ਪੰਜਾਬੀ ਯੂਨੀਵਰਸਿਟੀ ਨੂੰ ਨਵਾਂ ਵਾਇਸ ਚਾਂਸਲਰ ਮਿਲ ਗਿਆ ਹੈ। ਤਸੱਲੀ ਇਸ ਗੱਲ ਦੀ ਹੈ ਕਿ ਨਵਾਂ ਵਾਇਸ ਚਾਂਸਲਰ ਅਕਾਦਮਿਕ ਖੇਤਰ ਨਾਲ ਸਬੰਧਤ ਹੈ। ਪ੍ਰਸ਼ਾਸਨਿਕ ਖੇਤਰ ਦੇ ਅਧਿਕਾਰੀਆਂ ਨੂੰ ਨਾ ਤਾਂ ਯੂਨੀਵਰਸਿਟੀ ਦੇ ਸਿਸਟਮ ਦੀ ਸਮਝ ਹੁੰਦੀ ਹੈ ਅਤੇ ਨਾ ਹੀ ਉਨ੍ਹਾਂ ਦਾ ਇਸ ਕਿਸਮ ਦਾ ਕੋਈ ਤਜ਼ਰਬਾ ਹੁੰਦਾ ਹੈ। ਇਕ ਆਈ.ਏ.ਐਸ. ਅਫਸਰ ਯੂਨੀਵਰਸਿਟੀ ਨੂੰ ਵੀ ਜ਼ਿਲ੍ਹੇ ਦੇ ਹੋਰ ਅਦਾਰਿਆਂ ਵਾਂਗ ਸਮਝਦੇ ਹੋਏ ਪ੍ਰਬੰਧ ਚਲਾਉਣ ਦੀ ਕੋਸ਼ਿਸ਼ ਕਰਦੇ ਹਨ। ਯੂਨੀਵਰਸਿਟੀ ਦੇ ਪ੍ਰਬੰਧ ਨੂੰ ਉਹੀ ਵਿਅਕਤੀ ਚੰਗੀ ਤਰ੍ਹਾਂ ਚਲਾ ਸਕਦਾ ਹੈ ਜੋ ਯੂਨੀਵਰਸਿਟੀ ਦਾ ਹਿੱਸਾ ਰਿਹਾ ਹੋਵੇ ਅਤੇ ਜਿਸ ਨੂੰ ਪੜ੍ਹਾਉਣ ਦਾ ਤਜ਼ਰਬਾ ਵੀ ਹੋਵੇ ਅਤੇ ਯੂਨੀਵਰਸਿਟੀ ਦੇ ਪ੍ਰਬੰਧ ਦਾ ਵੀ। ਇਸ ਪੱਖੋਂ ਪੰਜਾਬੀ ਯੂਨੀਵਰਸਿਟੀ ਦੇ ਨਵੇਂ ਵਾਇਸ ਚਾਂਸਲਰ ਡਾ. ਬੀ.ਐਸ. ਘੁੰਮਣ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹਨ। ਡਾ. ਘੁੰਮਣ ਪੰਜਾਬ ਯੂਨੀਵਰਸਿਟੀ ਦੇ ਪਬਲਿਕ ਐਡਮਿਨਸਟ੍ਰੇਸ਼ਨ ਦੇ ਪ੍ਰੋਫੈਸਰ ਅਤੇ ਮੁੱਖੀ ਰਹੇ ਹਨ ਅਤੇ ਡੀਨ ਫੈਕਲਟੀ ਆਫ ਆਰਟਸ ਐਂਡ ਕਲਚਰ ਵੀ ਰਹੇ ਹਨ। ਡਾ. ਘੁੰਮਣ ਦਾ ਖੋਜ ਅਤੇ ਪੜ੍ਹਾਉਣ ਦਾ ਲੰਬਾ ਤਜ਼ਰਬਾ ਹੈ। ਇਸ ਮੈਰਿਟ ਦੇ ਅਧਾਰ ’ਤੇ ਪੰਜਾਬ ਸਰਕਾਰ ਨੇ ਡਾ. ਬੀ.ਐਸ. ਘੁੰਮਣ ਨੂੰ ਪੰਜਾਬੀ ਯੂਨੀਵਰਸਿਟੀ ਦਾ ਵਾਇਸ ਚਾਂਸਲਰ ਨਿਯੁਕਤ ਕੀਤਾ ਹੈ। ਮੈਂ ਬਤੌਰ ਲੈਕਚਰਾਰ 1981 ਤੋਂ ਪੰਜਾਬੀ ਯੂਨੀਵਰਸਿਟੀ ਦੇ ਪੱਤਰਕਾਰੀ ਵਿਭਾਗ ਵਿੱਚ ਪੜ੍ਹਾ ਰਿਹਾ ਹਾਂ। ਮੈਨੂੰ ਡਾ. ਅਮਰੀਕ ਸਿੰਘ, ਡਾ. ਸਰਦਾਰਾ ਸਿੰਘ ਜੌਹਲ, ਡਾ. ਭਗਤ ਸਿੰਘ, ਡਾ. ਐਚ.ਕੇ. ਮਨਮੋਹਨ ਸਿੰਘ, ਡਾ. ਜੋਗਿੰਦਰ ਸਿੰਘ ਪਵਾਰ, ਸ. ਸਵਰਨ ਸਿੰਘ ਬੋਪਾਰਾਏ, ਡਾ. ਜਸਵੀਰ ਸਿੰਘ ਆਹਲੂਵਾਲੀਆ ਅਤੇ ਡਾ. ਜਸਪਾਲ ਸਿੰਘ ਆਦਿ ਸਾਰੇ ਵਾਇਸ ਚਾਂਸਲਰਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਹੈ। ਇਨ੍ਹਾਂ ਸਾਰੇ ਵਾਇਸ ਚਾਂਸਲਰਾਂ ਦੀਆਂ ਨਿਯੁਕਤੀਆਂ ਸਿੱਧੇ ਜਾਂ ਅਸਿੱਧੇ ਤਰੀਕੇ ਨਾਲ ਸਿਆਸੀ ਨਿਯੁਕਤੀਆਂ ਸਨ। ਇਹ ਪਹਿਲੀ ਵਾਰ ਹੋਇਆ ਹੈ ਕਿ ਯੂਜੀਸੀ ਦੇ ਨਿਰਦੇਸ਼ਾਂ ਮੁਤਾਬਿਕ ਵਾਇਸ ਚਾਂਸਲਰ ਦੀ ਨਿਯੁਕਤੀ ਮੈਰਿਟ ਦੇ ਆਧਾਰ ’ਤੇ ਕੀਤੀ ਗਈ ਹੈ। ਸਰਕਾਰ ਨੇ ਵਾਇਸ ਚਾਂਸਲਰ ਤਾਂ ਨਿਯੁਕਤ ਕਰ ਦਿੱਤਾ ਪਰ ਯੂਨੀਵਰਸਿਟੀ ਦੀ ਵਿੱਤੀ ਹਾਲਤ ਨੂੰ ਸੁਧਾਰਨ ਹਿੱਤ ਅਜੇ ਤੱਕ ਕੋਈ ਗ੍ਰਾਂਟ ਰਿਲੀਜ਼ ਨਹੀਂ ਕੀਤੀ। ਯੂਨੀਵਰਸਿਟੀ ਦੀ ਮਾੜੀ ਆਰਥਿਕ ਸਥਿਤੀ ਡਾ. ਬੀ.ਐਸ. ਘੁੰਮਣ ਲਈ ਸਭ ਤੋਂ ਵੱਡੀ ਚੁਣੌਤੀ ਹੈ। ਉਂਜ ਡਾ. ਘੁੰਮਣ ਅਰਥ ਸ਼ਾਸਤਰੀ ਹਨ ਅਤੇ ਆਰਥਿਕ ਪ੍ਰਬੰਧਨ ਵਿੱਚ ਉਨ੍ਹਾਂ ਨੂੰ ਮੁਹਾਰਤ ਹਾਸਿਲ ਹੈ ਅਤੇ ਡੀਨ, ਅਕਾਦਮਿਕ ਵੀ ਅਰਥ ਸ਼ਾਸਤਰੀ ਹਨ। ਲੋਕਾਂ ਦੀ ਨਿਗਾਹ ਹੈ ਕਿ ਡਾ. ਘੁੰਮਣ ਅਤੇ ਉਨ੍ਹਾਂ ਦੀ ਟੀਮ ਇਸ ਚੁਣੌਤੀ ਦਾ ਕਿਵੇਂ ਮੁਕਾਬਲਾ ਕਰਦੀ ਹੈ। ਚੰਗੇ ਦਿਨ ਆਉਣ ਦੇ ਥੋੜ੍ਹੇ ਅਸਾਰ ਤਾਂ ਨਜ਼ਰ ਆਏ ਹਨ, ਪਹਿਲਾਂ ਕਰਮਚਾਰੀਆਂ ਦੀਆਂ ਤਨਖਾਹਾਂ ਕਈ-ਕਈ ਹਫਤੇ ਦੇਰ ਨਾਲ ਮਿਲਦੀਆਂ ਸਨ ਪਰ ਇਸ ਵਾਰ ਮਹੀਨੇ ਦੇ ਪਹਿਲੇ ਹਫਤੇ ਹੀ ਬੈਂਕ ਵਾਲਿਆਂ ਦੀ ਟੱਲੀ ਖੜਕ ਗਈ ਕਿ ਤਨਖਾਹ ਖਾਤੇ ਵਿੱਚ ਪੈ ਗਈ ਹੈ। ਡਾ. ਬੀ.ਐਸ. ਘੁੰਮਣ ਪਿਛਲੇ 35 ਵਰ੍ਹਿਆਂ ਤੋਂ ਪੜ੍ਹਾ ਰਹੇ ਹਨ ਅਤੇ ਉਹ ਵੀ ਪੰਜਾਬ ਯੂਨੀਵਰਸਿਟੀ ਵਿੱਚ ਜਿੱਥੇ ਦੀ ਰਾਜਨੀਤੀ ਦੇਸ਼ ਦੀ ਸਿਆਸਤ ਤੋਂ ਵੀ ਗਰਮ ਹੈ। ਇਸ ਕਾਰਨ ਉਨ੍ਹਾਂ ਨੂੰ ਹਰ ਕਿਸਮ ਦਾ ਤਜ਼ਰਬਾ ਹੈ। ਡਾ. ਘੁੰਮਣ ਨੂੰ ਦੱਸਣ ਦੀ ਲੋੜ ਨਹੀਂ ਕਿ ਪੰਜਾਬੀ ਯੂਨੀਵਰਸਿਟੀ ਦਾ ਬੇੜਾ ਗਰਕ ਕਰਨ ਵਿੱਚ ਸਿਆਸੀ ਲੀਡਰਾਂ ਦੀ ਦਖਲ ਅੰਦਾਜੀ ਦਾ ਵੱਡਾ ਰੋਲ ਹੈ। ਜਿਸ ਤਰੀਕੇ ਨਾਲ ਸਿਆਸੀ ਲੋਕਾਂ ਨੇ ਜਾਇਜ਼ ਜਾਂ ਨਜਾਇਜ਼ ਨਿਯੁਕਤੀਆਂ ਕਰਵਾਈਆਂ ਹਨ, ਉਸ ਨਾਲ ਯੂਨੀਵਰਸਿਟੀ ਦੀ ਸ਼ਾਖ ਨੂੰ ਤਾਂ ਧੱਕਾ ਪਹੁੰਚਿਆ ਹੀ ਹੈ ਪਰ ਦੂਜੇ ਪਾਸੇ ਯੂਨੀਵਰਸਿਟੀ ਦੀ ਵਿੱਤੀ ਹਾਲਤ ਬੁਰੀ ਤਰ੍ਹਾਂ ਨਿੱਘਰ ਗਈ ਹੈ। ਨਵੇਂ ਵਾਇਸ ਚਾਂਸਲਰ ਨੂੰ ਇਹ ਵੀ ਦੱਸਣ ਦੀ ਲੋੜ ਨਹੀਂ ਕਿ ਕਿਵੇਂ ਬਹੁਤ ਸਾਰੇ ਅਧਿਆਪਕਾਂ ਅਤੇ ਅਧਿਕਾਰੀਆਂ ਨੇ ਆਪਣੇ ਪੂਰੇ ਦੇ ਪੂਰੇ ਪਰਿਵਾਰ ਯੂਨੀਵਰਸਿਟੀ ਵਿੱਚ ਨਿਯੁਕਤ ਕਰਵਾ ਲਏ ਹਨ। ਇਸ ਲਈ ਸਬੂਤ ਲੱਭਣ ਦੀ ਲੋੜ ਨਹੀਂ ਸਗੋਂ ਸਭ ਕੁਝ ਸਭ ਦੇ ਸਾਹਮਣੇ ਹੈ। ਅਜਿਹੇ ਸਵਾਰਥੀ ਲੋਕ ਡਾ. ਘੁੰਮਣ ਦੇ ਆਸ-ਪਾਸ ਗੇੜੇ ਲਾਉਂਦੇ ਨਜ਼ਰੀ ਪੈ ਰਹੇ ਹਨ ਅਤੇ ਉਨ੍ਹਾਂ ਨੂੰ ਆਸ ਹੈ ਕਿ ਪਹਿਲੇ ਵਾਇਸ ਚਾਂਸਲਰਾਂ ਵਾਂਗ ਡਾ. ਘੁੰਮਣ ਵੀ ਉਨ੍ਹਾਂ ਨੂੰ ਆਪਣੇ ਲਾਗੇ ਲਾ ਲੈਣਗੇ ਅਤੇ ਉਹ ਫਿਰ ਮਨ-ਮਾਨੀਆਂ ਦੇ ਯੋਗ ਹੋ ਸਕਣਗੇ। ਇਕ ਚੰਗੇ ਪ੍ਰਬੰਧਕ ਨੂੰ ਅਜਿਹੇ ਲੋਕਾਂ ਦੀ ਅੱਖ ਪਹਿਚਾਨਣ ਦੀ ਸਮਝ ਹੁੰਦੀ ਹੈ ਅਤੇ ਲਗਦਾ ਹੈ ਕਿ ਡਾ. ਘੁੰਮਣ ਇਸ ਪੱਖੋਂ ਸੁਚੇਤ ਰਹਿਣਗੇ। ਜੇ ਭਰਤੀਆਂ ਮੈਰਿਟ ’ਤੇ ਹੋਣਗੀਆਂ ਅਤੇ ਤਰੱਕੀਆਂ ਵਿੱਚ ਪਾਰਦਰਸ਼ਤਾ ਹੋਵੇਗੀ। ਜੇ ਸਵਾਰਥੀ ਲੋਕਾਂ ਨੂੰ ਵਿੱਤੀ ਘੱਪਲੇ ਕਰਨ ਤੋਂ ਰੋਕ ਲਿਆ ਜਾਵੇਗਾ ਤਾਂ ਨਿਸ਼ਚਿਤ ਤੌਰ ’ਤੇ ਡਾ. ਬੀ.ਐਸ. ਘੁੰਮਣ ਸਫਲ ਵਾਇਸ ਚਾਂਸਲਰ ਕਹਾਉਣਗੇ। ਮੈਨੂੰ ਆਸ ਹੈ ਅਤੇ ਮੇਰੀ ਅਰਦਾਸ ਹੈ ਕਿ ਉਹ ਸਫਲ ਵਾਇਸ ਚਾਂਸਲਰ ਬਣਨ।
ਕੀ. ਡਾ. ਬੀ.ਐਸ. ਘੁੰਮਣ ਸਫ਼ਲ ਵਾਇਸ ਚਾਂਸਲਰ ਹੋਣਗੇ?



