤੂਰੀ ਨੂੰ ਕੀੜੇ ਲੱਗ ਰਹੇ ਹਨ ਤਾਂ ਉਸ ਨੇ ਮੈਨੂੰ ਫਿਰ ਫੋਨ ਕੀਤਾ।
‘ਮਾਲੀ ਨੂੰ ਕਹਿ ਕੇ ਇਸ ਨੂੰ ਦੂਰ ਰੂੜੀ ’ਤੇ ਸੁਟਵਾ ਦੇ’ ਮੈਂ ਸਲਾਹ ਦਿੱਤੀ।
ਇਸੇ ਤਰ੍ਹਾਂ ਹੀ ਕੀਤਾ ਗਿਆ। ਮਰੀ ਕਤੂਰੀ ਨੂੰ ਰੂੜੀ ’ਤੇ ਸੁਟਵਾ ਦਿੱਤਾ। ਹੁਣ ਸ਼ੈਰੀ ਦੀ ਹਾਲਤ ਮਾੜੀ ਹੋ ਗਈ। ਕਦੇ ਉਹ ਉਚੀ-ਉਚੀ ਭੌਂਕਦੀ ਤੇ ਕਦੇ ਉਹ ਵਿਲਕਣ ਲੱਗਦੀ। ਮੈਂ ਵੀ ਜਲਦੀ-ਜਲਦੀ ਕੰਮ ਨਿਪਟਾ ਕੇ ਘਰ ਪਹੁੰਚ ਗਿਆ। ਘਰ ਪਹੁੰਚ ਕੇ ਮੈਂ ਸੋਗਗ੍ਰਸਤ ਬੀਵੀ ਨੂੰ ਮੁਸਕਰਾਉਂਦੇ ਨੇ ਕਿਹਾ, ‘‘ਯਾਰ ਇੱਕ ਕੁੱਤੀ ਦੇ ਬੱਚੇ ਲਈ ਇੰਨੀ ਉਦਾਸ ਹੈ ਤਾਂ ਜਦੋਂ ਮੈਂ ਤੁਰ ਗਿਆ ਤਾਂ ਤੇਰਾ ਕੀ ਬਣੂੰ।’
‘‘ਤੁਹਾਨੂੰ ਮਸ਼ਕਰੀਆਂ ਸੁੱਝਦੀਆਂ ਨੇ, ਤੁਸੀਂ ਮਾਂ ਦੇ ਦਰਦ ਨੂੰ ਨਹੀਂ ਸਮਝ ਸਕਦੇ। ਮਾਂ ਤਾਂ ਮਾਂ ਹੁੰਦੀ ਐ, ਭਾਵੇਂ ਕਿਸੇ ਵੀ ਜਾਤ ਦੀ ਜਾਂ ਨਸਲ ਦੀ ਹੋਵੇ। ਵੇਖੋ ਵਿਚਾਰੀ ਕਿਵੇਂ ਤੜਪ ਰਹੀ ਐ।’’ ਮੇਰੀ ਬੀਵੀ ਦਾ ਜਵਾਬ ਸੀ।
ਮੈਂ ਵੇਖਿਆ ਕੁੱਤੀ ਸੱਚਮੁੱਚ ਹੀ ਬੁਰੀ ਤਰ੍ਹਾਂ ਵਿਲਕ ਰਹੀ ਸੀ। ਇੰਨੇ ਨੂੰ ਮੇਰਾ ਬੇਟਾ ਵੀ ਆਗਿਆ। ਮੈਂ ਉਸ ਨੂੰ ਕਿਹਾ, ‘‘ਇਸ ਨੂੰ ਖੋਲ੍ਹ ਦੇ ਸ਼ਾਇਦ ਖੁੱਲ੍ਹੀ ਘੁੰਮ ਫਿਰ ਕੇ ਇਸ ਦਾ ਮਨ ਪਰਚ ਜੇ।’’
ਸ਼ੈਰੀ ਦੀ ਸੰਗਲੀ ਖੋਲ੍ਹ ਦਿੱਤੀ ਗਈ। ਮੈਂ ਟੀ.ਵੀ. ’ਤੇ ਚੱਲ ਰਹੀਆਂ ਖ਼ਬਰਾਂ ਵੇਖਣ ਲੱਗਾ। ਟੀ.ਵੀ. ’ਤੇ ਖ਼ਬਰ ਚੱਲ ਰਹੀ ਸੀ ਕਿ ਪਟਿਆਲਾ ਦੇ ਤ੍ਰਿਪੜੀ ਇਲਾਕੇ ਵਿੱਚ ਕੱਲ੍ਹ ਰਾਤ ਇੱਕ ਮਾਂ ਆਪਣੀ ਤਿੰਨ ਦਿਨਾਂ ਦੀ ਨਵ-ਜੰਮੀ ਬੱਚੀ ਨੂੰ ਰੂੜੀ ’ਤੇ ਸੁੱਟ ਗਈ। ਇੰਨੇ ਵਿੱਚ ਮੇਰੇ ਬੇਟੇ ਨੇ ਆ ਕੇ ਕਿਹਾ, ‘ਪਾਪਾ ਵੇਖੋ ਸ਼ੈਰੀ ਆਪਣੀ ਮਰੀ ਹੋਈ ਕਤੂਰੀ ਨੂੰ ਰੁੜੀ ਤੋਂ ਚੁੱਕ ਲਿਆਈ।’
‘ਇੱਕ ਮਾਂ ਤਿੰਨ ਦਿਨਾਂ ਦੀ ਬੱਚੀ ਨੂੰ ਰੂੜੀ ’ਤੇ ਸੁੱਟ ਗਈ- ਸ਼ੈਰੀ ਆਪਣੀ ਮਰੀ ਹੋਈ ਕਤੂਰੀ ਨੂੰ ਰੂੜੀ ਤੋਂ ਚੁੱਕ ਲਿਆਈ।’ ਇਹ ਸ਼ਬਦ ਵਾਰ-ਵਾਰ ਮੇਰੇ ਜ਼ਿਹਨ ਵਿੱਚ ਵੱਜ ਰਹੇ ਸਨ। ਹੁਣ ਉਦਾਸ ਹੋਣ ਦੀ ਵਾਰੀ ਮੇਰੀ ਸੀ।
ਮਾਂ ਦਾ ਦਰਦ



