ਜਨਾਬ ਮਜਦਾਕ ਦਿਲਸ਼ਾਦ ਬਲੋਚ, ਜਦੋ ਟੀਵੀ ਅਤੇ ਰੇਡੀਓ ਚੇਨੰਲਾਂ ’ਤੇ ਆਪਣੀ ਜ਼ਿੰਦਗੀ ਦੀ ਕਹਾਣੀ ਬਿਆਨ ਕਰਦਾ ਹੈ ਤਾਂ ਉਸਦੀਆਂ ਅੱਖਾਂ ਆਪ ਮੁਹਾਰੇ ਨਮ ਹੋ ਜਾਂਦੀਆਂ ਹਨ। ਓਹਦੀ ਜ਼ਿੰਦਗੀ ਵਰਗੀਆਂ ਲੱਖਾਂ ਕਹਾਣੀਆਂ ਬਲੋਚਿਸਤਾਨ ਵਿਚ ਭਰੀਆਂ ਪਈਆਂ ਹਨ। ਹਰ ਬਲੋਚ ਦੀ ਇਕੋ ਜਿਹੀ ਕਹਾਣੀ ਹੈ। 25 ਸਾਲਾ ਮਜ਼ਦਾਕ ਦਿਲਸ਼ਾਦ ਬਲੋਚ ਕੁਝ ਮਹੀਨੇ ਪਹਿਲਾਂ ਭਾਰਤ ਆਇਆ ਤਾਂ ਉਸ ਵੇਲੇ ਨਵੀਂ ਦਿੱਲੀ ਹਵਾਈ ਅੱਡੇ ’ਤੇ ਇਮੀਗ੍ਰੇਸ਼ਨ ਅਧਿਕਾਰੀ ਨੂੰ ਉਸ ’ਤੇ ਸ਼ੱਕ ਹੋਇਆ, ਕਿਉਂਕਿ ਉਸ ਕੋਲ ਕੈਨੇਡਾ ਦਾ ਪਾਸਪੋਰਟ ਸੀ ਅਤੇ ਉਸ ’ਤੇ ਜਨਮ ਅਸਥਾਨ ਕਵੇਟਾ ਲਿਖਿਆ ਹੋਇਆ ਸੀ।ਬਲੋਚ ਸ਼ਰਨਾਰਥੀ ਮਜ਼ਦਾਕ ਨੂੰ ਇਹ ਸਮਝਾਉਣਾ ਔਖਾ ਸੀ ਕੇ ਉਹ ਪਾਕਿਸਤਾਨੀ ਨਹੀਂ ਹੈ।ਪਾਕਿਸਤਾਨ ਪ੍ਰਤੀ ਬਲੋਚਾਂ ਵਿਚ ਘਰ ਕਰ ਚੁੱਕੀ ਨਫਰਤ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕੇ ਉਹ ਖੁਦ ਨੂੰ ਪਾਕਿਸਤਾਨੀ ਕਹਾਉਣ ਨਾਲੋਂ ਕੁੱਤਾ ਅਖਵਾਉਣਾ ਪਸੰਦ ਕਰਦੇ ਹਨ।ਬਲੋਚਿਸਤਾਨ ਪਾਕਿਸਤਾਨ ਦਾ ਸਭ ਤੋਂ ਵੱਡਾ ਸੂਬਾ ਹੈ, ਪਰ ਲੋਕ ਦੀ ਗਿਣਤੀ ਪੱਖੋਂ ਸਭ ਤੋਂ ਛੋਟਾ।ਇਸ ਦੀ ਆਬਾਦੀ ਇੱਕ ਕਰੋੜ ਦੇ ਕਰੀਬ ਹੈ।ਬਲੋਚਿਸਤਾਨ ਪਾਕਿਸਤਾਨ ਦੇ 44ਫੀਸਦੀ ਰਕਬੇ ਉੱਤੇ ਫੈਲਿਆ ਹੋਇਆ ਹੈ। ਇਹਦੇ ਚੜ੍ਹਦੇ ਪਾਸੇ ਪੰਜਾਬ ਤੇ ਸਿੰਧ, ਉਤਲੇ ਪਾਸੇ ਸਰਹੱਦ ਤੇ ਅਫ਼ਗਾਨਿਸਤਾਨ, ਲਹਿੰਦੇ ਪਾਸੇ ਈਰਾਨ ਅਤੇ ਦੱਖਣ ਦੇ ਪਾਸੇ ਅਰਬ ਸਾਗਰ ਹੈ।ਇੱਥੇ ਬਲੋਚੀ, ਪਸ਼ਤੋ, ਪੰਜਾਬੀ, ਸਿੰਧੀ ਅਤੇ ਉਰਦੂ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ।1947 ’ਚ ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਬਲੋਚਿਸਤਾਨ ਪਾਕਿਸਤਾਨ ਦਾ ਹਿੱਸਾ ਬਣ ਗਿਆ ਸੀ ਜਾਂ ਬਣਾ ਲਿਆ ਗਿਆ। ਪਾਕਿਸਤਾਨੀ ਫ਼ੌਜ ਦੇ ਤਸ਼ੱਦਦ ਮਗਰੋਂ ਹਜ਼ਾਰਾਂ ਬਲੋਚ ਦੁਨੀਆ ਦੇ ਵੱਖ-ਵੱਖ ਹਿੱਸਿਆਂ ’ਚ ਸ਼ਰਨ ਲੈਣ ਲਈ ਮਜਬੂਰ ਹਨ।ਇਹ ਜ਼ੁਲਮ ਪਹਿਲਾਂ ਵੀ ਹੋ ਰਹੇ ਸਨ ਪਰ ਪਹਿਲਾਂ ਬਲੋਚ ਆਪਣੇ ਹੱਕਾਂ ਬਾਰੇ ਗੱਲ ਕਰਨ ਤੋਂ ਡਰਦੇ ਸਨ।ਦਿਲਸ਼ਾਦ ਬਲੋਚ ਵਾਂਗ ਬਹੁਤ ਸਾਰੇ ਬਲੋਚ ਆਪਣੀ ਜ਼ਿੰਦਗੀ ਨੂੰ ਮੀਡੀਆ ਵਿਚ ਨਸ਼ਰ ਕਰਨ ਤੋਂ ਝਿਜਕਦੇ ਹਨ।ਕਵੇਟਾ, ਪਾਕਿਸਤਾਨ ਤੋਂ ਅਫਗਾਨਿਸਤਾਨ ਅਤੇ ਫਿਰ ਕੈਨੇਡਾ ਤੱਕ ਪਹੁੰਚਣ ਦਾ ਆਪਣਾ ਸਫਰ ਬਿਆਨ ਕਰਦੇ ਮਜਦਾਕ ਆਪਣੇ ਹੱਸਦੇ ਵੱਸਦੇ ਘਰ ਬਾਰੇ ਮੀਡੀਆ ਨੂੰ ਬੇਖੌਫ ਹੋ ਕੇ ਦਸਦਾ ਹੈ ਕਿਓਂਕਿ ਹੁਣ ਉਸ ਕੋਲ ਗਵਾਉਣ ਲਈ ਕੁਝ ਨਹੀਂ ਬਚਿਆ। ਕਵੇਟਾ ਦੇ ਆਪਣੇ ਘਰ ਨੂੰ ਉਨ੍ਹਾਂ ਨੂੰ ਰਾਤੋਂ-ਰਾਤ ਛੱਡਣਾ ਪਿਆ ਸੀ।ਉਸਦੇ ਅੱਬਾ ਫ਼ਿਲਮਕਾਰ ਅਤੇ ਅੰਮੀ ਸਮਾਜ ਸੇਵਕ ਸਨ। ਉਸਦੇ ਪਿਤਾ ਨੂੰ ਅਗਵਾ ਕੀਤਾ ਗਿਆ ਅਤੇ ਮਾਂ ਦੇ ਖਿਲਾਫ਼ ਸੈਂਕੜੇ ਮਾਮਲੇ ਦਰਜ ਕੀਤੇ ਗਏ। ਇਹ ਉਹ ਦੌਰ ਸੀ ਜਦੋਂ ਬਲੋਚਿਸਤਾਨ ਦੇ ਹਰ ਹੱਸਦੇ ਵੱਸਦੇ ਘਰ ਵਿਚ ਅਜਿਹਾ ਹੋ ਰਿਹਾ ਸੀ। ਉਸ ਨੂੰ ਕਰੀਬ 2 ਸਾਲ ਲੁੱਕ ਛੁੱਪ ਕੇ ਰਹਿਣ ਪਿਆ। ਬਾਅਦ ਉਸਦੇ ਅੱਬਾ ਰਿਹਾਅ ਹੋ ਗਏ ਅਤੇ ਸਾਲ 2010 ਵਿਚ ਉਹ ਪਰਿਵਾਰ ਸਮੇਤ ਸਰਹੱਦ ਪਾਰ ਕਰਕੇ ਅਫਗਾਨਿਸਤਾਨ ਪੁੱਜੇ, ਜਿਥੇ ਕੰਧਾਰ ਅਤੇ ਫਿਰ ਕਾਬਲ ਵਿੱਚ ਸ਼ਰਨ ਲਈ। ਅਫਗਾਨਿਸਤਾਨ ਵਿਚਲੇ ਉਨ੍ਹਾਂ ਦੇ ਘਰ ਦੇ ਕੋਲ ਬਰੂਦੀ ਸੁਰੰਗਾਂ ਮਿਲੀਆਂ ਅਤੇ ਕੁੱਝ ਹਮਲੇ ਵੀ ਹੋਏ।ਪਰ ਸੰਯੁਕਤ ਰਾਸ਼ਟਰ ਦੀ ਬਦੌਲਤ ਮਜ਼ਦਾਕ ਦੇ ਪਰਿਵਾਰ ਕੋਲ ਸ਼ਰਨਾਰਥੀ ਦਰਜਾ ਸੀ ਜਿਸਦੀ ਬਦੋਲਤ ਉਸ ਦੇ ਪਰਵਾਰ ਨੂੰ ਕੈਨੇਡਾ ’ਚ ਸ਼ਰਨ ਮਿਲ ਗਈ।ਤਰਾਸਦੀ ਇਹ ਹੈ ਕੇ ਬਲੋਚਿਸਤਾਨ ਨੂੰ ਪਾਕਿਸਤਾਨ ਦਾ ਇੱਕ ਹਿੱਸਾ ਨਹੀਂ ਮੰਨਿਆ ਜਾਂਦਾ ਬਲਕਿ ਇਹ ਸਿਰਫ ਇੱਕ ਕਲੋਨੀ ਵਾਂਗ ਹੈ, ਜਿਥੋਂ ਜ਼ਰੂਰਤ ਦੀਆਂ ਸਾਰੀਆਂ ਵਸਤਾਂ ਤਾਂ ਲਈਆਂ ਜਾ ਰਹੀਆਂ ਹਨ ਪਰ ਇਸਨੂੰ ਵਸਾਉਣ ਦਾ ਮੁਲਕ ਦੀ ਸਰਕਾਰ ਦਾ ਕੋਈ ਇਰਾਦਾ ਨਹੀਂ। ਜੇਕਰ ਉਹ ਬਲੋਚਾਂ ਨੂੰ ਪਾਕਿਸਤਾਨੀ ਸਮਝਦੇ ਤਾਂ ਉਹਨਾਂ ਪ੍ਰਤੀ ਅਜਿਹਾ ਨਜ਼ਰੀਆ ਨਾ ਰਖਿਆ ਜਾਂਦਾ। ਲਾਹੌਰ ਜਾਂ ਇਸਲਾਮਾਬਾਦ ਵਿਚ ਬਲੋਚਾਂ ਨੂੰ ਪਹਾੜ ਵਾਲੇ ਕਹਿ ਕੇ ਪੁਕਾਰਿਆ ਜਾਂਦਾ ਹੈ।ਬਲੋਚਾਂ ਦਾ ਦਰਦ ਅੱਜ ਇੱਕ ਤਹਿਰੀਕ ਬਣ ਚੁੱਕਾ ਹੈ।ਬਲੋਚ ਪਾਕਿਸਤਾਨ ਦੇ ਦਮਨਕਾਰੀ ਸ਼ਾਸਨ ਖ਼ਿਲਾਫ਼ ਅਮਰੀਕਾ ਤੇ ਯੂਰਪੀ ਮੁਲਕਾਂ ਤੋਂ ਸਹਿਯੋਗ ਮੰਗ ਰਹੇ ਹਨ।ਉਹ ਸੰਸਾਰ ਨੂੰ ਸਮਝਉਣਾ ਚਾਹੁੰਦੇ ਹਨ ਕਿ ਪਾਕਿਸਤਾਨ ਵੱਲੋਂ ਧਾਰਮਿਕ ਅੱਤਵਾਦ ਦੀ ਨੀਤੀ ਨੂੰ ਔਜ਼ਾਰ ਵਜੋਂ ਵਰਤਣ ਦੇ ਨਤੀਜੇ ਘਾਤਕ ਹੋਣਗੇ।ਅੱਤਵਾਦ ਨੂੰ ਰੋਕਿਆ ਨਹੀਂ ਜਾ ਸਕਦਾ ਪਰ ਇਸ ਨਾਲ ਪ੍ਰਭਾਵੀ ਢੰਗ ਨਾਲ ਨਜਿੱਠਣਾ ਜ਼ਰੂਰੀ ਹੈ।ਬਲੋਚੀ ਪਾਕਿਸਤਾਨ ਦੇ ਕਬਜ਼ੇ ਦੇ 68 ਸਾਲ ਦੌਰਾਨ ਪਾਕਿਸਤਾਨ ਤੋਂ ਮੁਕਤੀ ਲਈ ਹੋਈਆਂ ਪੰਜ ਲੜਾਈਆਂ ਵਿੱਚ ਬਲੋਚਿਸਤਾਨ ਵਿੱਚ ਮਨੁੱਖਤਾ ਦੇ ਹੋਏ ਘਾਣ ਤੇ ਜੰਗੀ ਅਪਰਾਧਾਂ ਲਈ ਪਾਕਿਸਤਾਨ ਸਰਕਾਰ ਅਤੇ ਫੋਜ ਨੂੰ ਜ਼ਿੰਮੇਵਾਰ ਠਹਿਰੋਂਦੇ ਹਨ।ਬਲੋਚਿਸਤਾਨ ਵਿੱਚ ਜੰਗੀ ਅਪਰਾਧਾਂ ਦੌਰਾਨ ਨਸਲਕੁਸ਼ੀ ਨੂੰ ਨਜ਼ਰਅੰਦਾਜ਼ ਕਰਨ ਦੀ ਕੌਮਾਂਤਰੀ ਭਾਈਚਾਰੇ ਨੇ ਜੋ ਨੀਤੀ ਅਪਣਾਈ ਹੋਈ ਹੈ ਉਹ ਚਿੰਤਾਜਨਕ ਹੈ।ਮਨੁੱਖ ਦੁਨੀਆ ਦਾ ਸਭ ਤੋਂ ਸੰਵੇਦਨਸ਼ੀਲ ਜੀਵ ਹੈ। ਮਨੁੱਖੀ ਅਧਿਕਾਰ ਹਰ ਇੱਕ ਵਿਅਕਤੀ ਨੂੰ ਉਸਦੇ ਹਿਊਮਨ ਹੋਣ ਦਾ ਅਹਿਸਾਸ ਕਰਵਾਉਂਦੇ ਹਨ। ਹਰ ਇੱਕ ਵਿਅਕਤੀ, ਕੌਮ ਅਤੇ ਖੇਤਰ ਨੂੰ ਇਹ ਅਖਤਿਆਰ ਹਾਸਿਲ ਹਨ ਕਿ ਉਹ ਆਪਣੇ ’ਤੇ ਹੋਰ ਰਹੇ ਜ਼ੁਲਮਾਂ ਬਾਰੇ ਸੰਸਾਰ ਨੂੰ ਦੱਸੇ। ਕਈ ਮੁਲਕ ਅਜਿਹੇ ਵੀ ਹਨ ਜੋ ਆਪਣੇ ਸਟੇਟਾਂ ਨੂੰ ਇਹ ਅਖਤਿਆਰ ਦਿੰਦੇ ਹਨ ਕਿ ਜਦੋਂ ਚਾਹੋ ਅਲੱਗ ਹੋ ਜਾਓ ਜਦੋਂ ਚਾਹੋ ਪਰਤ ਆਓ। ਕੀ ਅਜਬ ਦੁਨੀਆ ਹੈ? ਈਸਟ ਤੀਮੋਰ , ਸਾਉਥ ਸੂਡਾਨ, ਇਰੀਟਰਿਆ, ਬਲੋਚ ਅਤੇ ਕੁਰਦ ਵੀ ਇਸੇ ਦੁਨੀਆ ਵਿੱਚ ਹਨ। ਦੂਜੇ ਪਾਸੇ ਸਕਾਟਲੈਂਡ, ਕੋਬੇਕ, ਚੈਕੋਸਲੋਵਾਕੀਆ ਵੀ ਇਸੇ ਦੁਨੀਆ ਵਿੱਚ ਹਨ।



