Skip to content
Independent perspectives. Global stories.
BREAKING

ਗੁਰਬਾਣੀ ਦਾ ਗੁਰਸਿੱਖ ਦੇ ਜੀਵਨ ‘ਚ ਅਰਥ

Share this story

ਕਈ ਵਰ੍ਹਿਆਂ ਤੋਂ ਦੁਹਰਾਇਆ ਜਾ ਰਿਹਾ ਹੈ ਕਿ ਗੁਰਬਾਣੀ ਸਿਰਫ ਪੜ੍ਹਨ, ਸੁਣਨ ਤੱਕ ਸੀਮਤ ਨਹੀਂ, ਇਸ ਤੇ ਅਮਲ ਕਰਨਾ ਚਾਹੀਦੇ। ਹਰ ਗੁਰਸਿੱਖ ਇਸ ਨਾਲ ਸਹਿਮਤ ਹੁੰਦਾ ਹੈ ਕਿ ਗੁਰਬਾਣੀ ਦੀ ਸਾਰਥਕਤਾ ਉਸ ਨੂੰ ਜੀਵਨ ਦਾ ਆਧਾਰ ਬਣਾਉਣ ‘ਚ ਹੀ ਹੈ। ਇਕ ਆਸ ਜਨਮ ਲੈਂਦੀ ਹੈ ਕਿ ਗੁਰੂ ਨਾਨਕ ਸਾਹਿਬ ਦਾ ਆਰੰਭ ਕੀਤਾ ਮਿਸ਼ਨ ਪ੍ਰਫੁੱਲਿਤ ਰਹ ਕੇ ਲੋਕਾਈ ਨੂੰ ਸਦਾ ਰੋਸ਼ਨ ਕਰਦਾ ਰਹੇਗਾ। ਪਰ ਫਿਰ ਚਿੰਤਾ ਵੀ ਹੁੰਦੀ ਹੈ ਕਿ ਵਾਰ ਵਾਰ ਇਹ ਗੱਲ ਕਿਉਂ ਕਰਨੀ ਪੈ ਰਹੀ ਹੈ ਕਿ ਗੁਰਸਿੱਖ ,ਗੁਰਬਾਣੀ ਤੇ ਅਮਲ ਕਰਣ। ਜੋਰ ਨਾਲ ਕਿਹਾ ਜਾ ਰਿਹਾ ਹੈ , ਦਿਨ ਰਾਤ ਕਿਹਾ ਜਾ ਰਿਹਾ ਹੈ ਕਿ ਗੁਰਬਾਣੀ ਤੇ ਚੱਲੋ ਪਰ ਵਿਰਲੇ ਹੀ ਗੁਰਬਾਣੀ ਤੇ ਚੱਲਣ ਵਾਲੇ ਮਿਲਦੇ ਹਨ। ਪ੍ਰਤੀਤ ਹੁੰਦਾ ਹੈ ਕਿ ਸਿੱਖ ਕੌਮ ਵੱਡੀ ਦੁਵਿਧਾ ਵਿੱਚ ਫਂਸੀ ਹੋਈ ਹੈ ਕਿ ਗੁਰਬਾਣੀ ਤੇ ਚੱਲਣਾ ਕਿਵੇਂ ਹੈ। ਆਪੋ ਆਪਣੀ ਵਿਆਖਿਆ ਨੇ ਵਿਸ਼ਾ ਭਾਰੀ ਗੁੰਝਲਦਾਰ ਬਣਾ ਦਿੱਤਾ ਹੈ। ਗੁਰਬਾਣੀ ਦਾ ਸਰਲ ਤੇ ਵਿਉਹਾਰਕ ਸੁਨੇਹਾ ਪ੍ਰਚਾਰਕਾਂ ਦੀ ਵੱਡੀ ਬਹਿਸ ਤੇ ਆਪਣੀ ਬੌਧਿਕ ਕਾਬਲੀਅਤ ਸਿੱਧ ਕਰਣ ਦਾ ਅਦਾਰਾ ਬਣ ਕੇ ਰਹਿ ਗਿਆ ਹੈ। ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਤੇ ਵੀ ਹਰ ਮੰਚ ਤੋਂ ਇਹੋ ਕਿਹਾ ਗਿਆ ਕਿ ਗੁਰੂ ਸਾਹਿਬ ਦੀ ਦਰਸਾਈ ਰਾਹ ਤੇ ਚੱਲਣ ‘ਚ ਹੀ ਹਿਤ ਹੈ। ਆਮ ਤੌਰ ਤੇ ਲੰਗਰ ਜਾਂ ਨਾਮ ਜਪੋ ,ਕਿਰਤ ਕਰੋ, ਵੰਡ ਛਕੋ ਦੇ ਸੰਦਰਭ ਚਰਚਾ ਵਿੱਚ ਰਹੇ। ਇਹ ਵੀਚਾਰ ਹੋਇਆ ਹੀ ਨਹੀਂ ਕਿ ਗੁਰਬਾਣੀ ਦੀ ਪ੍ਰੇਰਨਾ ਕੀ ਹੈ। ਭਾਈ ਗੁਰਦਾਸ ਜੀ ਦਾ ਕਥਨ ਚਰਚਾ ‘ਚ ਆਇਆ ਹੀ ਨਹੀਂ ਕਿ ਭਇਆ ਅਨੰਦ ਜਗਤੁ ਵਿਚਿ ਕਲਿ ਤਾਰਨ ਗੁਰੁ ਨਾਨਕ ਆਇਆ “। ਪਹਿਲੀ ਜੋਤ ਤੋਂ ਦੱਸਵੀਂ ਗੁਰੂ ਨਾਨਕ ਜੋਤ ਦਾ ਮਿਸ਼ਨ ਮਨੁੱਖਤਾ ਨੂੰ ਕਲਿਯੁਗ ਦੇ ਬਿਖ ਤੋਂ ਬਾਹਰ ਕੱਢਣਾ ਤੇ ਸਹਿਜ ਆਨੰਦ ਵਿੱਚ ਲਿਆਉਣਾ ਸੀ। ਇਹ ਮਿਸ਼ਨ ਅੰਤਰ ਅਵਸਥਾ ਬਦਲਣ ਦਾ ਸੀ। ਗੁਰਬਾਣੀ ਭੌਤਿਕ ਜਗਤ ਦੇ ਮਨੁੱਖ ਨਾਲ ਨਹੀਂ ਕਲਿਜੁਗ ਦੇ ਦੁੱਖਾਂ ਨਾਲ ਤ੍ਰਾਹਿ ਤ੍ਰਹਿ ਕਰ ਰਹੀ ਜੀਵਾਤਮਾ ਨਾਲ ਸੰਵਾਦ ਹੈ। ਗੁਰਬਾਣੀ ਸਦਾ ਹੀ ਕਾਲ , ਅਕਾਲ ਪੁਰਖ ਤੇ ਇਨ੍ਹਾਂ ਤੋਂ ਜਨਮ ਲੈਣ ਵਾਲੇ ਵੀਚਾਰ ਨੂੰ ਕੇਂਦਰ ਵਿੱਚ ਰੱਖਦੀ ਹੈ “ ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ। ਗੁਰਬਾਣੀ ਮਨੁੱਖੀ ਹੋਂਦ ਨੂੰ ਕਰਮਾਂ ਦੀ ਖੇਡ ਮੰਨਦੀ ਹੈ ਤੇ ਜੀਵਨ ਮੁਕਤ ਹੋਣ ਲਈ ਪਰਮਾਤਮਾ ਦੀ ਮਿਹਰ ਪ੍ਰਾਪਤ ਕਰਣ ਦੀ ਪ੍ਰੇਰਨਾ ਦਿੰਦੀ ਹੈ। ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ “। ਗੁਰੂ ਦੀ ਸ਼ਰਣ ਆਉਣ ਦਾ ਇੱਕੋ ਇੱਕ ਮਨੋਰਥ ਹੈ ਜੀਵਨ ਮੁਕਤ ਹੋਣਾ “ਸਤਿਗੁਰ ਕੈ ਜਨਮੈ ਗਵਨੁ ਮਿਟਾਇਆ। ਗੁਰੂ ਸਾਹਿਬਾਨ ਦੇ ਮਿਸ਼ਨ ਨੂੰ ਸਮਾਜਿਕ ਬਰਾਬਰੀ, ਕਰਮਕਾਂਡ –ਪਖੰਡ ਦੇ ਖੰਡਣ, ਭਾਈਚਾਰੇ ਜਾਂ ਪ੍ਰੇਮ, ਸ਼ਾਂਤੀ ਜਿਹੇ ਸ਼ਬਦਾਂ ਵਿੱਚ ਸਮੇਟਨਾ ਉਸ ਦੀ ਮਹਾਨਤਾ ਦੀ ਬੇਕਦਰੀ ਤੇ ਘਾਣ ਹੈ। ਗੁਰਬਾਣੀ ਮਨੁੱਖ ਨੂੰ ਉਸ ਰਾਹ ਤੇ ਲਿਜਾਣਾ ਚਾਹੁੰਦੀ ਹੈ ਜਿਸ ਤੇ ਸਾਰੀਆਂ ਕਾਮਨਾਵਾਂ ,ਵਾਸਨਾਵਾਂ ਤੇ ਵਿਕਾਰ ਤੋਂ ਮੁਕਤ ਹੋ ਮਨ ਨਿਰਮਲ ਹੋ ਜਾਏ ਤੇ ਪਰਮਾਤਮਾ ਦੀ ਸ਼ਰਣ ਜੋਗ ਬਣ ਸਕੇ।
ਮਨਸਾ ਆਸਾ ਸਬਦਿ ਜਲਾਈ
ਗੁਰਮੁਖਿ ਜੋਤਿ ਨਿਰੰਤਰਿ ਪਾਈ
(ਅੰਗ 940)
ਗੁਰਬਾਣੀ ਨਾਲ ਜੁੜਨ ਦਾ ਮਨੋਰਥ ਦੁਨਿਆਵੀ ਨਹੀਂ ਆਤਮਿਕ ਬਦਲਾਅ ਹੈ। ਗੁਰਬਾਣੀ ਸੰਸਾਰ ਦੇ ਸਚ ਨਾਲ ਪਛਾਣ ਕਰਾਉਂਦੀ ਹੈ। ਜਿਸ ਨਾਲ ਮਨੁੱਖ ਨੇ ਮੋਹ ਲਾਇਆ ਹੈ ਉਹ ਸਭ ਕੁਝ ਨਾਸ਼ਵਾਨ ਹੈ।
ਕਿਆ ਮਾਗਉ ਕਿਛੁ ਥਿਰੁ ਨ ਰਹਾਈ
ਦੇਖਤ ਨੈਨ ਚਲਿਓ ਜਗੁ ਜਾਈ
(ਅੰਗ 481)
ਭਗਤ ਕਬੀਰ ਜੀ ਦਾ ਉਪਰੋਕਤ ਵਚਨ ਮਨੁੱਖ ਦੀ ਹਰ ਕਾਮਨਾ, ਵਾਸਨਾ ਤੇ ਲਗਾਮ ਲਾਉਣ ਵਾਲਾ ,ਉਸ ਨੂੰ ਮਿਥਿਆ ਸਿੱਧ ਕਰਣ ਵਾਲਾ ਹੈ। ਇਹੋ ਉਦਾਸੀ ਦੀ ਰੀਤ ਸੀ ਜੋ ਭਾਈ ਗੁਰਦਾਸ ਜੀ ਮੁਤਾਬਕ ਗੁਰੂ ਨਾਨਕ ਸਾਹਿਬ ਨੇ ਮਨੁੱਖਤਾ ਨੂੰ ਦੁੱਖਾਂ ਤੋਂ ਮੁਕਤ ਕਰਣ ਲਈ ਚਲਾਈ ਸੀ। ਸੰਸਾਰਕ ਕਾਮਨਾਵਾਂ ਤੋਂ ਉਦਾਸ ਹੋ ਜਾਣਾ ਹੀ ਗੁਰਬਾਣੀ ਦੀ ਰਾਹ ਤੇ ਤੁਰ ਪੈਣਾ ਹੈ। ਇਹ ਬਹੁਤ ਹੀ ਕਠਿਨ ਹੈ “ ਜਤਨ ਬਹੁਤੁ ਮੈ ਕਰਿ ਰਹਿਓ ਮਿਟਿਓ ਨ ਮਨ ਕੋ ਮਾਨੁ। ਪਰਮਾਤਮਾ ਦੀ ਮਿਹਰ ਨਾਲ ਹੀ ਉਦਾਸੀ ਭਾਵ ਸਹਿਜ ਤੇ ਨਿਰਲੇਪ ਅਵਸਥਾ ਪ੍ਰਾਪਤ ਹੁੰਦੀ ਹੈ।“ ਦੁਰਮਤਿ ਸਿਉ ਨਾਨਕ ਫਧਿਓ ਰਾਖਿ ਲੇਹੁ ਭਗਵਾਨ। ਗੁਰਬਾਣੀ ਹੀ ਮੁਕਤੀ ਦਾ ਦੁਆਰ ਹੈ ਗੁਰ ਕੈ ਸਬਦਿ ਜੋ ਮਰਿ ਜੀਵੈ ਸੋ ਪਾਏ ਮੋਖ ਦੁਆਰੁ। ਗੁਰਬਾਣੀ ਦੀ ਰਾਹ ਤੇ ਚੱਲਨ ਦਾ ਫਲ ਸੰਸਾਰਕ ਭੋਗ ਵਿਲਾਸ, ਵਾਸਨਾਵਾਂ, ਕਾਮਨਾਵਾਂ ਨਾਲ ਭਰੇ ਭੌਤਿਕ ਜੀਵਨ ਦੀ ਮੌਤ ਤੇ ਪਰਮਾਤਮਾ ਦੇ ਭਰੋਸੇ ਨਾਲ ਭਰਪੂਰ ਆਤਮਿਕ ਜੀਵਨ ਦਾ ਜਨਮ ਹੈ। ਇਸ ਬਿਨਾ ਦੁੱਖਾਂ ਦਾ ਅੰਤ ਨਹੀਂ ਹੋ ਸੱਕਦਾ। ਗੁਰਸਿੱਖ ਦੀ ਸੱਚੀ ਕਿਰਤ ਭੌਤਿਕ ਜੀਵਨ ਦੇ ਰਜੇਵੇਂ ਦੀ ਨਹੀਂ ਆਤਮਿਕ ਜੀਵਨ ਦੀ ਪ੍ਰਾਪਤੀ ਦੀ ਹੈ।
ਗੁਰਮੁਖਿ ਰਤਨੁ ਲਹੈ ਲਿਵ ਲਾਇ
ਗੁਰਮੁਖਿ ਪਰਖੈ ਰਤਨੁ ਸੁਭਾਇ
ਗੁਰਮੁਖਿ ਸਾਚੀ ਕਾਰ ਕਮਾਇ
ਗੁਰਮੁਖਿ ਸਾਚੇ ਮਨੁ ਪਤਿਆਇ
( ਪੰਨਾ 942)
ਗੁਰਸਿੱਖ ਦੀ ਭਗਤੀ ਮਨ ਨੂੰ ਪਰਮਾਤਮਾ ਨਾਲ ਜੋੜਨਾ ਤੇ ਪਰਮਾਤਮਾ ਲਈ ਸ਼ਰਧਾ – ਭਾਵਨਾ ਨੂੰ ਜੀਵਨ ਦਾ ਢੰਗ ਬਣਾ ਲੈਣਾ ਹੈ। ਗੁਰਸਿੱਖ ਦੀ ਭਗਤੀ ਦਾ ਮਨੋਰਥ ਜੀਵਨ ਅੰਦਰ ਸ੍ਰੇਸ਼ਟ ਗੁਣ ਧਾਰਨ ਕਰਨਾ ਹੈ ਤੇ ਮਨ ਪਰਮਾਤਮਾ ਦੇ ਭਰੋਸੇ ਤੇ ਟਿਕਾ ਦੇਣਾ ਹੈ। ਪਰਮਾਤਮਾ ਤੇ ਭਰੋਸਾ ਟਿਕਾਉਣ ਵਾਲੇ ਗੁਰਸਿੱਖ ਤੇ ਪਰਮਾਤਮਾ ਆਪ ਮਿਹਰ ਕਰਦਾ ਹੈ ਤੇ ਗੁਰ ਸ਼ਬਦ ਮਨ ਅੰਦਰ ਦ੍ਰਿੜ੍ਹ ਕਰ ਦਿੰਦਾ ਹੈ “ ਨਦਰਿ ਕਰੇ ਸ਼ਬਦੁ ਘਟ ਮਹਿ ਵਸੈ ਵਿਚਹੁ ਭਰਮੁ ਗਵਾਏ। ਸਾਰੇ ਭਰਮ ਮਿਟ ਜਾਂਦੇ ਹਨ, ਕੋਈ ਸ਼ੰਕਾ ਨਹੀ ਰਹਿੰਦੀ ਤੇ ਸੰਸਾਰ ਦੇ ਕੂੜ ਦਾ ਸਚ ਸਾਹਮਣੇ ਆ ਜਾਂਦਾ ਹੈ। ਪਾਵਨ ਗੁਰਬਾਣੀ ਦਾ ਵਾਸ ਮਨ ਤੇ ਤਨ ਨਿਰਮਲ ਕਰਨ ਵਾਲਾ ਤੇ ਪਰਮਾਤਮਾ ਤੇ ਵਿਸ਼ਵਾਸ ਦ੍ਰਿੜ੍ਹ ਕਰਣ ਵਾਲਾ ਹੈ “ ਤਨੁ ਮਨੁ ਨਿਰਮਲੁ ਨਿਰਮਲ ਬਾਣੀ ਨਾਮੁ ਮੰਨਿ ਵਸਾਏ। ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਗੁਰਬਾਣੀ ਦੇ ਸਭ ਤੋਂ ਵਿਸਮਾਦੀ ਕੌਤਕ ਬਾਰੇ ਵੀ ਵਚਨ ਕੀਤੇ।
ਸਬਦਿ ਗੁਰੂ ਭਵ ਸਾਗਰੁ ਤਰੀਐ ਇਤ ਉਤ ਏਕੋ ਜਾਣੈ
ਚਿਹਨੁ ਵਰਨੁ ਨਹੀ ਛਾਇਆ ਮਾਇਆ ਨਾਨਕ ਸਬਦੁ ਪਛਾਣੈ
( ਪੰਨਾ 944)
ਗੁਰਬਾਣੀ ਦਾ ਕੌਤਕ ਉਸ ਪਰਮਾਤਮਾ ਦੀ ਪਛਾਣ ਕਰਾਉਣਾ ਹੈ ਜੋ ਨਿਰਾਕਾਰ ਹੈ ,ਜਿਸ ਦਾ ਕੋਈ ਰੂਪ, ਰੇਖ, ਰੰਗ ,ਵਰਨ , ਚਿਹਨ ਨਹੀਂ ਹੈ। ਜਿਸ ਨੂੰ ਅਸੰਖ ਮੁਨੀ , ਸੰਤ, ਜਤੀ, ਤਪੀ ਖੋਜ ਰਹੇ ਹਨ ਤੇ ਸਾਰਾ ਜੀਵਨ ਕਠਿਨ ਤੋਂ ਕਠਿਨ ਸਾਧਨਾ ਵਿੱਚ ਲਾ ਦਿੰਦੇ ਹਨ। ਗੁਰਬਾਣੀ ਇਹ ਕੌਤਕ ਸਹਿਜ ਹੀ ਵਰਤਾ ਦਿੰਦੀ ਹੈ“ ਸਬਦੇ ਹਉਮੈ ਮਾਰੀਐ ਮਾਇਆ ਕਾ ਭ੍ਰਮੁ ਜਾਇ , ਨਾਮੁ ਪਦਾਰਥੁ ਪਾਈਐ ਗੁਰਮੁਖਿ ਸਹਜਿ ਸੁਭਾਈ। ਪਰਮਾਤਮਾ ਦਾ ਸਰਬ ਵਿਆਪੀ ਰੂਪ ਹੀ ਨਹੀਂ ਪਰਗਟ ਹੁੰਦਾ ਗੁਰਸਿੱਖ ਸੰਸਾਰ ਦੇ ਸਾਰੇ ਦੁੱਖਾਂ ਤੋਂ ਮੁਕਤ ਹੋ ਜਾਂਦਾ ਹੈ ਤੇ ਆਵਾਗਮਨ ਦੇ ਚਕ੍ਰ ਤੋਂ ਬਾਹਰ ਨਿਕਲ ਆਉਂਦਾ ਹੈ “ ਸਚੀ ਬਾਣੀ ਸਿਉ ਚਿਤੁ ਲਾਗੈ ਆਵਣੁ ਜਾਣੁ ਰਹਾਏ “। ਗੁਰਬਾਣੀ ਮਨ ‘ਚ ਵਸ ਜਾਏ ਤਾਂ ਹੀ ਜੀਵਨ ਸਫਲ ਹੈ ਪਰ ਗੁਰਬਾਣੀ ਮਨ ਅੰਦਰ ਵਸ ਗਈ ਇਹ ਕਿਵੇਂ ਸਾਬਤ ਹੋਵੇਗਾ। ਅਸੰਖ ਗੁਰਸਿੱਖ ਗੁਰਬਾਣੀ ਦਾ ਪਾਠ ਕਰਦੇ ਸੁਣਦੇ ਹਨ। ਗੁਰਬਾਣੀ ਦਾ ਪਾਠ ਕਰਨਾ ਤੇ ਸੁਣਨਾ ਨਿਰਾ ਭੌਤਿਕ ਕਰਮ ਹੈ ਜਦੋਂ ਤੱਕ ਮਨ ਦੀ ਅਵਸਥਾ ਨਹੀਂ ਬਦਲਦੀ। ਮਨ ਅੰਦਰ ਸ਼ੁਭ ਭਾਵਨਾ ਜਨਮ ਨਹੀਂ ਲੈਂਦੀ। ਗੁਰਬਾਣੀ ਉਸ ਭਾਵਨਾ ਦੀ ਜਨਮ ਦਾਤਾ ਹੈ ਜੋ ਸਦੀਵੀ ਹੁੰਦੀ ਹੈ “ ਵਡਭਾਗੀ ਗੁਰੂ ਪਾਇਆ ਹਰਿ ਅਹਿਨਿਸਿ ਲਗਾ ਭਾਉ। ਇਹ ਭਾਵਨਾ ਹੀ ਸੰਸਾਰਕ – ਭੌਤਿਕ ਜੀਵਨ ਦੀ ਮੌਤ ਤੇ ਆਤਮਿਕ ਜੀਵਨ ਦੀ ਪ੍ਰਾਪਤੀ ਦਾ ਪ੍ਰਮਾਣ ਹੈ। ਗੁਰੂ ਰਾਮਦਾਸ ਜੀ ਨੇ ਵਚਨ ਕੀਤੇ ਕਿ ਉਹ ਵਡਭਾਗੀ ਹਨ ਜਿਨ੍ਹਾਂ ਅੰਦਰ ਦਿਨ ਰਾਤ ਪਰਮਾਤਮਾ ਦੀ ਭਗਤੀ ਦਾ ਭਾਵ ਚੱਲਦਾ ਹੈ। ਕਿਸੇ ਵਿਰਲੇ ਅੰਦਰ ਹੀ ਇਹ ਕੌਤਕ ਵਰਤਦਾ ਹੈ ਗੁਰਮੁਖਾ ਮਨਿ ਪਰਗਾਸੁ ਹੈ ਸੇ ਵਿਰਲੇ ਕੇਈ ਕੇਇ“। ਗੁਰਬਾਣੀ ਬਾਹਲੇ ਭੇਖ ਤੇ ਕਰਮ ਕਰਨ ਵਾਲੇ ਨਹੀਂ ਉਸ ਨੂੰ ਗੁਰਮੁਖ ਮੰਨਦੀ ਹੈ ਜਿਸ ਦੇ ਮਨ ਅੰਦਰ ਸਚ ਤੇ ਗਿਆਨ ਦਾ ਪ੍ਰਕਾਸ਼ ਹੋ ਗਿਆ ਹੈ ਤੇ ਜਿਸ ਨੇ ਗੁਰਮਤਿ ਅਨੁਸਾਰ ਪਰਮਾਤਮਾ ਨੂੰ ਪਛਾਣ ਲਿਆ ਹੈ ਹਉ ਬਲਿਹਾਰੀ ਤਿਨ ਕਉ ਜਿਨ ਹਰਿ ਪਾਇਆ ਗੁਰਮਤੇ।
ਗੁਰਬਾਣੀ ਪਰਮਾਤਮਾ ਨਾਲ ਮੇਲ ਦੀ ਜੋ ਰਾਹ ਵਿਖਾਉਂਦੀ ਹੈ ਉਸ ਤੋਂ ਸਹਿਜ ਤੇ ਸਰਲ ਕੁਝ ਹੋਰ ਨਹੀਂ ਹੋ ਸਕਦਾ।
ਸੁਣਿ ਹਰਿ ਕਥਾ ਉਤਾਰੀ ਮੈਲੁ
ਮਹਾ ਪੁਨੀਤ ਭਏ ਸੁਖ ਸੈਲੁ
ਵਡੈ ਭਾਗਿ ਪਾਇਆ ਸਾਧਸੰਗੁ
ਪਾਰਬ੍ਰਹਮ ਸਿਉ ਲਾਗੋ ਰੰਗੁ
(ਪੰਨਾ 178)
ਉਪਰੋਕਤ ਵਚਨ ਗੁਰੂ ਅਰਜਨ ਸਾਹਿਬ ਦਾ ਹੈ। ਗੁਰੂ ਸਾਹਿਬ ਨੇ ਹਰਿ ਜਸ ਤੇ ਸਾਧਸੰਗਤ ਨੂੰ ਮੁੱਖ ਰੱਖਿਆ ਹੈ। ਗੁਰਬਾਣੀ ਪਰਮਾਤਮਾ ਦੀ ਵਡਿਆਈ ਨੂੰ ਜਾਣਨ ,ਸਮਝਣ ਤੇ ਧਾਰਨ ਕਰਣ ਦੀ ਸਭ ਤੋਂ ਵੱਡੀ ਟੇਕ ਹੈ। ਗੁਰਸਿੱਖ ਦਾ ਮਨ ਗੁਰਬਾਣੀ ਅੰਦਰ ਪਰਗਟ ਹੋਈ ਪਰਮਾਤਮਾ ਦੀ ਮਹਿਮਾ ਨਾਲ ਜੁੜਨ ਦਾ ਜਤਨ ਕਰੇ। ਪਰਮਾਤਮਾ ਹੀ ਕਰਤਾ ਹੈ ,ਦਾਤਾ ਹੈ ਤੇ ਪਾਲਣਹਾਰ ਹੈ “ ਆਪੇ ਕਰੇ ਕਰਾਏ ਆਪੇ ,ਆਪੇ ਥਾਪਿ ਉਥਾਪੇ ਆਪੇ ,ਤੁਝ ਤੇ ਬਾਹਰਿ ਕਛੂ ਨ ਹੋਵੈ ਆਪੇ ਕਾਰੇ ਲਾਵਣਿਆ “। ਪਰਮਾਤਮਾ ਦੀ ਅਜਿਹੀ ਮਹਿਮਾ ਸਾਰੇ ਭਰਮ ਤੋੜਨ ਵਾਲੀ ਹੈ ਜੋ ਹਉਮੇ ਨੂੰ ਥਾਂ ਦੇਣ ਵਾਲਾ ਹੋਵੇ। ਗੁਰਬਾਣੀ ਮਨ ਨੂੰ ਨਿਮਾਣੀ ਅਵਸਥਾ ਵਿੱਚ ਲਿਜਾ ਕੇ ਪਰਮਾਤਮਾ ਦੇ ਹੁਕਮ ‘ਚ ਰਹਿਣਾ ਸਿਖਾਉਂਦੀ ਹੈ। ਮਨੁੱਖ ਨੂੰ ਸਮਝ ਆ ਜਾਂਦੀ ਹੈ ਕਿ “ ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ “। ਇਹ ਵਿਸ਼ਵਾਸ ਦ੍ਰਿੜ੍ਹ ਹੋਣ ਤੋਂ ਬਾਅਦ ਹੀ ਸਮਝ ਆਉਂਦੀ ਹੈ ਕਿ “ ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ “। ਆਪਣੇ ਔਗੁਣ ਪਛਾਣ ਕੇ ਪਰਮਾਤਮਾ ਦੇ ਗੁਣ ਵੇਖਣਾ ਹੀ ਗੁਰਬਾਣੀ ਦਾ ਸਫਲ ਗਾਇਨ ਹੈ ਜੋ ਸੁਖ ਦੇਣ ਵਾਲਾ ਹੈ। ਮਨੁੱਖ ਪਰਮਾਤਮਾ ਨੂੰ ਆਪਣਾ ਸੰਗੀ ਬਣਾ ਲਵੇ ਤੇ ਉਸ ਦੀ ਪ੍ਰੀਤਿ ਵਿੱਚ ਰੰਗ ਜਾਏ “ ਸੰਗਿ ਤੁਮਾਰੈ ਮੈ ਕਰੇ ਆਨੰਦਾ ਜੀਉ “। ਪਰਮਾਤਮਾ ਦੀ ਸੱਤਾ ,ਉਸ ਦੇ ਗੁਣ ਸਦਾ ਲਈ ਚੇਤਨਾ ਦਾ ਹਿੱਸਾ ਬਣ ਜਾਣ , ਪਰਮਾਤਮਾ ਨਿਕਟ ਤੋਂ ਨਿਕਟ ਵਿਖਾਈ ਦੇਣ ਲੱਗ ਪਏ ਤਾਂ ਮਨੁੱਖ ਦੇ ਭਾਗ ਜਾਗ ਉੱਠਦੇ ਹਨ “ ਵਡੈ ਭਾਗਿ ਪਾਇਆ ਸਾਧਸੰਗੁ “। ਗੁਰੂ ਅਰਜਨ ਸਾਹਿਬ ਨੇ ਕਿਹਾ ਕਿ ਪਰਮਾਤਮਾ ਦਾ ਜਸ ਗਾਇਨ ਕਰਨ ਵਾਲੇ ਤੇ ਸਾਧ ਸੰਗਤ ਕਰਣ ਵਾਲੇ ਭਾਵ ਪਰਮਾਤਮਾ ਨੂੰ ਆਪਣੀ ਪ੍ਰਤੀਤਿ ਬਣਾ ਲੈਣ ਵਾਲੇ ਗੁਰਸਿੱਖ ਦੇ ਜੀਵਨ ਕਰਮ ਆਪ ਹੀ ਨਿਰਮਲ ਹੋ ਜਾਂਦੇ ਹਨ “ ਜਿਨਿ ਪ੍ਰਭੁ ਧਿਆਇਆ ਸੁ ਸੋਭਾਵੰਤਾ ਜੀਉ ,ਜਿਸੁ ਸਾਧੂ ਸੰਗਤਿ ਤਿਸੁ ਸਭ ਸੁਕਰਣੀ ਜੀਉ। ਗੁਰਬਾਣੀ ਦਾ ਇਹ ਮਹਾਨ ਕਰਿਸ਼ਮਾ ਗੁਰਬਾਣੀ ਮਨ ਅੰਦਰ ਧਾਰਨ ਕਰ ਕੇ ਹੀ ਅਨੁਭਵ ਹੁੰਦਾ ਹੈ। ਗੁਰੂ ਅਰਜਨ ਸਾਹਿਬ ਦੇ ਵਚਨ ਇਸ ਸੰਦਰਭ ਵਿੱਚ ਸਦਾ ਚੇਤੇ ਰੱਖਨ ਜੋਗ ਹਨ
ਗੁਰ ਕਾ ਸਬਦੁ ਰਿਦ ਅੰਤਰਿ ਧਾਰੈ
ਪੰਚ ਜਨਾ ਸਿਉ ਸੰਗੁ ਨਿਵਾਰੈ
ਦਸ ਇੰਦ੍ਰੀ ਕਰਿ ਰਾਖੈ ਵਾਸਿ
ਤਾ ਕੈ ਆਤਮੈ ਹੋਇ ਪਰਗਾਸੁ
(ਪੰਨਾ 36)
ਗੁਰਬਾਣੀ ਗੁਰਸਿੱਖ ਦੇ ਅੰਤਰ ਨੂੰ ਰੋਸ਼ਨ ਕਰਣ ਵਾਲੀ ਅਖੰਡ, ਨਿਰੰਤਰ ਜੋਤ ਹੈ ਜੋ ਸੁਕਰਮ ਕਰਣ ਦਾ ਮਾਰਗ ਵਿਖਾਉਂਦੀ ਹੀ ਨਹੀਂ ਉਸ ਤੇ ਤੋਰਦੀ ਵੀ ਹੈ।

WRITTEN BY