ਸ. ਸੁਖਬੀਰ ਸਿੰਘ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਧਾਨ ਸਭਾ ਚੋਣਾਂ
ਲਈ ਟਿਕਟਾਂ ਦੇਣ ਦਾ ਅਧਿਕਾਰ ਮਿਲਣਾ ਬੇਹੱਦ ਮਹੱਤਵਪੂਰਨ
ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਨੌਜਵਾਨਾਂ ਨੂੰ ਵੱਧ ਟਿਕਟਾਂ ਮਿਲਣ
ਦਾ ਰਾਹ ਖੁੱਲ੍ਹਿਆ
ਯਾਦਗਾਰਾਂ ਅਤੇ ਸ੍ਰੀ ਦਰਬਾਰ ਸਾਹਿਬ ਦੇ ਗਲਿਆਰੇ ਦੀ ਸੁੰਦਰਤਾ ਦੇ ਪ੍ਰੋਜੈਕਟਾਂ
ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਮਿਲ ਸਕਦਾ ਹੈ ਵੱਡਾ ਲਾਭ
ਜਦੋਂ ਪੰਜਾਬ ਦੇ ਮੁੱਖ ਮੰਤਰੀ ਅਤੇ ਕਈ ਦਹਾਕੇ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਕਰਨ ਵਾਲੇ ਸ. ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਸਪੁੱਤਰ ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਦਾ ਕਾਰਜਕਾਰੀ ਪ੍ਰਧਾਨ ਥਾਪਿਆ ਸੀ ਤਾਂ ਉਸ ਸਮੇਂ ਸਿਆਸੀ ਹਲਕਿਆਂ ਵਿੱਚ ਇਹ ਆਮ ਚਰਚਾ ਸੀ ਕਿ ਉਨ੍ਹਾਂ ਨੂੰ ਇਹ ਅਹੁਦਾ ਪਿਤਾ-ਪੁਰਖੀ ਵਿਰਾਸਤ ਵਜੋਂ ਮਿਲਿਆ ਹੈ ਅਤੇ ਉਹ ਇਸ ਦੇ ਯੋਗ ਨਹੀਂ ਹਨ। ਪ੍ਰੰਤੂ ਆਪਣੇ ਛੋਟੇ ਜਿਹੇ ਕਾਰਜਕਾਲ ਦੌਰਾਨ ਸ. ਸੁਖਬੀਰ ਸਿੰਘ ਬਾਦਲ ਨੇ ਆਪਣੀ ਸਿਆਸੀ ਸਮਰਥਾ ਅਤੇ ਪ੍ਰਬੰਧਕੀ ਲਿਆਕਤ ਨੂੰ ਸਿੱਧ ਕਰਕੇ ਵਿਖਾ ਦਿੱਤਾ ਹੈ। ਇਸ ਦਾ ਸਿਖਰਲਾ ਸਬੂਤ ਇਹ ਹੈ ਕਿ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਨੇ ਸਰਬਸੰਮਤੀ ਨਾਲ ਟਿਕਟਾਂ ਦੀ ਵੰਡ ਬਾਰੇ ਫੈਸਲਾ ਕਰਨ ਦਾ ਅਧਿਕਾਰ ਸ. ਸੁਖਬੀਰ ਸਿੰਘ ਬਾਦਲ ਨੂੰ ਦੇ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਵਿੱਚ ਪਹਿਲੀ ਵਾਰ ਇਸ ਤਰ੍ਹਾਂ ਕਿਸੇ ਨੌਜਵਾਨ ਆਗੂ ਉੱਪਰ ਭਰੋਸਾ ਪ੍ਰਗਟਾਇਆ ਗਿਆ ਹੈ। ਇਸ ਤੋਂ ਪਤਾ ਲਗਦਾ ਹੈ ਕਿ ਸ. ਸੁਖਬੀਰ ਸਿੰਘ ਬਾਦਲ ਨੇ ਆਪਣੇ ਕੰਮਾਂ ਅਤੇ ਕਾਰਜਸ਼ੈਲੀ ਨਾਲ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਅਤੇ ਆਮ ਵਰਕਰਾਂ ਦਾ ਭਰੋਸਾ ਜਿੱਤ ਲਿਆ ਹੈ। ਉਨ੍ਹਾਂ ਨੂੰ ਹੁਣ ਯਕੀਨ ਹੋ ਗਿਆ ਹੈ ਕਿ ਸ. ਸੁਖਬੀਰ ਸਿੰਘ ਬਾਦਲ ਹੀ ਪਾਰਟੀ ਦਾ ਬੇੜਾ ਬੰਨੇ ਲਾ ਸਕਦੇ ਹਨ। ਇਸ ਵਾਰ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਜਿੱਤ ਦਾ ਸਾਰਾ ਦਾਰੋਮਦਾਰ ਵੀ ਉਨ੍ਹਾਂ ਉੱਪਰ ਹੈ। ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਬੇਸ਼ੱਕ ਕਾਫੀ ਸਰਗਰਮ ਭੁਮਿਕਾ ਨਿਭਾਅ ਰਹੇ ਹਨ, ਪ੍ਰੰਤੂ ਉਨ੍ਹਾਂ ਦੀ ਸਰਗਰਮੀ ਪਹਿਲਾਂ ਦੇ ਮੁਕਾਬਲੇ ਕੁਝ ਘਟੀ ਹੈ, ਇਸ ਲਈ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦੀ ਸਭ ਤੋਂ ਵਧ ਟੇਕ ਸ. ਸੁਖਬੀਰ ਸਿੰਘ ਬਾਦਲ ਉੱਪਰ ਹੀ ਹੋਵੇਗੀ। ਇਹੋ ਕਾਰਨ ਹੈ ਕਿ ਉਨ੍ਹਾਂ ਨੂੰ ਸਾਰੇ ਹਲਕਿਆਂ ਲਈ ਉਮੀਦਵਾਰਾਂ ਦੀ ਚੋਣ ਦਾ ਅਧਿਕਾਰ ਸਰਬਸੰਮਤੀ ਨਾਲ ਦੇ ਦਿੱਤਾ ਗਿਆ ਹੈ। ਇਸ ਤੋਂ ਇਹ ਵੀ ਪਤਾ ਲਗਦਾ ਹੈ ਕਿ ਇਸ ਵਾਰ ਨੌਜਵਾਨ ਅਕਾਲੀ ਨੇਤਾਵਾਂ ਨੂੰ ਵਧੇਰੇ ਟਿਕਟਾਂ ਮਿਲ ਸਕਦੀਆਂ ਹਨ। ਇਸ ਨਾਲ ਸ. ਸੁਖਬੀਰ ਸਿੰਘ ਬਾਦਲ ਦੀ ਪਰਾਟੀ ਉੱਪਰ ਪਕੜ ਹੋਰ ਮਜ਼ਬੂਤ ਹੋਵੇਗੀ। ਬੇਸ਼ੱਕ ਪਿਛਲੀਆਂ ਦੋ ਵਿਧਾਨ ਸਭਾ ਚੋਣਾਂ ਅਤੇ ਲੋਕ ਸਭਾ ਦੀਆਂ ਦੋ ਚੋਣਾਂ ਵਿੱਚ ਪਾਰਟੀ ਦੀ ਜਿੱਤ ਲਈ ਉਨ੍ਹਾਂ ਦੀ ਕਾਫੀ ਅਹਿਮ ਭੁਮਿਕਾ ਰਹੀ ਹੈ, ਪ੍ਰੰਤੂ ਇਸ ਵਾਰ ਤਾਂ ਸਮੁੱਚੀ ਜਿੱਤ-ਹਾਰ ਦਾ ਭਾਰ ਹੀ ਉਨ੍ਹਾਂ ਦੇ ਮੌਢਿਆਂ ਉੱਪਰ ਹੈ। ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਤੀਸਰੀ ਵਾਰ ਜਿੱਤ ਲਈ ਉਨ੍ਹਾਂ ਵੱਲੋਂ ਰਚਿਆ ਗਿਆ ਚੱਕਰਵਿਊ ਬਹੁਤ ਹੀ ਦਿਲਚਸਪ ਅਤੇ ਕਾਰਗਰ ਸਾਬਿਤ ਹੁੰਦਾ ਦਿਸ ਰਿਹਾ ਹੈ। ਇੱਕ ਪਾਸੇ ਵਿਰੋਧੀ ਸਿਆਸੀ ਧਿਰਾਂ ਵਿੱਚ ਪਾਟੋਧਾੜ ਅਤੇ ਅਰਾਜਕਤਾ ਫੈਲੀ ਹੋਈ ਹੈ, ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਇੱਕਮੁੱਠ ਅਤੇ ਪੂਰੀ ਤਰ੍ਹਾਂ ਜੱਥੇਬੰਦ ਨਜ਼ਰ ਆ ਰਿਹਾ ਹੈ। ਅਕਾਲੀ-ਭਾਜਪਾ ਸਰਕਾਰ ਵੱਲੋਂ ਪਿਛਲੇ ਸਮੇਂ ਦੌਰਾਨ ਕਈ ਅਜਿਹੇ ਕਾਰਜ ਕੀਤੇ ਗਏ ਹਨ ਜਿਨ੍ਹਾਂ ਦਾ ਪਾਰਟੀ ਅਤੇ ਪੰਜਾਬ ਨੂੰ ਵੱਡਾ ਲਾਭ ਮਿਲੇਗਾ। ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਰਸਤੇ ਅਤੇ ਘੰਟਾ ਘਰ ਅੱਗੇ ਪਲਾਜ਼ੇ ਦੀ ਉਸਾਰੀ ਆਪਣੇ-ਆਪ ਵਿੱਚ ਬਹੁਤ ਵਿਲੱਖਣ ਕਾਰਜ ਹਨ। ਦੂਸਰੇ ਪਾਸੇ ਪੰਜਾਬ ਵਿੱਚ ਅੰਮ੍ਰਿਤਸਰ ਵਿਖੇ ਜੰਗੀ ਸ਼ਹੀਦਾਂ ਦੀ ਯਾਦਗਾਰ ਅਤੇ ਜਲੰਧਰ ਵਿਖੇ ਆਜ਼ਾਦੀ ਸੰਗਰਾਮੀਆਂ ਦੀ ਯਾਦਗਾਰ ਅਜਿਹੇ ਪ੍ਰੋਜੈਕਟ ਹਨ ਜਿਨ੍ਹਾਂ ਦਾ ਸ਼੍ਰੋਮਣੀ ਅਕਾਲੀ ਦਲ ਨੂੰ ਸਿੱਧਾ ਸਿਆਸੀ ਲਾਭ ਮਿਲ ਸਕਦਾ ਹੈ। ਸ. ਸੁਖਬੀਰ ਸਿੰਘ ਬਾਦਲ ਵੱਲੋਂ ਵਿਸ਼ੇਸ਼ ਦਿਲਚਸਪੀ ਨਾਲ ਨੇਪਰੇ ਚਾੜ੍ਹੇ ਗਏ ਇਹ ਪ੍ਰੋਜੈਕਟ ‘ਨਾਲੇ ਪੁੰਨ, ਨਾਲੇ ਫਲੀਆਂ’ ਸਾਬਿਤ ਹੁੰਦੇ ਦਿਸ ਰਹੇ ਹਨ। ਬਿਜਲੀ ਦੇ ਮੁੱਦੇ ਉੱਪਰ ਵੀ ਉਨ੍ਹਾਂ ਨੇ ਸਫਲਤਾ ਨਾਲ ਕੰਮ ਕੀਤਾ ਹੈ। ਇਸ ਸਬੰਧ ਵਿੱਚ ਵਿਰੋਧੀਆਂ ਦੇ ਮੂੰਹ ਬੰਦ ਕਰਨਾ ਪਾਰਟੀ ਅਤੇ ਸਰਕਾਰ ਦੀ ਵੱਡੀ ਪ੍ਰਾਪਤੀ ਹੈ। ਪ੍ਰਸ਼ਾਸਨਿਕ ਸੁਧਾਰਾਂ ਦੇ ਮਾਮਲੇ ਵਿੱਚ ਤਾਂ ਉਨ੍ਹਾਂ ਨੇ ਪੂਰੀ ਤਰ੍ਹਾਂ ਬਾਜ਼ੀ ਮਾਰ ਲਈ ਹੈ। ਸ਼ਹਿਰਾਂ ਵਿੱਚ ਸੁਵਿਧਾ ਕੇਂਦਰਾਂ ਦੀ ਸਥਾਪਨਾ ਤੋਂ ਬਾਅਦ ਪੁਲਿਸ ਨਾਲ ਜੁੜੇ ਦਫਤਰੀ ਕਾਰਜਾਂ ਨੂੰ ਸੁਖਾਲੇ ਬਣਾਉਣ ਲਈ ਕਾਇਮ ਕੀਤੇ ਗਏ ਸੇਵਾ ਕੇਂਦਰ ਆਪਣੇ ਆਪ ਵਿੱਚ ਵੱਡੇ ਕਾਰਜ ਹਨ। ਹੁਣ ਪਿੰਡਾਂ ਵਿੱਚ ਵੀ ਸਰਕਾਰੀ ਕਾਰਜਾਂ ਲਈ ਸੇਵਾ ਕੇਂਦਰ ਕਾਇਮ ਕੀਤੇ ਗਏ ਹਨ, ਜਿਸ ਦਾ ਆਮ ਲੋਕਾਂ ਨੂੰ ਭਾਰੀ ਲਾਭ ਮਿਲਣ ਜਾ ਰਿਹਾ ਹੈ। ਲੋਕਾਂ ਦੀ ਸਰਕਾਰੀ ਦਫਤਰਾਂ ਵਿੱਚ ਖੱਜਲ ਖੁਆਰੀ ਨੂੰ ਘਟਾਉਣਾ ਸਰਕਾਰ ਦੀ ਇੱਕ ਵੱਡੀ ਪ੍ਰਾਪਤੀ ਹੈ। ਇਸ ਦਾ ਸਮੁੱਚਾ ਸਿਹਰਾ ਸ. ਸੁਖਬੀਰ ਸਿੰਘ ਬਾਦਲ ਨੂੰ ਹੀ ਜਾਂਦਾ ਹੈ। ਸੜਕਾਂ ਅਤੇ ਪੁਲਾਂ ਦੀ ਉਸਾਰੀ ਦੇ ਖੇਤਰ ਵਿੱਚ ਵੀ ਉਨ੍ਹਾਂ ਦੀਆਂ ਦੀਆਂ ਮਾਣਯੋਗ ਪ੍ਰਾਪਤੀਆਂ ਹਨ। ਇਸ ਲਈ ਉੱਪ ਮੁੱਖ ਮੰਤਰੀ ਵੱਲੋਂ ਵੱਡੇ ਯਤਨ ਕੀਤੇ ਗਏ ਹਨ। ਕੇਂਦਰ ਸਰਕਾਰ ਵੱਲੋਂ ਵੀ ਇਨ੍ਹਾਂ ਪ੍ਰੋਜੈਕਟਾਂ ਨੂੰ ਪਿਛਲੇ ਸਮਿਆਂ ਤੋਂ ਵਧੇਰੇ ਸਮਰਥਨ ਮਿਲਿਆ ਹੈ। ਕੁੱਲ ਮਿਲਾ ਕੇ ਸ. ਸੁਖਬੀਰ ਸਿੰਘ ਬਾਦਲ ਪੰਜਾਬ ਵਿੱਚ ਵੱਡੇ ਮਜ਼ਬੂਤ ਅਤੇ ਸਮਰਥ ਸਿਆਸੀ ਨੇਤਾ ਵਜੋਂ ਉਭਰ ਆਏ ਹਨ। ਉਨ੍ਹਾਂ ਦੀ ਸਿਆਸੀ ਸਮਰਥਾ ਅਤੇ ਲਿਆਕਤ ਦਾ ਹੁਣ ਵਿਰੋਧੀ ਵੀ ਲੋਹਾ ਮੰਨਦੇ ਹਨ। ਕਿਸੇ ਵੀ ਹੋਰ ਪਾਰਟੀ ਕੋਲ ਉਨ੍ਹਾਂ ਵਰਗਾ ਪ੍ਰਬੰਧਕ, ਬੁਲਾਰਾ, ਸਿਰਜਕ ਅਤੇ ਸਿਆਸੀ ਯੋਜਨਾਕਾਰ ਨਹੀਂ ਹੈ। ਸ਼੍ਰੋਮਣੀ ਅਕਾਲੀ ਦਲ ਦੀ ਇਹ ਖੁਸ਼ਕਿਸਮਤੀ ਹੈ ਕਿ ਉਸ ਨੂੰ ਇੱਕ ਸੁਪਨਸਾਜ਼, ਸਿਰਤੋੜ ਮਿਹਨਤੀ ਅਤੇ ਜਾਗਰੂਕ ਸਿਆਸੀ ਚੇਤਨਤਾ ਵਾਲਾ ਆਗੂ ਮਿਲਿਆ ਹੈ।



