ਹਰਿਆਣਾ ਸਰਕਾਰ ਦੀ ਡੇਰਾ ਸਿਰਸਾ ਖਿਲਾਫ ਵੱਡੀ ਕਾਰਵਾਈ

ਡੇਰੇ ਦੇ 5 ਪ੍ਰਬੰਧਕਾਂ ਖਿਲਾਫ ਦੇਸ਼ ਧ੍ਰੋਹ ਦਾ ਕੇਸ ਦਰਜ

ਚੰਡੀਗੜ੍ਹ, 27 ਅਗਸਤ- ਬਲਾਤਕਾਰੀ ਰਾਮ ਰਹੀਮ ਦੇ ਜੇਲ੍ਹ ਜਾਣ ਮਗਰੋਂ ਹਰਿਆਣਾ ਪੁਲਿਸ ਨੇ ਡੇਰਾ ਸਿਰਸਾ ਖਿਲਾਫ ਸਖਤੀ ਤੇਜ਼ ਕਰ ਦਿਤੀ ਹੈ। ਹਰਿਆਣਾ ਪੁਲਿਸ ਨੇ ਅਜ ਵਡੀ ਕਾਰਵਾਈ ਕਰਦਿਆਂ ਡੇਰੇ ਦੇ ਦੋ ਬੁਲਾਰਿਆਂ ਸਣੇ ਪੰਜ ਵਿਅਕਤੀਆਂ ਖਿਲਾਫ ਦੇਸ਼ ਧ੍ਰੋਹ ਦਾ ਕੇਸ ਦਰਜ ਕਰ ਲਿਆ ਹੈ। ਇਨ੍ਹਾਂ ਮੁਲਜ਼ਮਾਂ ਵਿਚ ਰਾਮ ਰਹੀਮ ਦੇ ਖਾਮ-ਮ-ਖਾਸ ਅਦਿਤਿਆ ਇੰਸਾ ਤੇ ਧੀਮਾਨ ਇੰਸਾ ਸ਼ਾਮਲ ਹਨ। ਇਨ੍ਹਾਂ ਖਿਲਾਫ ਸ਼ਰਧਾਲੂਆਂ ਨੂੰ ਹਿੰਸਾ ਲਈ ਭੜਕਾਉਣ ਦੇ ਇਲਜ਼ਾਮ ਹਨ।ਅਜ ਹਰਿਆਣਾ ਦੇ ਡੀਜੀਪੀ ਬੀਐਸ ਸੰਧੂ ਨੇ ਅਜ ਪ੍ਰੈਸ ਕਾਨਫਰੰਸ ਕਰਕੇ ਦਸਿਆ ਕਿ ਅਦਿਤਿਆ ਇੰਸਾ ਤੇ ਧੀਮਾਨ ਇੰਸਾ ਸਣੇ ਡੇਰੇ ਦੇ ਪੰਜ ਪ੍ਰਬੰਧਕਾਂ ਖਿਲਾਫ ਕੇਸ ਦਰਜ ਕੀਤਾ ਹੈ।ਇਨ੍ਹਾਂ ਉਪਰ ਸ਼ਰਧਾਲੂਆਂ ਨੂੰ ਹਿੰਸਾ ਲਈ ਭੜਕਾਉਣ ਬਾਰੇ ਮੀਡੀਆ ਰਿਪੋਰਟਾਂ ਤੋਂ ਮਗਰੋਂ ਹਾਈਕੋਰਟ ਨੇ ਹੁਕਮ ਦਿਤਾ ਸੀ। ਰਾਮ ਰਹੀਮ ਤੋਂ ਬਾਅਦ ਇਹ ਪੰਜੇ ਡੇਰਾ ਸਿਰਸਾ ਦੇ ਕਰਤਾ-ਧਰਤਾ ਹਨ। ਸਰਕਾਰ ਦੀ ਇਸ ਕਾਰਵਾਈ ਤੋਂ ਸਪਸ਼ਟ ਹੈ ਕੇ ਹੁਣ ਡੇਰੇ ਦਾ ਕਾਰੋਬਾਰ ਠਪ ਹੋਣ ਜਾ ਰਿਹਾ ਹੈ।ਡੀਜੀਪੀ ਸੰਧੂ ਨੇ ਦਸਿਆ ਕਿ ਹਿੰਸਾ ਵਿਚ ਹੁਣ ਤਕ 38 ਮੌਤਾਂ ਹੋ ਗਈਆਂ ਹਨ। ਇਨ੍ਹਾਂ ਵਿਚ 32 ਪੰਚਕੂਲਾ ਤੇ ਛੇ ਸਿਰਸਾ ਵਿਚ ਹੋਈਆਂ ਹਨ। ਪੁਲਿਸ ਨੇ 52 ਕੇਸ ਦਰਜ ਕੀਤੇ ਹਨ ਤੇ 926 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।

Send this to a friend