ਪੰਜਾਬ ਵਿਧਾਨ ਸਭਾ ਚੋਣਾਂ 2017 ਲਈ ਜਿਥੇ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਹੁਤੀਆਂ ਸੀਟਾਂ ਤੋਂ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਉ¤ਥੇ ਪੰਜਾਬ ਅੰਦਰ ਰਾਜ ਕਰਦੀ ਆ ਰਹੀ ਧਿਰ ਦੀ ਹੁਣ ਤੱਕ ਮੁੱਖ ਵਿਰੋਧੀ ਪਾਰਟੀ ਕਾਂਗਰਸ ਭਾਵੇਂ ਕੁਝ ਪੱਛੜ ਗਈ ਹੈ ਪ੍ਰੰਤੂ ਉਸ ਵੱਲੋਂ ਤਲਵੰਡੀ ਸਾਬੋ ਸਮੇਤ ਅਹਿਮ ਹਲਕਿਆਂ ਲਈ ਉਮੀਦਵਾਰਾਂ ਦਾ ਫੈਸਲਾ ਹੋ ਚੁੱਕਾ ਹੈ। ਪਰ ਪਤਾ ਲੱਗਾ ਹੈ ਕਿ ਇਸ ਹਲਕੇ ਤੋਂ ਇਸ ਵਾਰ ਟਿਕਟ ਨੌਜਵਾਨ ਆਗ ਖੁਸ਼ਬਾਜ਼ ਸਿੰਘ ਜਟਾਣਾ ਨੂੰ ਮਿਲੀ ਹੈ। ਕਾਂਗਰਸ ਦੀ ਪਹਿਲੀ ਸੂਚੀ ਤੋਂ ਪਤਾ ਲੱਗਦਾ ਹੈ ਕਿ ਇਸ ਵਾਰ ਕਾਂਗਰਸ ਨੇ ਟਿਕਟਾਂ ਦੀ ਚੋਣ ਲਈ ਕਾਫੀ ਚੌਕਸੀ ਤੋਂ ਕੰਮ ਲਿਆ ਹੈ। ਪਾਰਟੀ ਨੇ ਇਕ ਕਮੇਟੀ ਬਣਾ ਕੇ ਉਨ੍ਹਾਂ ਨੇਤਾਵਾਂ ਨੂੰ ਪਾਰਟੀ ਨਾਲ ਜੋੜੀ ਰੱਖਣ ਦਾ ਯਤਨ ਵੀ ਆਰੰਭਿਆ ਹੈ ਜਿਨ੍ਹਾਂ ਨੂੰ ਟਿਕਟ ਨਹੀਂ ਮਿਲੇਗੀ। ਇਸ ਦਾ ਤਲਵੰਡੀ ਸਾਬੋ ਵਿੱਚ ਵੀ ਵੇਖਣ ਨੂੰ ਅਸਰ ਮਿਲ ਰਿਹਾ ਹੈ। ਇਸ ਹਲਕੇ ਵਿੱਚ ਆਮ ਲੋਕ ਰਾਜ ਕਰਦੀ ਪਾਰਟੀ ਤੋਂ ਅੱਕੇ ਪਏ ਹਨ। ਤਲਵੰਡੀ ਸਾਬੋ ਵਿੱਚ ਕਾਂਗਰਸ ਪਹਿਲਾਂ ਦੇ ਮੁਕਾਬਲੇ ਕੁਝ ਮਜ਼ਬੂਤ ਦਿਸ ਰਹੀ ਹੈ। ਦੂਜੀਆਂ ਪਾਰਟੀਆਂ ਦੀ ਤਰ੍ਹਾਂ ਇਸ ਹਲਕੇ ਤੋਂ ਕਾਂਗਰਸ ਵੱਲੋਂ ਟਿਕਟਾਂ ਦੇ ਦਾਅਵੇਦਾਰ ਆਪਣੇ ਆਪਣੇ ਆਪ ਨੂੰ ਮਜ਼ਬੂਤ ਉਮੀਦਵਾਰਾਂ ਵਜੋਂ ਪੇਸ਼ ਕਰਨ ਵਿੱਚ ਲੱਗੇ ਹੋਏ ਸਨ। ਸ. ਜਟਾਣਾ ਤੋਂ ਇਲਾਵਾ ਸ. ਸੁਖਦੇਵ ਸਿੰਘ ਚਹਿਲ ਪਿਛਲੇ ਦੋ-ਤਿੰਨ ਸਾਲਾਂ ਤੋਂ ਸਰਗਰਮ ਹਨ ਅਤੇ ਦੋਵੇਂ ਹੀ ਆਪਣੇ ਆਪ ਨੂੰ ਜਿੱਤ ਦੇ ਨੇੜੇ ਸਮਝੀ ਬੈਠੇ ਹਨ, ਉਥੇ ਵਕਤੀ ਤੌਰ ’ਤੇ ਗਵਾਂਢੀਆਂ ਦੇ ਘਰ ਟਾਈਮ ਪਾਸ ਕਰਕੇ ਘਰ ਵਾਪਸ ਆਏ ਸ. ਬਲਬੀਰ ਸਿੰਘ ਸਿੱਧੂ ਦੀ ਲੋਕਾਂ ਵਿੱਚ ਹਰਮਨ ਪਿਆਰਤਾ ਵੀ ਬਣੀ ਹੋਈ ਹੈ। ਬੀਤੇ ਦਿਨੀਂ ਅਕਾਲੀ ਦਲ ਵਿੱਚੋਂ ਕਾਂਗਰਸ ਪਾਰਟੀ ਵਿੱਚ ਘਰ ਵਾਪਸੀ ਤੋਂ ਬਾਅਦ ਜਿੱਥੇ ਲੋਕਾਂ ਨੇ ਕਾਂਗਰਸ ਵੱਲੋਂ ਸ੍ਰ. ਸਿੱਧੂ ਨੂੰ ਤਲਵੰਡੀ ਸਾਬੋ ਤੋਂ ਉਮੀਦਵਾਰ ਵਜੋਂ ਦੇਖਣਾ ਸ਼ੁਰੂ ਕਰ ਦਿੱਤਾ ਸੀ ਉਥੇ ਹੁਣ ਤੱਕ ਇੱਟ ਕੁੱਤੇ ਵਾਲਾ ਵੈਰ ਨਿਭਾਉਂਦੇ ਆ ਰਹੇ ਸ੍ਰ. ਜਟਾਣਾ ਅਤੇ ਸ੍ਰ. ਚਹਿਲ ਨੇ ਵੀ ਆਪਸੀ ਰੰਜਿਸ਼ਾਂ ਭੁਲਾ ਕੇ ਇੱਕ ਦੂਸਰੇ ਨਾਲ ਤੁਰਨ ਦਾ ਐਲਾਨ ਕਰ ਦਿੱਤਾ ਹੈ ਜਿਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਇਹ ਦੋਵੇਂ ਦਾਅਵੇਦਾਰ ਜਿਹੜੇ ਕੁੱਝ ਸਮਾਂ ਪਹਿਲਾਂ ਤੱਕ ਇੱਕ ਦੂਜੇ ਨੂੰ ਫੱਟੀ ਅੱਖ ਦੇਖ ਕੇ ਵੀ ਖੁਸ਼ ਨਹੀਂ ਸਨ ਸਿਰਫ ਸ. ਬਲਬੀਰ ਸਿੰਘ ਸਿੱਧੂ ਨੂੰ ਉਮੀਦਵਾਰੀ ਦੀ ਟਿਕਟ ਤੋਂ ਦੂਰ ਰੱਖਣ ਲਈ ਹੀ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਨ ਲਈ ਮਜਬੂਰ ਹੋਏ ਹਨ। ਭਾਵੇਂ ਸ. ਖੁਸਬਾਜ਼ ਸਿੰਘ ਜਟਾਣਾ ਨੇ ਹਲਕੇ ਅੰਦਰ ਕਾਂਗਰਸ ਨੂੰ ਜਿਉਂਦੀ ਰੱਖਣ ਲਈ ਪਿੱਛਲੇ ਲੰਬੇ ਸਮੇਂ ਤੋਂ ਦਿਨ ਰਾਤ ਇੱਕ ਕੀਤਾ ਹੋਇਆ ਹੈ ਅਤੇ ਹਲਕੇ ਦੇ ਨੌਜਵਾਨ ਵਰਗ ਵਿੱਚ ਉਹ ਚੰਗੀ ਪਕੜ ਵੀ ਰੱਖਦੇ ਹਨ। ਪ੍ਰੰਤੂ ਵਿਸਾਖੀ ਸਮੇਂ ਮੇਲੇ ਦੌਰਾਨ ਸਥਾਨਕ ਟਰੈਕਟਰ ਮੰਡੀ ਵਿੱਚ ਹੋਈ ਪਾਰਟੀ ਰੈਲੀ ਦੌਰਾਨ ਜਟਾਣਾ ਸਮਰੱਥਕਾਂ ਵੱਲੋਂ ਸ੍ਰ. ਸੁਖਦੇਵ ਸਿੰਘ ਚਹਿਲ ਦਾ ਕੁੜਤਾ ਲੀਰਾਂ ਕਰਨ ਦੀ ਘਟਨਾ ਕਾਰਨ ਪੁਰਾਣੇ ਟਕਸਾਲੀ ਕਾਂਗਰਸੀ ਵਰਕਰਾਂ ਨੇ ਜਿੱਥੇ ਸ. ਜਟਾਣਾ ਤੋਂ ਦੂਰੀ ਬਣਾਈ ਹੋਈ ਹੈ ਉਥੇ ਪਿਛਲੇ ਕੁੱਝ ਸਮੇਂ ਤੋਂ ਹਲਕੇ ਅੰਦਰ ਕਾਂਗਰਸ ਦੀ ਮਜ਼ਬੂਤੀ ਲਈ ਕੰਮ ਕਰ ਰਹੇ ਸ੍ਰ. ਸੁਖਦੇਵ ਸਿੰਘ ਚਹਿਲ ਦੇ ਸਮਰੱਥਕਾਂ ਵੱਲੋਂ ਕਾਂਗਰਸ ਦੀ ਜਵਾਨੀ ਸੰਭਾਲ ਯਾਤਰਾ ਦੌਰਾਨ ਉਡਾਈ ਖੇਹ ਕਾਰਨ ਵੀ ਟਕਸਾਲੀ ਕਾਂਗਰਸੀ ਵਰਕਰਾਂ ਆਪਣੇ ਆਪ ਨੂੰ ਅਪਮਾਨਤ ਮਹਿਸੂਸ ਕਰ ਰਹੇ ਹਨ।
ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਕਾਂਗਰਸ ਨੂੰ ਇਸ ਹਲਕੇ ਵਿੱਚ ਜਿੱਤ ਲਈ ਬਹੁਤ ਹੀ ਸਖਤ ਮਿਹਨਤ ਕਰਨੀ ਪਵੇਗੀ। ਹਲਕੇ ਵਿੱਚ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਸ ਨੂੰ ਤਕੜੀ ਟੱਕਰ ਮਿਲਣ ਦੀ ਸੰਭਾਵਨਾ ਹੈ। ਜੇਕਰ ਕਾਂਗਰਸ ਦੇ ਸਾਰੇ ਧੜੇ ਇਕੱਠੇ ਨਾ ਹੋਏ ਤਾਂ ਪਾਰਟੀ ਉਮੀਦਵਾਰ ਲਈ ਤਲਵੰਡੀ ਸਾਬੋ ਸਰ ਕਰਨੀ ਦੂਰ ਦੀ ਕੌਡੀ ਹੋ ਸਕਦੀ ਹੈ। ਸ੍ਰ. ਬਲਵੀਰ ਸਿੰਘ ਸਿੱਧੂ ਜਿੱਥੇ ਤਲਵੰਡੀ ਸਾਬੋ ਅੰਦਰ ਹੀ ਪੈਦਾ ਹੋਣ ਦਾ ਮਾਣ ਰੱਖਦੇ ਹਨ ਉਥੇ ਆਪਣੇ ਹੁਣ ਤੱਕ ਦੇ ਜੀਵਨ ਕਾਰ ਵਿੱਚ ਇੱਕ ਸਮਾਜ ਸੇਵੀ ਵਜੋਂ ਵੀ ਹਲਕੇ ਦੇ ਲੋਕਾਂ ਵਿੱਚ ਚੰਗਾ ਰੁਤਬਾ ਰੱਖਦੇ ਹੋਣ ਕਾਰਨ ਇੱਥੋਂ ਲਗਾਤਾਰ ਚਾਰ ਵਾਰ ਚੋਣ ਜਿੱਤ ਚੁੱਕੇ। ਪਾਰਟੀ ਦੀ ਜਿੱਤ ਵਿੱਚ ਉਹ ਅਹਿਮ ਭੂਮਿਕਾ ਨਿਭਾਅ ਸਕਦੇ ਹਨ। ਜੇਕਰ ਉਹ ਪਾਰਟੀ ਦੀ ਜਿੱਤ ਲਈ ਖੁੱਲ੍ਹ ਕੇ ਕੰਮ ਕਰਦੇ ਹਨ ਤਾਂ ਕਾਂਗਰਸ ਦਾ ਇਥੇ ਜਿੱਤਣਾ ਕਾਫੀ ਆਸਨ ਹੋਵੇਗਾ। ਕੁੱਲ ਮਿਲਾ ਕੇ ਤਲਵੰਡੀ ਸਾਬੋ ਅਜਿਹਾ ਹਲਕਾ ਸਿਆਸੀ ਪੱਖ ਤੋਂ ਕਾਫੀ ਅਹਿਮ ਹੈ। ਇਸ ਹਲਕੇ ਦੀ ਹਵਾ ਹੀ ਕਿਸੇ ਪਾਰਟੀ ਦੀ ਜਿੱਤ ਹਾਰ ਤੈਅ ਕਰੇਗੀ।
ਰਾਮ ਰੇਸ਼ਮ ਨਥੇਹਾ
ਵਿਸ਼ੇਸ਼ ਪ੍ਰਤੀਨਿਧ ‘ਰੋਜ਼ਾਨਾ ਪੰਜਾਬ ਟਾਇਮਜ਼’ ਤਲਵੰਡੀ ਸਾਬੋ
ਸੰਪਰਕ : 98155-77485



