ਸ਼੍ਰੋਮਣੀ ਅਕਾਲੀ ਦਲ ਦੀਆਂ ਬਾਗੀਆਨਾ ਸਰਗਰਮੀਆਂ ਨੇ ਹੁਸ਼ਿਆਰਪੁਰ ਜ਼ਿਲ੍ਹੇ ਨੂੰੰ ਵੀ ਲਪੇਟ ‘ਚ ਲਿਆ

ਹੁਸ਼ਿਆਰਪੁਰ- ਸ਼੍ਰੋਮਣੀ ਅਕਾਲੀ ਦਲ ਬਾਦਲ ‘ਚ ਪਿਛਲੇ ਕਰੀਬ ਸਾਲ ਭਰ ਤੋਂ ਹੋ ਰਹੀਆਂ ਬਾਗੀਆਨਾ ਕਾਰਵਾਈਆਂ ਤੋਂ ਜ਼ਿਲਾ ਹੁਸ਼ਿਆਰਪੁਰ ਵੀ ਅਛੂਤਾ ਨਹੀਂ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ‘ਤੇ ਕਾਬਿਜ਼ ਸੁਖਬੀਰ ਸਿੰਘ ਬਾਦਲ ਤੇ ਸਮੁੱਚੇ ਬਾਦਲ ਪਰਿਵਾਰ ਵੱਲੋਂ ਆਪਣੇ ਸਮੇਂ ਦੇ ਬਹੁਤ ਵੱਡੇ ਸਿਆਸੀ ਆਗੂ ਕਹਾਉਂਦੇ ਰਹੇ ਸੀਨੀਅਰ ਅਕਾਲੀ ਆਗੂਆਂ ਨੂੰ ਖੁੱਡੇ ਲਾਈਨ ਲਗਾਉਣ ਤੋਂ ਸ਼ੁਰੂ ਹੋਈਆਂ ਬਾਗੀਆਨਾ ਕਾਰਵਾਈਆਂ ਅਧੀਨ ਪਹਿਲ਼ਾਂ ਰਣਜੀਤ ਸਿੰਘ ਬ੍ਰਹਮਪੁਰਾ,ਸੇਵਾ ਸਿੰਘ ਸੇਖਵਾਂ,ਡਾ.ਰਤਨ ਸਿੰਘ ਅਜਨਾਲਾ ਤੋਂ ਬਾਅਦ ਹੁਣ ਪਹਿਲੀ ਕਤਾਰ ਦੇ ਆਗੂ ਸਾਬਕਾ ਕੇਂਦਰੀ ਮੰਤਰੀ ਤੇ ਸਾਬਕਾ ਮੈਂਬਰ ਰਾਜ ਸਭਾ ਸੁਖਦੇਵ ਸਿੰਘ ਢੀਂਡਸਾ ਅਤੇ ਉਨ੍ਹਾਂ ਦੇ ਸਪੁਤੱਰ ਸਾਬਕਾ ਕੈਬਨਿਟ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਵੱਲੋਂ ਬਾਦਲ ਪਰਿਵਾਰ ਖਿਲਾਫ ਖੁੱਲ੍ਹ ਕੇ ਮੈਦਾਨ ਵਿੱਚ ਆ ਜਾਣ ਨਾਲ ਹੁਣ ਬਾਦਲ ਪਰਿਵਾਰ ਦੀ ਵੱਡੇ ਪੱਧਰ ‘ਤੇ ਕਿਰਕਿਰੀ ਹੋਣੀ ਸ਼ੁਰੂ ਹੋ ਗਈ ਹੈ।ਇਸ ਤੋਂ ਬਾਅਦ ਡੈਮੇਜ ਕੰਟਰੋਲ ਦੀ ਕੋਸ਼ਿਸ਼ ਤਹਿਤ ਸ਼੍ਰੋਮਣੀ ਅਕਾਲੀ ਦਲ ਵੱਲੋਂ ਢੀਂਡਸਾ ਪਰਿਵਾਰ ਦੇ ਪ੍ਰਭਾਵ ਵਾਲੇ ਇਲਾਕੇ ਵਿੱਚ ਨਾ ਸਿਰਫ ਪੰਜਾਬ ਪੱਧਰੀ ਰੈਲੀ ਕਰਵਾਈ ਗਈ, ਸਗੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਇਸ਼ਾਰੇ ‘ਤੇ ਕੁੱਝ ਅਕਾਲੀ ਆਗੂਆਂ ਰਾਹੀਂ ਢੀਂਡਸਿਆਂ ਖਿਲਾਫ ਬਿਆਨਬਾਜ਼ੀ ਦਾ ਦੌਰ ਵੀ ਗਿੱਣੀ ਮਿੱਥੀ ਨੀਤੀ ਤਹਿਤ ਆਰੰਭ ਕਰਵਾਇਆ ਗਿਆ। ਇਸ ਦੇ ਜਵਾਬ ਵਿੱਚ ਢੀਂਡਸਾ ਪਿਤਾ ਪੁੱਤਰ ਦੀ ਜੋੜੀ ਨੇ ਅਖਬਾਰੀ ਰਿਪੋਰਟਾਂ ਵਿੱਚ ਸੁਖਬੀਰ ਸਿੰਘ ਬਾਦਲ ‘ਤੇ ਤਾਨਾਸ਼ਾਹੀ ਦਾ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਬਿਨਾਂ ਕਿਸੇ ਨੋਟਿਸ ਦੇ ਜਿਸ ਢੰਗ ਨਾਲ ਉਨ੍ਹਾਂ ਨੂੰ ਕਾਹਲੀ ਨਾਲ ਪਾਰਟੀ ਵਿੱਚੋਂ ਕੱਢਣ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ, ਇਹ ਨਾ ਸਿਰਫ ਤਾਨਾਸ਼ਾਹੀ ਦਾ ਸਿੱਧਾ ਸਿੱਧਾ ਸਬੂਤ ਹੈ, ਸਗੋਂ ਇਹ ਸਾਬਿਤ ਕਰਨ ਲਈ ਕਾਫੀ ਹੈ ਕਿ ਪਾਰਟੀ ਵਿੱਚ ਲੋਕਤੰਤਰੀ ਰਿਵਾਇਤਾਂ ਦਾ ਭੋਗ ਪੈ ਚੁੱਕਾ ਹੈ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਪੱਧਰੀ ਰੈਲੀ ਦੇ ਜਵਾਬ ਵਿੱਚ ਆਪਣੇ ਹਿਮਾਇਤੀਆਂ ਦਾ ਕੇਵਲ ਜ਼ਿਲਾ ਪੱਧਰੀ ਰੈਲੀ ਵਿੱਚ ਹੀ ਇੰਨਾ ਇੱਕਠ ਕਰ ਦੇਣ ਦਾ ਦਮ ਵੀ ਭਰਿਆ ਹੈ।

Send this to a friend