ਮੋਰਿੰਡਾ, 27 ਅਗਸਤ (ਹਰਜਿੰਦਰ ਸਿੰਘ ਛਿੱਬਰ)- ਡੇਰਾ ਸਿਰਸਾ ਮੁੱਖੀ ਗੁਰਮੀਤ ਸਿੰਘ ਨੂੰ ਪੰਚਕੂਲਾ ਦੀ ਮਾਨਯੋਗ ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਹਰਿਆਣਾ ਅਤੇ ਪੰਜਾਬ ਸਮੇਤ ਦੇਸ਼ ਦੇ ਕਈ ਹੋਰਨਾ ਸੂਬਿਆਂ ਦਾ ਮਾਹੋਲ ਵੀ ਚਿੰਤਾ ਜਨਕ ਹੋ ਗਿਆ ਹੈ। ਪੰਜਾਬ ਸੂਬੇ ’ਚ ਭਾਵੇਂ ਹਾਲਾਤ ਗਵਾਂਢੀ ਰਾਜ ਹਰਿਆਣਾ ਨਾਲੋਂ ਠੀਕ ਹਨ ਪ੍ਰੰਤੂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਮਸਲੇ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਪੰਜਾਬ ਰਾਜ ਦੀ ਕਾਨੂੰਨ ਵਿਵਸਥਾ ਨੂੰ ਠੀਕ ਰੱਖਣ ਲਈ ਪੰਜਾਬ ਪੁਲਿਸ ਦੇ ਅਧਿਕਾਰੀਆਂ ਵੱਲੋਂ ਵੀ ਯੋਗ ਪ੍ਰਬੰਧ ਕੀਤੇ ਗਏ ਹਨ। ਇਸੇ ਲੜ੍ਹੀ ਤਹਿਤ ਰਾਜ ਬਚਨ ਸੰਧੂ ਜ਼ਿਲ੍ਹਾ ਪੁਲਿਸ ਮੁੱਖੀ ਰੁਪਨਗਰ ਦੀਆਂ ਹਦਾਇਤਾਂ ਅਨੁਸਾਰ ਸਬ-ਇੰਸਪੈਕਟਰ ਗਗਨਪ੍ਰੀਤ ਸਿਘ ਸਿਟੀ ਪੁਲਿਸ ਚੋਂਕੀ ਇੰਚਾਰਜ ਮੋਰਿੰਡਾ ਨੇ ਸਥਾਨਕ ਵਾਰਡ ਨੰਬਰ 12 ਵਿੱਚ ਡੇਰਾ ਸਿਰਸਾ ਪ੍ਰੇਮੀਆਂ ਵੱਲੋਂ ਕੀਤੀ ਜਾਂਦੀ ਨਾਮ ਚਰਚਾ ਨੂੰ ਅਮਨ ਸ਼ਾਂਤੀ ਕਾਇਮ ਰੱਖਣ ਲਈ ਬੰਦ ਕਰਵਾ ਦਿੱਤਾ। ਦੱਸਣਯੋਗ ਹੈ ਕਿ ਵਾਰਡ ਨੰਬਰ 12 ਵਿੱਚ ਹਰ ਐਤਵਾਰ ਪਿੱਛਲੇ 8/9 ਸਾਲਾਂ ਤੋਂ ਸਿਰਸਾ ਪ੍ਰੇਮੀ ਨਾਮ ਚਰਚਾ ਕਰਦੇ ਆ ਰਹੇ ਹਨ। ਜਾਣਕਾਰੀ ਅਨੁਸਾਰ ਇਸ ਨਾਮ ਚਰਚਾ ਦੌਰਾਨ ਡੇਰਾ ਪ੍ਰੇਮੀ ਸ਼ਬਦ ਗਾਇਨ ਕਰਦੇ ਸਨ ਅਤੇ ਨਾਮ ਭਗਤੀ ਜਾਪ ਕਰਦੇ ਸਨ। ਡੇਰਾ ਪ੍ਰੇਮੀ ਹਰਜੀਤ ਸਿੰਘ ਅਤੇ ਉਸਦੀ ਪਤਨੀ ਸੁਖਵਿੰਦਰ ਨੇ ਕਿਹਾ ਕਿ ਇਸ ਐਤਵਾਰ ਨੂੰ ਵੀ ਪ੍ਰੇਮੀਆਂ ਵੱਲੋਂ ਨਾਮ ਚਰਚਾ ਕੀਤੀ ਜਾਣੀ ਸੀ ਪ੍ਰੰਤੂ ਪੁਲਸ ਵੱਲੋਂ ਇਸ ਵਾਰ ਡੇਰਾ ਪ੍ਰੇਮੀਆਂ ਨੂੰ ਨਾਮ ਚਰਚਾ ਨਹੀਂ ਕਰਨ ਦਿੱਤੀ ਗਈ ਅਤੇ ਇਹ ਕਹਿਕੇ ਰੋਕਿਆ ਗਿਆ ਕਿ ਪ੍ਰਸਾਸ਼ਨ ਦੇ ਹੁਕਮਾਂ ਅਨੁਸਾਰ ਨਾਮ ਚਰਚਾ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਅਮਨ ਅਤੇ ਸਾਂਤੀ ਵਿੱਚ ਭਰੋਸਾ ਰੱਖਦੇ ਹਨ ਅਤੇ ਭਵਿੱਖ ਵਿੱਚ ਵੀ ਜਦੋਂ ਤੱਕ ਪ੍ਰਸਾਸ਼ਨ ਵੱਲੋਂ ਨਾਮ ਚਰਚਾ ਕਰਨ ਦੀ ਆਗਿਆ ਨਹੀ ਦਿੱਤੀ ਜਾਂਦੀ ਉਦੋਂ ਤੱਕ ਡੇਰਾ ਪ੍ਰੇਮੀ ਆਪੋ ਅਪਣੇ ਘਰ ਬੈਠ ਕੇ ਪਰਮਾਤਮਾ ਦਾ ਨਾਮ ਲੈ ਕੇ ਭਗਤੀ ਕਰਨਗੇ। ਦੂਜੇ ਪਾਸੇ ਸਬ-ਇੰਸਪੈਕਟਰ ਗਗਨਪ੍ਰੀਤ ਸਿੰਘ ਸਿਟੀ ਪੁਲਿਸ ਚੋਂਕੀ ਇੰਚਾਰਜ਼ ਨੇ ਕਿਹਾ ਕਿ ਕਿਸੇ ਨੂੰ ਵੀ ਅਮਨ ਸ਼ਾਂਤੀ ਭੰਗ ਕਰਨ ਦੀ ਇਜ਼ਾਜਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਆਮ ਲੋਕਾਂ ਨੂੰ ਵੀ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਕੀਤੀ।