ਉਕਤ ਮਾਮਲੇ ਤੇ ਸੂਰਿਆ ਹੋਟਲ ਦੇ ਮਾਲਕ ਅਤੇ ਸ੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰਗਟ ਸਿੰਘ ਗਾਗਾ ਨੇ ਦੱਸਿਆ ਕਿ ਇਹ ਗੰਦੇ ਪਾਣੀ ਦੀ ਸਮੱਸਿਆ ਪਿਛਲੇ ਕਈ ਸਾਲਾਂ ਤੋਂ ਬਣੀ ਹੋਈ ਹੈ । ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਲਹਿਰਾ ਨੇ ਗਾਗਾ ਰੋਡ ਤੇ ਸਥਿਤ ਬੈਂਕ ਨੇੜਿਓਂ ਨਗਰ ਕੌਂਸਲ ਦੀ ਹੱਦ ਤੋਂ ਨਿਕਾਸੀ ਨਾਲਾ ਸ਼ੁਰੂ ਕਰਕੇ ਸੁਨਾਮ ਰੋਡ ਤੇ ਸੂਰਿਆ ਹੋਟਲ ਤੱਕ ਬਣਾ ਕੇ ਬੰਦ ਕਰ ਦਿੱਤਾ ਸੀ ਪਰ ਅੱਗੋਂ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਨਾਲੇ ਦੇ ਓਵਰ ਫਲੋਅ ਹੋਣ ਨਾਲ ਗੰਦਾ ਪਾਣੀ ਸੜਕ ਤੇ ਆ ਕੇ ਇਸ ਸੜਕ ਤੋਂ ਲੰਘਣ ਵਾਲੇ ਹਰ ਵਿਅਕਤੀ ਦਾ ਬਦਬੂਦਾਰ ਸਵਾਗਤ ਕਰਦਾ ਹੈ ਪਰ ਪ੍ਰਸ਼ਾਸ਼ਨ ਕੁੰਭਕਰਨੀ ਨੀਂਦ ਸੌਂ ਰਿਹਾ ਹੈ । ਉਨ੍ਹਾਂ ਦੱਸਿਆ ਕਿ ਅਸੀਂ ਇਕੱਠੇ ਹੋ ਕੇ ਅਨੇਕਾਂ ਵਾਰ ਨਗਰ ਕੌਂਸਲ ਦੇ ਧਿਆਨ ਵਿੱਚ ਲਿਆ ਚੁੱਕੇ ਹਾਂ ਪਰ ਨਗਰ ਕੌਂਸਲ ਵੱਲੋਂ ਕਦੇ ਕਦਾਈਂ ਇੰਜਨ ਨਾਲ ਪਾਣੀ ਕੱਢ ਕੇ ਬੁੱਤਾ ਸਾਰ ਦਿੱਤਾ ਜਾਂਦਾ ਹੈ । ਨਗਰ ਕੌਂਸਲ ਕਈ ਵਾਰ ਸੀਵਰੇਜ ਪਾਉਣ ਲਈ ਟੈਂਡਰ ਹੋਣ ਦਾ ਝੂਠ ਬੋਲ ਚੁੱਕੀ ਹੈ। ਉਨ੍ਹਾਂ ਕਿਹਾ ਕਿ ਅਗਰ ਉਕਤ ਗੰਦੇ ਪਾਣੀ ਦੇ ਖੜੇ ਦੇ ਕਾਰਨ ਕਿਸੇ ਤਰ੍ਹਾਂ ਦੀ ਕੋਈ ਅਣਸੁਖਾਵੀਂ ਘਟਨਾ ਹੁੰਦੀ ਹੈ ਤਾਂ ਉਸ ਦੇ ਲਈ ਸਿੱਧੇ ਤੌਰ ਤੇ ਨਗਰ ਕੌਂਸਲ ਜ਼ਿੰਮੇਵਾਰ ਹੋਵੇਗੀ। ਉਨ੍ਹਾਂ ਕਿਹਾ ਕਿ ਜੇਕਰ ਨਗਰ ਕੌਂਸਲ ਨੇ ਸਿਰਫ ਅੱਧਾ ਕਿਲੋਮੀਟਰ ਦੂਰ ਪੈਂਦੇ ਡਰੇਨ ਵਿੱਚ ਗੰਦਾ ਪਾਣੀ ਸੁੱਟਣ ਲਈ ਨਿਕਾਸੀ ਨਾਲੇ ਜਾਂ ਅੰਡਰ ਗਰਾਊਂਡ ਸੀਵਰੇਜ ਪਾ ਕੇ ਮਸਲੇ ਦਾ ਹੱਲ ਨਾ ਕੀਤਾ ਤਾਂ ਦੁਕਾਨਦਾਰਾਂ ਅਤੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਨਗਰ ਕੌਂਸਲ ਲਹਿਰਾ ਅੱਗੇ ਪੱਕਾ ਧਰਨਾ ਲਗਾਉਣ ਤੋਂ ਇਲਾਵਾ ਸੁਨਾਮ ਲਹਿਰਾ ਸੜਕ ਜਾਮ ਕਰਨ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ।
ਗੰਦੇ ਪਾਣੀ ਦੀ ਨਿਕਾਸੀ ਦਾ ਹੱਲ ਨਾ ਹੋਇਆ ਲਾਵਾਂਗੇ ਧਰਨਾ: ਪਰਗਟ ਗਾਗਾ



