ਕੁਝ ਦਿਨ ਪਹਿਲਾਂ ਮੌਸਮ ਵਿਭਾਗ ਵੱਲੋਂ ਦੇਸ਼ ’ਚ ਭਰਵੇਂ ਮੀਂਹ ਪੈਣ ਅਤੇ ਕੁਝ ਹਿਸਿਆਂ ’ਚ ਹੜ੍ਹ ਆਉਣ ਦੀ ਚਿਤਾਵਨੀ ਦਿੱਤੀ ਗਈ ਸੀ। ਦੇਸ਼ ਦੇ ਵਖ-ਵਖ ਹਿਸਿਆਂ ਸਮੇਤ ਪੰਜਾਬ ਵਿਚ ਕੁਝ ਦਿਨਾਂ ਤੋਂ ਮੀਂਹ ਪੈ ਰਿਹਾ ਹੈ। ਚੰਡੀਗੜ੍ਹ ਵਿਚ ਗੜੇਮਾਰੀ ਵੀ ਹੋਈ ਹੈ। ਜ਼ਿਆਦਾ ਮੀਂਹ ਕਾਰਨ ਪਹਾੜਾਂ ਤੋਂ ਲੈ ਕੇ ਮੈਦਾਨਾਂ ਤਕ ਦੇਸ਼ ਦੇ ਕਈ ਸੂਬਿਆਂ ਵਿਚ ਹੜ੍ਹ ਦੇ ਹਾਲਾਤ ਪੈਦਾ ਹੋ ਗਏ ਹਨ ਅਤੇ ਇਥੇ ਜਨ-ਜੀਵਨ ਬਦ ਤੋਂ ਬਦਤਰ ਹੋ ਗਿਆ ਹੈ। ਗੁਜਰਾਤ, ਆਸਾਮ, ਉੜੀਸਾ, ਰਾਜਸਥਾਨ ਅਤੇ ਪਛਮੀ ਬੰਗਾਲ ਦੇ ਕੁਝ ਹਿਸਿਆਂ ’ਚ ਤਾਂ ਨਦੀਆਂ ਖ਼ਤਰੇ ਦੇ ਨਿਸ਼ਾਨ ਤੋਂ ਉਪਰ ਵਗ ਰਹੀਆਂ ਹਨ। ਦੇਸ਼ ਦੇ ਕਈ ਹਿਸਿਆਂ ’ਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਹੜ੍ਹਾਂ ਕਾਰਨ ਪੈਦਾ ਹੋਈ ਸਥਿਤੀ ਦੇ ਮਦੇ-ਨਜ਼ਰ ਉਚ-ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਹੈ। ਦੇਸ਼ ਵਿਚ ਕੁਝ ਥਾਂ ਇਹੋ ਜਿਹੇ ਹਨ, ਜਿੱਥੇ ਇਕ ਹੀ ਇਲਾਕੇ ਦੇ ਲੋਕਾਂ ਨੂੰ ਕਦੇ ਸੋਕੇ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਕਦੇ ਭਾਰੀ ਮੀਂਹ ਦਾ। ਸਰਕਾਰ ਵੱਲੋਂ ਵਿਕਾਸ ਦੀਆਂ ਯੋਜਨਾਵਾਂ ਲਾਗੂ ਕਰਦਿਆਂ ਅੰਨ੍ਹੇਵਾਹ ਜੰਗਲ ਕਟੇ ਜਾ ਰਹੇ ਹਨ, ਪਰ ਨਵੇਂ ਦਰੱਖ਼ਤ ਲਗਾਉਣ ਵਲ ਧਿਆਨ ਨਹੀਂ ਦਿੱਤਾ ਜਾ ਰਿਹਾ। ਕੁਦਰਤ ਨਾਲ ਖਿਲਵਾੜ ਕਰਨ ਦੇ ਕਾਰਨ ਦੇਸ਼ ਵਿਚ ਮਾਰੂ ਸਥਿਤੀ ਪੈਦਾ ਹੋ ਰਹੀ ਹੈ। ਦਰੱਖ਼ਤਾਂ ਦੀ ਕੱਟ-ਕਟਾਈ ਨਾਲ ਮੌਨਸੂਨ ਪ੍ਰਭਾਵਤ ਹੋ ਰਿਹਾ ਹੈ। ਖੇਤੀ ਪੈਦਾਵਾਰ ਉਤੇ ਅਸਰ ਪੈਣਾ ਤਾਂ ਫਿਰ ਲਾਜ਼ਮੀ ਸੀ। ਨਦੀਆਂ ਨਾਲ ਧਰਤੀ ਦੇ ਕਟਾਅ ਵਿਚ ਵੀ ਲਗਾਤਾਰ ਵਾਧਾ ਵੇਖਣ ਨੂੰ ਮਿਲ ਰਿਹਾ ਹੈ।
ਹੜ੍ਹ ਅਤੇ ਸੋਕਾ ਮੁਢ-ਕਦੀਮ ਤੋਂ ਮਨੁਖੀ ਅਤੇ ਪਸ਼ੂ-ਪੰਛੀਆਂ ਦੇ ਜੀਵਨ ਨੂੰ ਪ੍ਰੇਸ਼ਾਨੀ ’ਚ ਪਾਉਂਦੇ ਰਹੇ ਹਨ। ਸੋਕਾ ਅਤੇ ਹੜ੍ਹ ਸਿਰਫ਼ ਕੁਦਰਤੀ ਆਫ਼ਤਾਂ ਹੀ ਨਹੀਂ ਹਨ, ਇਹ ਕੁਦਰਤ ਵੱਲੋਂ ਦਿੱਤੀਆਂ ਜਾ ਰਹੀਆਂ ਚੇਤਾਵਨੀਆਂ ਵੀ ਹਨ, ਪਰ ਮਨੁਖ ਇਹਨਾਂ ਚਿਤਾਵਨੀਆਂ ਨੂੰ ਸਮਝ ਹੀ ਨਹੀਂ ਰਿਹਾ, ਤੇ ਇਹ ਇਸ ਗਲ ਦੇ ਬਾਵਜੂਦ ਕਿ ਅਜ ਦਾ ਮਨੁਖ ਪੁਰਾਣੇ ਸਮੇਂ ਦੇ ਮਨੁਖ ਨਾਲੋਂ ਆਪਣੇ ਆਪ ਨੂੰ ਵਧ ਸੱਭਿਅਕ ਅਤੇ ਸਿਆਣਾ ਸਮਝ ਰਿਹਾ ਹੈ। ਇਹ ਤ੍ਰਾਸਦੀ ਹੀ ਕਹੀ ਜਾ ਸਕਦੀ ਹੈ ਕਿ ਪਹਿਲਾਂ ਤੋਂ ਵਧ ਪੜ੍ਹਿਆ ਮਨੁਖ ਸਮਾਜ ਵਿਚ ਕੁਦਰਤ ਦੇ ਨਾਲ ਤਾਲਮੇਲ ਬਿਠਾ ਕੇ ਜੀਵਨ ਜਿਉਣ ਦੀ ਸਮਝਦਾਰੀ ਵਿਕਸਤ ਨਹੀਂ ਕਰ ਪਾ ਰਿਹਾ।
ਮਨੁਖ ਵੱਲੋਂ ਹਵਾ ਦਾ ਪ੍ਰਦੂਸ਼ਣ ਫੈਲਾਇਆ ਜਾ ਰਿਹਾ ਹੈ। ਮੋਟਰ-ਕਾਰਾਂ ਤੇ ਹੋਰ ਵਹੀਕਲਾਂ ਦੀ ਵਰਤੋਂ ਦੇ ਨਾਲ-ਨਾਲ ਏਅਰ-ਕੰਡੀਸ਼ਨਰਾਂ ਦੀ ਵਰਤੋਂ ਹਵਾ ਪ੍ਰਦੂਸ਼ਣ ਦਾ ਵਡਾ ਕਾਰਨ ਹੈ। ਪਾਣੀ ਦਾ ਪ੍ਰਦੂਸ਼ਣ ਫੈਲਾਉਣ ਵਿਚ ਤਾਂ ਮਨੁਖ ਨੇ ਜਿਵੇਂ ਅਤ ਹੀ ਚੁਕੀ ਹੋਈ ਹੈ। ਕਚਰਾ ਧਰਤੀ ’ਤੇ ਸ਼ਰੇਆਮ ਸੁਟਿਆ ਜਾ ਰਿਹਾ ਹੈ। ਕਚਰੇ ਤੋਂ ਇਲਾਵਾ ਮਨੁਖੀ ਜੀਵਨ ਵਿਚ ਪਲਾਸਟਿਕ ਨੇ ਜਿਵੇਂ ਥਾਂ ਬਣਾ ਲਈ ਹੈ, ਉਹ ਵੀ ਪ੍ਰਦੂਸ਼ਣ ਲਈ ਵਡੀ ਚਿਤਾਵਨੀ ਬਣਿਆ ਹੋਇਆ ਹੈ। 1.60 ਲਖ ਪਲਾਸਟਿਕ ਬੈਗਾਂ ਦਾ ਹਰ ਸੈਕਿੰਡ ਵਿਚ ਉਤਪਾਦਨ ਹੋ ਰਿਹਾ ਹੈ। 5 ਟ੍ਰਿਲੀਅਨ ਪਲਾਸਟਿਕ ਬੈਗ ਹਰ ਸਾਲ ਵਰਤੋਂ ’ਚ ਆਉਂਦੇ ਹਨ। ਇਹ ਜਾਣਦਿਆਂ ਹੋਇਆਂ ਵੀ ਕਿ ਪਲਾਸਟਿਕ ਨੂੰ ਪੂਰੀ ਤਰ੍ਹਾਂ ਖ਼ਤਮ ਹੋਣ ਲਈ 1000 ਸਾਲ ਲਗਦੇ ਹਨ, ਫਿਰ ਵੀ ਇਹਨਾਂ ਦੀ ਵਰਤੋਂ ਲਗਾਤਾਰ ਵਧਦੀ ਜਾ ਰਹੀ ਹੈ।
ਸੰਨ 1950 ਤੋਂ ਸੰਨ 2015 ਤਕ ਮਨੁਖ ਨੇ ਧਰਤੀ ਉਤੇ 8.3 ਅਰਬ ਟਨ ਪਲਾਸਟਿਕ ਦਾ ਉਤਪਾਦਨ ਕੀਤਾ। ਇਸ ਪਲਾਸਟਿਕ ਵਿੱਚੋਂ 6.3 ਅਰਬ ਟਨ ਪਲਾਸਟਿਕ ਜਾਂ ਤਾਂ ਧਰਤੀ ’ਤੇ ਡੰਪ ਕੀਤਾ ਜਾ ਰਿਹਾ ਹੈ ਜਾਂ ਸਾਡੇ ਵਾਤਾਵਰਣ ਵਿਚ ਮੌਜੂਦ ਪਿਆ ਹੈ। ਇਸ ਵਿੱਚੋਂ ਸਿਰਫ਼ 9 ਫ਼ੀਸਦੀ ਨੂੰ ਹੀ ਰੀਸਾਈਕਲ (ਮੁੜ-ਵਰਤੋਂ) ਕੀਤਾ ਜਾ ਰਿਹਾ ਹੈ। ਅਮਰੀਕਾ ਦੀ ਜਾਰਜੀਆ ਯੂਨੀਵਰਸਿਟੀ ਦੀ ਇਕ ਖੋਜ ਅਨੁਸਾਰ 2050 ਤਕ 12 ਅਰਬ ਟਨ ਪਲਾਸਟਿਕ ਧਰਤੀ ’ਤੇ ਡੰਪ ਕੀਤਾ ਜਾਵੇਗਾ ਜਾਂ ਵਾਤਾਵਰਣ ’ਚ ਮੌਜੂਦ ਹੋਵੇਗਾ। ਕਿਉਂਕਿ ਵਡੀ ਮਾਤਰਾ ’ਚ ਪਲਾਸਟਿਕ ਨੂੰ ਕੁਦਰਤੀ ਤਰੀਕੇ ਨਾਲ ਨਸ਼ਟ ਨਹੀਂ ਕੀਤਾ ਜਾ ਸਕਦਾ, ਇਸ ਲਈ ਇਹ ਸੈਂਕੜੇ ਜਾਂ ਹਜ਼ਾਰਾਂ ਸਾਲਾਂ ਤਕ ਮਨੁਖ ਦਾ ਪਿਛਾ ਨਹੀਂ ਛਡੇਗਾ। ‘ਸਾਇੰਸ ਐਡਵਾਂਸ’ ਨਾਂਅ ਦੇ ਇਕ ਮੈਗਜ਼ੀਨ ’ਚ ਛਪੀ ਰਿਪੋਰਟ ਤਾਂ ਇਹ ਵੀ ਕਹਿੰਦੀ ਹੈ ਕਿ 1950 ’ਚ ਜਿੱਥੇ 20 ਲਖ ਟਨ ਪਲਾਸਟਿਕ ਹਰ ਸਾਲ ਪੈਦਾ ਕੀਤਾ ਜਾਂਦਾ ਸੀ, ਉਥੇ 2015 ਵਿਚ ਇਹ ਮਾਤਰਾ 40 ਕਰੋੜ ਟਨ ਪ੍ਰਤੀ ਸਾਲ ਤਕ ਪਹੁੰਚ ਗਈ ਹੈ। ਇਸ ਸਾਰੇ ਪ੍ਰਦੂਸ਼ਣ ਦਾ ਅਸਰ ਪੌਣ-ਪਾਣੀ ਤਬਦੀਲੀ ਉਤੇ ਪੈ ਰਿਹਾ ਹੈ।
ਪੌਣ-ਪਾਣੀ ਤਬਦੀਲੀ, ਭਾਵ ਕਲਾਈਮੇਟ ਚੇਂਜ ਕਾਰਨ ਦੁਨੀਆ ਅਜਿਹੇ ਮੋੜ ’ਤੇ ਆ ਖੜੀ ਹੈ, ਜਿੱਥੋਂ ਪਿੱਛੇ ਆਉਣਾ ਜਾਂ ਇਸ ਨੂੰ ਸੁਧਾਰ ਸਕਣਾ ਸੰਭਵ ਹੀ ਨਹੀਂ ਹੈ। ਇਕ ਖੋਜ ਮੁਤਾਬਕ ਮਨੁਖ ਦੀਆਂ ਗ਼ੈਰ-ਕੁਦਰਤੀ ਕਾਰਵਾਈਆਂ ਕਾਰਨ ਦੁਨੀਆ ਅਜਿਹੇ ਪੜਾਅ ਉਤੇ ਪੁਜ ਜਾਵੇਗੀ, ਜਿੱਥੇ ਪੌਣ-ਪਾਣੀ ਬਦਲਾਅ ਕਾਰਨ ਨਿਕਲਣ ਵਾਲੇ ਖ਼ਤਰਨਾਕ ਅਤੇ ਵਿਨਾਸ਼ਕਾਰੀ ਨਤੀਜਿਆਂ ਨੂੰ ਰੋਕ ਸਕਣਾ ਸੰਭਵ ਹੀ ਨਹੀਂ ਰਹੇਗਾ। ਇਸ ਖੋਜ ਅਨੁਸਾਰ ਕਾਰਬਨ ਗੈਸਾਂ ਦੇ ਨਿਕਾਸ ਨੂੰ ਘਟਾਉਣ ਦਾ ਯਤਨ ਨਹੀਂ ਹੋ ਰਿਹਾ। ਜੇਕਰ ਕਾਰਬਨ ਗੈਸਾਂ ਘਟਾਉਣ ਦਾ ਵਧ ਤੋਂ ਵਧ ਯਤਨ ਕੀਤਾ ਵੀ ਜਾਵੇਗਾ, ਤਦ ਵੀ 90 ਫ਼ੀਸਦੀ ਇਸ ਗਲ ਦੀ ਸੰਭਾਵਨਾ ਹੈ ਕਿ ਇਸ ਸਦੀ ਦੇ ਅੰਤ ਤਕ ਧਰਤੀ ਦੇ ਤਾਪਮਾਨ ਵਿਚ ਦੋ ਡਿਗਰੀ ਸੈਲਸੀਅਸ ਦਾ ਵਾਧਾ ਹੋ ਜਾਵੇਗਾ। ਇਸ ਦਾ ਨਤੀਜਾ ਇਹ ਹੋਵੇਗਾ ਕਿ ਦੁਨੀਆ ਦੇ ਅਲਗ-ਅਲਗ ਹਿਸਿਆਂ ’ਚ ਸੋਕਾ ਪਵੇਗਾ, ਤਾਪਮਾਨ ’ਚ ਬਹੁਤ ਜ਼ਿਆਦਾ ਤਬਦੀਲੀਆਂ ਆਉਣਗੀਆਂ ਤੇ ਸਮੁੰਦਰ ਦੇ ਪਾਣੀ ਦਾ ਪਧਰ ਖ਼ਤਰਨਾਕ ਹਦ ਤਕ ਪੁਜ ਜਾਵੇਗਾ।
ਪੈਰਿਸ ਕਲਾਈਮੇਟ ਐਗਰੀਮੈਂਟ (ਦੁਨੀਆ ਭਰ ਦੇ ਦੇਸ਼ਾਂ ਦੇ ਮੁਖੀਆਂ ਦੀ ਮੀਟਿੰਗ ਸਮੇਂ) ’ਚ ਦੁਨੀਆ ਭਰ ਦੇ ਦੇਸ਼ਾਂ ਨੇ ਧਰਤੀ ਦੇ ਤਾਪਮਾਨ ਨੂੰ ਡੇਢ ਡਿਗਰੀ ਸੈਲਸੀਅਸ ਤਕ ਸੀਮਤ ਰਖਣ ਦਾ ਟੀਚਾ ਤੈਅ ਕੀਤਾ ਸੀ, ਪਰ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਮਕਸਦ ਦਾ ਨਾਕਾਮ ਹੋਣਾ ਤੈਅ ਹੈ। ਉਹਨਾਂ ਅਨੁਸਾਰ ਧਰਤੀ ਦੀ ਜਨਸੰਖਿਆ ਵਧ ਰਹੀ ਹੈ, ਵਿਕਾਸ ਤੇ ਆਰਥਿਕ ਗਤੀਵਿਧੀਆਂ ਨਾਲ ਸੰਬੰਧਤ ਕੰਮਾਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਉਹਨਾਂ ਪਿਛਲੇ 50 ਸਾਲਾਂ ਦੇ ਅੰਕੜਿਆਂ ਦੇ ਅਧਿਐਨ ਤੋਂ ਬਾਅਦ ਇਹ ਸਿਟਾ ਕਢਿਆ ਹੈ ਕਿ 99 ਫ਼ੀਸਦੀ ਸੰਭਾਵਨਾ ਹੈ ਕਿ ਤਾਪਮਾਨ ’ਚ ਵਾਧੇ ਦਾ ਰਿਕਾਰਡ ਪੈਰਿਸ ਡੀਲ ’ਚ ਤੈਅ ਕੀਤੇ ਗਏ ਤਾਪਮਾਨ ਨੂੰ ਪਾਰ ਕਰ ਜਾਵੇਗਾ। ਤਾਪਮਾਨ ’ਚ ਵਾਧੇ ਦਾ ਸਿਟਾ ਧਰਤੀ ’ਤੇ ਜੀਵਨ ਜੀਅ ਰਹੇ ਮਨੁਖ ਨੂੰ ਭੁਗਤਣਾ ਪਵੇਗਾ, ਜੋ ਜੀਵਨ ਲਈ ਅਤਿਅੰਤ ਘਾਤਕ ਸਾਬਤ ਹੋਵੇਗਾ। ਭਾਰਤ ਵੀ ਇਸ ਗਲੋਬਲ ਵਾਰਮਿੰਗ ਦੇ ਅਸਰ ਤੋਂ ਬਚੇਗਾ ਨਹੀਂ। ਭਾਰਤ ਨੂੰ ਲਗਾਤਾਰ ਸੋਕੇ ਅਤੇ ਹੜ੍ਹਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੋਕੇ ਨਾਲ ਲੋਕਾਂ ਦਾ ਜੀਵਨ ਪ੍ਰਭਾਵਤ ਹੁੰਦਾ ਹੈ। ਵਡੀ ਗਿਣਤੀ ਵਿੱਚ ਲੋਕ ਹੜ੍ਹਾਂ ਨਾਲ ਮਰਦੇ ਹਨ। ਸੰਨ 1950 ਵਿਚ ਸਾਡੇ ਦੇਸ਼ ਵਿਚ ਲੱਗਭੱਗ ਢਾਈ ਕਰੋੜ ਹੈਕਟੇਅਰ ਜ਼ਮੀਨ ਇਹੋ ਜਿਹੀ ਸੀ, ਜਿੱਥੇ ਹੜ੍ਹ ਆਉਂਦੇ ਸਨ, ਪਰ ਹੁਣ ਸਤ ਕਰੋੜ ਹੈਕਟੇਅਰ ਧਰਤੀ ਉਤੇ ਹੜ੍ਹ ਆਉਣ ਲਗੇ ਹਨ। ਦੇਸ਼ ਵਿਚ ਕੇਵਲ ਚਾਰ ਮਹੀਨੇ ਇਹੋ ਜਿਹੇ ਹੁੰਦੇ ਹਨ, ਜਦੋਂ ਮੀਂਹ ਪੈਂਦੇ ਹਨ, ਪਰ ਮੀਂਹ ਪੈਣ ਦੇ ਅਮਲ ਵਿੱਚ ਅਸਮਾਨਤਾ ਹੁੰਦੀ ਹੈ; ਜਿਵੇਂ ਦੇਸ਼ ਦੇ ਇਕ ਹਿਸੇ ’ਚ ਤਾਂ ਸੋਕਾ ਹੁੰਦਾ ਹੈ, ਪਰ ਦੂਜੇ ਹਿਸੇ ’ਚ ਹੜ੍ਹ ਆਏ ਹੁੰਦੇ ਹਨ। ਰਾਸ਼ਟਰੀ ਹੜ੍ਹ ਆਯੋਗ ਦੀ ਰਿਪੋਰਟ ਦੇ ਅਨੁਸਾਰ ਸਾਡੇ ਦੇਸ਼ ’ਚ ਹੜ੍ਹ ਦੇ ਕਾਰਨ ਹਰ ਸਾਲ ਲਗਭੱਗ ਇਕ ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੁੰਦਾ ਹੈ। ਪੂਰੀ ਦੁਨੀਆ ’ਚ ਹੜ੍ਹਾਂ ਨਾਲ ਜਿੰਨੀਆਂ ਮੌਤਾਂ ਹੁੰਦੀਆਂ ਹਨ, ਉਹਨਾ ਦਾ ਪੰਜਵਾਂ ਹਿਸਾ ਭਾਰਤ ’ਚ ਹੁੰਦੀਆਂ ਹਨ। ਇਸ ਵੇਲੇ ਚੀਨ, ਬੰਗਲਾਦੇਸ਼, ਪਾਕਿਸਤਾਨ ਅਤੇ ਨੇਪਾਲ ਵੀ ਭਾਰਤ ਜਿਹੀ ਸਥਿਤੀ ਦਾ ਸਾਹਮਣਾ ਕਰ ਰਹੇ ਹਨ। ਵਾਤਾਵਰਣ ਬਦਲਾਅ ਨਾਲ ਅਗਲੇ ਕੁਝ ਦਹਾਕਿਆਂ ’ਚ ਦਖਣੀ ਏਸ਼ੀਆ ਦਾ ਇਲਾਕਾ ਸ਼ਾਇਦ ਲੋਕਾਂ ਤੇ ਜੀਵਾਂ ਦੇ ਰਹਿਣ ਦੇ ਲਾਇਕ ਨਹੀਂ ਰਹੇਗਾ। ਵਿਗਿਆਨੀਆਂ ਦਾ ਅਨੁਮਾਨ ਹੈ ਕਿ ਵਾਤਾਵਰਣ ਬਦਲਾਅ ਕਾਰਨ ਭਾਰਤ ਤੇ ਪਾਕਿਸਤਾਨ ਸਮੇਤ ਦਖਣੀ ਏਸ਼ੀਆਈ ਦੇਸ਼ਾਂ ’ਚ ਏਨੀਆਂ ਗਰਮ ਹਵਾਵਾਂ ਚਲਣਗੀਆਂ ਕਿ ਇਥੇ ਜੀਵਨ ਲੱਗਭੱਗ ਨਾਮੁਮਕਿਨ ਹੋ ਜਾਵੇਗਾ। ਤਾਪਮਾਨ ’ਚ ਵਾਧੇ ਕਾਰਨ ਪੂਰੀ ਦੁਨੀਆ ’ਚ ਏਨੀ ਗਰਮੀ ਤੇ ਹੁੰਮਸ ਹੋ ਜਾਵੇਗੀ ਕਿ ਹਾਲਾਤ ਬਰਦਾਸ਼ਤ ਤੋਂ ਬਾਹਰ ਹੋ ਜਾਣਗੇ। ਇਹਨਾਂ ਬਦਲੇ ਹੋਏ ਹਾਲਾਤ ’ਚ ਜੀਵਨ ਅਸੰਭਵ ਜਿਹਾ ਹੋ ਜਾਵੇਗਾ। ਜਿਨ੍ਹਾਂ ਇਲਾਕਿਆਂ ’ਤੇ ਇਸ ਬਦਲਾਅ ਦਾ ਸਭ ਤੋਂ ਜ਼ਿਆਦਾ ਅਸਰ ਹੋਵੇਗਾ, ਉਹਨਾਂ ’ਚ ਉਤਰੀ ਭਾਰਤ, ਬੰਗਲਾਦੇਸ਼ ਤੇ ਦਖਣੀ ਪਾਕਿਸਤਾਨ ਸ਼ਾਮਲ ਹਨ। ਇਹਨਾਂ ਇਲਾਕਿਆਂ ਦੀ ਮੌਜੂਦਾ ਆਬਾਦੀ ਡੇਢ ਅਰਬ ਤੋਂ ਜ਼ਿਆਦਾ ਹੈ। ਇਕ ਰਿਸਰਚ ਮੁਤਾਬਕ ਗਰਮੀ ਦਾ ਸਭ ਤੋਂ ਬੁਰਾ ਅਸਰ ਉਦੋਂ ਵੇਖਣ ਨੂੰ ਮਿਲਦਾ ਹੈ, ਜਦੋਂ ਤਾਪਮਾਨ ’ਚ ਵਾਧੇ ਦੇ ਨਾਲ-ਨਾਲ ਹੁੰਮਸ ਵੀ ਕਾਫ਼ੀ ਜ਼ਿਆਦਾ ਹੁੰਦੀ ਹੈ। ਇਸ ਨੂੰ ‘ਵੈਟ ਬਲਬ’ ਤਾਪਮਾਨ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਇਸ ਤਰੀਕੇ ਨਾਲ ਗਣਨਾ ਕਰਨ ’ਤੇ ਨਮੀ ਦੇ ਵਾਸ਼ਪੀਕ੍ਰਿਤ ਹੋਣ ਦੀ ਸਮਰਥਾ ਦਾ ਪਤਾ ਲੱਗਦਾ ਹੈ। ਜਦੋਂ ਵੈਟ ਬਲਬ ਤਾਪਮਾਨ 35 ਡਿਗਰੀ ਸੈਲਸੀਅਸ ’ਤੇ ਪਹੁੰਚ ਜਾਂਦਾ ਹੈ, ਤਾਂ ਇਨਸਾਨੀ ਸਰੀਰ ਗਰਮੀ ਮੁਤਾਬਕ ਖ਼ੁਦ ਨੂੰ ਢਾਲ ਨਹੀਂ ਸਕਦਾ। ਜੀਵਾਂ ਦੇ ਸਰੀਰ ’ਚ ਸੁਭਾਵਕ ਤੌਰ ’ਤੇ ਵਾਤਾਵਰਣ ਦੇ ਅਨੁਕੂਲ ਹੋਣ ਦੀ ਸਮਰਥਾ ਹੁੰਦੀ ਹੈ। 35 ਡਿਗਰੀ ਸੈਲਸੀਅਸ ਵੈਟ ਬਲਬ ਤਾਪਮਾਨ ਹੋਣ ’ਤੇ ਇਨਸਾਨਾਂ ਦਾ ਸਰੀਰ ਏਨੀ ਗਰਮੀ ਤੋਂ ਖ਼ੁਦ ਨੂੰ ਬਚਾਉਣ ਲਈ ਠੰਢਾ ਨਹੀਂ ਹੋ ਪਾਉਂਦਾ। ਇਹ ਸਥਿਤੀ ਕਾਇਮ ਰਹੇ ਤਾਂ ਕੁਝ ਹੀ ਘੰਟਿਆਂ ’ਚ ਇਨਸਾਨ ਦਮ ਤੋੜ ਸਕਦਾ ਹੈ। ਸਾਲ 2100 ਆਉਂਦੇ-ਆਉਂਦੇ ਭਾਰਤ ਦੀ 70 ਫ਼ੀਸਦੀ ਤੋਂ ਜ਼ਿਆਦਾ ਆਬਾਦੀ 32 ਡਿਗਰੀ ਸੈਲਸੀਅਸ ਵੈਟ ਬਲਬ ਤਾਪਮਾਨ ਨੂੰ ਝਲਣ ’ਤੇ ਮਜਬੂਰ ਹੋ ਜਾਵੇਗੀ। ਦੋ ਫ਼ੀਸਦੀ ਆਬਾਦੀ ਨੂੰ 35 ਡਿਗਰੀ ਸੈਲਸੀਅਸ ਵੈਟ ਬਲਬ ਤਾਪਮਾਨ ਦੀਆਂ ਭਿਆਨਕ ਸਥਿਤੀਆਂ ਦਾ ਸਾਹਮਣਾ ਕਰਨਾ ਪਵੇਗਾ। ਧਰਤੀ ਦਾ ਵੈਟ ਬਲਬ ਤਾਪਮਾਨ 31 ਡਿਗਰੀ ਸੈਲਸੀਅਸ ਦੇ ਪਾਰ ਜਾ ਚੁਕਾ ਹੈ। ਸੰਨ 2015 ’ਚ ਫਾਰਸ ਦੀ ਖਾੜੀ ਦੇ ਇਲਾਕੇ ’ਚ ਇਹ ਲੱਗਭੱਗ 35 ਡਿਗਰੀ ਸੈਲਸੀਅਸ ਦੀ ਹਦ ਤੱਕ ਪਹੁੰਚ ਗਿਆ ਸੀ। ਇਸ ਕਾਰਨ ਪਾਕਿਸਤਾਨ ਤੇ ਭਾਰਤ ’ਚ ਲੱਗਭੱਗ 3500 ਲੋਕਾਂ ਦੀ ਮੌਤ ਹੋਈ ਸੀ। ਜੇਕਰ ਗ੍ਰੀਨ ਹਾਊਸ ਗੈਸਾਂ ਦੀ ਨਿਕਾਸੀ ਨੂੰ ਘਟ ਨਾ ਕੀਤਾ ਗਿਆ, ਤਾਂ ਬੇਹਦ ਗਰਮ ਹਵਾ ਦੇ ਥਪੇੜੇ ਵੈਟ ਬਲਬ ਤਾਪਮਾਨ ਨੂੰ 31 ਡਿਗਰੀ ਸੈਲਸੀਅਸ ਤੋਂ 34.2 ਡਿਗਰੀ ਸੈਲਸੀਅਸ ਵਿਚਕਾਰ ਤੱਕ ਲਿਜਾ ਸਕਦੇ ਹਨ। ਅਸਲ ਵਿਚ ਮਨੁਖ ਵੱਲੋਂ ਕੁਦਰਤ ਨਾਲ ਅੰਤਾਂ ਦੀ ਛੇੜ-ਛਾੜ ਕਰ ਕੇ ਆਪੇ ਸਹੇੜੀਆਂ ਮੁਸੀਬਤਾਂ ਉਸ ਦੀ ਬਰਬਾਦੀ ਦਾ ਕਾਰਨ ਬਣ ਰਹੀਆਂ ਹਨ। ਦੁਨੀਆ ਭਰ ਵਿਚ ਸੋਕੇ ਅਤੇ ਹੜ੍ਹ ਤੋਂ ਪੀੜਤ ਲੋਕਾਂ ਲਈ ਅਨੇਕ ਐਲਾਨ ਕੀਤੇ ਜਾ ਰਹੇ ਹਨ, ਪਰ ਇਹਨਾਂ ਦੇ ਸਹਾਰੇ ਹੀ ਪੀੜਤਾਂ ਦਾ ਦਰਦ ਘਟ ਨਹੀਂ ਹੋ ਸਕਦਾ। ਅਸਲ ਵਿਚ ਵਿਸ਼ਵ ਪਧਰ ਉਤੇ ‘ਕੁਦਰਤ ਨਾਲ ਸਾਂਝ’ ਪਾਉਣ ਦੀ ਮੁਹਿੰਮ ਨਾਲ ਮਨੁਖਾਂ ਨੂੰ ਜਾਗਰੂਕ ਕਰ ਕੇ ‘ਕੁਦਰਤੀ ਕਰੋਪੀ’ ਰੋਕਣ ਲਈ ਕੁਝ ਹਲ ਕਢੇ ਜਾ ਸਕਦੇ ਹਨ। ਮਨੁਖੀ ਰਹਿਣ-ਸਹਿਣ ’ਚ ਤਬਦੀਲੀ ਤੇ ਦਰੱਖ਼ਤ ਲਗਾਉਣ ਜਿਹੇ ਕਦਮ ਸ਼ਾਇਦ ਧਰਤੀ ਦੀ ਤਪਸ਼ ਨੂੰ ਕੁਝ ਠੰਢਿਆਂ ਕਰ ਸਕਣ ’ਚ ਸਹਾਈ ਹੋ ਸਕਦੇ ਹਨ।
ਪੌਣ-ਪਾਣੀ ਤਬਦੀਲੀ, ਮਨੁੱਖੀ ਜੀਵਨ ਅਤੇ ਕੁਦਰਤ ਨਾਲ ਖਿਲਵਾੜ



