Skip to content
Independent perspectives. Global stories.
BREAKING

ਘੁਣ ਵਾਂਗ ਖਾ ਰਹੀ ਏ ਸਾਡੇ ਸਮਾਜ ਨੂੰ ਦਾਜ ਦੀ ਇਹ ਭੈੜੀ ਪ੍ਰਥਾ

Share this story

ਪੁਰਾਣੇ ਸਮੇਂ ਤੋਂ ਇਹ ਰਿਵਾਜ ਚਲਦਾ ਆ ਰਿਹਾ ਹੈ ਕਿ ਵਿਆਹ ਵੇਲੇ ਧੀਆਂ ਦੇ ਮਾਂ-ਬਾਪ ਆਪਣੀ ਇੱਛਾ ਅਨੁਸਾਰ ਧੀ ਨੂੰ ਸੌਗਾਤ ਵਜੋਂ ਕੱਪੜੇ, ਗਹਿਣੇ ਅਤੇ ਘਰੇਲੂ ਵਰਤੋਂ ਦਾ ਸਮਾਨ ਦਿੰਦੇ ਸਨ ਪਰ ਅੱਜ ਦੇ ਸਮੇਂ ਵਿੱਚ ਇਹ ਰਿਵਾਜ ਇੱਕ ਲਾਹਨਤ, ਸਮਾਜਿਕ ਕਲੰਕ ਅਤੇ ਗੰਭੀਰ ਸਮੱਸਿਆ ਬਣ ਗਿਆ ਹੈ। ਪੁਰਾਤਨ ਸਮੇਂ ਵਿੱਚ ਵਿਆਹ ਨੂੰ ਦੋ ਸੁੰਦਰ ਰੂਹਾਂ ਦਾ ਮੇਲ ਮੰਨਿਆ ਜਾਂਦਾ ਸੀ, ਪਰ ਅੱਜ ਇਹ ਮਹਿਜ ਇੱਕ ਵਿਖਾਵਾ ਤੇ ਦੋ ਧਿਰਾਂ ਦੀ ਸੌਦੇਬਾਜੀ ਦਾ ਸਟੰਟ ਬਣ ਕੇ ਰਹਿ ਗਿਆ ਹੈ। ਮੰਨਿਆ ਕਿ ਸਾਡੇ ਸਮਾਜ ਵਿੱਚ ਅੱਜ ਅਨੇਕਾਂ ਹੀ ਕੁਰੀਤੀਆਂ ਹਨ ਪਰ ਦਾਜ ਦੀ ਪ੍ਰਥਾ ਇਹਨਾਂ ਸਾਰਿਆਂ ਵਿੱਚੋਂ ਪਹਿਲੇ ਨੰਬਰ ਤੇ ਹੈ। ਸਮੇਂ ਦੇ ਅਨੁਸਾਰ ਕਈ ਸਮਾਜ ਸੁਧਾਰਕਾਂ ਨੇ ਇਹਨਾਂ ਕੁਰੀਤੀਆਂ ਨੂੰ ਦੂਰ ਕਰਨ ਦੇ ਯਤਨ ਕੀਤੇ ਪਰ ਫਿਰ ਵੀ ਪੂਰੀ ਤਰ੍ਹਾਂ ਨਾਲ ਇਸ ਨੂੰ ਸਫ਼ਲਤਾ ਨਾ ਮਿਲ ਸਕੀ ਸਗੋਂ ਦਾਜ ਦੀ ਇਹ ਭੈੜੀ ਪ੍ਰਥਾ ਦਿਨੋ-ਦਿਨ ਆਪਣਾ ਭਿਆਨਕ ਰੂਪ ਹੀ ਧਾਰਨ ਕਰਦੀ ਗਈ। ਜੇਕਰ ਅਸੀਂ ਅੱਜ ਇਸ ਕੁਰੀਤੀ ਨੂੰ ਗੰਭੀਰਤਾ ਨਾਲ ਵਿਚਾਰੀਏ ਤਾਂ ਸਾਡਾ ਸਿਰ ਸ਼ਰਮ ਨਾਲ ਝੁੱਕ ਜਾਂਦਾ ਹੈ। ਅਸਲ ਵਿੱਚ ਇਸ ਦੀ ਸ਼ੁਰੂਆਤ ਤਾਂ ਪੁਰਾਣੇ ਸਮੇਂ ਤੋਂ ਹੀ ਗਿਣੀ ਜਾਂਦੀ ਹੈ ਜਦ ਲੜਕੀ ਨੂੰ ਉਸ ਦੇ ਵਿਆਹ ਵੇਲੇ ਸੌਗਾਤ ਦੇ ਰੂਪ ਵਿੱਚ ਉਸ ਨੂੰ ਲੋੜਵੰਦ ਵਸਤਾਂ ਦਿੱਤੀਆਂ ਜਾਂਦੀਆਂ ਸਨ। ਅਕਸਰ ਇਸ ਦਾ ਜਿਕਰ ਸਾਡੀਆਂ ਪੁਰਾਣੀਆਂ ਲੋਕਗਾਥਾਵਾਂ ਵਿੱਚ ਵੀ ਮਿਲਦਾ ਹੈ। ਸੰਸਕਾਰੀ ਲੋਕ ਲੜਕੀ ਦਾ ਆਪਣੇ ਘਰੋਂ ਖ਼ਾਲੀ ਹੱਥ ਜਾਣਾ ਚੰਗਾ ਨਹੀਂ ਸਮਝਦੇ ਸਨ ਕੁਝ ਧਨਾਢ ਲੋਕ ਤਾਂ ਆਪਣੀ ਪੂੰਜੀ ਤੇ ਜਾਇਦਾਦ ਵਿੱਚੋਂ ਲੜਕੀ ਨੂੰ ਦਾਜ ਦੇ ਰੂਪ ਵਿੱਚ ਕੁਝ ਹਿੱਸਾ ਦੇਣਾ ਆਪਣਾ ਫ਼ਰਜ ਸਮਝਦੇ ਸਨ। ਪੁਰਾਤਨ ਸਮੇਂ ਵਿੱਚ ਰਾਜੇ, ਮਹਾਰਾਜੇ ਵੀ ਆਪਣੀਆਂ ਲੜਕੀਆਂ ਦਾ ਸੁਅੰਬਰ ਰਚਾ ਕੇ ਉਹਨਾਂ ਦੇ ਵਿਆਹ ਵਿੱਚ ਢੇਰ ਸਾਰਾ ਦਾਜ ਦਿੰਦੇ ਸਨ। ਰਾਜਾ ਜਨਕ ਨੇ ਵੀ ਮਾਤਾ ਸੀਤਾ ਨੂੰ ਦਹੇਜ ਵਿੱਚ ਕਾਫੀ ਧਨ ਦੌਲਤ ਨਾਲ ਨਿਵਾਜਿਆ ਤੇ ਰਾਜਾ ਦਸ਼ਰਥ ਦੀ ਰਾਣੀ ਕੈਕਈ ਨੂੰ ਵੀ ਅਨੇਕਾਂ ਪਿੰਡ ਦਾਜ ਦੇ ਰੂਪ ਵਿੱਚ ਦਿੱਤੇ ਗਏ ਸਨ ਜਿਨਾਂ ਦਾ ਜਿਕਰ ਹਿੰਦੂ ਧਰਮ ਨਾਲ ਸਬੰਧਤ ਪੁਰਾਣੇ ਸਰੋਤਾਂ ਵਿੱਚੋਂ ਅਕਸਰ ਮਿਲਦਾ ਹੈ। ਰਾਜਿਆਂ ਤੋਂ ਹੌਲੀ ਹੌਲੀ ਇਹ ਪ੍ਰਥਾ ਉਹਨਾਂ ਦੇ ਦਰਬਾਰੀਆਂ ਵਿੱਚ ਆਈ ਤੇ ਫਿਰ ਸਮੇਂ ਦੇ ਬਦਲਣ ਨਾਲ ਪੂਰੇ ਸਮਾਜ ਵਿੱਚ ਪ੍ਰਚੱਲਤ ਹੋ ਗਈ। ਪੁਰਾਣੇ ਸਮੇਂ ਵਿੱਚ ਧੀ ਨੂੰ ਵਿਆਹ ਦੇ ਮੌਕੇ ਦਾਜ ਇਸ ਲਈ ਵੀ ਦਿੱਤਾ ਜਾਂਦਾ ਸੀ, ਕਿਉਂਕਿ ਉਹ ਸਮਝਦੇ ਸਨ ਕਿ ਧੀ ਜਾਇਦਾਦ ਦੀ ਹਿੱਸੇਦਾਰ ਨਹੀਂ ਤੇ ਇਹ ਦਹੇਜ ਹੀ ਉਸ ਦੀ ਜਾਇਦਾਦ ਹੈ। ਇਸ ਪ੍ਰਥਾ ਦੀ ਸ਼ੁਰੂਆਤ ਇੱਕ ਚੰਗੇ ਉਦੇਸ਼ ਨਾਲ ਸ਼ੁਰੂ ਹੋਈ ਸੀ ਪਰ ਅੱਜ ਦੇ ਸਮੇਂ ਵਿੱਚ ਇਹ ਇੱਕ ਬੁਰਾਈ ਤੇ ਲਾਹਨਤ ਬਣ ਚੁੱਕੀ ਹੈ। ਅੱਜ ਦਾਜ ਦਾ ਅਰਥ ਸੁਗਾਤਾਂ ਤੱਕ ਹੀ ਸੀਮਤ ਨਹੀਂ ਸਗੋਂ ਇਸ ਦਾ ਭਾਵ ਲੱਖਾਂ ਦੀ ਗਿਣਤੀ ਵਿੱਚ ਨਗਦ ਰੁਪਏ, ਕਾਰਾਂ, ਗਹਿਣੇ ਤੇ ਹੋਰ ਕੀਮਤੀ ਸਮਾਨ ਤੋਂ ਲਿਆ ਜਾਂਦਾ ਹੈ। ਲੜਕੀ ਦੀ ਕਾਬਲੀਅਤ ਉਸ ਦੀ ਸੁੰਦਰਤਾ ਜਾਂ ਪੜ੍ਹਾਈ ਤੋਂ ਨਹੀਂ ਸਗੋਂ ਵਿਆਹ ਵਿੱਚ ਲਿਆਂਦੇ ਦਾਜ ਨਾਲ ਮਾਪੀ ਜਾਂਦੀ ਹੈ। ਏਥੇਂ ਤੱਕ ਕਿ ਕਈ ਮਾਂ-ਬਾਪ ਤਾਂ ਲੜਕੇ ਦੀ ਪੜ੍ਹਾਈ-ਲਿਖਾਈ ਦਾ ਖਰਚ ਵੀ ਲੜਕੀ ਵਾਲੇ ਪਰਿਵਾਰ ਤੋਂ ਲੈਣਾ ਤੈਅ ਕਰ ਲੈਂਦੇ ਹਨ।
ਅਮੀਰ ਲੋਕ ਬੇਸ਼ੱਕ ਇਸ ਨੂੰ ਆਪਣੀ ਸ਼ਾਨ ਸਮਝਦੇ ਹਨ ਪਰ ਗਰੀਬ ਲਈ ਇਹ ਪਰਥਾ ਇੱਕ ਮੁਸੀਬਤ ਬਣ ਗਈ ਹੈ ਕਿਉਂਕਿ ਜਿਹੜੇ ਮਾਂ ਬਾਪ ਦਾਜ ਨਹੀਂ ਦੇ ਸਕਦੇ ਉਹ ਇਸ ਦਾ ਪਰਬੰਧ ਕਰਜ਼ਾ ਚੁੱਕ ਕੇ ਕਰਦੇ ਹਨ।ਕਈ ਵਾਰ ਤਾਂ ਉਹਨਾਂ ਨੂੰ ਆਪਣੀ ਜਮੀਨ ਜਾਇਦਾਦ ਵੇਚ ਕੇ ਵੀ ਇਸ ਦਾਜ ਦੇ ਲੇਖੇ ਲਾਉਣੀ ਪੈਂਦੀ ਹੈ। ਇਹ ਸਭ ਕੁਝ ਉਹ ਲੜਕੀ ਦੇ ਪਤੀ ਤੇ ਉਸ ਦੇ ਸਹੁਰੇ ਪਰਿਵਾਰ ਨੂੰ ਖੁਸ਼ ਕਰਨ ਲਈ ਕਰਦੇ ਹਨ ਤਾਂ ਜੋ ਉਸ ਪਰਿਵਾਰ ਵਿੱਚ ਉਹਨਾਂ ਦੀ ਧੀ ਨਾਲ ਕੋਈ ਭੈੜਾ ਸਲੂਕ ਨਾਂ ਕਰੇ ਤੇ ਉਹਨਾਂ ਦੀ ਧੀ ਸਦਾ ਖੁਸ਼ ਰਹੇ। ਕਈ ਪਰਿਵਾਰ ਜਿਨਾਂ ਦੀ ਇੱਛਾ ਅਨੁਸਾਰ ਲੜਕੀਆਂ ਦਾਜ ਨਹੀਂ ਲੈ ਕੇ ਆਉਂਦੀਆਂ ਤਾਂ ਦਾਜ ਦੇ ਲਾਲਚੀ ਉਹਨਾਂ ਲੜਕੀਆਂ ਨੂੰ ਤੰਗ ਕਰਨਾਂ ਸ਼ੁਰੂ ਕਰ ਦਿੰਦੇ ਹਨ। ਕਈ ਸੱਸਾਂ ਤਾਂ ਨੂੰਹਾਂ ਨੂੰ ਜਾਨ ਤੋਂ ਇਸ ਲਈ ਮਾਰ ਦੇਂਦੀਆਂ ਹਨ ਕਿ ਪੁੱਤਰ ਦੀ ਦੂਜੀ ਸ਼ਾਦੀ ਕਰ ਦੇਵਾਂਗੇ ਤੇ ਨਵੀਂ ਵਿਆਹੀ ਹੋਰ ਦਾਜ ਲੈ ਕੇ ਆਵੇਗੀ ਤੇ ਕਈ ਸਹੁਰੇ ਪਰਿਵਾਰ ਤੋਂ ਤੰਗ ਆ ਕੇ ਆਪ ਖੁਦਕੁਸ਼ੀ ਕਰ ਲੈਂਦੀਆਂ ਹਨ। ਇੰਨਾ ਪੜੇ ਲਿਖੇ ਹੋਣ ਦੇ ਬਾਵਜੂਦ ਵੀ ਸਾਡੇ ਸਮਾਜ ਅੰਦਰ ਲੜਕੀਆਂ ਸੁਰੱਖਿਅਤ ਨਹੀਂ ਹਨ ਜੋ ਸਾਡੇ ਲਈ ਬੜੀ ਹੀ ਸ਼ਰਮਨਾਕ ਗੱਲ ਹੈ।
ਬੇਸ਼ੱਕ ਇਸ ਲਾਹਨਤ ਨੂੰ ਖਤਮ ਕਰਨ ਲਈ ਬੁੱਧੀਜੀਵੀ ਲੋਕਾਂ ਵੱਲੋਂ ਬਹੁਤ ਉਪਰਾਲੇ ਕੀਤੇ ਜਾ ਰਹੇ ਹਨ, ਸਰਕਾਰ ਵੀ ਆਪਣਾ ਬਣਦਾ ਯੋਗਦਾਨ ਪਾ ਰਹੀ ਹੈ, ਟੀ.ਵੀ. ਤੇ ਹੋਰ ਸਾਧਨਾਂ ਦੇ ਮਾਧਿਅਮ ਰਾਹੀ ਪਰਚਾਰ ਕੀਤਾ ਜਾ ਰਿਹਾ ਹੈ ਪਰ ਇਹ ਪਰਥਾ ਪੂੰਜੀਪਤੀ ਲੋਕਾਂ ਦੀ ਪੈਦਾਵਾਰ ਹੈ ਜੋ ਕਿਤੇ ਨਾ ਕਿਤੇ ਖਤਮ ਹੁੰਦੀ ਦਿਖਾਈ ਨਹੀਂ ਦੇ ਰਹੀ। ਜਿੰਨੀ ਦੇਰ ਇਹ ਕੁਰੀਤੀ ਸਾਡੇ ਸਮਾਜ ਵਿੱਚੋਂ ਖਤਮ ਨਹੀਂ ਹੁੰਦੀ ਸਾਡਾ ਬੌਧਿਕ ਪੱਧਰ ਓਨੀ ਦੇਰ ਕਦੇ ਵਿਕਸਿਤ ਨਹੀਂ ਹੋ ਸਕਦਾ। ਭਾਵੇਂ ਸਾਡੇ ਸਮਾਜ ਨੇ ਔਰਤ ਨੂੰ ਮਰਦ ਦੇ ਬਰਾਬਰ ਦਾ ਦਰਜਾ ਦਿੱਤਾ ਹੈ ਪਰ ਕਈ ਥਾਵਾਂ ਤੇ ਔਰਤ ਨੂੰ ਅੱਜ ਵੀ ਪੈਰ ਦੀ ਜੁੱਤੀ ਹੀ ਸਮਝਿਆ ਜਾਂਦਾ ਹੈ। ਇਸ ਪਰਥਾ ਨੂੰ ਖਤਮ ਕਰਨ ਲਈ ਨਵੀਂ ਪੀੜੀ ਨੂੰ ਹੀ ਅੱਗੇ ਆਉਣਾ ਪਵੇਗਾ ਜੋ ਕਿ ਸਮਾਜ ਵਿੱਚ ਨਵੀਂ ਚੇਤਨਾ ਪੈਦਾ ਕਰ ਸਕੇ। ਪੜੇ ਲਿਖੇ ਮੁੰਡੇ ਕੁੜੀਆਂ ਨੂੰ ਚਾਹੀਦਾ ਹੈ ਕਿ ਉਹ ਆਪਣੀ ਨਿੱਜੀ ਚੋਣ ਅਤੇ ਕਾਬਲੀਅਤ ਦੇ ਅਧਾਰ ਤੇ ਹੀ ਵਿਆਹ ਦੇ ਫੈਸਲੇ ਲੈਣ ਤੇ ਦਾਜ ਮੰਗਣ ਵਾਲੇ ਪਰਿਵਾਰਾਂ ਵਿੱਚ ਵਿਆਹ ਕਰਨ ਤੋਂ ਬਿੱਲਕੁਲ ਇਨਕਾਰ ਕਰਨ। ਇਸ ਉਪਰਾਲੇ ਨਾਲ ਜਿੱਥੇ ਸੌਦੇਬਾਜੀ ਦਾ ਪਰਭਾਵ ਘੱਟ ਹੋਏਗਾ ਉਥੇ ਔਰਤ ਨੂੰ ਸਮਾਜ ਵਿੱਚ ਉਸ ਦਾ ਬਣਦਾ ਸਨਮਾਨ ਵੀ ਮਿਲੇਗਾ। ਦਾਜ ਪਰਥਾ ਇੱਕ ਇਹੋ ਜਿਹਾ ਘੁਣ ਹੈ ਜੋ ਸਾਡੇ ਸਮਾਜ ਨੂੰ ਅੰਦਰੋ ਅੰਦਰੀ ਖਾ ਰਿਹਾ ਹੈ। ਜਿਸ ਦੇਸ਼ ਵਿੱਚ ਪੈਸੇ ਦੇ ਲੋਭ ਲਾਲਚ ਖਾਤਰ ਇੱਕ ਨੂੰਹ ਤੇ ਤਸ਼ੱਦਦ ਕੀਤਾ ਜਾਵੇ ਉਹ ਦੇਸ਼ ਕਦੇ ਵਿਕਸਿਤ ਨਹੀਂ ਹੋ ਸਕਦਾ। ਆਓ ਇਸ ਲਾਹਨਤ ਤੇਂ ਛੁਟਕਾਰਾ ਪਾਉਣ ਲਈ ਸਭ ਰਲ ਮਿਲ ਕੇ ਯਤਨ ਕਰੀਏ ਅਤੇ ਇਸ ਕੁਰੀਤੀ ਨੂੰ ਜੜ ਤੋਂ ਪੁੱਟਣ ਲਈ ਵਚਨਬੱਧ ਹੋਈਏ।
– ਗੁਰਦੀਪ ਸਿੰਘ ਭੁੱਲਰ
ਫਿਰੋਜ਼ਪੁਰ।
ਸੰਪਰਕ: 94172-41037

WRITTEN BY