ਭੀਖੀ, 28 ਅਗਸਤ (ਮਨਦੀਪ ਸਿੰਗਲਾ)-ਡੇਰਾ ਸੱਚਾ ਸੌਦਾ ਪ੍ਰਮੁੱਖ ਨੂੰ ਸਾਧਵੀ ਸਰੀਰਿਕ ਸੌਸ਼ਣ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਦ ਭੀਖੀ ਹਲਕੇ ਦੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਸਰਕਾਰੀ ਇਮਾਰਤਾਂ ਦੀ ਹੋਈ ਭੰਨਤੌੜ ਅਤੇ ਅਗਜਨੀ ਦੀਆਂ ਘਟਨਾਵਾਂ ਨੂੰ ਲੈ ਕੇ ਸਥਾਨਕ ਪੁਲਿਸ ਵੱਲੋਂ 17 ਅਣਪਛਾਤੇ ਡੇਰਾ ਪ੍ਰੇਮੀਆਂ ਤੇ ਦਰਜ ਕੀਤੇ ਮੁਕੱਦਮੇ ’ਚ ਅੱਜ 11 ਡੇਰਾ ਪ੍ਰੇਮੀਆਂ ਨੂੰ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰ ਲਿਆ ਹੈ। ਥਾਣਾ ਮੁਖੀ ਪ੍ਰਮਜੀਤ ਸਿੰਘ ਸੰਧੂ ਨੇ ਦੱਸਿਆ ਕਿ ਪਿੰਡ ਹੋਡਲਾ ਕਲਾਂ ਦੇ ਸੇਵਾ ਕੇਂਦਰ ਦੀ ਕੀਤੀ ਭੰਨਤੋੜ ਅਤੇ ਅੱਗ ਲਾਉਣ ਦੀ ਕੋਸ਼ਿਸ਼ ਵਿੱਚ 8 ਡੇਰਾ ਪ੍ਰੇਮੀਆਂ ਨੂੰ ਨਾਮਜਦ ਕੀਤਾ ਹੈ ਜਿੰਨਾਂ ਵਿੱਚੋਂ 6 ਨੂੰ ਪੁਲਿਸ ਹਿਰਾਸਤ ਵਿੱਚ ਲੈਣ ਵਿੱਚ ਕਾਮਯਾਬ ਹੋਈ ਹੈ। ਉਨਾਂ ਦੱਸਿਆ ਕਿ ਇਸ ਕੇਸ ਵਿੱਚ ਜਗਦੇਵ ਸਿੰਘ, ਗੁਰਪ੍ਰੀਤ ਸਿੰਘ, ਗੁਰਜਿੰਦਰ ਸਿੰਘ, ਮਨਦੀਪ ਸਿੰਘ, ਮੱਖਣ ਸਿੰਘ, ਮੇਜਰ ਸਿੰਘ ਖਿਆਲਾ ਨੂੰ ਗ੍ਰਿਫਤਾਰ ਕਰ ਲਿਆ ਹੈ ਜਦੋਂ ਕਿ ਅਮਿਤ ਕੁਮਾਰ ਅਤੇ ਵਿਸ਼ਵਜੀਤ ਸ਼ਰਮਾ ਭਗੋੜੇ ਹਨ।
ਇਸ ਤੋਂ ਇਲਾਵਾ ਪਿੰਡ ਮੱਤੀ ਦੇ ਬਿਜਲੀ ਗਰਿੱਡ ਦੀ ਹੋਈ ਭੰਨਤੋੜ ਦੇ ਸੰਬੰਧ ਵਿੱਚ 9 ਵਿਅਕਤੀਆਂ ਨੂੰ ਨਾਮਜਦ ਕੀਤਾ ਗਿਆ ਹੈ ਜਿੰਨਾਂ ਵਿੱਚ 3 ਡੇਰਾ ਪੈਰੋਕਾਰਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਜਦੋਂ ਕਿ ਦੂਜਿਆਂ ਦੀ ਤਲਾਸ਼ ਜਾਰੀ ਹੈ। ਉਨਾਂ ਦੱਸਿਆ ਕਿ ਇੰਨਾਂ ਵਾਪਰੀਆਂ ਘਟਨਾਵਾਂ ਦਾ ਮੁੱਖ ਦੋਸ਼ੀ ਵਜੋਂ ਮੇਜਰ ਸਿੰਘ ਪੁੱਤਰ ਮੀਚਾ ਸਿੰਘ ਵਾਸੀ ਖਿਆਲਾ ਦੀ ਪਹਿਚਾਣ ਹੋਈ ਹੈ। ਪੁਲਿਸ ਵਲੋਂ ਇੰਨਾਂ ਪਾਸੋਂ 2 ਮੋਟਰਸਾਇਕਲ ਅਤੇ 4 ਪੈਟ੍ਰੋਲ ਬੰਬ ਵੀ ਬਰਾਮਦ ਕੀਤੇ ਹਨ। ਦੂਜੇ ਪਾਸੇ ਡੀਆਈਜੀ ਬਠਿੰਡਾ ਆਸ਼ੀਸ਼ ਚੋਧਰੀ ਅਤੇ ਐਸਐਸਪੀ ਮਾਨਸਾ ਪਰਮਬੀਰ ਸਿੰਘ ਪਰਮਾਰ ਨੇ ਭੀਖੀ ਵਿਖੇ ਪਹੁੰਚ ਕੇ ਲਾਅ ਐਂਡ ਆਰਡਰ ਦੀ ਸਥਿਤੀ ਦਾ ਜਾਇਜਾ ਲਿਆ। ਉਨਾਂ ਕਿਹਾ ਕਿ ਦੰਗਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀ ਜਾਵੇਗਾ। ਇਸ ਮੌਕੇ ਥਾਣਾ ਮੁਖੀ ਪਰਮਜੀਤ ਸਿੰਘ ਸੰਧੂ ਵੀ ਮੋਜੂਦ ਸਨ। ਅੱਜ ਡੇਰਾ ਮੁਖੀ ਦੀ ਸੀਬੀਆਈ ਕੋਰਟ ਵਲੋਂ ਸਜਾ ਮੁਕੱਰਰ ਕਰਨ ’ਤੇ ਸ਼ਹਿਰ ਵਿੱਚ ਬੇਸ਼ੱਕ ਸ਼ਾਂਤੀ ਵਾਲਾ ਮਾਹੌਲ ਸੀ ਪ੍ਰੰਤੂ ਕਿਸੇ ਅਣਸੁਖਾਵੀਂ ਘਟਨਾ ਦੇ ਵਾਪਰਨ ਦੇ ਡਰੋਂ ਪ੍ਰਸ਼ਾਸਨ ਵਲੋਂ ਸ਼ਹਿਰ ਅੰਦਰ ਕਰਫਿਊ ਲਗਾ ਕੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਸ਼ਹਿਰ ਵਿੱਚ ਨਿਰੰਤਰ ਗਸ਼ਤ ਜਾਰੀ ਸੀ।