ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੇ ਕਈ ਅਧਿਕਾਰੀ ਵਿਵਾਦ ਦਾ ਵੱਡਾ ਕਾਰਨ ਬਣੇ ਹੋਏ ਹਨ। ਪੰਜਾਬ ਮੰਤਰੀ ਮੰਡਲ ਦੀ ਤਾਜ਼ਾ ਬੈਠਕ ਵਿੱਚ ਸੂਬੇ ਦੇ ਐਡਵੋਕੇਟ ਜਰਨਲ ਅਤੁਲ ਨੰਦਾ ਦੀ ਮਾੜੀ ਕਾਰਗੁਜ਼ਾਰੀ ਅਤੇ ਸੂਬੇ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਦੇ ਗਲਤ ਰਵੱਈਏ ਦੀ ਜੰਮ ਕੇ ਚਰਚਾ ਹੋਈ ਹੈ। ਮੰਤਰੀਆਂ ਨੇ ਐਡਵੋਕੇਟ ਜਨਰਲ ਦੀ ਕਾਰਗੁਜ਼ਾਰੀ ਨੂੰ ਲੈ ਕੇ ਸਖਤ ਟਿੱਪਣੀਆਂ ਕਰਦੇ ਹੋਏ ਇਥੋਂ ਤੱਕ ਆਖ ਦਿੱਤਾ ਕਿ ਐਡਵੋਕੇਟ ਜਰਨਲ ਨੇ ਲੱਗਪੱਗ ਸਾਰੇ ਕੇਸ ਹਰਾ ਕੇ ਸਰਕਾਰ ਨੂੰ ਨਮੋਸ਼ੀ ਭਰੀ ਸਥਿੱਤੀ ਵਿੱਚ ਫਸਾ ਦਿੱਤਾ ਹੈ। ਸਰਕਾਰ ਨੂੰ ਆਪਣੇ ਅਕਸ ਨੂੰ ਬਚਾਉਣ ਲਈ ਇਸ ਸਬੰਧੀ ਫੌਰੀ ਕਾਰਵਾਈ ਕਰਨੀ ਚਾਹੀਦੀ ਹੈ। ਇਕ ਮੰਤਰੀ ਦਾ ਦੋਸ਼ ਹੈ ਕਿ ਨਸ਼ੀਲੇ ਪਦਾਰਥਾਂ ਨਾਲ ਜੁੜੇ ਸਾਬਕਾ ਅਕਾਲੀ ਮੰਤਰੀ ਦੇ ਕੇਸ ਵਿੱਚ ਐਡਵੋਕੇਟ ਜਨਰਲ ਦਫਤਰ ਨੇ ਤਾਰੀਕਾਂ ਦਿਵਾਉਣ ਦੇ ਮਾਮਲੇ ਵਿੱਚ ਮੁਲਜ਼ਮ ਦੀ ਮਦਦ ਕੀਤੀ। ਪ੍ਰਾਈਵੇਟ ਤਾਪ ਬਿਜਲੀ ਘਰਾਂ ਦਾ ਕੇਸ ਸੁਪਰੀਮ ਕੋਰਟ ਵਿਚ ਹਾਰਨ ਅਤੇ ਬਰਗਾੜੀ ਬੇਅਦਬੀ ਸਮੇਤ ਕਈ ਹੋਰ ਕੇਸਾਂ ਦੇ ਮਾਮਲੇ ਵਿੱਚ ਵੀ ਐਡਵੋਕੇਟ ਜਰਨਲ ਦੀ ਕਾਰਗੁਜਾਰੀ ਠੀਕ ਨਹੀਂ ਰਹੀ। ਹੁਣ ਪੰਜਾਬ ਪੁਲਿਸ ਦੇ ਮੁਖੀ ਸ਼੍ਰੀ ਦਿਨਕਰ ਗੁਪਤਾ ਵੀ ਵਿਵਾਦ ਦਾ ਇਕ ਵੱਡਾ ਕਾਰਨ ਬਣ ਗਏ ਹਨ। ਉਨ੍ਹਾਂ ਨੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਬਾਰੇ ਬਿਆਨ ਦੇ ਕੇ ਪੰਜਾਬ ਸਰਕਾਰ ਅਤੇ ਕਾਂਗਰਸ ਲਈ ਕਸੂਤੀ ਸਥਿਤੀ ਪੈਦਾ ਕਰ ਦਿੱਤੀ ਹੈ। ਇਸ ਬਿਆਨ ਕਾਰਨ ਸੰਸਾਰ ਭਰ ਦੇ ਸਿੱਖ ਭਾਈਚਾਰੇ ਵਿੱਚ ਭਾਰੀ ਗੁੱਸਾ ਹੈ। ਪੁਲਿਸ ਮੁਖੀ ਦੇ ਇਸ ਬਿਆਨ ਉੱਪਰ ਵਿਵਾਦ ਅਤੇ ਟਕਰਾਅ ਹੋਰ ਵੱਧਣ ਦਾ ਖਦਸ਼ਾ ਹੈ। ਕਾਂਗਰਸ ਅਤੇ ਪੰਜਾਬ ਸਰਕਾਰ ਲਈ ਇਹ ਬਿਆਨ ਸਿਆਸੀ ਤੌਰ ‘ਤੇ ਬਹੁਤ ਮਾਰੂ ਸਿੱਧ ਹੋ ਸਕਦਾ ਹੈ। ਦੂਸਰੇ ਪਾਸੇ ਮੁੱਖ ਮੰਤਰੀ ਦੇ ਇਕ ਓ ਐਸ ਡੀ ਅਤੇ ਮੁੱਖ-ਪ੍ਰਮੁੱਖ ਸਕੱਤਰ ਵਿਰੁੱਧ ਵੀ ਕਾਂਗਰਸੀ ਵਿਧਾਇਕਾਂ ਅਤੇ ਮੰਤਰੀਆਂ ਵਿੱਚ ਭਾਰੀ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਤਾਂ ਬਕਾਇਦਾ ਅਧਿਕਾਰੀਆਂ ਦੇ ਨਾਮ ਲੈ ਕੇ ਬਿਆਨ ਦੇ ਚੁੱਕੇ ਹਨ। ਉਨ੍ਹਾਂ ਨੇ ਇਕ ਵਾਰ ਫਿਰ ਮੁੱਖ ਮੰਤਰੀ ਨੂੰ ਸਲਾਹ ਦਿੱਤੀ ਹੈ ਕਿ ਸੂਬੇ ਦੇ ਹਿੱਤਾਂ ਵਿਰੁੱਧ ਕੰਮ ਕਰਨ ਵਾਲੇ ਅਧਿਕਾਰੀਆਂ ਨੂੰ ਹਟਾਇਆ ਜਾਵੇ। ਮਾਮਲਾ ਸਿਰਫ ਇਕਾਦੁੱਕਾ ਅਧਿਕਾਰੀਆਂ ਦਾ ਨਹੀਂ ਹੈ। ਨਰਾਜ਼ਗੀ ਦਾ ਕਾਰਨ ਬਣੇ ਅਧਿਕਾਰੀਆਂ ਦੀ ਗਿਣਤੀ ਅੱਧਾ ਦਰਜਨ ਤੋਂ ਵੱਧ ਹੈ। ਪੰਜਾਬ ਸਰਕਾਰ ਦੀ ਕਾਰਗੁਜਾਰੀ ਉੱਪਰ ਇਸ ਕਾਰਨ ਹੀ ਸਵਾਲ ਉੱਠ ਰਹੇ ਹਨ। ਸਵਾਲ ਵੀ ਪਾਰਟੀ ਦੇ ਅੰਦਰੋਂ ਉਠਾਏ ਜਾ ਰਹੇ ਹਨ। ਕਾਂਗਰਸ ਦੇ ਸੂਬਾ ਪ੍ਰਧਾਨ, ਕਾਂਗਰਸੀ ਵਿਧਾਇਕਾਂ ਅਤੇ ਮੰਤਰੀਆਂ ਦੀ ਨਰਾਜ਼ਗੀ ਕੋਈ ਸਧਾਰਨ ਸਥਿਤੀ ਨਹੀਂ ਹੈ। ਮੁੱਖ ਮੰਤਰੀ ਨੂੰ ਇਸ ਸਮੁੱਚੇ ਮੁੱਦੇ ਉੱਪਰ ਤੁਰੰਤ ਨਰਾਜ਼ਗੀਆਂ ਦੂਰ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਲਗਭਗ ਦੋ ਸਾਲਾਂ ਬਾਅਦ ਕਾਂਗਰਸ ਨੇ ਆਮ ਚੋਣਾਂ ਵਿੱਚ ਪੰਜਾਬ ਦੇ ਵੋਟਰਾਂ ਦਾ ਸਾਹਮਣਾ ਕਰਨਾ ਹੈ। ਅਜਿਹੇ ਹਾਲਾਤਾਂ ਵਿੱਚ ਇਹ ਜ਼ਰੂਰੀ ਬਣ ਗਿਆ ਹੈ ਕਿ ਮੁੱਖ ਮੰਤਰੀ ਇਸ ਸਮੁੱਚੇ ਮੁੱਦੇ ਉੱਪਰ ਲੋਕਪੱਖੀ ਅਤੇ ਪੰਜਾਬ ਹਿਤੈਸ਼ੀ ਕਦਮ ਉਠਾਉਣ।
– ਬਲਜੀਤ ਸਿੰਘ ਬਰਾੜ