ਸ. ਸੁਖਪਾਲ ਸਿੰਘ ਖਹਿਰਾ ਪੰਜਾਬ ਵਿਧਾਨ ਸਭਾ ਵਿੱਚ ਕੈਬਨਿਟ ਮੰਤਰੀ ਦੇ ਬਰਾਬਰ ਦੇ ਰੁਤਬੇ ਵਿੱਚ ਵਿਰੋਧੀ ਦੇ ਨੇਤਾ ਥਾਪੇ ਜਾ ਚੁੱਕੇ ਹਨ। 13 ਜਨਵਰੀ 1965 ਨੂੰ ਅਕਾਲੀ ਪਰਿਵਾਰ ਵਿੱਚ ਜਨਮੇ ਸੁਖਪਾਲ ਸਿੰਘ ਖਹਿਰਾ ਖਾੜਕੂ ਬਿਰਤੀ ਅਤੇ ਤੇਜ਼ ਤਰਾਰ ਸ਼ਖਸੀਅਤ ਦੇ ਮਾਲਕ ਹਨ। ਅੱਜ ਦੀ ਮਿਤੀ ਵਿੱਚ ਉਹ ਆਮ ਆਦਮੀ ਪਾਰਟੀ ਦੇ ਸਭ ਤੋਂ ਤਜ਼ਰਬੇਕਾਰ ਵਿਧਾਇਕ ਹਨ। ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਸੁਖਜਿੰਦਰ ਸਿੰਘ ਦੇ ਪੁੱਤਰ ਸੁਖਪਾਲ ਦੀ ਸਕੂਲੀ ਸਿੱਖਿਆ ਵਿਸ਼ਵ ਕਾਟਨ ਸਕੂਲ ਸ਼ਿਮਲਾ ਅਤੇ ਕਾਲਜ ਦੀ ਪੜ੍ਹਾਈ ਡੀ.ਏ.ਵੀ ਕਾਲਜ ਚੰਡੀਗੜ੍ਹ ਵਿਖੇ ਹੋਈ ਸੀ। ਆਪਣੇ ਪਿਤਾ ਦੀ ਛਤਰ ਛਾਇਆ ਵਿੱਚ ਸੁਖਪਾਲ ਸਿੰਘ ਖਹਿਰਾ ਨੇ ਜਿੱਥੇ ਰਾਜਨੀਤੀ ਦੇ ਦਾਅ ਪੇਚ ਬਚਪਨ ਵਿੱਚ ਹੀ ਸਿੱਖਣੇ ਸ਼ੁਰੂ ਕਰ ਦਿੱਤੇ ਸਨ ਉਥੇ ਉਸ ਨੂੰ ਅਕਾਲੀ ਸਿਆਸਤ ਦੀ ਡੂੰਘੀ ਸਮਝ ਆਪਣੇ ਸਿਆਸੀ ਜੀਵਨ ਦੇ ਮੁਢਲੇ ਦਿਨਾਂ ਵਿੱਚ ਆ ਗਈ ਸੀ। ਉਸ ਨੇ ਕਾਂਗਰਸ ਵਿੱਚ ਆਪਣਾ ਭਵਿੱਖ ਦੇਖਦੇ ਹੋਏ ਅਕਾਲੀ ਪਾਰਟੀ ਨੂੰ ਅਲਵਿਦਾ ਕਹਿ ਦਿੱਤੀ ਸੀ। 1997 ਵਿੱਚ ਉਹ ਪੰਜਾਬ ਯੂਥ ਕਾਂਗਰਸ ਦਾ ਉਪ-ਪ੍ਰਧਾਨ ਬਣ ਗਿਆ। 1999 ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਕੱਤਰ ਚੁਣਿਆ ਗਿਆ। 2005 ਵਿੱਚ ਕਪੂਰਥਲਾ ਦਾ ਜ਼ਿਲ੍ਹਾ ਪ੍ਰਧਾਨ ਬਣਿਆ। 2007 ਵਿੱਚ ਉਹ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਨੇਤਾ ਬੀਬੀ ਜਗੀਰ ਕੌਰ ਨੂੰ ਹਰਾ ਕੇ ਐਮ.ਐਲ.ਏ. ਚੁਣਿਆ ਗਿਆ। ਸੁਖਪਾਲ ਸਿੰਘ ਖਹਿਰਾ ਕਾਂਗਰਸ ਨੇਤਾਵਾਂ ਵਿੱਚੋਂ ਵਧੀਆ ਭਾਸ਼ਣ ਕਰਤਾ ਹੋਣ ਕਾਰਨ ਪਾਰਟੀ ਦਾ ਬੁਲਾਰਾ ਬਣਿਆ ਅਤੇ 2014 ਤੱਕ ਇਸ ਅਹੁਦੇ ’ਤੇ ਰਿਹਾ। ਖਹਿਰਾ ਨੇ ਹਮੇਸ਼ਾ ਉਚੀ ਸੁਰ ਵਿੱਚ ਆਪਣੀ ਆਵਾਜ਼ ਉਠਾਈ ਅਤੇ ਕਾਂਗਰਸ ਦੀ ਅੰਦਰੂਨੀ ਧੜੇਬੰਦੀ ਦਾ ਸ਼ਿਕਾਰ ਬਣਿਆ। 25 ਦਸੰਬਰ 2015 ਵਿੱਚ ਉਸ ਨੇ ਪੰਜਾਬ ਦੀ ਸਿਆਸੀ ਹਵਾ ਦਾ ਰੁਖ ਵੇਖਦੇ ਹੋਏ ਕਾਂਗਰਸ ਤੋਂ ਅਸਤੀਫਾ ਦੇ ਕੇ ਆਮ ਆਦਮੀ ਪਾਰਟੀ ਬੇੜੀ ਵਿੱਚ ਸਵਾਰ ਹੋਣ ਦਾ ਫੈਸਲਾ ਕੀਤਾ। 11 ਮਾਰਚ 2017 ਨੂੰ ਸ. ਖਹਿਰਾ ਭੁਲੱਥ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਚੋਣ ਨਿਸ਼ਾਨ ਥੱਲੇ ਐਮ.ਐਲ.ਏ. ਚੁਣਿਆ ਗਿਆ।
ਸ. ਸੁਖਪਾਲ ਸਿੰਘ ਖਹਿਰਾ ਨੇ ਆਮ ਆਦਮੀ ਪਾਰਟੀ ਵਿੱਚ ਆ ਕੇ ਪੰਜਾਬ ਦੇ ਹਰ ਮਸਲੇ ਬਾਰੇ ਖੁੱਲ੍ਹ ਕੇ ਵਿਚਾਰ ਪ੍ਰਗਟ ਕੀਤੇ। ਭਗਵੰਤ ਮਾਨ ਅਤੇ ਕੰਵਰ ਸੰਧੂ ਵਾਂਗ ਸੋਸ਼ਲ ਮੀਡੀਆ ਅਤੇ ਰਵਾਇਤੀ ਮੀਡੀਆ ਵਿੱਚ ਸੁਖਪਾਲ ਵਾਹਵਾ ਹਰਮਨ ਪਿਆਰਾ ਰਿਹਾ ਹੈ। ਕਾਂਗਰਸੀ ਅਤੇ ਅਕਾਲੀ ਦਲ ਦੇ ਭ੍ਰਿਸ਼ਟਾਚਾਰ ਨੂੰ ਖਹਿਰਾ ਨੇ ਬੇ-ਖ਼ੌਫ਼ ਹੋ ਕੇ ਨੰਗਾ ਕੀਤਾ ਹੈ। ਵਿਰੋਧੀਆਂ ਵੱਲੋਂ ਹੈਰੋਇਨ ਸਮਗਲਰ ਗੁਰਦੇਵ ਸਿੰਘ ਨਾਲ ਨਾਮ ਜੋੜਨ ਦੇ ਬਾਵਜੂਦ ਉਹ ਆਪਣੀ ਸਾਫ-ਸੁਥਰੀ ਸਾਖ ਨੂੰ ਕਾਇਮ ਰੱਖਣ ਵਿੱਚ ਕਾਮਯਾਬ ਰਿਹਾ। ਵਿਧਾਇਕ ਬਣਨ ਤੋਂ ਬਾਅਦ ਵੀ ਆਮ ਆਦਮੀ ਪਾਰਟੀ ਵਿਚਲੀਆਂ ਕਮਜ਼ੋਰੀਆਂ ਨੂੰ ਉਸ ਨੇ ਉਚੀ ਸੁਰ ਵਿੱਚ ਉਠਾਇਆ। ਉਹ ਪਹਿਲਾ ਬੰਦਾ ਸੀ ਜਿਸ ਨੇ ਕਿਹਾ ਆਮ ਆਦਮੀ ਪਾਰਟੀ ਪੰਜਾਬ ਸੰਗਠਨ ਨੂੰ ਅਜ਼ਾਦਾਨਾ ਤੌਰ ’ਤੇ ਕੰਮ ਕਰਨਾ ਚਾਹੀਦਾ ਹੈ ਜਾਂ ਕਹਿ ਲਵੋ ਕਿ ਅਸਿੱਧੇ ਤੌਰ ’ਤੇ ਖਹਿਰਾ ਨੇ ਕੇਜਰੀਵਾਲ ਦੇ ਦਿੱਲੀ ਦੇ ਏਲਚੀਆਂ ਦਾ ਵਿਰੋਧ ਕੀਤਾ। ਇਸ ਤਰ੍ਹਾਂ ਜਦੋਂ ਭਗਵੰਤ ਮਾਨ ਨੂੰ ਪੰਜਾਬ ‘ਆਪ’ ਦਾ ਪ੍ਰਧਾਨ ਬਣਾਇਆ ਗਿਆ ਤਾਂ ਖਹਿਰਾ ਨੇ ਚੀਫ ਵਿੱਪ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ।
ਆਮ ਆਦਮੀ ਪਾਰਟੀ ਨੇ ਜਦੋਂ ਐਚ.ਐਸ. ਫੂਲਕਾ ਨੂੰ ਵਿਰੋਧੀ ਧਿਰ ਦਾ ਨੇਤਾ ਚੁਣਿਆ ਸੀ ਤਾਂ ਉਸ ਸਮੇਂ ਸੁਖਪਾਲ ਖਹਿਰਾ ਦੀ ਹਸਰਤ ਮਨ ਵਿੱਚ ਹੀ ਰਹਿ ਗਈ ਸੀ। ਸਿਆਸੀ ਮਾਹਰ ਕੰਵਰ ਸੰਧੂ ਅਤੇ ਸੁਖਪਾਲ ਖਹਿਰਾ ਦੋਵਾਂ ਵਿੱਚੋਂ ਇਕ ਨੂੰ ਵਿਰੋਧੀ ਧਿਰ ਦਾ ਨੇਤਾ ਵੇਖਣ ਦੀਆਂ ਕਿਆਸ ਅਰਾਈਆਂ ਲਗਾ ਰਹੇ ਸਨ। ਫੂਲਕਾ ਭਾਵੇਂ ਸੀਨੀਅਰ ਐਡਵੋਕੇਟ ਦੇ ਤੌਰ ’ਤੇ ਚੰਗੀ ਸਾਖ ਰੱਖਦਾ ਹੈ ਪਰ ਵਿਰੋਧੀ ਧਿਰ ਦੇ ਨੇਤਾ ਵਜੋਂ ਆਪਣਾ ਪ੍ਰਭਾਵ ਬਣਾਉਣ ਵਿੱਚ ਨਾਕਾਮਯਾਬ ਰਿਹਾ। ਵਿਧਾਨ ਸਭਾ ਵਿੱਚ ਆਮ ਆਦਮੀ ਪਾਰਟੀ ਦੇ ਨਵੇਂ ਚੁਣੇ 20 ਵਿਧਾਇਕਾਂ ਨੂੰ ਸੁਚੱਜੀ ਅਗਵਾਈ ਦੇਣ ਵਿੱਚ ਨਾਕਾਮਯਾਬ ਰਹਿਣ ਵਾਲੇ ਫੂਲਕਾ ਨੇ ਵਿਰੋਧੀ ਧਿਰ ਦੇ ਨੇਤਾ ਦਾ ਅਹੁਦਾ ਤਿਆਗ ਕੇ ਠੀਕ ਕਦਮ ਉਠਾਇਆ ਹੈ। ਸੁਖਪਾਲ ਖਹਿਰਾ ਦੇ ਵਿਰੋਧੀ ਨੇਤਾ ਬਣਨ ਨਾਲ ਉਸ ਦਾ ਕੱਦ ਹੋਰ ਉਚਾ ਹੋ ਗਿਆ ਹੈ।
ਸੁਖਪਾਲ ਖਹਿਰਾ ਦੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਨਾਲ ਪੰਜਾਬ ਦੀ ਆਮ ਆਦਮੀ ਪਾਰਟੀ ਵਿੱਚ ਇਕ ਜੋਸ਼ ਵੇਖਣ ਨੂੰ ਮਿਲ ਰਿਹਾ ਹੈ। ‘ਆਪ’ ਵਰਕਰ ਜੋ ਹਾਰ ਦੀ ਨਮੋਸ਼ੀ ਝੱਲ ਰਹੇ ਸਨ, ਉਨ੍ਹਾਂ ਨੂੰ ਮੁੜ ਕਾਰਜਸ਼ੀਲ ਕਰਨ ਦੀ ਲੋੜ ਹੈ। ਖਹਿਰਾ ਦੀ ਪੰਜਾਬ ਮਸਲਿਆਂ ਬਾਰੇ ਪਹੁੰਚ ਦਾ ਪੰਜਾਬ ਨੂੰ ਹੁਣ ਹੋਰ ਵੱਡਾ ਫਾਇਦਾ ਹੋਣ ਦੇ ਆਧਾਰ ਬਣ ਗਏ ਹਨ। ਕਾਂਗਰਸ ਅਤੇ ਅਕਾਲੀਆਂ ਵੱਲੋਂ ਪਾਸ ਦੇ ਕੇ ਖੇਡੇ ਜਾ ਰਹੇ ਮੈਚ ਦਾ ਮੁਕਾਬਲਾ ਕਰਨ ਲਈ ਸਚਮੁੱਚ ਖਹਿਰਾ ਵਰਗੇ ਕਪਤਾਨ ਦੀ ਲੋੜ ਸੀ। ਖਹਿਰਾ ਦੇ ਨੇਤਾ ਬਣਨ ਨਾਲ ਸੱਤਾਧਾਰੀ ਕਾਂਗਰਸ ਲਈ ਚੁਣੌਤੀਆਂ ਵਧਣ ਦੇ ਅਸਾਰ ਹਨ। ਦੂਜੇ ਪਾਸੇ ਖਹਿਰਾ ਸਾਹਿਬ ਲਈ ਹੁਣ ਆਪਣੀ ਆਵਾਜ਼ ਬੁਲੰਦ ਕਰਨਾ ਹੋਰ ਵੀ ਅਸਾਨ ਹੋ ਗਿਆ ਹੈ। ਤਕਨੀਕੀ ਤੌਰ ’ਤੇ ਸੱਚਮੁੱਚ ਸੁਖਪਾਲ ਖਹਿਰਾ ਕੈਪਟਨ ਅਮਰਿੰਦਰ ਸਿੰਘ ਦੇ ਮੁਕਾਬਲੇ ਵਿਰੋਧੀ ਧਿਰ ਦੇ ਨੇਤਾ ਵਜੋਂ ਕੈਬਨਿਟ ਰੈਂਕ ਵਿੱਚ ਵਿਚਰਨ ਕਾਰਨ ਉਹ ਸੁਖਬੀਰ ਸਿੰਘ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਤੋਂ ਵੱਧ ਰੁਤਬੇ ਦਾ ਮਾਲਕ ਬਣ ਗਿਆ ਹੈ। ਇਸ ਰੁਤਬੇ ਦਾ ਮਾਨ ਰੱਖਣ ਲਈ ਸੁਖਪਾਲ ਸਿੰਘ ਖਹਿਰਾ ਨੂੰ ਖੂਬ ਮਿਹਨਤ ਕਰਨੀ ਪਵੇਗੀ।