ਸੜਕਾਂ ‘ਤੇ ਬੇਖੌਫ ਘੁੰਮ ਰਹੇ ਆਵਾਰਾ ਪਸ਼ੂਆਂ ਕਾਰਨ ਲੋਕ ਪ੍ਰੇਸ਼ਾਨ, ਪ੍ਰਸ਼ਾਸ਼ਨ ਕਿਸੇ ਵੱਡੇ ਹਾਦਸੇ ਦੀ ਊਡੀਕ ‘ਚ
ਸ੍ਰੀ ਆਨੰਦਪੁਰ ਸਾਹਿਬ- ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਚ ਦਿਨੋਂ ਦਿਨ ਵੱਧ ਰਹੀ ਅਵਾਰਾ ਪਸ਼ੂਆਂ ਦੀ ਗਿਣਤੀ ਕਾਰਨ ਸਥਾਨਕ ਲੋਕਾਂ ਵਿਚ ਸਹਿਮ ਦਾ ਮਾਹੋਲ ਬਣਿਆ ਹੋਇਆ ਹੈ। ਕਿਉਂਕਿ ਲੱਗਭਗ ਤਿੰਨ-ਤਿੰਨ ਦਰਜਨਾਂ ਦੀ ਗਿਣਤੀ ਵਿਚ ਅਵਾਰਾ ਪਸ਼ੂ ਝੁੰਡ ਬਣਾ ਕੇ ਸ਼ਹਿਰ ਵਿਚ ਘੁੰਮਦੇ ਹਨ ਜੋ ਮਨੁੱਖੀ ਜਾਨਾਂ ਲਈ ਜਾਨਲੇਵਾ ਸਾਬਿਤ ਹੋ ਰਹੇ ਹਨ। ਸ਼ਹਿਰ ਦੀਆਂ ਸੜਕਾਂ ‘ਤੇ ਬੇਖੌਫ ਘੁੰਮ ਰਹੇ ਅਵਾਰਾ ਪਸ਼ੂਆਂ ਤੋਂ ਆਮ ਸ਼ਹਿਰੀ ਦੁੱਖੀ ਹੀ ਨਹੀਂ ਹਨ ਬਲਕਿ ਕਈ ਸੜਕੀ ਹਾਦਸਿਆਂ ਦੇ ਸ਼ਿਕਾਰ ਵੀ ਹੋ ਚੁੱਕੇ ਹਨ। ਜਦਕਿ ਪ੍ਰਸ਼ਾਸਨ ਇਸ ਬਾਰੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਗੰਭੀਰ ਨਹੀਂ ਜਾਪ ਰਿਹਾ ਸਗੋਂ ਕਿਸੇ ਵੱਡੇ ਹਾਦਸੇ ਦੀ ਊਡੀਕ ਕਰ ਰਿਹਾ ਹੈ।
ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਦੀਆਂ ਸੜਕਾਂ ‘ਤੇ ਸ਼ਰੇਆਮ ਘੁੰਮ ਰਹੇ ਤੇ ਹਾਦਸਿਆਂ ਦਾ ਕਾਰਨ ਬਣ ਰਹੇ ਅਵਾਰਾ ਪਸ਼ੂਆਂ ਦੀ ਜੇਕਰ ਗੱਲ ਕਰ ਲਈ ਜਾਵੇ ਤਾਂ ਗਾਵਾਂ ਹੋਣ, ਸਾਨ੍ਹ ਹੋਣ ਜਾਂ ਅਵਾਰਾ ਕੁੱਤੇ ਹੀ ਕਿਉਂ ਨਾ ਹੋਣ ਇਹ ਸਾਰੇ ਆਮ ਸ਼ਹਿਰੀਆਂ ਦੇ ਲਈ ਵੱਡੀ ਸਿਰਦਰਦੀ ਦਾ ਕਾਰਨ ਬਣੇ ਹੋਏ ਹਨ। ਹੋਰ ਤਾਂ ਹੋਰ ਸਕੂਲ ਜਾਣ ਵਾਲੇ ਬੱਚੇ, ਆਮ ਰਾਹਗੀਰਾਂ ਅਤੇ ਬਜ਼ੁਰਗਾਂ ਦੇ ਲਈ ਇਹ ਅਵਾਰਾ ਪਸ਼ੂ ਪ੍ਰੇਸ਼ਾਨੀ ਦਾ ਸਬੱਬ ਹਨ। ਕਿਉਂਕਿ ਸੜਕ ‘ਤੇ ਗੁਜ਼ਰਨ ਸਮੇਂ ਇਹ ਪਸ਼ੂ ਇੱਕਦਮ ਵਿਚਾਲੇ ਆ ਜਾਂਦੇ ਹਨ ਤੇ ਲੋਕਾਂ ਨੂੰ ਹਾਦਸੇ ਦਾ ਸ਼ਿਕਾਰ ਹੋਣਾ ਪੈਂਦਾ ਹੈ। ਇਹਨਾਂ ਪਸ਼ੂਆਂ ਨੂੰ ਕਚਿਹਰੀ ਰੋਡ, ਹਸਪਤਾਲ ਦੇ ਨੇੜੇ, ਬੱਸ ਸਟੈਂਡ, ਮੇਨ ਬਜ਼ਾਰ, ਰਵਿਦਾਸ ਚੌਂਕ, ਚਰਨ ਗੰਗਾ ਸਟੇਡੀਅਮ ਆਦਿ ਥਾਵਾਂ ਹਰ ਵੇਲੇ ਦੇਖਿਆ ਜਾ ਸਕਦਾ ਹੈ। ਵੀ ਆਈ ਪੀ ਪਾਰਕਿੰਗ ਵਿਚ ਲੱਗਣ ਵਾਲੀ ਸਬਜ਼ੀ ਮੰਡੀ ਵਿਚ ਵੀ ਪਸ਼ੂਆਂ ਕਾਰਨ ਸਬਜੀ ਖ੍ਰੀਦਣ ਅਤੇ ਵੇਚਣ ਵਾਲਿਆਂ ਨੂੰ ਭਾਰੀ ਪ੍ਰੇਸ਼ਾਨੀ ਹੁੰਦੀ ਹੈ। ਜਿਆਦਾ ਖੌਫ ਤਾਂ ਉਸ ਸਮੇਂ ਪੈਦਾ ਹੁੰਦਾ ਹੈ ਜਦੋਂ ਇਹ ਪਸ਼ੂ ਆਪਸ ਵਿਚ ਲੜ ਪੈਂਦੇ ਹਨ ਜਿਸ ਕਾਰਨ ਕਾਫੀ ਲੋਕ ਇਸ ਦੁਰਘਟਨਾ ਦਾ ਸ਼ਿਕਾਰ ਵੀ ਹੋ ਚੁੱਕੇ ਹਨ। ਸ਼ਹਿਰਵਾਸੀ ਜਿਨ੍ਹਾਂ ਵਿੱਚ ਜਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਮੈਂਬਰ ਆਤਮਾ ਸਿੰਘ, ਸਮਾਜ ਸੇਵੀ ਜਸਵਿੰਦਰ ਸਿੰਘ ਢਿੱਲੌਂ, ਤਰਲੋਚਨ ਸਿੰਘ ਚੱਠਾ, ਸਰਬਜੀਤ ਸਿੰਘ ਰੈਣੂੰ, ਮਾਤਾ ਗੁਰਚਰਨ ਕੌਰ, ਦਵਿੰਦਰ ਸਿੰਘ, ਜਤਿੰਦਰ ਸਿੰਘ, ਮਹਿੰਦਰਮੋਹਨ ਸਿੰਘ, ਅਮਰਦੀਪ ਸਿੰਘ, ਗੁਰਪ੍ਰੀਤ ਸਿੰਘ, ਦਰਸ਼ਨ ਸਿੰਘ, ਪ੍ਰਸ਼ਾਂਤ ਵੋਹਰਾ, ਧੀਰਜ ਘਈ, ਸਤਿੰਦਰਪਾਲ ਸਿੰਘ, ਹਰਸਿਮਰਨ ਸਿੰਘ, ਨਵੀਨ ਪੁਰੀ, ਕੁਲਦੀਪ ਸਿੰਘ ਆਦਿ ਨੇ ਪ੍ਰਸ਼ਾਸ਼ਨ ਤੋਂ ਪੂਰਜੋਰ ਮੰਗ ਕੀਤੀ ਹੈ ਕਿ ਇਹਨਾਂ ਪਸ਼ੂਆਂ ਦੇ ਹੱਲ ਲਈ ਕੋਈ ਯੋਗ ਕਦਮ ਚੁੱਕਿਆ ਜਾਵੇ ਤਾਂ ਜੋ ਸਥਾਨਕ ਲੋਕ ਵੀ ਸੁਖ ਦਾ ਸਾਹ ਲੈ ਸਕਣ।
– ਦਵਿੰਦਰਪਾਲ ਸਿੰਘ/ ਅੰਕੁਸ਼
ਪੱਤਰਕਾਰ ‘ਪੰਜਾਬ ਟਾਇਮਜ਼’



