ਅੱਜ ਕੱਲ ਸੋਸ਼ਲ ਮੀਡੀਆ ਦਾ ਜਮਾਨਾ ਹੈ। ਹਰ ਕੋਈ ਇੰਟਰਨੈੱਟ ਦੀ ਵਰਤੋਂ ਕਰ ਰਿਹਾ ਹੈ ਅਤੇ ਸੋਸ਼ਲ ਸਾਈਟਾਂ ਤੇ ਸਰਗਰਮ ਰਹਿੰਦਾ ਹੈ। ਵੱਟਸਐਪ, ਫੇਸਬੁੱਕ, ਸਨੈਪਚੈਟ, ਇੰਸਟਾਗਰਾਮ, ਟਵਿੱਟਰ, ਟਿੱਕ ਟਾਕ ਅਜਿਹੇ ਪਲੇਟਫਾਰਮ ਹਨ ਜਿੰਨਾ ਦੇ ਨਾਮ ਬੱਚੇ-ਬੱਚੇ ਦੀ ਜੁਬਾਨ ਤੇ ਹਨ। ਹਰ ਕੋਈ ਦਿਨ ਸ਼ੁਰੂ ਹੁੰਦੇ ਹੀ ਹੋਰ ਕੋਈ ਕੰਮ ਚਾਹੇ ਭੁੱਲ ਜਾਵੇ ਪਰ ਇਹਨਾਂ ਵੈੱਬ-ਸਾਈਟਾਂ ਨੂੰ ਚੈੱਕ ਕਰਨਾ ਅਤੇ ਆਪਣਾ ਸਟੇਟਸ ਅੱਪਡੇਟ ਕਰਨਾ ਨਹੀ ਭੁੱਲਦਾ ਸੋਸ਼ਲ ਮੀਡੀਆ ਦੇ ਜਿੱਥੇ ਕੁਝ ਫਾਇਦੇ ਹਨ ਉਥੇ ਇਸ ਦੇ ਕੁਝ ਨੁਕਸਾਨ ਵੀ ਹਨ। ਅੱਜ-ਕੱਲ੍ਹ ਹਰ ਨੌਜਵਾਨ ਸੋਸ਼ਲ ਮੀਡੀਆ ਦੀ ਵਰਤੋਂ ਇੰਨੀ ਜ਼ਿਆਦਾ ਕਰ ਰਿਹਾ ਹੈ ਕਿ ਇਸ ਦੇ ਲਾਭ ਘੱਟ ਨੁਕਸਾਨ ਜ਼ਿਆਦਾ ਹੋ ਰਿਹਾ ਹੈ। ਅੱਜ ਦੇ ਯੁੱਗ ਵਿੱਚ ਭਾਵੇਂ ਨੈਟਵਰਕਿੰਗ ਪ੍ਰਣਾਲੀ ਨੂੰ ਸਮਾਜ ਦਾ ਹਰ ਵਰਗ ਅਪਣਾ ਰਿਹਾ ਹੈ, ਪਰ ਵਿਹਲੜਾਂ ਲਈ ਇਹ ਸ਼ੁਗਲ ਦਾ ਸਾਧਨ ਬਣ ਗਿਆ ਹੈ। ਆਧੁਨਿਕ ਯੁੱਗ ਵਿੱਚ ਇਹ ਸੰਚਾਰ ਦਾ ਸਭ ਤੋਂ ਵਧੀਆ, ਸਸਤਾ ਅਤੇ ਸੌਖਾ ਸਾਧਨ ਹੈ, ਜਿਸ ਰਾਹੀਂ ਤੁਸੀਂ ਆਪਣਾ ਸੰਦੇਸ਼ ਮਿੰਟਾਂ-ਸਕਿੰਟਾਂ ਵਿੱਚ ਲੱਖਾਂ ਹੀ ਲੋਕਾਂ ਤੱਕ ਪਹੁੰਚਾ ਸਕਦੇ ਹੋ। ਸ਼ੋਸਲ ਮੀਡੀਆ ਤੇ ਐਕਟਿਵ ਰਹਿਣਾ ਟਾਇਮ ਪਾਸ ਦਾ ਇਕ ਬਹੁਤ ਵਧੀਆ ਜਰੀਆ ਹੈ ਪਰ ਕਈ ਤਾਂ ਆਪਣਾ ਸਾਰੇ ਦਾ ਸਾਰਾ ਟਾਇਮ ਹੀ ਇਸ ਤੇ ਪਾਸ ਕਰ ਦਿੰਦੇ ਹਨ। ਆਪਣੇ ਮੋਬਾਈਲ ਫੋਨ ਨੂੰ ਵਾਰ-ਵਾਰ ਚੈੱਕ ਕਰਨ ਦੀ ਬਿਮਾਰੀ ਤਾਂ ਹਰ ਇਕ ਨੂੰ ਹੀ ਲੱਗ ਚੁੱਕੀ ਹੈ। ਲਾਇਕ, ਕੁਮੈਂਟ, ਵਿਊੂਜ਼ ਦੀ ਹੋੜ ਜਿਹੀ ਲੱਗ ਗਈ ਹੈ। ਅਸਲ ਜਿੰਦਗੀ ਵਿੱਚ ਭਾਵੇਂ ਗਿਣਤੀ ਦੇ ਦੋਸਤ ਮਿੱਤਰ ਹੋਣ ਪਰ ਸੋਸ਼ਲ ਮੀਡੀਆ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਫਰੈਂਡ ਬਣਾਏ ਜਾਂਦੇ ਹਨ ਜਿੰਨ੍ਹਾਂ ਨਾਲ ਤਰਾਂ ਤਰਾਂ ਦੀਆਂ ਗਤੀਵਿਧੀਆਂ ਸਾਂਝੀਆਂ ਕੀਤੀਆਂ ਜਾਂਦੀਆਂ ਹਨ। ਜੋ ਵਿਅਕਤੀ ਸੋਸ਼ਲ ਮੀਡੀਆ ਤੇ ਸਰਗਰਮ ਨਹੀਂ ਉਸ ਨੂੰ ਦੇਸੀ ਸਮਝਿਆ ਜਾਂਦਾ ਹੈ।
ਬਾਕੀ ਤਾਂ ਸਭ ਠੀਕ ਹੈ ਪਰ ਕਈ ਤਾਂ ਇਨ੍ਹਾਂ ਸੋਸ਼ਲ ਸਾਈਟਾਂ ਨਾਲ ਇਸ ਕਦਰ ਘੁਲ-ਮਿਲ ਗਏ ਹਨ ਕਿ ?ੁਹ ਆਪਣੀ ਹਰ ਗਤੀਵਿਧੀ ਸਾਂਝੀ ਕਰਨਾ ਨਹੀਂ ਭੁੱਲਦੇ। ਉਨ੍ਹਾਂ ਵਿੱਚੋਂ ਕਈ ਤਾਂ ਪਲ-ਪਲ ਆਪਣਾ ਤਾਜ਼ਾ ਸਟੇਟਸ ਸਾਂਝਾ ਕਰਦੇ ਹਨ ਕਿ ਹੁਣ ਕੀ ਖਾ ਰਹੇ ਹਨ, ਕਿੱਥੇ ਜਾ ਰਹੇ ਹਨ, ਕਿਸ ਦੇ ਨਾਲ ਹਨ, ਖੁਸ਼ ਜਾਂ ਉੁਦਾਸ ਹਨ ਆਦਿ ਆਦਿ। ਪਰ ਉੁਹ ਇਸ ਗੱਲ ਤੋਂ ਅਣਜਾਣ ਹਨ ਕਿ ਇੰਨੀਆਂ ਜਿਆਦਾ ਸੂਚਨਾਵਾਂ ਸਭ ਨਾਲ ਸਾਂਝਾ ਕਰਨਾ ਉਨ੍ਹਾਂ ਲਈ ਮੁਸਕਲਾਂ ਪੈਦਾ ਕਰ ਸਕਦਾ ਹੈ। ਉੁਹ ਇਹ ਨਹੀ ਸੋਚਦੇ ਕਿ ਇਨ੍ਹਾਂ ਸੋਸ਼ਲ ਸਾਈਟਾਂ ਉੱਤੇ ਇਕੱਲੇ ਅਸੀਂ ਤੁਸੀਂ ਨਹੀਂ ਸਗੋਂ ਬਹੁਤ ਸਾਰੇ ਠੱਗ, ਚੋਰ, ਕਿਡਨੈਪਰ ਅਤੇ ਹੈਕਰ ਵੀ ਮੌਜੂਦ ਹੁੰਦੇ ਹਨ। ਜੋ ਕਿ ਸਾਡੀਆਂ ਇਨ੍ਹਾਂ ਸੂਚਨਾਵਾਂ ਦੀ ਵਰਤੋਂ ਕਰ ਕੇ ਸਾਨੂੰ ਆਪਣਾ ਸ਼ਿਕਾਰ ਬਣਾ ਸਕਦੇ ਹਨ। ਅਜਿਹੀਆਂ ਕਿੰਨੀਆਂ ਹੀ ਘਟਨਾਵਾਂ ਬਾਰੇ ਅਸੀਂ ਅਕਸਰ ਹੀ ਪੜ੍ਹਦੇ-ਸੁਣਦੇ ਹਾਂ। ਬਹੁਤ ਸਾਰੇ ਛੁੱਟੀਆਂ ਮਨਾਉੁਣ ਗਏ ਪਰਿਵਾਰ ਆਪਣੀਆਂ ਹਰ ਪਲ ਲਈਆਂ ਤਸਵੀਰਾਂ ਸ਼ੇਅਰ ਕਰਕੇ ਬੜੀ ਖੁਸ਼ ਹੁੰਦੇ ਹਨ ਪਰ ਕਈ ਵਾਰ ਇਹ ਜਾਣਕਾਰੀਆਂ ਚੋਰਾਂ ਨੂੰ ਸੱਦਾ ਦੇ ਸਕਦੀਆਂ ਹਨ। ਆਪਣੇ ਬੱਚੇ ਦੀ ਹਰ ਗਤੀਵਿਧੀ, ਪਸੰਦ, ਸਮਾਂ ਆਦਿ ਦੀਆਂ ਸੂਚਨਾਵਾਂ ਕਿਡਨੈਪਰਾਂ ਲਈ ਲਾਹੇਬੰਦ ਹੋ ਸਕਦੀਆਂ ਹਨ। ਸਾਡੀ ਪਹਿਚਾਣ ਨਾਲ ਸਬੰਧਤ ਜਾਣਕਾਰੀ ਸਾਡੇ ਬੈਂਕ ਖਾਤੇ ਖਾਲੀ ਕਰ ਸਕਦੀ ਹੈ। ਸ਼ੋਸਲ ਮੀਡੀਆ ਦੀ ਵਰਤੋਂ ਕਰਨਾ ਗਲਤ ਨਹੀਂ ਹੈ ਪਰ ਇਸਦੀ ਵਰਤੋਂ ਕਰਨ ਨਾਲ ਪੈਦਾ ਹੋਣ ਵਾਲੇ ਖ਼ਤਰਿਆਂ ਤੋਂ ਜਾਣੂ ਹੋਣਾ ਬਹੁਤ ਜਰੂਰੀ ਹੈ। ਸਾਨੂੰ ਇਹਨਾਂ ਖ਼ਤਰਿਆਂ ਬਾਰੇ ਪੂਰੀ ਤਰਾਂ ਜਾਗਰੁਕ ਹੋ ਕੇ ਇਸਦੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਜੋ ਕਿਸੇ ਤਰਾਂ ਦਾ ਨੁਕਸਾਨ ਨਾ ਉਠਾਉਣਾ ਪਵੇ। ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਇਸ ਬਾਰੇ ਖ਼ਬਰਦਾਰ ਕਰਦੇ ਰਹਿਣਾ ਚਾਹੀਦਾ ਹੈ, ਸਗੋਂ ਜਿੰਨਾ ਹੋ ਸਕੇ ਬੱਚਿਆਂ ਨੂੰ ਇਨ੍ਹਾਂ ਤੋਂ ਦੂਰ ਹੀ ਰੱਖਣਾ ਚਾਹੀਦਾ ਹੈ। ਅਕਸਰ ਆਖਿਆ ਹੀ ਜਾਂਦਾ ਹੈ ਕਿ ਬਚਾਅ ਵਿਚ ਹੀ ਬਚਾਅ ਹੈ। ਸੋਸ਼ਲ ਮੀਡੀਆ ਕਾਰਨ ਨਾ ਸਿਰਫ਼ ਸਾਨੂੰ ਮੰਦਭਾਗੀਆਂ ਘਟਨਾਵਾਂ ਦਾ ਸ਼ਿਕਾਰ ਹੋਣਾ ਪੈਂਦਾ ਹੈ, ਸਗੋਂ ਸਮੇਂ ਦੀ ਭਾਰੀ ਬਰਬਾਦੀ ਵੀ ਹੋ ਰਹੀ ਹੈ, ਜਦੋਂਕਿ ਸਾਡੇ ਨੌਜਵਾਨ ਇਹੋ ਸਮਾਂ ਆਪਣਾ ਸੁਨਹਿਰੀ ਭਵਿੱਖ ਬਣਾਉਣ ਲਈ ਵਰਤ ਸਕਦੇ ਹਨ।